ਆਓ ਜਾਣੀਏ: ਪਰਮਿੰਦਰ ਸਿੰਘ ਝੋਟਾ ਤੇ ਸਾਥੀ ਨਸ਼ਾ ਬੰਦੀ ਲਈ ਕਿਉਂ ਡਟੇ ?

ਕਿਸੇ ਵਕਤ ਨਸ਼ੇੜੀ ਰਹੇ ਮੁੰਡਿਆਂ ਨੇ ਨਸ਼ਾ ਮੁਕਤੀ ਲਈ ਕਿਉਂ ਲਿਆ ਹੈ ਰਿਸਕ

ਸ਼ਾਇਦ ਇਹ ਪਹਿਲੀ ਵਾਰ ਹੈ ਕਿ ਸਿੱਧੂ ਮੂਸੇਵਾਲਾ ਤੋਂ ਬਾਅਦ ਸਕੂਲਾਂ ਦੇ ਵਿਦਿਆਰਥੀਆਂ ਅਤੇ ਆਮ ਜਵਾਕਾਂ ਦੀ ਜੁਬਾਨ `ਤੇ ਕਿਸੇ ਦਾ ਨਾਮ ਚੜ੍ਹਿਆ ਹੈ। ਉਹ ਹੈ ਮਾਨਸਾ ਵਾਲਾ ਝੋਟਾ। ਹਰ ਪਾਸੇ ਝੋਟਾ ਝੋਟਾ ਹੋਈ ਪਈ ਹੈ। ਭਾਵੇਂ ਬਹੁਤਿਆਂ ਨੂੰ ਝੋਟੇ ਦੇ ਪੱਕੇ ਨਾਮ ਪਰਮਿੰਦਰ ਸਿੰਘ ਦਾ ਪਤਾ ਨਹੀਂ ਹੈ ਪਰ ਜਦੋਂ ਵੀ ਕੋਈ ਝੋਟਾ ਸ਼ਬਦ ਸੁਣਦਾ ਹੈ ਤਾਂ ਉਸਦੇ ਸਾਹਮਣੇ ਸਧਾਰਨ ਜਿਹੀ ਦਿੱਖ ਵਾਲੇ ਪਰ ਚੰਗੇ ਜੁੱਸੇ ਵਾਲੇ ਸਿੱਖ ਨੌਜਵਾਨ ਦਾ ਚਿਹਰਾ ਆ ਜਾਂਦਾ ਹੈ। ਝੋਟੇ ਅਤੇ ਉਸਦੇ 15 ਤੋਂ ਵੀ ਜਿਆਦਾ ਸਾਥੀਆਂ ਵੱਲੋਂ ਵਿੱਢੀ ਗਈ ਨਸ਼ਾ ਰੋਕੂ ਮੁਹਿੰਮ ਪੂਰੇ ਪੰਜਾਬ ਤੱਕ ਪੁੱਜ ਗਈ ਹੈ। ਅੱਜ ਭਾਵੇਂ ਝੋਟਾ ਸਿਰਫ ਚਾਰ ਸੌ ਰੁਪੈ ਕਥਿੱਤ ਫਿਰੌਤੀ ਲੈਣ ਦੇ ਮਾਮਲੇ `ਚ ਜੇਲ੍ਹ ਅੰਦਰ ਕੈਦ ਹੈ ਪਰ ਝੋਟਾ ਜੇਲ੍ਹ ਦੇ ਨਾਲ ਹੀ ਲੋਕ ਮਨਾਂ `ਚ ਵੀ ਕੈਦ ਹੋ ਚੁੱਕਾ ਹੈ।

ਜੇਕਰ ਝੋਟੇ ਅਤੇ ਉਸਦੇ ਸਾਥੀਆਂ ਦੀ ਹਿਸਟਰੀ(ਪਿਛਲਾ ਵੇਲਾ) ਵੇਖੀਏ ਤਾਂ ਉਹ ਵੀ ਕਿਸੇ ਵੇਲੇ ਪੂਰੇ ਨਸ਼ੇੜੀ , ਲੜਾਈਆਂ ਝਗੜਿਆਂ ਵਾਲੇ ਅਵਾਰਾ ਕਿਸਮ ਦੇ ਨੌਜਵਾਨ ਰਹੇ ਹਨ ।ਪਰ ਝੋਟੇ ਅਤੇ ਉਸਦੇ ਸਾਥੀਆਂ ਦੇ ਵਿਹਾਰ `ਚ ਅਚਾਨਕ ਇਹ ਤਬਦੀਲੀ ਕਿਵੇਂ ਆਈ ਕਿ ਪਹਿਲਾਂ ਉਨ੍ਹਾਂ ਨੇ ਖੁਦ ਭਿਆਨਕ ਨਸ਼ਾ ਤਿਆਗਿਆ ਤੇ ਹੁਣ ਜਾਨ ਤਲੀ `ਤੇ ਧਰਕੇ ਪੂਰੇ ਪੰਜਾਬ ਵਿੱਚੋਂ ਹੀ ਮੈਡੀਕਲ ਅਤੇ ਸਿਥੱਟਿਕ ਡਰੱਗ ਦੀ ਸਮਾਪਤੀ ਲਈ ਤੁਰ ਪਏ ਹਨ।

ਚਾਰ ਕੁ ਮਹੀਨੇ ਪਹਿਲਾਂ ਝੋਟਾ ਅਤੇ ਉਸਦੇ ਤਿੰਨ ਕੁ ਸਾਥੀ ਤੁਰੇ ਤਾਂ ਭਾਵੇਂ ਇਕੱਲੇ ਹੀ ਸਨ ਪਰ ਅੱਜ ਜਿਹੜ੍ਹਾ ਕਾਫਲਾ ਉਨ੍ਹਾਂ ਦੇ ਨਾਲ ਹੋ ਤੁਰਿਆ ਹੈ ਉਸਨੇ ਸਮਗਲਰਾਂ ਸਮੇਤ ਸਰਕਾਰ ਨੂੰ ਵੀ ਵੱਡਾ ਝਟਕਾ ਦਿੱਤਾ ਹੈ। ਅੱਜ ਹਲਾਤ ਇਹ ਹਨ ਕਿ ਹਰ ਪਿੰਡ ਵਿੱਚ ਨਸ਼ਿਆਂ ਖਿਲਾਫ਼ ਅਵਾਜ ਬੁਲੰਦ ਹੋਣ ਲੱਗ ਪਈ ਹੈ। ਚੌਂਕੇ ਚੁੱਲ੍ਹੇ ਵਾਲੀਆਂ ਔਰਤਾਂ ਵੀ ਸੱਥ `ਚ ਜਾ ਕੇ ਸ਼ਰੇਆਮ ਪਿੰਡਾਂ `ਚ ਨਸ਼ੇ ਵੇਚਣ ਵਾਲਿਆਂ ਦੇ ਨਾਮ ਲੈਂਦੀਆਂ ਹਨ । ਪਿੰਡਾਂ ਅਤੇ ਪੂਰੇ ਪੰਜਾਬ ਦਾ ਭਲਾ ਚਾਹੁੰਣ ਵਾਲੇ ਨੌਜਵਾਨਾਂ ਨੇ ਪਿੰਡਾਂ `ਚ ਨਸ਼ਾ ਰੋਕੂ ਕਮੇਟੀਆਂ ਬਣਾ ਕੇ ਨਸ਼ਾ ਵਿੱਕਰੀ ਲਈ ਆਉਂਦੇ ਲੋਕਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ । ਝੋਟੇ ਅਤੇ ਉਸਦੀ ਸਮੁੱਚੀ ਟੀਮ ਐਂਟੀ ਡਰੱਗ ਟਾਸਕ ਫੋਰਸ ਦਾ ਅਸਲੀ ਮਨੋਰਥ ਤਾਂ ਪਤਾ ਨਹੀਂ ਕਦੋਂ ਪੂਰਾ ਹੋਵੇਗਾ ਪਰ ਲੋਕਾਂ ਨੂੰ ਆਸ ਜਰੂਰ ਬੱਝ ਗਈ ਹੈ ਕਿ ਹੁਣ ਉਨ੍ਹਾਂ ਦੇ ਧੀਆਂ ਪੁੱਤਰਾਂ ਨੂੰ ਕੋਈ ਜਬਰਦਸਤੀ ਨਸ਼ੇ ਵੱਲ ਨਹੀਂ ਧੱਕ ਸਕਦਾ ।

ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਨਸ਼ਾ ਵਿਰੋਧੀ ਟਾਸਕ ਫੋਰਸ ਦੇ ਮੈਂਬਰਾਂ ਵਿੱਚੋਂ ਕੋਈ ਵੀ ਆਪਣੀ ਹਿਸਟਰੀ ਨਹੀਂ ਛੁਪਾਉਂਦਾ ਸਗੋਂ ਬੜੀ ਬੇ ਵਾਕੀ ਨਾਲ ਸਭ ਕੁੱਝ ਬਿਆਨ ਕਰਦੇ ਹਨ । ਜਦੋਂ ਮੈਂ ਪਰਮਿੰਦਰ ਸਿੰਘ ਝੋਟਾ ਦੇ ਨੇੜਲੇ ਮਿੱਤਰ ਗਗਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਖੁਦ ਨਸ਼ਾ ਛੱਡਣ ਬਾਅਦ ਸਾਡੇ ਮਨਾਂ `ਚ ਜਿਹੜੀ ਚੰਗਿਆੜੀ ਭਖੀ ਸੀ ਹੁਣ ਉਹ ਭਾਂਬੜ ਬਣਨ ਲੱਗੀ ਹੈ। ਗਗਨ ਨੇ ਦੱਸਿਆ ਕਿ ਸਾਡੀ ਟੀਮ ਦੇ ਬਹੁਤੇ ਮੈਂਬਰ ਪੰਦਰਾਂ ਸੋਲਾਂ ਸਾਲ ਦੀ ਉਮਰ ਤੋਂ ਹੀ ਨਸ਼ੇ ਦੀ ਭੈੜੀ ਆਦਤ ਦਾ ਸ਼ਿਕਾਰ ਹੋ ਗਏ ਸਨ। ਕਈਆਂ ਨੇ ਪੰਜ ਤੋਂ ਲੈ ਕੇ ਦਸ ਸਾਲ ਤੱਕ ਨਸ਼ੇ ਦੀ ਭਿਆਨਕ ਕੈਦ ਭੋਗੀ ਹੈ। ਪਹਿਲਾਂ ਪਹਿਲਾਂ ਤਾਂ ਸਾਨੂੰ ਆਪਣਾ ਆਪ ਬਾਦਸ਼ਾਹਾਂ ਵਰਗਾ ਲੱਗਦਾ ਸੀ ਪਰ ਜਦੋਂ ਸਰੀਰ ਅੰਦਰੋਂ ਖੋਖਲਾ ਹੋਣ ਲੱਗ ਪਿਆ ਤਾਂ ਗੱਲ ਸਮਝ ਪੈਣ ਲੱਗੀ । ਅਸੀਂ ਨਸ਼ੇ ਕਾਰਨ ਆਪਣੇ ਪਰਿਵਾਰ, ਆਪਣੇ ਦੋਸਤ, ਆਪਣੇ ਗੁਆਂਢੀ , ਆਪਣੇ ਰਿਸਤੇਦਾਰ ਸਭ ਗੁਆ ਲਏ। ਨਸ਼ੇ ਦੀ ਪੂਰਤੀ ਲਈ ਅਸੀਂ ਚੋਰ ਵੀ ਬਣੇ, ਲੁਟੇਰੇ ਵੀ ਬਣੇ, ਝੂਠੇ ਵੀ ਬਣੇ, ਬਦਮਾਸ਼ ਵੀ ਬਣੇ ਪਰ ਚੰਗੇ ਬੰਦੇ ਹੁਣ ਨਸ਼ਾ ਤਿਆਗਕੇ ਹੀ ਬਣ ਸਕੇ ਹਾਂ। ਗਗਨ ਨੇ ਦੱਸਿਆ ਜੇਕਰ ਅਸੀਂ ਨਸ਼ਿਆਂ ਵਿੱਚ ਬਰਬਾਦ ਕੀਤਾ ਸਮਾਂ ਅਤੇ ਧਨ ਸਹੀ ਥਾਂ ਲਾ ਦਿੰਦੇ ਤਾਂ ਅੱਜ ਸਾਡੇ ਹਲਾਤ ਹੋਰ ਹੀ ਹੋਣੇ ਸਨ । ਗਗਨ ਨੇ ਦੱਸਿਆ ਨਸ਼ਿਆਂ ਦੇ ਸੇਵਨ ਦੌਰਾਨ ਸਾਡੇ ਵਿੱਚੋਂ ਬਹੁਤਿਆਂ ਨੇ ਧਰਤੀ `ਤੇ ਹੀ ਨਰਕ ਵਰਗਾ ਜੀਵਨ ਹੰਢਾਇਆ ਹੈ ਇਸੇ ਕਰਕੇ ਹੀ ਸਾਡਾ ਮਨ ਕਰਦਾ ਹੈ ਕਿ ਉਸ ਤਰ੍ਹਾਂ ਦਾ ਜੀਵਨ ਕਿਸੇ ਦਾ ਧੀ ਪੁੱਤ ਵੀ ਨਾ ਹੰਢਾਵੇ। ਅਸੀਂ ਨਸ਼ਾ ਮੁਕਤੀ ਕੇਂਦਰਾਂ ਤੇ ਜੇਲਾਂ ਦੇ ਤਸੀਹੇ ਵੀ ਝੱਲ ਲਏ ਹਨ ਅਤੇ ਮਾਂ ਬਾਪ ਦੇ ਹਉਕੇ ਵੀ ਵੇਖੇ ਹਨ । ਉਨ੍ਹਾਂ ਦੱਸਿਆ ਨਸ਼ੇ ਵਾਲਾ ਬੰਦਾ ਹਰ ਰੋਜ਼ ਕਈ ਕਈ ਵਾਰ ਮਰਦਾ। ਨਸ਼ੇੜੀ ਨਸ਼ਾ ਕਰਕੇ ਆਪਣੇ ਆਪ ਨੂੰ ਜ਼ੋ ਮਰਜੀ ਸਮਝਦਾ ਰਹੇ ਪਰ ਸਮਾਜ ਵਿੱਚ ਉਸਦੀ ਇੱਜਤ ਧੇਲੇ ਦੀ ਵੀ ਨਹੀਂ ਰਹਿੰਦੀ। ਜਦੋਂ ਮੈਂ ਗਗਨ ਨਾਲ ਨਸ਼ਾ ਲੱਗਣ ਦੇ ਕਾਰਨਾ ਸਬੰਧੀ ਗੱਲ ਕੀਤੀ ਉਸਨੇ ਦੱਸਿਆ ਇਹ ਰੋਗ ਵੇਖਾ ਵੇਖੀ , ਮਾਪਿਆਂ ਦੀ ਅਣਗਹਿਲੀ, ਮਾੜੇ ਬੰਦਿਆਂ ਦਾ ਸਾਥ, ਸਕੂਲ ਸਿੱਖਿਆ ਦੌਰਾਨ ਖੁੱਲ੍ਹਾਂ ਕਰਕੇ ਲੱਗਦ ਜਾਂਦਾ ਹੈ। ਸਿੰਥੈਟਿਕ ਨਸ਼ੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਬੰਦੇ ਨੂੰ ਜਾਨਵਰ ਬਣਾ ਦਿੰਦਾ ਹੈ। ਨਸ਼ੇ ਦੀ ਲਤ ਸਭ ਰਿਸਤੇ ਨਾਤੇ ਮਾਰ ਦਿੰਦੀ ਹੈ।

ਗਗਨ ਨੇ ਆਪਣੇ ਭਵਿੱਖੀ ਮਨੋਰਥ ਬਾਰੇ ਦੱਸਿਆ ਕਿ ਪੂਰਨ ਨਸ਼ਾ ਬੰਦੀ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ। ਸਾਨੂੰ ਡਰਾਉਂਣ ਹਿੱਤ ਧਮਕੀਆਂ ਵੀ ਮਿਲਦੀਆਂ ਹਨ ਪਰ ਚੰਗਾ ਕਾਰਜ਼ ਹੋਣ ਕਰਕੇ ਭੋਰਾ ਵੀ ਡਰ ਨਹੀਂ ਲੱਗਦਾ ।ਲੋਕਾਂ ਦਾ ਸਹਿਯੋਗ ਅਤੇ ਨੌਜਵਾਨ ਵਰਗ ਦਾ ਨਸ਼ਾ ਮੁਕਤੀ ਲਈ ਅੱਗੇ ਆਉਂਣਾ ਸਾਡੀ ਪਹਿਲੀ ਵੱਡੀ ਜਿੱਤ ਹੈ।ਜੇਕਰ ਲੋਕ ਆਪਣੇ ਅਣਭੋਲ ਧੀਆਂ ਪੁੱਤਰ ਬਚਾਉਂਣ ਲਈ ਇਵੇਂ ਹੀ ਜਾਗਰੂਕ ਹੋ ਕੇ ਤੁਰਦੇ ਰਹੇ ਤਾਂ ਨਸ਼ੇ ਦਾ ਦੈਂਤ ਜਲਦੀ ਹੀ ਮਾਰ ਲਿਆ ਜਾਵੇਗਾ । ਸ਼ੋਸ਼ਲ ਮੀਡੀਆ `ਤੇ ਚੋਰ ਤੇ ਚੋਰਾਂ ਦੀ ਕੁੱਤੀ ਜੋ ਮਰਜੀ ਕਰਦੇ ਤੇ ਕਹਿੰਦੇ ਰਹਿਣ ਪਰ ਨੇੜਿਓਂ ਵੇਖਿਆ ਪਤਾ ਲੱਗਦਾ ਹੈ ਕਿ ਪਰਮਿੰਦਰ ਸਿੰਘ ਝੋਟੇ ਅਤੇ ਉਸਦੀ ਟੀਮ ਦਾ ਦਿਲ ਬਿੱਲਕੁੱਲ ਸਾਫ ਹੈ।

ਉਮੀਦ ਹੈ ਇਨ੍ਹਾਂ ਨੌਜਵਾਨਾਂ ਦੀ ਪਹਿਲ ਨਾਲ ਪੰਜਾਬ ਦੇ ਸਿਵਿਆਂ ਨੂੰ ਨੌਜਵਾਨ ਲੋਥਾਂ ਫੂਕਣ ਤੋਂ ਰਾਹਤ ਮਿਲੇਗੀ। ਮਾਵਾਂ ਦੇ ਕੀਰਨੇ ਲਲਕਾਰਿਆਂ `ਚ ਬਦਲਣਗੇ,ਹਰ ਥਾਂ ਨਸ਼ੇੜੀ ਕਹਿਕੇ ਭੰਡੀ ਜਾਂਦੀ ਨੌਜਵਾਨ ਪੀੜ੍ਹੀ ਨੂੰ ਸਵੈਮਾਣ ਨਾਲ ਜਿਉਂਣ ਦਾ ਮੌਕਾ ਮਿਲੇਗਾ, ਨਸ਼ੇ ਦੇ ਡਰ ਕਾਰਨ ਸੋਨੇ ਵਰਗੇ ਧੀਆਂ ਪੁੱਤਾਂ ਨੂੰ ਵਿਦੇਸ਼ ਵੱਲ ਧੱਕੇ ਜਾਣ ਦਾ ਰੁਝਾਨ ਘਟੇਗਾ,ਮਿਹਨਤਾਂ ਦੀ ਕਮਾਈ ਚਿੱਟਾ ਖਰੀਦਣ ਦੀ ਥਾਂ ਦੁੱਧ ਦਹੀਂ ਖਰੀਦਣ `ਤੇ ਲੱਗੇਗੀ ,ਘਰਾਂ `ਚ ਲੜਾਈ ਝਗੜਿਆਂ ਦੀ ਥਾਂ ਹਾਸੇ ਮਜਾਕ ਗੂੰਜਣਗੇ, ਭੈਣਾਂ ਮ੍ਰਿਤਕ ਨੌਜਵਾਨ ਭਰਾਵਾਂ ਦੀਆਂ ਲੋਥਾਂ ਸਿਰ ਸਿਹਰੇ ਸਜਾਉਂਣ ਦੀ ਥਾਂ ਚਾਵਾਂ ਨਾਲ ਜੰਝ ਤੋਰਿਆ ਕਰਨਗੀਆਂ,ਕਾਰੋਬਾਰੀ ਲੋਕਾਂ ਨੂੰ ਆਪਣੀਆਂ ਦੁਕਾਨਾਂ ਤੇ ਫੈਕਟਰੀਆਂ `ਚ ਕੈਮਰੇ ਲਗਾਉਂਣ ਦੀ ਲੋੜ ਮਹਿਸੂਸ ਹੀ ਨਹੀਂ ਹੋਣੀ।

ਮੇਰੀ ਮੌਕੇ ਦੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਆਕੜ ਤੇ ਲਾਲਚ ਛੱਡ ਕੇ ਚੰਗੇ ਰਾਹ ਤੁਰੇ ਮੁੰਡਿਆਂ ਨਾਲ ਬੈਠ ਕੇ ਗੱਲ ਕਰੇ , ਉਨ੍ਹਾਂ ਨੂੰ ਕਾਨੁੰਨੀ ਨੁਕਤੇ ਸਮਝਾਵੇ ਤੇ ਕਾਨੂੰਨ ਨਾਲ ਸਭ ਕੁੱਝ ਆਮ ਵਰਗਾ ਕਰ ਦੇਣ ਦਾ ਵਿਸ਼ਵਾਸ਼ ਦਿਵਾਵੇ । ਨਹੀਂ ਫੇਰ …….

ਹਰਦੀਪ ਸਿੰਘ ਜਟਾਣਾ

941725451

Exit mobile version