ਇਹ ਚਾਰ ਲੰਡੂਆਂ ਸਾਹਮਣੇ ਕਿਵੇਂ ਝੁੱਕ ਜਾਵਾਂਗਾ ?

ਜਨਮ ਭੂਮੀ ਦਾ ਫ਼ਿਕਰ 

ਮੋਹਨ ਸ਼ਰਮਾ

ਫੌਜ ਵਿੱਚ ਆਪਣੀ ਡਿਊਟੀ ਦਿਆਨਤਦਾਰੀ, ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਉਂਦਿਆਂ ਸੂਬੇਦਾਰ ਵਜੋਂ ਸੇਵਾ ਮੁਕਤ ਹੋਏ ਆਪਣੇ ਪਿੰਡ ਭਾਈ ਬਖਤਾਵਰ ਜ਼ਿਲ੍ਹਾ ਬਠਿੰਡਾ ਵਿਖੇ ਆ ਗਿਆ। ਆਉਂਦਿਆਂ ਹੀ ਉਸਨੇ ਇੱਕ ਪਾਸੇ ਪਰਿਵਾਰਿਕ ਜੁੰਮੇਵਾਰੀਆਂ ਨਿਭਾਉਂਦਿਆਂ ਆਪਣੀ ਜੱਦੀ ਜ਼ਮੀਨ ਤੇ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਭਰਵਾਂ ਜੁੱਸਾ, ਖੇਡਾਂ ਵਿੱਚ ਡੂੰਘੀ ਦਿਲਚਸਪੀ ਅਤੇ ਪਿੰਡ ਦਾ ਮੂੰਹ ਮੱਥਾ ਸੰਵਾਰਨ ਦੀ ਸੋਚ ਨਾਲ ਉਸਨੇ ਪਿੰਡ ਦੇ ਗੱਭਰੂਆਂ ਨੂੰ ਖੇਡਦੇ ਮੈਦਾਨ ਨਾਲ ਜੋੜਨ ਦੇ ਯਤਨ ਅਰੰਭ ਕੀਤੇ। ਉਸ ਦੇ ਉਪਰਾਲੇ ਅਤੇ ਪ੍ਰੇਰਨਾ ਨਾਲ ਪਿੰਡ ਦੇ ਗੱਭਰੂ ਖੇਡ ਦੇ ਮੈਦਾਨ ਵਿੱਚ ਆਉਣ ਲੱਗ ਪਏ। ਉਹ ਆਪ ਕਬੱਡੀ, ਕੁਸ਼ਤੀ ਅਤੇ ਬੌਕਸਿੰਗ ਦਾ ਚੰਗਾ ਖਿਡਾਰੀ ਹੋਣ ਕਾਰਨ ਇਨ੍ਹਾਂ ਗੇਮਾਂ ਦੇ ਦਾਅ ਪੇਚਾਂ ਨਾਲ ਨੌਜਵਾਨਾਂ ਨੂੰ ਨਿਪੁੰਨ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨ ਲੱਗਿਆ। ਕੁਝ ਨੌਜਵਾਨਾਂ ਨੂੰ ਪ੍ਰੇਰਨਾ ਅਤੇ ਸਿਖਲਾਈ ਦੇਣ ਉਪਰੰਤ ਫੌਜ ਵਿੱਚ ਭਰਤੀ ਕਰਵਾਉਣ ਵਿੱਚ ਵੀ ਉਸਨੇ ਅਹਿਮ ਭੂਮਿਕਾ ਨਿਭਾਈ। ਹੋਰਾਂ ਪਿੰਡਾਂ ਵਾਂਗ ਇਸ ਪਿੰਡ ਵਿੱਚ ਵੀ ਚਿੱਟਾ ਸ਼ਰੇਆਮ ਵਿਕਦਾ ਸੀ।

ਚਿੱਟੇ ਦੇ ਸੁਦਾਗਰ ਬਿਨਾਂ ਕਿਸੇ ਡਰ ਭੈਅ ਤੋਂ ਸ਼ਰੇਆਮ ਪਿੰਡ ਵਿੱਚ ਚਿੱਟਾ ਵੇਚ ਰਹੇ ਸਨ। ਦੇਸ਼ ਦੀ ਰੱਖਿਆ ਵਿੱਚ ਅਹਿਮ ਯੋਗਦਾਨ ਪਾਉਣ ਵਾਲਾ ਰਣਵੀਰ ਭਲਾਂ ਪਿੰਡ ਵਿੱਚ ਗੱਭਰੂਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਸਦਿਆਂ ਵੇਖ ਕੇ ਕਿੰਜ ਚੁੱਪ ਰਹਿੰਦਾ? ਉਸ ਨੇ ਆਪਣੀ ਜ਼ਿੰਦਗੀ ਆਪਣੀ ਜਨਮਭੂਮੀ ਨੂੰ ਸਮੱਰਪਿਤ ਕਰਦਿਆਂ ਤਿੰਨ ਫਰੰਟਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਦੀ ਪੰਚਾਇਤ ਸੁਹਿਰਦ ਅਗਾਂਹਵਧੂ ਲੋਕ ਅਤੇ ਜਵਾਨੀ ਦਾ ਵੱਡਾ ਹਿੱਸਾ ਉਹਦੇ ਨਾਲ ਜੁੜ ਗਿਆ। ਨਸ਼ਾ ਰੋਕੂ ਕਮੇਟੀ ਦਾ ਸੰਗਠਨ ਕਰਕੇ ਉਸਨੇ ਨਸ਼ੇ ਦੇ ਤਸ਼ਕਰਾਂ ਨੂੰ ਵੰਗਾਰਿਆ। ਨਸ਼ੇ ਦੇ ਤਸ਼ਕਰ ਅਤੇ ਨਸ਼ਈ ਉਸਦੇ ਵਿਰੁੱਧ ਹੋ ਗਏ। ਪਰ ਉਸਨੇ ਆਪਣੇ ਨੇਕ ਕਰਮ ਵੀ ਜਾਰੀ ਰੱਖੇ। ਇੱਕ ਪਾਸੇ ਖੇਡ ਦੇ ਮੈਦਾਨ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣਾ, ਖੇਤ ਵਿੱਚ ਹੱਡ ਭੰਨਵੀਂ ਮਿਹਨਤ ਕਰਨਾ, ਨੌਜਵਾਨਾਂ ਨੂੰ ਨਸ਼ਾ ਰਹਿਤ ਜੀਵਨ ਦੀ ਪ੍ਰੇਰਨਾ ਦੇਣਾ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਮੁੱਖਧਾਰਾ ਵਿੱਚ ਆਉਣ ਲਈ ਹਰ ਸੰਭਵ ਯਤਨ ਕਰਨਾ ਉਸਦਾ ਨਿੱਤ ਨੇਮ ਸੀ। ਨਸ਼ਾ ਰੋਕੂ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ 30-35 ਸਾਥੀਆਂ ਨੂੰ ਨਾਲ ਲੈ ਕੇ ਉਹ ਉਹਨਾਂ ਘਰਾਂ ਵਿੱਚ ਵੀ ਗਿਆ ਜਿੰਨ੍ਹਾਂ ਘਰਾਂ ਵਿੱਚ ਚਿੱਟਾ ਵਿਕਦਾ ਸੀ। ਕਮੇਟੀ ਵੱਲੋਂ ਉਨਾਂ ਨੂੰ ਬੇਨਤੀ ਕੀਤੀ ਗਈ ਕਿ ਨਸ਼ਿਆਂ ਕਾਰਨ ਕਈ ਨੌਜਵਾਨ ਮੌਤ ਦਾ ਸ਼ਿਕਾਰ ਹੋ ਗਏ ਹਨ ਅਤੇ ਕਈ ਹੋਰ ਨੌਜਵਾਨ ਚਿੱਟੇ ਦੇ ਮਾਰੂ ਅਸਰ ਕਾਰਨ ਸਿਵਿਆਂ ਵੱਲ ਵੱਧ ਰਹੇ ਹਨ। ਪਿੰਡ ਦੀ ਜਵਾਨੀ ਅਤੇ ਮਾਪਿਆਂ ਦੀ ਤਰਸਯੋਗ ਹਾਲਤ ਦਾ ਵਾਸਤਾ ਪਾ ਕੇ ਉਸਨੇ ਉਹਨਾਂ ਨੂੰ ਭਵਿੱਖ ਵਿੱਚ ਨਸ਼ਾ ਨਾ ਵੇਚਣ ਦੀ ਅਪੀਲ ਕੀਤੀ। ਪਰ ਭੂਤਰੇ ਹੋਏ ਨਸ਼ਾ ਤਸਕਰਾਂ ਨੇ ਉਹਦੇ ਸਾਥੀਆਂ ਸਮੇਤ ਉਹਨੂੰ ਟਿੱਚ ਸਮਝਿਆ ਅਤੇ ਆਪਣਾ ਮੌਤ ਦਾ ਸਮਾਨ ਰਿਉੜੀਆ ਦੀ ਤਰ੍ਹਾਂ ਵੇਚਦੇ ਰਹੇ ਤੇ ਨਸ਼ਾ ਤਸਕਰਾਂ ਦੀਆਂ ਅੱਖਾਂ ਵਿੱਚ ਨਸ਼ਾ ਰੋਕੂ ਕਮੇਟੀ ਦਾ ਪ੍ਰਧਾਨ ਰਣਬੀਰ ਸਿੰਘ ਰੜਕਦਾ ਰਿਹਾ। ਫਿਰ ਇੱਕ ਦਿਨ ਜਦੋਂ ਉਹ ਖੇਡ ਦੇ ਮੈਦਾਨ ਵੱਲ ਜਾ ਰਿਹਾ ਸੀ ਤਾਂ ਇੱਕ ਨਸ਼ਾ ਤਸਕਰ ਨੇ ਉਸਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਫੁਰਤੀਲੇ ਫੌਜੀ ਰਣਵੀਰ ਨੇ ਉਸਦੇ ਤਲਵਾਰ ਦੇ ਵਾਰ ਤੋਂ ਬਚਾਉ ਕਰਦਿਆਂ ਉਸ ਦੀ ਤਲਵਾਰ ਖੋਹ ਕੇ ਉਸ ਨੂੰ ਚੰਗੀ ਤਰ੍ਹਾਂ ਝੰਬਿਆ। ਅੱਗ ਬਬੂਲਾ ਹੋਇਆ ਤਸ਼ਕਰ ਜਾਂਦਾ ਹੋਇਆ “ਫਿਰ ਟੱਕਰਾਂਗੇ” ਦੀ ਧਮਕੀ ਦੇ ਕੇ ਪੱਤਰਾ ਵਾਚ ਗਿਆ। ਉਸ ਦੇ ਸਾਥੀਆਂ ਨੇ ਭਵਿੱਖ ਵਿੱਚ ਉਸ ਨੂੰ ਸੁਚੇਤ ਰਹਿਣ ਲਈ ਕਿਹਾ। ਪੁਲਿਸ ਵਿਭਾਗ ਕੋਲ ਭੱਜ ਦੌੜ ਕਰਨ ਉਪਰੰਤ ਦੋ ਤਿੰਨ ਤਸ਼ਕਰਾਂ ਨੂੰ ਪੁਲਿਸ ਨੇ ਫੜ ਵੀ ਲਿਆ ਪਰ ਲੰਮੀਆਂ ਬਾਹਾਂ ਦੇ ਜੋਰ ਨਾਲ ਉਹ ਛੇਤੀ ਹੀ ਜਮਾਨਤ ਤੇ ਆ ਗਏ। 

ਇੱਕ ਪਾਸੇ 1 ਮਾਰਚ 2025 ਤੋਂ 31 ਮਈ 2025 ਤੱਕ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਛੇੜਿਆ ਹੋਇਆ ਸੀ। ਸਰਕਾਰੀ ਇਸ਼ਤਿਹਾਰ, ਸੈਮੀਨਾਰ, ਸਰਕਾਰੀ ਬਿਆਨ ਅਤੇ ਪੁਲਿਸ ਪਾਰਟੀਆਂ ਪੰਜਾਬ ਨੂੰ ‘ਨਸ਼ਾ ਮੁਕਤ’ ਕਰਨ ਲੱਗੀਆਂ ਹੋਈਆਂ ਸਨ। ਦੂਜੇ ਪਾਸੇ ਸੂਬੇਦਾਰ ਰਣਬੀਰ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨੰਗੇ ਧੜ ਪਿੰਡ ਦੀਆਂ ਨਸਲਾਂ ਨੂੰ ਬਚਾਉਣ ਲਈ ਤਸਕਰਾਂ ਵਿਰੁੱਧ ਲੜ ਰਿਹਾ ਸੀ। ਖੇਡਾਂ ਦੀਆਂ ਗਤੀਵਿਧੀਆਂ ਅਤੇ ਫਸਲ ਦੀ ਰਾਖੀ ਵਾਲਾ ਕਰਮ ਵੀ ਉਹਦੇ ਅੰਗ ਸੰਗ ਸੀ। 

31 ਮਈ 2025 ਸਰਕਾਰੀ ਤੌਰ ਤੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਆਖ਼ਰੀ ਦਿਨ ਸੀ। ਉਸ ਦਿਨ ਦੀ ਸ਼ਾਮ ਨੂੰ ਰਣਵੀਰ ਖੇਤੋਂ  ਪਰਤ ਰਿਹਾ ਸੀ। ਤਸਕਰਾਂ ਵੱਲੋਂ ਛੱਡਿਆ ਸੂਹੀਆ ਉਹਦਾ ਪਿੱਛਾ ਕਰ ਰਿਹਾ ਸੀ। ਸੂਹੀਏ ਵੱਲੋਂ ਤਸ਼ਕਰਾਂ ਨੂੰ ਇਤਲਾਹ ਦਿੱਤੀ ਗਈ ਕਿ ਉਹ ਖਾਲ੍ਹੀ ਹੱਥ ਘਰ ਨੂੰ ਪਰਤ ਰਿਹਾ ਹੈ। ਬੱਸ, ਉਹ ਘਰ ਦੇ ਨੇੜੇ ਹੀ ਪਹੁੰਚਿਆ ਸੀ ਕਿ ਤਿੰਨ ਹਥਿਆਰ ਬੰਦ ਤਸ਼ਕਰਾਂ ਨੇ ਉਸ ਨੂੰ ਘੇਰ ਲਿਆ। ਕੁਲਹਾੜੀ, ਰਾਡ ਅਤੇ ਡਾਂਗਾਂ ਨਾਲ ਵਾਰ ਕਰਦਿਆਂ ਉਸ ਨੂੰ ਛੱਲੀਆਂ ਵਾਂਗ ਕੁੱਟਿਆ। ਉਸ ਦੀ ਇਕ ਲੱਤ ਬਿਲਕੁਲ ਨਕਾਰਾ ਕਰ ਦਿੱਤੀ ਅਤੇ ਦੂਜੀ ਲੱਤ ਦੀਆਂ ਵੀ ਦੋ ਤਿੰਨ ਹੱਡੀਆਂ ਤੋੜ ਦਿੱਤੀਆਂ। ਪਿੰਡ ਦੇ ਲੋਕ ਅਤੇ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਜਦੋਂ ਨੂੰ ਇਕੱਠੇ ਹੋਏ ਉਦੋਂ ਤੱਕ ਉਹ ਰਣਵੀਰ ਦੀ ਕੁੱਟਮਾਰ ਕਰਕੇ ਰਫੂ ਚੱਕਰ ਹੋ ਗਏ ਸਨ। ਰਣਬੀਰ ਦੇ ਇਲਾਜ ਲਈ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਉਸ ਨੂੰ ਗੰਭੀਰ ਸੱਟਾਂ ਮਾਰਨ ਉਪਰੰਤ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਛਾ ਗਿਆ। ਤਸ਼ਕਰ ਦੇ ਭੈਅ ਕਾਰਨ ਬੱਚੇ ਵੀ ਬਾਹਰ ਨਿਕਲਣ ਤੋਂ ਡਰਨ ਲੱਗ ਪਏ। ਲੋਕ ਗੰਭੀਰ ਹੋ ਕੇ ਸੋਚ ਰਹੇ ਸਨ ਕਿ ਰਣਬੀਰ ਤੋਂ ਬਾਅਦ ਪਤਾ ਨਹੀਂ ਹੋਰ ਕਿਹੜਾ ਉਹਨਾਂ ਦੀ ਬੁਰਛਾਗਰਦੀ ਦਾ ਸ਼ਿਕਾਰ ਹੋ ਜਾਵੇ। ਪਿੰਡ ਦੇ ਇੱਕ ਨੌਜਵਾਨ ਨੇ ਉਸੇ ਦਿਨ ਮੋਟੇ ਅੱਖਰਾਂ ਵਿੱਚ ਲਿਖਿਆ ਇਹ ਇਸ਼ਤਿਹਾਰ ਕੰਧ ਤੇ ਚੇਪ ਦਿੱਤਾ, “ਇਹ ਪਿੰਡ ਵਿਕਾਊ ਹੈ।” ਨਾਲ ਹੀ ਫੇਸਬੁਕ ਤੇ ਲਾਈਵ ਹੋ ਕੇ ਕਿਹਾ ਕਿ ਜਿੱਥੇ ਜਾਨ ਮਾਲ ਖਤਰੇ ਵਿੱਚ ਹੋਵੇ, ਹਰ ਵੇਲੇ ਦਹਿਸ਼ਤ ਦਾ ਪਰਛਾਵਾਂ ਅੰਗ ਸੰਗ ਰਹੇ, ਜਿੱਥੇ ਨਸ਼ਾ ਤਸਕਰ ਬੇਲਗਾਮ ਹੋ ਕੇ ਗੁੰਡਾਗਰਦੀ ਕਰਨ, ਅਜਿਹੀ ਥਾਂ ਤੇ ਰਹਿਣਾ ਬਹੁਤ ਮੁਸ਼ਕਲ ਹੈ। ਰਣਬੀਰ ਦੀ ਬੁਰੀ ਤਰ੍ਹਾਂ ਕੁੱਟਮਾਰ ਅਤੇ ‘ਪਿੰਡ ਵਿਕਾਊ’ ਵਾਲੀ ਚਰਚਾ ਨੂੰ ਪ੍ਰਿੰਟ ਅਤੇ ਸੋਸ਼ਲ ਮੀਡੀਆ ਨੇ ਲੋਕਾਂ ਸਾਹਮਣੇ ਲਿਆਂਦਾ ‌। ਪੁਲਿਸ ਦੀ ਕਾਰਗੁਜ਼ਾਰੀ ਅਤੇ ਯੁੱਧ ਨਸ਼ਿਆਂ ਵਿਰੁੱਧ ਤੇ ਪ੍ਰਸ਼ਨ ਵੀ ਖੜੇ ਹੋਏ। ਪੁਲਿਸ ਹਰਕਤ ਵਿੱਚ ਆਈ ਅਤੇ ਦੋ ਤਸ਼ਕਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇੱਕ ਹਾਲਾਂ ਫਰਾਰ ਹਨ। ਪਿੰਡ ਦੇ ਲੋਕ ਸ਼ਰੇਆਮ ਕਹਿ ਰਹੇ ਹਨ ਕਿ ਪਿੰਡ ਵਿੱਚ ਚਿੱਟੇ ਦੀ ਹਨੇਰੀ ਵਗ ਰਹੀ ਹੈ। ਇਸ ਹਨੇਰੀ ਨੂੰ ਠਲ ਪਾਉਣ ਵਾਲੀ ਟੀਮ ਦਾ ਆਗੂ ਰਣਬੀਰ ਸਿੰਘ ਸਮਾਜ ਦੋਖੀ਼ਆਂ ਦੀ ਕਰੋਪੀ ਦਾ ਸ਼ਿਕਾਰ ਹੋ ਗਿਆ।

ਰਾਡਾਂ, ਡਾਂਗਾਂ ਅਤੇ ਕੁਲਹਾੜੀ ਦੇ ਵਾਰਾਂ ਦਾ ਸ਼ਿਕਾਰ ਹੋਏ ਰਣਬੀਰ ਸਿੰਘ ਦਾ ਹੌਸਲਾ ਬੁਲੰਦ ਹੈ। ਉਹ ਹਸਪਤਾਲ ਦੇ ਬੈਡ ਤੇ ਪਿਆ ਬਹੁਤ ਹੀ ਹੌਸਲੇ ਨਾਲ ਕਹਿੰਦਾ ਹੈ, “ਮੈਂ ਤਾਂ ਸਰਹੱਦ ਤੇ ਦੇਸ਼ ਦੀ ਰਾਖੀ ਕਰਦਿਆਂ ਹਥਿਆਰਾਂ ਨਾਲ ਲੈਸ ਦੁਸ਼ਮਣਾਂ ਸਾਹਮਣੇ ਨਹੀਂ ਝੁਕਿਆ। ਪਿੰਡ ਦੀ ਰਾਖੀ ਕਰਦਿਆਂ ਇਹ ਚਾਰ ਲੰਡੂਆਂ ਸਾਹਮਣੇ ਕਿਵੇਂ ਝੁੱਕ ਜਾਵਾਂਗਾ?” ਫਿਰ ਉਸਨੇ ਪੀੜ ਭਰੀ ਮੁਸਕਰਾਹਟ ਨਾਲ ਪਾਸ਼ ਦੀ ਕਵਿਤਾ ਦੇ ਇਹ ਬੋਲ ਕਹੇ: 

     “ਨੇਰ੍ਹੀਆਂ ਨੂੰ ਜੇ ਭੁਲੇਖਾ ਹੈ ਹਨੇਰਾ ਪਾਉਣ ਦਾ,

       ਨੇਰ੍ਹੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ।”

ਮੋਹਨ ਸ਼ਰਮਾ -ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ, ਸੰਗਰੂਰ।

ਸੰਪਰਕ – 94171-48866

Exit mobile version