ਆਰਥਿਕ ਮੰਦਹਾਲੀ ਚੋਂ ਉੱਪਜੀ ਏਸ਼ੀਅਨ ਸਟਾਰ ਬਣਨ ਜਾ ਰਹੀ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨ “ਡੌਲੀ ਰਟੈਂਡਾ”

ਅਵਤਾਰ ਲੰਗੇਰੀ

ਕਿਸੇ ਵੀ ਖੇਤਰ  ਵਿੱਚ  ਮੁਹਾਰਤ  ਹਾਸਲ ਕਰਨ ਲਈ   ਸਖ਼ਤ  ਮਿਹਨਤ,ਲਗਨ ਅਤੇ ਦ੍ਰਿੜਤਾ ਨਾਲ ਜੁਟੇ ਰਹਿਣ  ਦੀ ਅਤਿਅੰਤ ਜਰੂਰਤ ਹੁੰਦੀ ਹੈ । ਮੰਜ਼ਿਲ ਦੀ ਪ੍ਰਾਪਤੀ ਤੱਕ ਮਨੁੱਖ  ਨੂੰ  ਬਹੁੱਤ ਘਾਲਣਾ ਘਾਲਣੀ ਪੈਂਦੀ ਹੈ। ਜਿਸ ਲਈ ਸਾਧਨ ਅਤੇ ਸ਼ਕਤੀ ਮੁਖ ਸਰੋਤ ਹੁੰਦੇ ਹਨ ਜੋ ਆਮ ਹਾਲਤਾਂ ਵਿੱਚ ਇਹ ਸਾਨੂੰ ਮਾਪਿਆਂ  ਅਤੇ  ਅਧਿਆਪਕਾਂ ਤੋਂ ਪ੍ਰਾਪਤ ਹੁੰਦੇ ਹਨ। ਇਸੇ ਤਰਾਂ  ਖੇਡਾਂ ਦੀ ਦੁਨੀਆਂ ਅੰਦਰ ਸਰਕਾਰੀ ਸੈਕੰਡਰੀ ਸਕੂਲ ਰਟੈਂਡਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਜੂਨੀਅਰ ਕਿੱਕਬਾਕਸਿੰਗ ਦੀ ਖੇਡ ਵਿੱਚ ਉੱਭਰ ਰਹੀ ਖਿਡਾਰਨ ਦਾ ਨਾਂ ਹੈ “ਡੌਲੀ ਰਟੈਂਡਾ” ।ਕਿੱਕ ਬਾਕਸਿੰਗ ਸਿਰਫ਼ ਤਾਕਤ ਦੀ ਨਹੀਂ ਸਗੋਂ ਸਬਰ ਅਤੇ ਅਨੁਸ਼ਾਸਨ ਦੀ  ਖੇਡ ਹੈ। ਜੋ ਬੱਚਾ ਬਚਪਨ ਤੋਂ ਇਸ ਖੇਡ ਨਾਲ ਜੁੜਦਾ ਹੈ, ਉਹ ਸਰੀਰਕ  ਅਤੇ ਮਾਨਸਿਕ ਤੌਰ ਤੇ  ਬੇਹੱਦ ਮਜ਼ਬੂਤ  ਬਣਦਾ ਹੈ। ਹਰ ਰੋਜ ਸਵੇਰੇ ਜਲਦੀ ਉਠ ਕੇ ਟ੍ਰੇਨਿੰਗ ਕਰਨੀ, ਸਹੀ ਖਾਣਾ ਖਾਣਾ, ਅਤੇ ਹਰ ਦਿਨ ਨਵੀਂ ਤਕਨੀਕ ਸਿੱਖਣੀ I ਸੋ ਇਹੀ ਰਾਹ ਹੈ ਇੱਕ ਵਧੀਆ ਖਿਡਾਰੀ ਬਣਨ ਦਾ I ਇਨਾਂ ਹੀ ਰਾਹਾਂ ਤੇ ਕਦਮ ਧਰਦਿਆਂ ਸਕੂਲ ਲੈਵਲ ਤੋੰ ਏਸ਼ੀਅਨ ਚੈਂਪੀਅਨਸ਼ਿਪ  ਤੱਕ ਦਾ ਸਫ਼ਰ ਤੈਅ ਕੀਤਾ ਹੈ ਡੌਲੀ ਰਟੈਂਡਾ ਨੇ I ਉਸ  ਦੇ ਘਰ ਦੀ ਕਮਜ਼ੋਰ ਮਾਲੀ ਹਾਲਤ ਅਤੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਉਸ ਦਾ ਰਾਹ ਨਾ  ਰੋਕ ਸਕੀਆਂ I ਸਗੋਂ ਉਸ  ਨੇ ਇਹ ਸਾਬਿਤ ਕਰ ਵਿਖਾਇਆ ਕਿ ਜੇਕਰ  ਇਰਾਦੇ ਮਜ਼ਬੂਤ ਹੋਣਤਾਂ ਫਿਰ “ਉੱਗਣ ਵਾਲੇ ਉੱਗ ਪੈਂਦੇ ਨੇ ਚੀਰ ਕੇ ਸੀਨਾ ਪੱਥਰਾਂ ਦਾ।”
    ਪੜ੍ਹਾਈ ਵਿਚੋਂ ਡੌਲੀ ਨੇ ਹਮੇਸ਼ਾ ਪਹਿਲੀ ਤੋਂ ਲੈ ਕੇ  ਦਸਵੀਂ ਜਮਾਤ ਤੱਕ ਆਪਣੀ ਕਲਾਸ ਵਿੱਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ। ਉਸ ਵੱਲੋਂ ਅੱਠਵੀਂ ਜਮਾਤ  89% ਅਤੇ ਦਸਵੀਂ ਜਮਾਤ 96% ਅੰਕਾਂ ਨਾਲ ਪਾਸ ਕੀਤੀ।ਉਹ  ਹਰ ਸਾਲ ਵਿਦਿਆ ਵਿਭਾਗ ਵੱਲੋਂ  ਕਰਾਏ ਜਾਂਦੇ ਸਾਲਾਨਾ ਵਿੱਦਿਅਕ ਮੁਕਾਬਲਿਆਂ ਅਤੇ ਸਾਇੰਸ  ਮੇਲਿਆਂ ਦੀ ਸ਼ਾਨ ਬਣੀ ਰਹੀ। ਉਸ ਵੱਲੋਂ ਬਲਾਕ ,ਤਹਿਸੀਲ ਅਤੇ ਜ਼ਿਲਾ ਲੈਵਲ ਤੇ ਬਹੁਤ ਸਾਰੇ ਇਨਾਮ ਸਨਮਾਨ ਪ੍ਰਾਪਤ ਕੀਤੇ। ਸਰਬ ਗੁਣ ਭਰਪੂਰ ਇਸ ਹੋਣਹਾਰ ਵਿਦਿਆਰਥਣ ਖਿਡਾਰਨ ਨੇ  ਮਿਤੀ 2 ਮਈ 2009 ਨੂੰ  ਮਾਤਾ ਸ਼੍ਰੀਮਤੀ ਇੰਦਰਜੀਤ ਕੌਰ ਅਤੇ ਪਿਤਾ ਸ: ਜਗਦੇਵ ਕੁਮਾਰ ਦੇ ਘਰ ਲੁਧਿਅਣਾ ਵਿੱਖੇ ਜਨਮ ਲਿਆ I

ਡੌਲੀ ਜਿੱਥੇ ਬਹੁਤ ਹੀ ਹੋਣਹਾਰ ਅਤੇ ਪ੍ਰਤਿਭਾਸ਼ੀਲ ਵਿਦਿਆਰਥਣ ਹੈ, ਉੱਥੇ ਉਹ ਇੱਕ ਬਹੁਤ ਵਧੀਆ ਖਿਡਾਰਨ ਹੈ I ਉਸਨੇ ਦ੍ਰਿੜਤਾ  ਨਾਲ ਖੇਡਾਂ ਦੇ ਖੇਤਰ ਵਿੱਚ ਵੀ ਬਲਾਕ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਆਪਣੇ ਸਕੂਲ, ਪਿੰਡ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਵੀ ਖੂਬ ਰੌਸ਼ਨ ਕੀਤਾ । ਖੇਡਾਂ ਦੇ ਖੇਤਰ ਵਿੱਚ ਜਦ ਡੌਲੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਸਾਲ 2022 ਵਿੱਚ ਉਸ ਵੱਲੋਂ ਬਲਾਕ ਲੈਵਲ ਤੇ ਕਰਵਾਈਆਂ ਗਈਆਂ ਖੇਡਾਂ ਵਿੱਚ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਲਗਾਤਾਰ ਗੋਲਡ ਮੈਡਲ ਪ੍ਰਾਪਤ ਕੀਤੇ।  ਜੁਨੀਅਰ ਕਿੱਕ ਬਾਕਸਿੰਗ ਅਤੇ ਕਰਾਟੇ ਵਿੱਚ ਵੀ ਉਸ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਸਾਲ 2023  ਵਿੱਚ ਸਿੱਖਿਆ ਵਿਭਾਗ ਵੱਲੋਂ ਜ਼ਿਲਾ  ਸਟੇਟ ਅਤੇ ਨੈਸ਼ਨਲ ਲੈਵਲ ਤੇ ਕਰਾਈਆਂ ਗਈਆਂ ਖੇਡਾਂ ਵਿੱਚ ਡੌਲੀ ਨੇ  ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਗੋਲਡ  ਮੈਡਲ ਪ੍ਰਾਪਤ ਕੀਤੇ। ਉਸੇ ਸਾਲ ਹੀ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਡੌਲੀ ਵੱਲੋਂ ਜ਼ਿਲਾ ਕਰਾਟੇ ਚੈਂਪੀਅਨਸ਼ਿਪ ਵਿੱਚ ਗੋਲਡ ਅਤੇ ਸਟੇਟ ਖੇਡਾਂ ਵਿੱਚ ਸਿਲਵਰ ਮੈਡਲ ਪ੍ਰਾਪਤ  ਕਰਕੇ ਰਾਂਚੀ ਝਾਰਖੰਡ  ਵਿਖੇ ਹੋਈ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ  ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਮੈਡਲ  ਪ੍ਰਾਪਤ ਕੀਤਾ ।
       ਸਾਲ  2024 ਵਿੱਚ ਵੀ ਆਪਣੇ ਪਿਛਲੇ ਰਿਕਾਰਡ ਨੂੰ ਕਾਇਮ ਰੱਖਦਿਆਂ ਡੌਲੀ ਵੱਲੋਂ ਸਿੱਖਿਆ  ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ  ਦੀਆਂ ਵਿੱਚੋਂ ਜ਼ਿਲਾ ਅਤੇ ਸਟੇਟ ਲੈਵਲ ਤੇ  ਜੂਨੀਅਰ ਕਿੱਕ ਬਾਕਸਿੰਗ ਅਤੇ ਕਰਾਟੇ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ ਅਤੇ ਪੁਣੇ ਮਹਾਰਾਸ਼ਟਰ ਵਿਖੇ ਹੋਈ ਨੈਸ਼ਨਲ ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਪ੍ਰਾਪਤ  ਕਰਕੇ ਨੈਸ਼ਨਲ ਚੈਂਪੀਅਨ ਬਣੀ I
        ਚਾਲੂ ਵਰ੍ਹੇ 2025 ਵਿੱਚ ਵੀ ਡੌਲੀ ਨੇ ਆਪਣੀਆਂ ਖੇਡ ਪ੍ਰਾਪਤੀਆਂ ਦੀ ਲੜੀ  ਜਾਰੀ ਰੱਖੀ।ਇਸ ਸਾਲ ਵੀ ਉਸ ਵੱਲੋਂ ਬਲਾਕ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਮੈਡਲ ਪ੍ਰਾਪਤੀ ਨੂੰ ਅਪਣੇ ਨਾਮ ਕੀਤਾ। ਜ਼ਿਲ੍ਹਾ  ਅਤੇ ਸਟੇਟ ਲੈਵਲ ਤੇ  ਜੂਨੀਅਰ ਕਿੱਕ ਬਾਕਸਿੰਗ ਅਤੇ ਕਰਾਟੇ ਵਿੱਚੋਂ ਗੋਲਡ ਅਤੇ ਖੇਡੋ ਇੰਡੀਆ ਲੀਗ ਵਿੱਚੋਂ ਸਿਲਵਰ ਮੈਡਲ ਹਾਸਲ ਕੀਤੇ ।  ਇਸੇ ਸਾਲ ਹੀ ਨੈਸ਼ਨਲ ਪੱਧਰ ਤੇ ਸੋਲਨ ਹਿਮਾਚਲ ਪ੍ਰਦੇਸ਼ ਵਿੱਚ ਹੋਈ ਜੂਨੀਅਰ ਕਿੱਕਬਾਕਸਿੰਗ  ਚੈਂਪੀਅਨਸ਼ਿਪ  ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਡੌਲੀ ਨੇ  ਲਗਾਤਾਰ ਦੂਜੀ ਵਾਰੀ ਨੈਸ਼ਨਲ ਚੈਂਪੀਅਨ ਬਣਨ  ਦੇ ਨਾਲ ਨਾਲ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਗੀਦਾਰ ਬਣਨ ਲਈ  ਆਪਣਾ ਰਾਹ ਪੱਧਰਾ ਕੀਤਾ I ਜਿਸ ਲਈ ਉਹ ਇਸੇ ਸਾਲ ਬੀਜਿੰਗ ਚੀਨ ਵਿੱਚ ਹੋਣ ਜਾ ਰਹੀ ਜੂਨੀਅਰ ਕਿੱਕ ਬਾਕਸਿੰਗ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਇੰਡੀਆ ਦੀ ਨੁਮਾਇੰਦਗੀ ਕਰੇਗੀ I
                ਡੌਲੀ ਨੂੰ ਖੇਡਾਂ ਦੀ ਗੁੜਤੀ ਕੋਚ ਸ਼੍ਰੀ ਜਗਸੀਰ ਸਿੰਘ ਦੀ ਅਗਵਾਈ ਵਿੱਚ ਰਟੈਂਡਾ ਸਕੂਲ ਵਿੱਚੋਂ ਹੀ  ਮਿਲੀ ਹੋਣ ਕਰਕੇ ਉਹ ਬਚਪਨ ਤੋਂ  ਹੀ ਖੇਡਾਂ ਵਿੱਚ ਡੂੰਘੀ ਦਿਲਚਸਪੀ ਰੱਖਦੀ ਸੀ ਜਿਸ ਕਰਕੇ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਦੌਰਾਨ ਹੀ  ਸਕੂਲ  ਦੇ ਬੱਚਿਆਂ ਦੀ ਟੀਮ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ । ਜਿਸ  ਸਦਕਾ ਉਸਨੇ ਆਪਣੇ ਸਕੂਲ  ਟੀਮ ਵਿੱਚ ਹਰਮਨ ਪਿਆਰੀ ਖਿਡਾਰਨ ਬਣ ਕੇ  ਸਕੂਲ ਪੱਧਰ ਤੇ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ।

ਉਸ ਦਾ ਟੀਚਾ ਕੇਵਲ ਖੇਡਣ ਦੇ ਵੱਧ ਤੋਂ ਵੱਧ ਗੁਣਵੱਤਾ ਦੇ ਮੌਕੇ ਪ੍ਰਾਪਤ ਕਰਨਾ ਰਿਹਾ ਜਿਸ ਲਈ ਉਸ ਨੇ ਕਿੱਕ ਬਾਕਸਿੰਗ ਦੀ ਖੇਡ ਨੂੰ ਆਪਣਾ ਇਸ਼ਟ ਮੰਨ ਕੇ  ਇਸ ਖੇਡ ਲਈ ਦਿਨ ਰਾਤ ਇੱਕ ਕਰ ਦਿੱਤਾ।
      ਡੌਲੀ ਨਾਲ ਜਦੋਂ ਗੱਲਬਾਤ ਕੀਤੀ  ਤਾਂ ਉਸ ਨੇ ਬੜੇ ਮਾਣ ਨਾਲ ਦੱਸਿਆ ਕਿ ਮੈਨੂੰ
ਖੇਡਾਂ  ਦੇ ਖੇਤਰ ਵੱਲ ਤੋਰਨ ਅਤੇ ਅੱਜ ਤੱਕ ਦੀਆਂ ਪ੍ਰਾਪਤੀਆਂ ਪਿੱਛੇ ਉਨ੍ਹਾਂ  ਦੇ ਕੋਚ ਸ੍ਰੀ ਜਗਸੀਰ ਸਿੰਘ ਡੀ. ਪੀ. ਈ., ਵਾਕੋ (ਵਰਲਡ ਐਸੋਸੀਏਸ਼ਨ ਆਫ  ਕਿੱਕਬਾਕਸਿੰਗ ਆਰਗੇਨਾਈਜ਼ੇਸ਼ਨ) ਵੱਲੋਂ ਇੰਡੀਆ ਕਿੱਕ ਬਾਕਸਿੰਗ ਐਸੋਸੀਏਸ਼ਨ ਦੀ ਜਨਰਲ ਸੈਕਟਰੀ  ਮੈਡਮ ਮਨਜੋਤ ਲੌਂਗੀਆ , ਕੋਚ ਸ੍ਰੀ ਮਨਜੀਤ  ਲੌਂਗੀਆ,ਮੈਡਮ ਸੁਰਜੀਤ ਕੌਰ ਪ੍ਰਿੰਸੀਪਲ ਸਰਕਾਰੀ ਸੈਕੰਡਰੀ ਪਬਲਿਕ ਸਕੂਲ ਰਟੈਂਡਾ, ਜ਼ਿਲ੍ਹਾ ਸ਼ਹੀਦ  ਭਗਤ  ਸਿੰਘ  ਨਗਰ  ਅਤੇ ਉਨਾਂ  ਦੀ ਮਾਤਾ ਸ਼੍ਰੀਮਤੀ  ਇੰਦਰ ਜੀਤ ਕੌਰ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ I
     ਡੌਲੀ ਜਿੱਥੇ ਇੱਕ ਵਧੀਆ ਖਿਡਾਰਨ ਹੈ ਉੱਥੇ ਹੀ ਉਹ ਬਹੁਤ  ਮਿੱਠਬੋਲੜੀ ਆਗਿਆਕਾਰ ਅਤੇ ਆਪਣੀ ਮਾਂ ਬੋਲੀ ਨੂੰ  ਪਿਆਰ ਕਰਨ ਵਾਲੀ ਹੋਣਹਾਰ ਵਿਦਿਆਰਥਣ ਹੈ। ਉਸ ਅੰਦਰ ਉਹ ਸਾਰੇ ਸੰਸਕਾਰ ਹਨ ਜਿਨ੍ਹਾਂ ਨੂੰ ਅੱਜ ਪੰਜਾਬੀ ਬੱਚੇ ਭੁੱਲਦੇ ਜਾ ਰਹੇ ਹਨ। ਉਹ ਸੂਰਜ ਨਿਲਦਿਆਂ ਹੀ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨਾਨੀ ਸੁਰਿੰਦਰ ਕੌਰ ਅਤੇ ਮਾਤਾ ਸ੍ਰੀਮਤੀ ਇੰਦਰਜੀਤ ਕੌਰ ਪਾਸੋਂ  ਅਸ਼ੀਰਵਾਦ ਲੈਣ ਉਪਰੰਤ ਹੀ ਸਕੂਲ ਅਤੇ ਖੇਡ ਮੈਦਾਨ ਵੱਲ ਜਾਣ ਦੀ ਤਿਆਰੀ ਕਰਦੀ ਹੈ ।ਉਸ ਦਾ ਸੁਪਨਾ ਹੈ ਕਿ ਉਹ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚੋਂ  ਗੋਲਡ ਮੈਡਲ ਪ੍ਰਾਪਤ ਕਰਕੇ  ਭਵਿੱਖ ਵਿੱਚ ਦੇਸ਼ ਦੀ ਵਧੀਆ ਖਿਡਾਰਨ ਬਣ ਕੇ ਦੁਨੀਆਂ ਅੰਦਰ ਭਾਰਤ ਦਾ ਨਾਮ ਰੌਸ਼ਨ  ਕਰੇ Iਆਪਣੀ  ਮੰਜ਼ਿਲ ਤੇ ਪਹੁੰਚ ਕੇ ਉਹ ਪੰਜਾਬ ਅੰਦਰ ਅਤੇ ਆਪਣੇ ਇਲਾਕੇ ਵਿੱਚ ਚੱਲ ਰਹੀਆਂ ਖੇਡ ਸਰਗਰਮੀਆਂ ਵਿੱਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਦੀ ਇੱਛਾ ਰੱਖਦੀ ਹੈ।
               ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਆਪਣੀ ਉਮਰ ਨਾਲੋਂ ਪੰਜ ਗੁਣਾ ਵੱਧ ਮੈਡਲ ਹਾਸਲ ਕਰ ਚੁੱਕੀ ਡੌਲੀ ਨੇ ਦੱਸਿਆ ਕਿ ਉਹ ਇਸੇ ਸਾਲ ਏਸ਼ੀਅਨ ਜੂਨੀਅਰ ਕਿੱਕਬਾਕਸਿੰਗ  ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਬੀਜਿੰਗ ਚੀਨ ਜਾ ਰਹੀ ਹੈ ਪ੍ਰੰਤੂ ਘਰ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੋਣ ਕਾਰਨ ਪਰਿਵਾਰ ਕੋਲ ਚੀਨ ਪਹੁੰਚਣ  ਲਈ ਲੋੜੀਂਦੀ ਪੂੰਜੀ ਨਹੀਂ ਹੈI ਜਿਸ ਕਰਕੇ ਉਸ ਨੇ ਪੰਜਾਬ ਸਰਕਾਰ, ਖੇਡ ਸੰਸਥਾਵਾਂ ਅਤੇ ਖੇਡ ਪ੍ਰਮੋਟਰਾਂ ਪਾਸੋਂ ਆਰਥਿਕ ਮਦਦ ਦੀ ਅਪੀਲ ਕੀਤੀ । ਅਪਣੀ ਖੇਡ ਨਾਲ ਅੰਤਾਂ ਦਾ ਮੋਹ ਪਾਲਣ ਵਾਲੀ ਅਤੇ ਚੀਨ ਦੇ ਸ਼ਹਿਰ ਬੀਜਿੰਗ ਵਿਖੇ ਕਿੱਕ ਬਾਕਸਿੰਗ ਦੀ ਦੁਨੀਆਂ ਦੇ ਇਤਿਹਾਸ ਵਿੱਚ ਸੁਨਹਿਰੀ ਪੰਨੇ ਜੋੜਨ ਜਾ ਰਹੀ  ਇਸ  ਨੈਸ਼ਨਲ ਚੈਂਪੀਅਨ ਦੇ ਬਿਹਤਰ ਭਵਿੱਖ ਲਈ  ਸ਼ੁਭਕਾਮਨਾਵਾਂ।
ਅਵਤਾਰ ਲੰਗੇਰੀ।
+91 9463260181 WhatsApp
avtarlangeri44@gmail.com

Exit mobile version