ਅਗਲੇ ਸਾਲ ਯੰਗ ਕਬੱਡੀ ਕਲੱਬ ਟੋਰਾਂਟੋ ਕਰਵਾਏਗਾ ਵਿਸ਼ਵ ਕਬੱਡੀ ਕੱਪ


ਵਿਸ਼ਵ ਕਬੱਡੀ ਕੱਪ ਦਾ ਲੋਗੋ ਕੀਤਾ ਰਿਲੀਜ਼

ਟੋਰਾਂਟੋ (ਡਾ. ਸੁਖਦਰਸ਼ਨ ਸਿੰਘ ਚਹਿਲ)-

ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਹਾਲ ਹੀ ਵਿੱਚ ਓਂਟਾਰੀਓ ਫਸਟ ਸੈਂਟਰ ਹੈਮਿਲਟਨ ਵਿਖੇ ਕਰਵਾਏ ਗਏ ਕੈਨੇਡਾ ਕਬੱਡੀ ਕੱਪ ਦੀ ਸਫਲਤਾ ਤੋਂ ਬਾਅਦ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੀ ਸਰਪ੍ਰਸਤੀ ‘ਚ ਅਗਲੇ ਵਰੇ੍ਹ ਵਿਸ਼ਵ ਕਬੱਡੀ ਕੱਪ ਯੰਗ ਕਬੱਡੀ ਕਲੱਬ ਵੱਲੋਂ ਕਰਵਾਉਣ ਦੇ ਐਲਾਨਨਾਮੇ ਸਬੰਧੀ ਇੱਕ ਪ੍ਰਭਾਵਸ਼ਾਲੀ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ। ਜਿਸ ਦੌਰਾਨ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਅਹੁਦੇਦਾਰਾਂ, ਇਸ ਨਾਲ ਸਬੰਧਤ ਕਲੱਬਾਂ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਮੁਲਕਾਂ ਤੋਂ ਆਏ ਕਬੱਡੀ ਪ੍ਰਮੋਟਰਾਂ ਦੀ ਹਾਜ਼ਰੀ ‘ਚ ਯੰਗ ਕਬੱਡੀ ਕਲੱਬ ਵੱਲੋਂ ਵਿਸ਼ਵ ਕਬੱਡੀ ਕੱਪ-2024 ਦਾ ਲੋਗੋ ਰਿਲੀਜ਼ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਯੰਗ ਕਬੱਡੀ ਕਲੱਬ ਦੇ ਨੁਮਾਇੰਦੇ ਰਾਣਾ ਸਿੱਧੂ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਸਮਾਗਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ। ਪਿਛਲੇ ਕੈਨੇਡਾ ਕਬੱਡੀ ਕੱਪ ਦੇ ਮੇਜ਼ਬਾਨ ਯੁਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਜਸ ਸ਼ੋਕਰ ਨੇ ਕੱਪ ਦੀ ਸਫਲਤਾ ਲਈ ਸਹਿਯੋਗ ਵਾਸਤੇ  ਕਬੱਡੀ ਫੈਡਰੇਸ਼ਨ ਆਫ ਓਂਟਾਰੀਓ, ਇਸ ਨਾਲ ਜੁੜੇ ਕਲੱਬਾਂ ਦੇ ਅਹੁਦੇਦਾਰਾਂ, ਕਬੱਡੀ ਪ੍ਰਮੋਟਰਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਫੈਡਰੇਸ਼ਨ ਦੇ ਪ੍ਰਧਾਨ ਅਰਿੰਦਰ ਸਿੰਘ ਕਾਲਾ ਹਾਂਸ ਤੇ ਜਨਰਲ ਸਕੱਤਰ ਮਨਜੀਤ ਸਿੰਘ ਘੋਤਰਾ ਨੇ ਯੂਨਾਈਟਡ ਬਰੈਂਪਟਨ ਕਬੱਡੀ ਕਲੱਬ ਵੱਲੋਂ ਕਰਵਾਏ ਗਏ ਸਫਲ ਕੱਪ ਲਈ ਮੁਬਾਰਕਬਾਦ ਦਿੱਤੀ ਅਤੇ ਯੰਗ ਕਬੱਡੀ ਕਲੱਬ ਨੂੰ ਅਗਲੇ ਵਰੇ੍ਹ ਦੇ ਕੱਪ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਗਲੇ ਕੱਪ ਦੇ ਮੇਜ਼ਬਾਨ ਯੰਗ ਕਬੱਡੀ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੱਤੜ ਨੇ ਫੈਡਰੇਸ਼ਨ, ਕਲੱਬਾਂ ਤੇ ਕਬੱਡੀ ਪ੍ਰਮੋਟਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਵਾਰ ਦੀ ਤਰ੍ਹਾਂ ਅਗਲੇ ਵਰੇ੍ਹ ਦੇ ਕੱਪ ਲਈ ਵੀ ਭਰਵਾਂ ਯੋਗਦਾਨ ਦੇਣ। ਉਨ੍ਹਾਂ ਸਭ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦਾ ਕਲੱਬ ਵਿਸ਼ਵ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਹਰ ਸੰਭਵ ਯਤਨ ਕਰੇਗਾ।
ਇਸ ਮੌਕੇ ਵੱਖ-ਵੱਖ ਦੇਸ਼ਾਂ ਤੇ ਵੱਖ-ਵੱਖ ਕਲੱਬਾਂ ਦੇ ਆਗੂਆਂ ਵੱਲੋਂ ਕਬੱਡੀ ਖੇਡ ਨੂੰ ਹੋਰ ਵਧੇਰੇ ਮਿਆਰੀ ਬਣਾਉਣ ਲਈ ਬਹੁਤ ਸਾਰੇ ਸੁਝਾਅ ਦਿੱਤੇ। ਜਿਸ ਤਹਿਤ ਇਸ ਖੇਡ ਲਈ ਦੁਨੀਆ ਭਰ ‘ਚ ਨਿਯਮਾਂ ਦੀ ਇੱਕਸਾਰਤਾ, ਮੁਕਾਬਲੇਬਾਜ਼ੀ ਵਧਾਉਣ, ਵੱਖ-ਵੱਖ ਮੁਲਕਾਂ ‘ਚ ਕਬੱਡੀ ਲਈ ਆਪਣੇ ਖੇਡ ਮੈਦਾਨ ਬਣਾਉਣ, ਕੈਨੇਡਾ ਕੱਪ ‘ਚ ਟੀਮਾਂ ਦੀ ਗਿਣਤੀ ਵਧਾਉਣ, ਆਸਟਰੇਲੀਆ ਤੇ ਇਰਾਨ ਦੀਆਂ ਟੀਮਾਂ ਸ਼ਾਮਲ ਕਰਨ ਅਤੇ ਹੋਰ ਸੁਝਾਅ ਦਿੱਤੇ ਗਏ।
ਇਸ ਸਮਗਮ ਦੌਰਾਨ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਦਰਸ਼ਨ ਗਿੱਲ, ਪਿੰਕੀ ਢਿੱਲੋਂ, ਜਸ ਸੋਹਲ, ਗੁਰਲਾਟ ਸਹੋਤਾ, ਦਲਜੀਤ ਸਹੋਤਾ, ਵੱਖ-ਵੱਖ ਕਲੱਬਾਂ ਦੇ ਨੁਮਾਇੰਦੇ ਮੇਜਰ ਨੱਤ, ਨਿੰਦਰ ਧਾਲੀਵਾਲ, ਗੁਰਦੀਸ਼ ਗਰੇਵਾਲ, ਰਾਜਨੀਤਿਕ ਹਸਤੀ ਸਰਬਜੀਤ ਮੱਕੜ, ਗੁਰਜੀਤ ਪੁਰੇਵਾਲ ਵੈਨਕੂਵਰ, ਕੈਲੇਫੋਰਨੀਆ ਕਬੱਡੀ ਫੈਡਰੇਸ਼ਨ ਤੋਂ ਬਲਜੀਤ ਸੰਧੂ, ਹਰਸਿਮਰਨ ਸਿੰਘ, ਇੰਗਲੈਂਡ ਕਬੱਡੀ ਫੈਡਰੇਸ਼ਨ ਤੋਂ ਰਣਜੀਤ ਢੰਡਾ, ਬੀ ਸੀ ਯੂਨਾਈਟਡ ਕਬੱਡੀ ਫੇਡਰੇਸ਼ਨ ਤੋਂ ਗਿਆਨ ਬਿਨਿੰਗ, ਲਾਲੀ ਢੇਸੀ ਤੇ ਪ੍ਰੋ. ਮੱਖਣ ਸਿੰਘ ਨੇ ਸੰਬੋਧਨ ਕੀਤਾ। ਅਖੀਰ ‘ਚ ਫੈਡਰੇਸ਼ਨ ਦੇ ਚੇਅਰਮੈਨ ਜੱਸੀ ਸਰਾਏ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਇੰਦਰਜੀਤ ਧੁੱਗਾ, ਹਰਵਿੰਦਰ ਬਾਸੀ, ਗੁਰਮੁਖ ਸਿੰਘ ਅਟਵਾਲ, ਸੁੱਖਾ ਰੰਧਾਵਾ, ਜਿੰਦਰ ਬੁੱਟਰ, ਕੁਲਵੰਤ ਢੀਂਡਸਾ, ਸੇਵਾ ਸਿੰਘ ਰੰਧਾਵਾ, ਬਿੱਲਾ ਰੰਧਾਵਾ, ਰੈਂਬੋ ਸਿੱਧੂ, ਬਿੱਲਾ ਸਿੱਧੂ, ਦਲਜੀਤ ਮਾਂਗਟ, ਸੰਦੀਪ ਗੁਰਦਾਸਪੁਰ, ਕੀਪਾ ਟਾਂਡਾ, ਜੰਟੀ ਯੂਐਸਏ, ਬਲਰਾਜ ਸੰਘਾ, ਮਨਜੀਤ ਢੀਂਡਸਾ ਸਮੇਤ ਕਲੱਬਾਂ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।

ਵਿਸ਼ਵ ਕਬੱਡੀ ਕੱਪ-2024 ਦੇ ਲੋਗੋ ਦੀ ਘੁੰਡ ਚੁਕਾਈ ਮੌਕੇ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਪ੍ਰਧਾਨ ਕਾਲਾ ਹਾਂਸ, ਜਨਰਲ ਸਕੱਤਰ ਮਨਜੀਤ ਘੋਤਰਾ, ਯੰਗ ਕਬੱਡੀ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੱਤੜ ਤੇ ਅਹੁਦੇਦਾਰ ਸਾਹਿਬਾਨ।

Exit mobile version