19 ਸਾਲ ਦੀ ਉਮਰ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲਾ ਮਹਾਨ ਗ਼ਦਰੀ ਇਨਕਲਾਬੀ ਜਿਸ ਦੀ ਕੁਰਬਾਨੀ ਨੇ ਭਗਤ ਸਿੰਘ ਵਰਗੇ ਇਨਕਲਾਬੀ ਪੈਦਾ ਕਰਨ ਵਿੱਚ ਪ੍ਰੇਰਨਾ ਦਿੱਤੀ, ਉਸ ਦੇ ਸੁਪਨਿਆਂ ਦਾ ਸਮਾਜ ਅਜੇ ਵੀ ਸਾਡੀ ਉਡੀਕ ਕਰ ਰਿਹਾ ਹੈ। ਭਾਰਤ ਦੀ ਆਜ਼ਾਦੀ ਦਾ ਇਤਿਹਾਸ ਕੁਰਬਾਨੀਆਂ, ਸੰਘਰਸ਼ਾਂ ਅਤੇ ਇਨਕਲਾਬੀ ਜਜ਼ਬਿਆਂ ਨਾਲ ਭਰਿਆ ਹੋਇਆ ਹੈ। ਇਸ ਇਤਿਹਾਸ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਉਹ ਇੱਕ ਅਜਿਹੇ ਨੌਜਵਾਨ ਇਨਕਲਾਬੀ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਮਹਿਜ਼ 19 ਸਾਲਾਂ ਵਿੱਚ ਅਜਿਹਾ ਇਤਿਹਾਸ ਸਿਰਜਿਆ, ਜਿਸ ਦੀ ਚਰਚਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਹੁੰਦੀ ਰਹੇਗੀ। ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਘਰ ਹੋਇਆ। ਬਚਪਨ ਵਿੱਚ ਪਿਤਾ ਦਾ ਸਾਇਆ ਉਨ੍ਹਾਂ ਦੇ ਸਿਰ ਤੋਂ ਉੱਠ ਗਿਆ ਅਤੇ ਪਾਲਣ-ਪੋਸ਼ਣ ਦਾਦਾ ਜੀ ਨੇ ਕੀਤਾ। ਮੁੱਢਲੀ ਪੜ੍ਹਾਈ ਤੋਂ ਬਾਅਦ ਉਹ ਉੱਚੇਰੀ ਸਿੱਖਿਆ ਲਈ ਅਮਰੀਕਾ ਚਲੇ ਗਏ।
ਅਮਰੀਕਾ ਵਿੱਚ ਭਾਰਤੀਆਂ ਨਾਲ ਹੁੰਦੇ ਨਸਲੀ ਵਿਤਕਰੇ ਅਤੇ ਅਪਮਾਨ ਨੇ ਉਨ੍ਹਾਂ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਾਇਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਦੋਂ ਤੱਕ ਭਾਰਤ ਅੰਗਰੇਜ਼ੀ ਸਾਮਰਾਜ ਦੀ ਗ਼ੁਲਾਮੀ ਵਿੱਚ ਜਕੜਿਆ ਹੋਇਆ ਹੈ, ਉਦੋਂ ਤੱਕ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ ਵੀ ਬਰਾਬਰ ਦੇ ਇਨਸਾਨ ਵਜੋਂ ਸਤਿਕਾਰ ਨਹੀਂ ਮਿਲ ਸਕਦਾ। 1913 ਵਿੱਚ ਅਮਰੀਕਾ ਦੇ ਸਾਨ ਫਰਾਂਸਿਸਕੋ ਵਿਖੇ ਗ਼ਦਰ ਪਾਰਟੀ ਦੀ ਸਥਾਪਨਾ ਹੋਈ। ਇਸ ਪਾਰਟੀ ਨੇ ਅੰਗਰੇਜ਼ੀ ਸਾਮਰਾਜ ਵਿਰੁੱਧ ਹਥਿਆਰਬੰਦ ਸੰਘਰਸ਼ ਰਾਹੀਂ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਸੱਦਾ ਦਿੱਤਾ। ਕਰਤਾਰ ਸਿੰਘ ਸਰਾਭਾ ਇਸ ਲਹਿਰ ਦੇ ਸਰਗਰਮ ਕਾਰਕੁਨ ਬਣ ਗਏ। ਉਨ੍ਹਾਂ ਨੇ ਗ਼ਦਰ ਅਖ਼ਬਾਰ ਦੀ ਛਪਾਈ, ਲੇਖਣੀ ਅਤੇ ਪ੍ਰਚਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਕਲਮ ਵਿੱਚ ਦੇਸ਼ ਦੀ ਆਜ਼ਾਦੀ ਦਾ ਜਜ਼ਬਾ ਸੀ। ਉਹ ਆਪਣੀ ਲੇਖਣੀ ਅਤੇ ਕਵਿਤਾਵਾਂ ਰਾਹੀਂ ਲੋਕਾਂ ਨੂੰ ਗ਼ੁਲਾਮੀ ਵਿਰੁੱਧ ਜਾਗਰੂਕ ਕਰਦੇ ਸਨ। ਪਹਿਲੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਗ਼ਦਰ ਪਾਰਟੀ ਨੇ ਭਾਰਤ ਵਿੱਚ ਬਗ਼ਾਵਤ ਦੀ ਯੋਜਨਾ ਬਣਾਈ। ਕਰਤਾਰ ਸਿੰਘ ਸਰਾਭਾ ਵੀ ਆਪਣੇ ਸਾਥੀਆਂ ਸਮੇਤ ਭਾਰਤ ਪਰਤ ਆਏ। ਉਨ੍ਹਾਂ ਨੇ ਪੰਜਾਬ ਵਿੱਚ ਇਨਕਲਾਬੀ ਸਰਗਰਮੀਆਂ ਨੂੰ ਤੇਜ਼ ਕਰਨ ਅਤੇ ਭਾਰਤੀ ਫ਼ੌਜੀਆਂ ਨੂੰ ਅੰਗਰੇਜ਼ੀ ਹਕੂਮਤ ਵਿਰੁੱਧ ਲਾਮਬੰਦ ਕਰਨ ਲਈ ਫੌਜ ਦੀਆਂ ਛਾਉਣੀਆਂ ਵਿੱਚ ਸਿਪਾਹੀਆਂ ਨੂੰ ਗਦਰ ਲਈ ਤਿਆਰ ਕੀਤਾ। ਫਰਵਰੀ 1915 ਦੀ ਗ਼ਦਰ ਬਗ਼ਾਵਤ ਦੀ ਯੋਜਨਾ ਅੰਗਰੇਜ਼ ਹਕੂਮਤ ਨੂੰ ਪਤਾ ਲੱਗ ਜਾਣ ਕਾਰਨ ਸਫ਼ਲ ਨਾ ਹੋ ਸਕੀ। ਅਨੇਕਾਂ ਇਨਕਲਾਬੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਰਤਾਰ ਸਿੰਘ ਸਰਾਭਾ ਵੀ ਅੰਗਰੇਜ਼ਾਂ ਦੇ ਕਾਬੂ ਆ ਗਏ ਅਤੇ ਉਨ੍ਹਾਂ ਵਿਰੁੱਧ ਲਾਹੌਰ ਸਾਜ਼ਿਸ਼ ਕੇਸ ਤਹਿਤ ਮੁਕੱਦਮਾ ਚਲਾਇਆ ਗਿਆ। ਅੰਗਰੇਜ਼ ਹਕੂਮਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ। 16 ਨਵੰਬਰ 1915 ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇ ਦਿੱਤੀ ਗਈ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 19 ਸਾਲ ਸੀ। ਉਨ੍ਹਾਂ ਨੇ ਮੌਤ ਤੋਂ ਡਰ ਕੇ ਆਪਣੇ ਵਿਚਾਰਾਂ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਦੀ ਸ਼ਹਾਦਤ ਨੇ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੀ ਇਨਕਲਾਬੀ ਲਹਿਰ ਨੂੰ ਨਵੀਂ ਪ੍ਰੇਰਨਾ ਦਿੱਤੀ। ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦੇ ਸਨ। ਭਗਤ ਸਿੰਘ ਉਨ੍ਹਾਂ ਦੀ ਤਸਵੀਰ ਆਪਣੀ ਜੇਬ ਵਿੱਚ ਰੱਖਦੇ ਸਨ। ਇਹ ਸਿਰਫ਼ ਇੱਕ ਵਿਅਕਤੀ ਪ੍ਰਤੀ ਸਤਿਕਾਰ ਨਹੀਂ ਸੀ, ਸਗੋਂ ਉਸ ਇਨਕਲਾਬੀ ਵਿਚਾਰਧਾਰਾ ਨਾਲ ਸਾਂਝ ਸੀ, ਜਿਸ ਨੇ ਨੌਜਵਾਨਾਂ ਨੂੰ ਦੇਸ਼ ਅਤੇ ਲੋਕਾਂ ਦੀ ਮੁਕਤੀ ਲਈ ਆਪਣਾ ਜੀਵਨ ਸਮਰਪਿਤ ਕਰਨ ਦੀ ਪ੍ਰੇਰਨਾ ਦਿੱਤੀ। ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਹੋਇਆਂ ਦਹਾਕੇ ਬੀਤ ਚੁੱਕੇ ਹਨ, ਪਰ ਗ਼ਰੀਬੀ, ਬੇਰੁਜ਼ਗਾਰੀ, ਆਰਥਿਕ ਨਾ-ਬਰਾਬਰੀ, ਜਾਤ-ਪਾਤ, ਫ਼ਿਰਕਾਪ੍ਰਸਤੀ ਅਤੇ ਸ਼ੋਸ਼ਣ ਵਰਗੀਆਂ ਸਮੱਸਿਆਵਾਂ ਅਜੇ ਵੀ ਸਾਡੇ ਸਮਾਜ ਨੂੰ ਜਕੜੀ ਬੈਠੀਆਂ ਹਨ। ਕਿਸਾਨ ਕਰਜ਼ੇ ਅਤੇ ਖੇਤੀ ਸੰਕਟ ਨਾਲ ਜੂਝ ਰਹੇ ਹਨ। ਮਜ਼ਦੂਰਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹਨ। ਅਜਿਹੇ ਸਮੇਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਨ ਦਾ ਅਰਥ ਸਿਰਫ਼ ਉਨ੍ਹਾਂ ਦੇ ਬੁੱਤਾਂ ਉੱਤੇ ਹਾਰ ਪਾਉਣਾ ਜਾਂ ਉਨ੍ਹਾਂ ਦੇ ਨਾਂ ਉੱਤੇ ਸਮਾਗਮ ਕਰਵਾਉਣਾ ਨਹੀਂ ਹੋਣਾ ਚਾਹੀਦਾ। ਸਗੋਂ ਉਨ੍ਹਾਂ ਦੇ ਇਨਕਲਾਬੀ ਵਿਚਾਰਾਂ ਨੂੰ ਸਮਝਣਾ ਅਤੇ ਸਮਾਜ ਵਿੱਚ ਫੈਲਾਉਣਾ ਸਾਡੀ ਅਸਲ ਜ਼ਿੰਮੇਵਾਰੀ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ, ਅੰਧਵਿਸ਼ਵਾਸਾਂ ਅਤੇ ਫ਼ਿਰਕੂ ਵੰਡੀਆਂ ਤੋਂ ਬਚਾ ਕੇ ਵਿਗਿਆਨਕ ਸੋਚ, ਤਰਕਸ਼ੀਲਤਾ, ਸਮਾਜਿਕ ਬਰਾਬਰੀ ਅਤੇ ਲੋਕ-ਹਿੱਤਾਂ ਦੀ ਰਾਖੀ ਲਈ ਪ੍ਰੇਰਿਤ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ। 16 ਨਵੰਬਰ ਦਾ ਸ਼ਹੀਦੀ ਦਿਹਾੜਾ ਸਾਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਆਜ਼ਾਦੀ ਸਿਰਫ਼ ਰਾਜਨੀਤਕ ਸੱਤਾ ਦੇ ਤਬਾਦਲੇ ਦਾ ਨਾਂ ਨਹੀਂ, ਸਗੋਂ ਹਰ ਮਨੁੱਖ ਨੂੰ ਇੱਜ਼ਤ, ਬਰਾਬਰੀ, ਰੁਜ਼ਗਾਰ, ਸਿੱਖਿਆ, ਸਿਹਤ ਅਤੇ ਨਿਆਂ ਦੇਣ ਦਾ ਨਾਂ ਵੀ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸ਼ਹੀਦਾਂ ਦੇ ਇਤਿਹਾਸ ਅਤੇ ਵਿਚਾਰਾਂ ਨੂੰ ਗੰਭੀਰਤਾ ਨਾਲ ਪੜ੍ਹਾਇਆ ਜਾਣਾ ਚਾਹੀਦਾ ਹੈ। ਨੌਜਵਾਨਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਨਕਲਾਬ ਦਾ ਅਰਥ ਸਿਰਫ਼ ਹਕੂਮਤ ਬਦਲਣਾ ਨਹੀਂ, ਸਗੋਂ ਸਮਾਜ ਦੀਆਂ ਬੇਇਨਸਾਫ਼ੀਆਂ ਅਤੇ ਸ਼ੋਸ਼ਣ ਵਾਲੀਆਂ ਵਿਵਸਥਾਵਾਂ ਨੂੰ ਬਦਲਣਾ ਵੀ ਹੈ। ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਸਾਡੇ ਲਈ ਸਦਾ ਪ੍ਰੇਰਨਾ ਦਾ ਸਰੋਤ ਰਹੇਗੀ। ਉਨ੍ਹਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਉਮਰ ਛੋਟੀ ਹੋ ਸਕਦੀ ਹੈ, ਪਰ ਵਿਚਾਰਾਂ ਦੀ ਉਡਾਣ ਅਤੇ ਲੋਕਾਂ ਲਈ ਕੀਤੇ ਸੰਘਰਸ਼ ਦੀ ਮਹਾਨਤਾ ਬਹੁਤ ਵੱਡੀ ਹੋ ਸਕਦੀ ਹੈ। ਆਓ, ਇਸ ਮਹਾਨ ਸ਼ਹੀਦ ਦੇ ਸ਼ਹੀਦੀ ਦਿਹਾੜੇ ਮੌਕੇ ਪ੍ਰਣ ਕਰੀਏ ਕਿ ਅਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਸਿਰਫ਼ ਯਾਦਾਂ ਤੱਕ ਸੀਮਤ ਨਹੀਂ ਰੱਖਾਂਗੇ, ਸਗੋਂ ਬਰਾਬਰੀ, ਇਨਸਾਫ਼, ਮਨੁੱਖੀ ਸਾਂਝ ਅਤੇ ਸ਼ੋਸ਼ਣ-ਮੁਕਤ ਸਮਾਜ ਦੀ ਸਿਰਜਣਾ ਲਈ ਆਪਣਾ ਬਣਦਾ ਯੋਗਦਾਨ ਪਾਵਾਂਗੇ। “ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ -ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ “ ਗਦਰੀ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਲਾਲ ਸਲਾਮ!
ਵਲੋਂ-: ਗੁਰਮੀਤ ਸਿੰਘ ਸੁਖਪੁਰ (9465915763)
