ਅਯੋਧਿਆ ਵਿੱਚ ਸ੍ਰੀ ਰਾਮ ਮੰਦਰ ਦਾ ਨਵ-ਨਿਰਮਾਣ ਅਤੇ ਮੂਰਤੀ ਪ੍ਰਾਣ ਪ੍ਰਤਿਸ਼ਠਾ

ਅਯੋਧਿਆ ਵਿੱਚ ਸ੍ਰੀ ਰਾਮ ਮੰਦਰ ਦਾ ਨਵ-ਨਿਰਮਾਣ ਅਤੇ ਮੂਰਤੀ ਪ੍ਰਾਣ ਪ੍ਰਤਿਸ਼ਠਾ

ਬੱਚਾ ਜਦੋਂ ਰੁੜ੍ਹਣ ਲੱਗਦਾ ਹੈ, ਕਿਲਕਾਰੀਆਂ ਮਾਰਦਾ ਹੈ, ਪੂਰੇ ਘਰ ਵਿੱਚ ਜਾਣ ਲੱਗਦਾ ਹੈ ਤਾਂ ਬੱਚੇ ਦੇ ਮਾਤਾ-ਪਿਤਾ ਤੇ ਦਾਦਾ-ਦਾਦੀ ਬਹੁਤ ਖੁਸ਼ ਹੁੰਦੇ ਹਨ। ਕੰਧ, ਸੋਫਾ, ਮੇਜ਼, ਕੁਰਸੀ ਫੜ-ਫੜ ਕੇ ਉਹ ਖੜ੍ਹਾ ਹੋਣ ਦੀ ਕੋਸ਼ਿਸ਼ ਕਰਦਾ ਹੈ ਤੇ ਬਹੁਤ ਖੁਸ਼ ਹੁੰਦਾ ਹੈ ਆਪਣੀ ਨਵੀਂ ਪ੍ਰਾਪਤੀ ‘ਤੇ। ਨਵੇਂ-ਨਵੇਂ ਸ਼ਬਦ ਬੋਲਣੇ ਸਿੱਖਦਾ ਹੈ-ਅਸਾਨ ਸ਼ਬਦਾਂ ਦੇ ਜੋੜ ਉਸ ਦੀ ਪਕੜ ਵਿੱਚ ਆਉਂਦੇ ਹਨ…ਮਾਂ…ਮੰਮੀ…ਪਾ…ਪਾਪਾ…ਬਾ…ਬਾਬਾ…ਦਾ…ਦਾਦੀ…ਮੰਮ…ਪਾਣੀ….ਨਾਨਾ…ਨਾਨੀ…ਤੇ ਇਥੋਂ ਭਾਸ਼ਾ ਸਿੱਖਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ੳ – ਊਠ, ਅ – ਅੰਬ ਜਾਂ ਅਨਾਰ, ੲ – ਇਮਲੀ ਤੇ ਅੰਗਰੇਜ਼ੀ ਵਿੱਚ ਏ ਤੋਂ ਐਪਲ, ਬੀ ਤੋਂ ਬੈਟ, ਸੀ ਤੋਂ ਕੈਟ ਤੇ ਡੀ ਤੋਂ ਡੌਗ…! ਕਾਇਦੇ-ਕਿਤਾਬਾਂ ਉਸ ਨੂੰ ਸੰਵੇਦਨਸ਼ੀਲ ਬਣਾਉਂਦੇ ਹਨ…ਉਹ ਆਲਾ ਦੁਆਲਾ ਜਾਣਦਾ ਹੈ ਤੇ ਪਰਿਵਾਰ ਤੇ ਸਕੂਲ ਦੀ ਇਕਾਈ ਤੋਂ ਸਮਾਜ ਨੂੰ ਸਮਝਣਾ ਸ਼ੁਰੂ ਕਰਦਾ ਹੈ। ਸਾਰੇ ਚਾਹੁੰਦੇ ਹਨ ਕਿ ਬੱਚਾ ਸਮਝਦਾਰ ਬਣੇ, ਸੁਖੀ ਰਹੇ ਤੇ ਸਮਾਜ ਦਾ ਕਲਿਆਣ ਕਰਨ ਵਾਲਾ ਬਣੇ!

ਇਹ ਵੀ ਕਿਤੇ ਕਿਤੇ ਸੰਭਵ ਹੁੰਦਾ ਹੋ ਸਕਦਾ ਹੈ ਕਿ ਬੱਚੇ ਨੂੰ ਹਥਿਆਰ ਬਣਾਇਆ ਜਾ ਰਿਹਾ ਹੋਵੇ। ਬੱਚਾ ਵੱਡਾ ਹੋਵੇ ਤੇ ਚਾਚੇ ਦਾ, ਬਾਪ ਦਾ, ਦਾਦੇ ਦਾ ਬਦਲਾ ਲਵੇ! ਆਪਣੇ ਵਡੇਰਿਆਂ ਦੇ ਕਰਮਾਂ ਤੇ ਲੜਾਈਆਂ ਦਾ ਅਗਲਾ ਚੈਪਟਰ ਬਣੇ। ਜੇ ਕੋਈ ਮਾਂ-ਬਾਪ ਬੱਚੇ ਨੂੰ ਉਸ ਬੱਕਰੇ ਵਾਂਗ ਪਾਲ ਰਹੇ ਹੋਣ ਜਿਸ ਨੂੰ ਅੱਗੇ ਚੱਲ ਕੇ ਬਲੀ ਵਾਸਤੇ ਤਿਆਰ ਕਰਨਾ ਹੈ ਤਾਂ ਉਹ ਮਾਪੇ ਕਿੰਨੇ ਨਿਰਦਈ ਹੋਣਗੇ!

ਭਗਵਾਨ ਰਾਮ ਦੇ ਬਚਪਨ ਦੇ ਚਿੱਤਰ ਤੇ ਉਹਨਾਂ ਨਾਲ ਸੰਬੰਧਿਤ ਭਜਨ ਜਿਹੜੇ ਹੁਣ ਤੱਕ ਦੇਖੇ- ਸੁਣੇ ਹਨ ਉਹ ਬਹੁਤ ਹੀ ਕਮਾਲ ਦੇ ਰਹੇ ਹਨ ਤੇ ਲੋਕ ਮਨਾਂ ਵਿੱਚ ਬੈਠੇ ਹੋਏ ਹਨ। ਪਰ ਕਿਹੜੇ ਮਾਂ-ਬਾਪ ਹਨ ਜਿਹੜੇ ਬੱਚੇ ਨੂੰ ਤੀਰ-ਕਮਾਨ, ਤਲਵਾਰ ਫੜਾ ਕੇ ਉਸ ਨੂੰ ਕਿਸ ਚੀਜ਼ ਦਾ ਬਦਲਾ ਲੈਣ ਲਈ ਉਕਸਾਉਂਦੇ ਹੋਣਗੇ? ਮਹਾਰਾਜਾ ਦਸ਼ਰਥ ਤਾਂ ਗੁਰੂ ਵਿਸ਼ਵਾਮਿੱਤਰ ਦੇ ਨਾਲ ਰਾਮ ਨੂੰ ਭੇਜਣ ਲਈ ਤਿਆਰ ਹੀ ਨਹੀਂ ਸਨ, ਉਹ ਤਾਂ ਬੱਚਿਆਂ ਨਾਲ ਲਾਡ-ਪਿਆਰ ਕਰਕੇ ਉਹਨਾਂ ਨਾਲ ਖੇਡਣ ਦੀ ਰੁਚੀ ਰੱਖਦੇ ਸਨ।

ਅਯੋਧਿਆ ਦੇ ਨਵੇਂ ਬਣੇ ਸ਼ਾਨਦਾਰ ਰਾਮ ਮੰਦਰ ਵਿੱਚ ਬਾਲ-ਰਾਮ ਦੀ ਮੂਰਤੀ ਲੱਗੀ ਹੈ… ਬਾਲ-ਭਗਵਾਨ ਦੇ ਹੱਥ ਵਿੱਚ ਤੀਰ ਕਮਾਨ ਫੜਾਇਆ ਗਿਆ ਹੈ…ਬੜੀ ਸੁੰਦਰ ਹਥਿਆਰਬੰਦ ਮੂਰਤੀ ਹੈ…! ਕੀ ਬਚਪਨ ਵਿੱਚ ਭਗਵਾਨ ਰਾਮ ਤੀਰ-ਕਮਾਨ ਦੇ ਨਾਲ ਹੀ ਖੇਡਦੇ ਸਨ?…ਫਿਰ ਉਹ ਭਜਨ ਕਿਥੋਂ ਆਇਆ – ਠੁਮਕ ਚਲਤ ਰਾਮਚੰਦਰ ਬਾਜਤ ਪੈਜਨੀਆ !! (ਪੈਜਨੀਆ ਬੱਚੇ ਦੇ ਪੈਰਾਂ ਵਿੱਚ ਪਾਈਆਂ ਝਾਂਜਰਾਂ ਨੂੰ ਕਹਿੰਦੇ ਹਨ!) ਹੁਣ ਕਲਯੁਗ ਹੈ। ਇਸ ਵਿਚਲੇ ਲੋਕ ਤੁਹਾਡੇ ਬੱਚਿਆਂ ਨੂੰ ਵਰਗਲਾ ਰਹੇ ਹਨ। ਬੱਚਿਆਂ ਦੇ ਹੱਥਾਂ ਵਿੱਚ ਲਾਠੀਆਂ, ਗੰਡਾਸੇ, ਤੀਰ-ਕਮਾਨ, ਤਲਵਾਰਾਂ ਫੜਾ ਰਹੇ ਹਨ। ‘ਧ’ ਧਰਮ ਦਾ ‘ਧ’ ਧਤੂਰਾ ਵੰਡ ਰਹੇ ਹਨ। ਜ਼ਰਾ ਨਜ਼ਰ ਘੁਮਾ ਕੇ ਵੇਖੋ ਖਾਂ, ਕਿਸ ਕਿਸ ਦੇ ਬੱਚੇ ਨੇ ਇਹ ਧਤੂਰਾ ਖਾ ਲਿਆ ਹੈ ਤੇ ਕਿਸੇ ਦਾ ਹਥਿਆਰ ਬਣ ਚੁੱਕਿਆ ਹੈ!

***

ਆਖ਼ਰ ਸਾਢੇ ਕੁ ਪੰਜ ਸੌ ਸਾਲ ਬਾਦ ਵਾਪਸੀ ਹੋ ਗਈ ਹੈ! ਬਹੁਤ ਸਜਾਵਟੀ ਗੇਟ ਲੱਗੇ ਹਨ, ਭਜਨ ਗਾਏ ਜਾ ਰਹੇ ਹਨ, ਦੀਪ ਜਲ ਰਹੇ ਹਨ, ਢੋਲ ਵੱਜ ਰਹੇ ਹਨ…ਲੱਗਦਾ ਹੈ ਕਿ ਨਵੀਂ ਦੀਵਾਲੀ ਆਈ ਹੈ, ਦੂਰ ਦੂਰ ਤੱਕ, ਦੇਸ਼ ਦੇ ਦੂਰ ਦੱਖਣ ਕੋਨੇ ਵੱਲ, ਗੀਤ ਗਾਏ ਜਾ ਰਹੇ ਹਨ, ਉਤਸਵ ਮਨਾਇਆ ਜਾ ਰਿਹਾ ਹੈ, ਜ਼ੋਸ਼ ਹੈ, ਮਾਹੌਲ ਹੈ, ਕਿਆ ਕਲਾਕਾਰੀ ਹੈ ਨਵੇਂ ਮੰਦਰ ਵਿੱਚ, ਕਿਆ ਬਾਤ ਐ, ਕਿੰਨਾ ਖੂਬਸੂਰਤ ਹੈ! ਮਹਿਲ ਹੈ ਜਾਂ ਮੰਦਰ – ਫ਼ਰਕ ਕਰਨਾ ਔਖਾ ਹੋ ਜਾਂਦਾ ਹੈ!

ਨਜ਼ਰ ਘੁਮਾਉ ਜ਼ਰਾ! ਝੰਡੇ ਲੱਗੇ ਹਨ, ਨਾਰੇ ਲੱਗ ਰਹੇ ਹਨ, ਜੈ ਜੈਕਾਰ ਹੋ ਰਹੀ ਹੈ। ਐਨਾ ਰੌਲਾ ਜਿਵੇਂ ਕੋਈ ਲੜਾਈ ਜਿੱਤ ਕੇ ਪਰਤਿਆ ਹੋਵੇ! ਸ੍ਰੀ ਰਾਮ ਸੋਚ ਰਹੇ ਹੋਣਗੇ ਏਨਾ ਰੌਲਾ ਤਾਂ ਉਹਨਾਂ ਦੀ ਆਪਣੀ ਫੌਜ ਵਿੱਚ ਉਸ ਵੇਲੇ ਨਹੀਂ ਸੀ ਜਦੋਂ ਉਹਨਾਂ ਰਾਵਣ ਨੂੰ ਹਰਾਇਆ ਹੋਵੇਗਾ!

ਵੈਸੇ ਇਸ ਸ਼ਹਿਰ ਦਾ ਨਾਮ ਹੈ – ਅਯੋਧਿਆ, ਭਾਵ ਅ-ਯੁੱਧਾ, ਭਾਵ ਬਿਨਾ ਲੜਾਈ ਵਾਲਾ!  ਭਗਵਾਨ ਦੀ ਨਗਰੀ, ਭਗਵਾਨ ਦਾ ਘਰ, ਭਗਵਾਨ ਮਰਿਆਦਾ ਪੁਰਸ਼ੋਤਮ ਦਾ ਨਗਰ, ਮਰਿਆਦਾ ਨਾਲ ਭਰੀ ਨਗਰੀ – ਅਯੋਧਿਆ! ਜੇ ਇਹ ਯੁੱਧ ਦਾ ਥਾਂ ਨਹੀਂ, ਅ-ਯੁੱਧਾ ਹੈ ਤਾਂ ਫਿਰ ਝੰਡੇ ਕਿਸ ਗੱਲ ਦੇ, ਰੌਲਾ ਕਿਸ ਗੱਲ ਦਾ, ਨਾਰੇ ਕਿਸ ਗੱਲ ਦੇ?

ਸ਼ਾਇਦ ਰਾਮ ਪੁੱਛ ਰਹੇ ਹੋਣਗੇ – ਆਪਣੇ ਛੋਟੇ ਭਰਾ ਲਕਸ਼ਮਨ ਤੋਂ, ਸੇਵਕ ਹਨੂਮਾਨ ਤੋਂ, ਪਤਨੀ ਸੀਤਾ ਤੋਂ…ਤੁਸੀਂ ਕਿਉਂ ਚੁੱਪ ਹੋ, ਕੀ ਹੋਇਆ ਇਸ ਨਗਰ ਵਿੱਚ? ਰੌਲਾ ਕਾਹਦਾ ਹੈ ਇਹ? ਬਦਬੂ ਜਿਹੀ ਵੀ ਆ ਰਹੀ ਹੈ- ਇਹ ਕਾਹਦੀ ਬੋ ਹੈ? ਫਿਰ ਉਹ ਆਪ ਹੀ ਜਵਾਬ ਦਿੰਦੇ ਹੋਣਗੇ – ਨਹੀਂ ਤੁਹਾਨੂੰ ਦੱਸਣ ਦੀ ਲੋੜ ਨਹੀਂ…ਮੈਂ ਜਾਣਦਾ ਹਾਂ…ਇਥੇ ਕੋਈ ਦੱਬਿਆ ਪਿਆ ਹੈ…ਇਕ ਨਹੀਂ, ਸੈਂਕੜੇ ਦੱਬੇ ਹੋਏ ਹਨ!

ਰਾਮ ਸੋਚਦੇ ਹੋਣਗੇ – ਕੀ ਇਹਨਾਂ ਨੂੰ ਮੇਰੀ ਖਾਤਰ ਮਾਰਿਆ ਗਿਆ ਹੈ? ਮੈਂ ਤਾਂ ਕਦੀ ਅਜਿਹਾ ਕਰਨ ਨੂੰ ਨਹੀਂ ਕਿਹਾ ਸੀ ਕਿਸੇ ਨੂੰ ਵੀ! ਮੇਰੇ ਨਾਮ ਨਾਲ ਹੀ ਖੇਡ ਹੋ ਗਈ ਇਹ ਤਾਂ ਲੱਗਦੀ ਹੈ! ਧਰਮ ਸਥਾਨ ਬਣਾਉਣ ਲਈ ਲਾਸ਼ਾਂ ਦੱਬ ਦਿੱਤੀਆਂ? ਨਿਆਂ-ਇਨਸਾਫ਼ ਤਾਂ ਮੇਰੀ ਤਾਕਤ ਸੀ! 

ਉਹ ਆਪਣੇ ਛੋਟੇ ਵੀਰ ਨੂੰ, ਪਤਨੀ ਨੂੰ, ਸੇਵਕ ਨੂੰ ਕਹਿ ਰਹੇ ਹੋਣਗੇ – ਕੀ ਕਰਤਾ ਇਹਨਾਂ ਨੇ? ਮੇਰੀ ਕਿਰਪਾ ਮੰਗ ਰਹੇ ਨੇ ਇਹ ਲੋਕ, ਮੇਰੇ ਤੋਂ ਆਸ ਲਗਾਏ ਬੈਠੇ ਹਨ ਇਹ ਲੋਕ? ਕਿਵੇਂ ਕਰਾਂ ਕਲਿਆਣ ਇਹਨਾਂ ਦਾ? ਕਿਥੋਂ ਲਿਆਵਾਂ ਸ਼ਕਤੀ ਤੇ ਤਾਕਤ ਇਸ ਸਭ ਦੀ?

ਭਗਵਾਨ ਸ਼ਾਇਦ ਸੋਚ ਰਹੇ ਹੋਣਗੇ – ਮੈਂ ਖੁਦ ਨੂੰ ਘੇਰਾ ਪੈ ਗਿਆ ਦੇਖਦਾ ਹਾਂ! ਮੈਨੂੰ ਇਹਨਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ! ਮੈਨੂੰ ਇਹਨਾਂ ਨੇ ਸਿਰਾਂ ‘ਤੇ ਚੁੱਕ ਲਿਆ ਹੈ! ਤ੍ਰੇਤਾ ਯੁਗ ਵਿੱਚ ਸਰਯੂ ਦਰਿਆ ਮੈਨੂੰ ਰੋੜ੍ਹ ਕੇ ਲੈ ਗਿਆ ਸੀ ਤੇ ਹੁਣ ਇਹ ਲੋਕਾਂ ਦਾ ਹੜ੍ਹ ਮੈਨੂੰ ਰੋੜ੍ਹੀ ਲੈ ਜਾ ਰਿਹਾ ਹੈ। ਮੈਨੂੰ ਲੱਗ ਰਿਹਾ ਹੈ ਕਿ ਮੈਂ ਬਹੁਤ ਤਾਕਤਹੀਣ ਹੋ ਗਿਆ ਹਾਂ…ਇਹ ਜੋ ਚਾਹੁੰਦੇ ਨੇ ਮੇਰੇ ਨਾਲ ਕਰ ਰਹੇ ਹਨ…ਇਹ ਕਹਿ ਰਹੇ ਨੇ ਰਾਮ ਆ ਗਏ ਹਨ, ਇਹਨਾਂ ਨੂੰ ਕੋਈ ਤਾਂ ਪੁੱਛੋਂ ਮੈਂ ਗਿਆ ਕਿੱਥੇ ਸੀ, ਕਿੱਥੋਂ ਆ ਗਿਆ ਵਾਂ? ਮੈਂ ਦੂਰ ਬੈਠਾ ਦੇਖ ਰਿਹਾ ਹਾਂ…ਸਰਯੂ ਦਰਿਆ ਵਹਿ ਰਿਹਾ ਹੈ…ਮੇਰੇ ਨਾਮ ਦੀਆਂ ਘੰਟੀਆਂ ਵੱਜ ਰਹੀਆਂ ਹਨ…ਪਰ ਮੇਰਾ ਮਨ ਉਥੇ ਨਹੀਂ ਹੈ, ਸਰਯੂ ਦਰਿਆ ਵੀ ਹੁਣ ਸ਼ਾਇਦ ਕਿਸੇ ਨੂੰ ਮੁਕਤੀ ਦੇਣ ਦੀ ਤਾਕਤ ਗੁਆ ਚੁੱਕਿਆ ਹੈ!

(ਫੇਸਬੁੱਕ ਮਿੱਤਰ ਮਨੀਸ਼ ਦੀ ਲਿਖਤ ‘ਤੇ ਅਧਾਰਿਤ ਹੈ ਇਹ ਲੇਖ)

-ਰਿਸ਼ੀ ਨਾਗਰ

Exit mobile version