ਇੱਕ ਪਿਤਾ ਦਾ ਛੁਪਿਆ ਪਿਆਰ

ਲੇਖਕ: ਡਾ: ਸੇਠੀ ਕੇ.ਸੀ

ਇਸ ਸੰਸਾਰ ਵਿੱਚ ਕੁਝ ਐਸੇ ਜਜ਼ਬਾਤ ਹੁੰਦੇ ਹਨ ਜਿਨ੍ਹਾਂ ਲਈ ਸ਼ਬਦ ਨਹੀਂ ਹੁੰਦੇ ,ਉਹ ਦਿਲ ਦੇ ਕੋਨਾਂ ਵਿੱਚ ਖਾਮੋਸ਼ੀ ਨਾਲ ਜੀਉਂਦੇ ਰਹਿੰਦੇ ਹਨ, ਪਰ ਪੂਰੀ ਜ਼ਿੰਦਗੀ ਦਾ ਰਸਤਾ ਦਿਖਾਉਂਦੇ ਹਨ। ਪਿਤਾ ਦਾ ਪਿਆਰ ਵੀ ਉਸੇ ਖਾਮੋਸ਼ ਜਗਤ ਦਾ ਹਿੱਸਾ ਹੈ। ਉਹ ਬਹੁਤ ਡੂੰਘਾ ਪਿਆਰ ਕਰਦਾ ਹੈ, ਸ਼ਾਇਦ ਉਹਨਾਂ ਤੋਂ ਵੀ ਵੱਧ ਜਿੰਨਾ ਉਹ ਖੁਦ ਸਮਝਦਾ ਹੈ, ਪਰ ਉਸਦੇ ਪ੍ਰਗਟ ਕਰਨ ਦਾ ਢੰਗ ਉਸਦੀ ਖਾਮੋਸ਼ ਜ਼ਿੰਦਗੀ ਦੀਆਂ ਦਿਵਾਰਾਂ ਦੇ ਪਿੱਛੇ ਲੁਕਿਆ ਹੁੰਦਾ ਹੈ।

ਇੱਕ ਮਾਂ ਦੇ ਕੋਲ ਆਪਣੇ ਭਾਵ ਪ੍ਰਗਟ ਕਰਨ ਦੇ ਸੌਂ ਤਰੀਕੇ ਹੁੰਦੇ ਹਨ। ਉਸਦਾ ਪਿਆਰ ਉਸਦੀ ਆਵਾਜ਼ ਵਿੱਚ ਗੂੰਜਦਾ ਹੈ ਜਦੋਂ ਉਹ ਤੇਰਾ ਨਾਮ ਲੈਂਦੀ ਹੈ, ਉਸਦੀ ਅੱਖਾਂ ਵਿੱਚ ਚਮਕਦਾ ਹੈ ਜਦੋਂ ਉਹ ਤੈਨੂੰ ਵੇਖਦੀ ਹੈ, ਉਸਦੇ ਹੱਥ ਦੇ ਛੁਹਾਏ ਵਿੱਚ ਪਿਘਲਦਾ ਹੈ ਜਦੋਂ ਉਹ ਤੇਰੇ ਅੰਸੂ ਪੋਛਦੀ ਹੈ। ਉਹ ਕਦੇ ਹਿਚਕਿਚਾਂਦੀ ਨਹੀਂ “ਮੈਂ ਤੈਨੂੰ ਪਿਆਰ ਕਰਦੀ ਹਾਂ” ਕਹਿਣ ਵਿੱਚ। ਉਸਦਾ ਦਿਲ ਬਿਨਾ ਤਾਲੇ ਦੇ ਹੁੰਦਾ ਹੈ, ਉਸਦੇ ਪਿਆਰ ਵਿੱਚ ਕਦੇ ਝਿਜਕ ਨਹੀਂ ਹੁੰਦੀ। ਉਹ ਇਕੋ ਸਾਹ ਵਿੱਚ ਡਾਂਟ ਵੀ ਸਕਦੀ ਹੈ ਤੇ ਗਲੇ ਵੀ ਲਾ ਸਕਦੀ ਹੈ। ਉਹ ਤੇਰੇ ਲਈ ਰੋ ਸਕਦੀ ਹੈ, ਹੱਸ ਸਕਦੀ ਹੈ, ਤੇਰੇ ਲਈ ਦੁਆ ਕਰ ਸਕਦੀ ਹੈ ਅਤੇ ਇਹ ਸਭ ਕਰਦਿਆਂ ਹਰ ਰੋਜ਼ ਤੈਨੂੰ ਇਹ ਮਹਿਸੂਸ ਕਰਾਉਂਦੀ ਹੈ ਕਿ ਤੂੰ ਉਸ ਲਈ ਕਿੰਨਾ ਅਹਿਮ ਹੈ।

ਪਰ ਪਿਤਾ ਇਸ ਸਾਰੀ ਨਰਮੀ ਦੇ ਪਿੱਛੇ ਖਾਮੋਸ਼ ਖੜ੍ਹਾ ਰਹਿੰਦਾ ਹੈ। ਉਸਦਾ ਪਿਆਰ ਬੋਲਿਆ ਨਹੀਂ ਜਾਂਦਾ, ਜੀਅਾ ਜਾਂਦਾ ਹੈ। ਉਸਦਾ ਸਨੇਹ ਸ਼ਬਦਾਂ ਵਿੱਚ ਨਹੀਂ, ਕਰਮਾਂ ਵਿੱਚ ਵਗਦਾ ਹੈ। ਉਹ ਖਾਮੋਸ਼ੀ ਵਿੱਚ ਕੰਮ ਕਰਦਾ ਹੈ, ਖਾਮੋਸ਼ੀ ਵਿੱਚ ਯੋਜਨਾਵਾਂ ਬਣਾਉਂਦਾ ਹੈ, ਅਤੇ ਕੁਰਬਾਨੀਆਂ ਕਰਦਾ ਹੈ ਬਿਨਾ ਕਦੇ ਦੱਸੇ। ਉਸ ਲਈ ਪਿਆਰ ਕੋਈ ਕਹਿਣ ਵਾਲੀ ਗੱਲ ਨਹੀਂ, ਉਹ ਜੀਊਣ ਵਾਲੀ ਜਿੰਦਗੀ ਹੈ।

ਉਹ ਸ਼ਾਇਦ ਕਦੇ ਨਹੀਂ ਕਹਿੰਦਾ, “ਮੈਂ ਤੈਨੂੰ ਯਾਦ ਕਰਦਾ ਹਾਂ,” ਪਰ ਫਿਰ ਵੀ ਸਿਰਫ਼ ਇਹ ਪੁੱਛਣ ਲਈ ਫੋਨ ਕਰਦਾ ਹੈ ਕਿ ਤੂੰ ਖਾਣਾ ਖਾਧਾ ਕਿ ਨਹੀਂ। ਉਹ ਕਦੇ ਨਹੀਂ ਕਹਿੰਦਾ, “ਮੈਨੂੰ ਤੇਰੀ ਚਿੰਤਾ ਹੈ,” ਪਰ ਜਦ ਤੱਕ ਉਹ ਜਾਣਦਾ ਨਹੀਂ ਕਿ ਤੂੰ ਸੁਰੱਖਿਅਤ ਘਰ ਪਹੁੰਚ ਗਿਆ ਹੈਂ, ਉਹ ਜਾਗਦਾ ਰਹਿੰਦਾ ਹੈ। ਉਸਦਾ ਪਿਆਰ ਉਸਦੇ ਸਧਾਰਨ ਪ੍ਰਸ਼ਨਾਂ ਦੇ ਪਿੱਛੇ ਲੁਕਿਆ ਹੁੰਦਾ ਹੈ, “ਕੰਮ ਕਿਵੇਂ ਚੱਲ ਰਿਹਾ ਹੈ?”, “ਤੂੰ ਠੀਕ ਹੈਂ?”, “ਕੁਝ ਚਾਹੀਦਾ ਤਾਂ ਨਹੀਂ?” ਉਸਦੀ ਭਾਸ਼ਾ ਸ਼ਬਦ ਨਹੀਂ, ਕਰਮ ਹਨ।

ਮਾਂ ਦਾ ਪਿਆਰ ਇਕ ਹੌਲੀ ਵਗਦੀ ਦਰਿਆ ਵਾਂਗ ਹੈ ,ਹਮੇਸ਼ਾ ਦਿਸਦਾ ਤੇ ਵਗਦਾ ਰਹਿੰਦਾ ਹੈ। ਪਿਤਾ ਦਾ ਪਿਆਰ ਸਮੁੰਦਰ ਵਾਂਗ ਹੈ , ਉੱਪਰੋਂ ਖਾਮੋਸ਼, ਪਰ ਹੇਠਾਂ ਬੇਅੰਤ ਡੂੰਘਾ। ਉਹ ਪੂਰੇ ਪਰਿਵਾਰ ਦਾ ਭਾਰ ਆਪਣੇ ਮੋਢਿਆਂ ਤੇ ਝੱਲਦਾ ਹੈ, ਪਰ ਕਿਸੇ ਨੂੰ ਇਸਦਾ ਅਹਿਸਾਸ ਨਹੀਂ ਹੋਣ ਦਿੰਦਾ। ਉਹ ਥੱਕਿਆ ਹੋਇਆ ਵੀ ਹੱਸਦਾ ਹੈ, ਦੁਖੀ ਹੋਇਆ ਵੀ ਮੁਸਕਰਾਂਦਾ ਹੈ, ਤੇ ਕਮਜ਼ੋਰ ਹੋਣ ਤੇ ਵੀ ਮਜ਼ਬੂਤ ਖੜ੍ਹਾ ਰਹਿੰਦਾ ਹੈ। ਉਸਦੀ ਖਾਮੋਸ਼ੀ ਭਾਵਾਂ ਦੀ ਕਮੀ ਨਹੀਂ। ਉਹ ਉਨ੍ਹਾਂ ਭਾਵਾਂ ਦੀ ਰੱਖਿਆ ਹੈ।

ਕਈ ਵਾਰ ਉਹ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਪਰ ਸ਼ਬਦ ਉਸਦਾ ਸਾਥ ਨਹੀਂ ਦਿੰਦੇ। ਉਸਨੂੰ ਕਿਸੇ ਨੇ ਨਹੀਂ ਸਿਖਾਇਆ ਕਿ ਦਿਲ ਦੀਆਂ ਗੱਲਾਂ ਕਿਵੇਂ ਕਹੀਦੀਆਂ ਹਨ। ਸਮਾਜ ਨੇ ਉਸਨੂੰ ਦੱਸਿਆ ਕਿ ਮਰਦ ਮਜ਼ਬੂਤ ਹੁੰਦੇ ਹਨ, ਜਜ਼ਬਾਤ ਦਿਖਾਉਣਾ ਕਮਜ਼ੋਰੀ ਹੈ। ਇਸ ਲਈ ਉਹ ਆਪਣੀ ਨਰਮ ਰੂਹ ਨੂੰ ਅਨੁਸ਼ਾਸਨ ਦੀ ਕਵਚ ਵਿੱਚ ਛੁਪਾ ਲੈਂਦਾ ਹੈ। ਪਰ ਅੰਦਰੋਂ ਉਹ ਦਿਲ ਸਿਰਫ਼ ਆਪਣੇ ਬੱਚਿਆਂ ਲਈ ਧੜਕਦਾ ਹੈ।

ਮਾਂ ਜੀਵਨ ਦੀ ਸਹਾਰਾ ਹੈ, ਪਿਤਾ ਉਸਦਾ ਛੱਤ। ਮਾਂ ਪਿਆਰ ਸਿਖਾਉਂਦੀ ਹੈ, ਪਿਤਾ ਮਜ਼ਬੂਤੀ। ਮਾਂ ਤੇਰਾ ਹੱਥ ਫੜਦੀ ਹੈ ਤਾਂ ਕਿ ਤੂੰ ਡਿੱਗ ਨਾ ਪਵੇਂ, ਪਿਤਾ ਤੈਨੂੰ ਸਿਖਾਉਂਦਾ ਹੈ ਕਿ ਡਿੱਗਣ ਤੋਂ ਬਾਅਦ ਉੱਠਣਾ ਕਿਵੇਂ ਹੈ। ਮਾਂ ਤੈਨੂੰ ਮਹਿਸੂਸ ਕਰਨਾ ਸਿਖਾਉਂਦੀ ਹੈ, ਪਿਤਾ ਸਹਿਣਾ। ਦੋਵਾਂ ਦਾ ਪਿਆਰ ਇਕ ਦੂਜੇ ਨੂੰ ਪੂਰਾ ਕਰਦਾ ਹੈ; ਇੱਕ ਪ੍ਰਗਟ, ਇੱਕ ਚੁੱਪ; ਇੱਕ ਭਾਵਨਾਤਮਕ, ਇੱਕ ਦਰਸ਼ਨਿਕ , ਦੋਵੇਂ ਸਦੀਵੀ।

ਮਾਂ ਦੇ ਪਿਆਰ ਦੀ ਖੂਬਸੂਰਤੀ ਇਹ ਹੈ ਕਿ ਉਹ ਤੁਰੰਤ ਦਿਲ ਨੂੰ ਛੂਹ ਲੈਂਦਾ ਹੈ। ਪਿਤਾ ਦੇ ਪਿਆਰ ਦੀ ਖੂਬਸੂਰਤੀ ਇਹ ਹੈ ਕਿ ਉਹ ਸਮੇਂ ਨਾਲ ਸਮਝ ਆਉਂਦਾ ਹੈ। ਬਚਪਨ ਵਿੱਚ ਅਸੀਂ ਮਾਂ ਦੇ ਨੇੜੇ ਮਹਿਸੂਸ ਕਰਦੇ ਹਾਂ ਕਿਉਂਕਿ ਉਸਦਾ ਪਿਆਰ ਸਪਸ਼ਟ ਤੇ ਗਰਮ ਹੁੰਦਾ ਹੈ। ਪਿਤਾ ਪਿੱਛੇ ਰਹਿੰਦਾ ਹੈ, ਵਿਅਸਤ, ਗੰਭੀਰ, ਕਈ ਵਾਰ ਦੂਰਲਾ। ਪਰ ਜਦੋਂ ਅਸੀਂ ਵੱਡੇ ਹੁੰਦੇ ਹਾਂ, ਅਦ੍ਰਿਸ਼ ਚੀਜ਼ਾਂ ਦਿਸਣ ਲੱਗਦੀਆਂ ਹਨ।ਅਸੀਂ ਵੇਖਦੇ ਹਾਂ ਕਿ ਹਰ ਸੁਖ ਦੇ ਪਿੱਛੇ ਉਸਦੀ ਕੁਰਬਾਨੀ ਸੀ। ਉਹ ਖਾਮੋਸ਼ ਆਦਮੀ, ਜਿਸਨੇ ਕਦੇ ਬਹੁਤ ਕੁਝ ਨਹੀਂ ਕਿਹਾ, ਆਪਣੀ ਪੂਰੀ ਜ਼ਿੰਦਗੀ ਇਹ ਯਕੀਨੀ ਬਣਾਉਣ ਵਿੱਚ ਲਗਾ ਦਿੱਤੀ ਕਿ ਸਾਨੂੰ ਕਿਸੇ ਚੀਜ਼ ਦੀ ਘਾਟ ਨਾ ਰਹੇ।

ਅਤੇ ਫਿਰ ਇਕ ਦਿਨ, ਜਦੋਂ ਜ਼ਿੰਦਗੀ ਸਾਡੇ ਸਬਰ ਦੀ ਕਸੌਟੀ ਲੈਂਦੀ ਹੈ, ਅਸੀਂ ਆਪਣੇ ਅੰਦਰ ਉਸਨੂੰ ਵੇਖਦੇ ਹਾਂ; ਆਪਣੇ ਸਹਿਣ ਵਿੱਚ, ਆਪਣੇ ਹੌਸਲੇ ਵਿੱਚ, ਤੇ ਉਸ ਤਰੀਕੇ ਵਿੱਚ ਜਿਹੜੇ ਨਾਲ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ। ਉਸ ਵੇਲੇ ਅਸੀਂ ਸਮਝਦੇ ਹਾਂ ਕਿ ਉਸਨੇ ਸਾਨੂੰ ਕਿਹੋ ਜਿਹਾ ਪਿਆਰ ਦਿੱਤਾ ਸੀ ,ਉਹ ਪਿਆਰ ਜਿਸਨੇ ਸਾਨੂੰ ਬਣਾਇਆ।

ਜਦੋਂ ਮਾਂ ਦੁਆ ਕਰਦੀ ਹੈ, ਉਸਦੇ ਹੋਂਠ ਹਿਲਦੇ ਹਨ। ਜਦੋਂ ਪਿਤਾ ਦੁਆ ਕਰਦਾ ਹੈ, ਉਸਦਾ ਦਿਲ ਬੋਲਦਾ ਹੈ। ਉਹ ਕਦੇ ਨਹੀਂ ਦੱਸਦਾ ਕਿ ਉਸਦਾ ਦਿਲ ਕਿੰਨਾ ਕੰਬਦਾ ਹੈ ਜਦੋਂ ਉਸਦਾ ਬੱਚਾ ਬੀਮਾਰ ਜਾਂ ਮੁਸੀਬਤ ਵਿੱਚ ਹੁੰਦਾ ਹੈ। ਪਰ ਉਸਦੀ ਰੂਹ ਕਾਂਪਦੀ ਹੈ, ਤੇ ਉਹ ਇਕ ਪਲ ਵਿੱਚ ਆਪਣੀ ਜਾਨ ਦੇਣ ਨੂੰ ਤਿਆਰ ਹੋ ਜਾਂਦਾ ਹੈ ਬੱਚੇ ਦੀ ਸੁਰੱਖਿਆ ਲਈ। ਉਸਨੂੰ ਉਹ ਭਾਵ ਸ਼ਬਦਾਂ ਵਿੱਚ ਬਿਆਨ ਕਰਨਾ ਨਹੀਂ ਆਉਂਦਾ — ਸ਼ਾਇਦ ਇਸ ਦੀ ਲੋੜ ਵੀ ਨਹੀਂ  ਕਿਉਂਕਿ ਪਿਆਰ ਹਮੇਸ਼ਾ ਕਿਹਾ ਨਹੀਂ ਜਾਂਦਾ, ਸਮਝਿਆ ਜਾਂਦਾ ਹੈ।

ਉਹ ਅਕਸਰ ਆਪਣੇ ਬੱਚਿਆਂ ਤੋਂ ਇੱਕ ਕਦਮ ਪਿੱਛੇ ਤੁਰਦਾ ਹੈ ਇਸ ਲਈ ਨਹੀਂ ਕਿ ਉਹ ਅਗਵਾਈ ਨਹੀਂ ਕਰ ਸਕਦਾ, ਪਰ ਇਸ ਲਈ ਕਿ ਉਹ ਚਾਹੁੰਦਾ ਹੈ ਕਿ ਉਹਨਾਂ ਨੂੰ ਆਜ਼ਾਦੀ ਮਹਿਸੂਸ ਹੋਵੇ। ਉਹ ਆਪਣੀ ਚਿੰਤਾ ਨੂੰ ਸ਼ਾਂਤ ਚਿਹਰੇ ਦੇ ਪਿੱਛੇ ਲੁਕਾ ਲੈਂਦਾ ਹੈ, ਤਾਂ ਜੋ ਉਹਨਾਂ ਦਾ ਵਿਸ਼ਵਾਸ ਨਾ ਟੁੱਟੇ। ਉਹ ਆਪਣਾ ਦਰਦ ਛੁਪਾ ਲੈਂਦਾ ਹੈ, ਤਾਂ ਜੋ ਉਹਨਾਂ ਨੂੰ ਹਿੰਮਤ ਨਜ਼ਰ ਆਵੇ। ਤੇ ਇਸ ਛੁਪਾਉਂ ਵਿੱਚ ਹੀ ਉਸਦੇ ਪਿਆਰ ਦੀ ਸਭ ਤੋਂ ਡੂੰਘੀ ਪ੍ਰਗਟਾਵੀ ਹੈ — ਉਹ ਪਿਆਰ ਜੋ ਪ੍ਰਸ਼ੰਸਾ ਨਹੀਂ, ਸਿਰਫ਼ ਸੁਰੱਖਿਆ ਚਾਹੁੰਦਾ ਹੈ।

ਮਾਵਾਂ ਸਾਨੂੰ ਦਿਖਾਉਂਦੀਆਂ ਹਨ ਕਿ ਸੰਸਾਰ ਸੁੰਦਰ ਹੈ; ਪਿਤਾ ਸਾਨੂੰ ਤਿਆਰ ਕਰਦੇ ਹਨ ਜਦੋਂ ਇਹ ਸੁੰਦਰ ਨਹੀਂ ਹੁੰਦਾ। ਮਾਂ ਦਿਲ ਨੂੰ ਗਰਮਾਹਟ ਨਾਲ ਭਰਦੀ ਹੈ; ਪਿਤਾ ਰੂਹ ਨੂੰ ਹਿੰਮਤ ਨਾਲ। ਮਾਂ ਦਾ ਪਿਆਰ ਸਾਨੂੰ ਨਰਮ ਰੱਖਦਾ ਹੈ; ਪਿਤਾ ਦਾ ਪਿਆਰ ਸਾਨੂੰ ਮਜ਼ਬੂਤ ਬਣਾਉਂਦਾ ਹੈ। ਦੋਵੇਂ ਪਵਿੱਤਰ ਹਨ, ਦੋਵੇਂ ਲਾਜ਼ਮੀ।

ਫਿਰ ਵੀ, ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਅਸੀਂ ਅਕਸਰ ਪਿਤਾ ਦਾ ਪਿਆਰ ਤਦ ਸਮਝਦੇ ਹਾਂ ਜਦੋਂ ਉਸਦੀ ਕੁਰਸੀ ਖਾਲੀ ਰਹਿ ਜਾਂਦੀ ਹੈ, ਉਸਦੀ ਆਵਾਜ਼ ਘਰ ਦੇ ਕਿਸੇ ਹੋਰ ਕਮਰੇ ਤੋਂ ਨਹੀਂ ਆਉਂਦੀ, ਅਤੇ ਉਸਦੀ ਹਾਜ਼ਰੀ ਯਾਦ ਬਣ ਜਾਂਦੀ ਹੈ। ਫਿਰ ਅਸੀਂ ਸਮਝਦੇ ਹਾਂ ਕਿ ਉਸਦੀ ਖਾਮੋਸ਼ੀ ਖਾਲੀਪਨ ਨਹੀਂ ਸੀ, ਡੂੰਘਾਈ ਸੀ। ਉਸਦੀ ਸਖ਼ਤੀ ਗੁੱਸਾ ਨਹੀਂ ਸੀ, ਚਿੰਤਾ ਸੀ। ਉਸਦੀ ਦੂਰੀ ਬੇਪਰਵਾਹੀ ਨਹੀਂ ਸੀ ,ਉਹ ਜਗ੍ਹਾ ਸੀ ਜੋ ਉਸਨੇ ਸਾਨੂੰ ਵਧਣ ਲਈ ਦਿੱਤੀ।

ਜੇ ਕਦੇ ਕੋਈ ਪਿਤਾ ਆਪਣੇ ਪਿਆਰ ਨੂੰ ਬੋਲਣ ਦੀ ਕੋਸ਼ਿਸ਼ ਕਰੇ, ਉਹ ਝਿਜਕ ਜਾਂਦਾ ਹੈ। ਸ਼ਬਦ ਕਮਜ਼ੋਰ ਪੈਂਦੇ ਹਨ ਉਸਦੇ ਜਜ਼ਬਾਤਾਂ ਅੱਗੇ। ਉਸਦਾ ਦਿਲ ਪੂਰੀ ਜ਼ਿੰਦਗੀ ਦੀਆਂ ਕੁਰਬਾਨੀਆਂ ਰਾਹੀਂ ਬੋਲ ਚੁੱਕਿਆ ਹੁੰਦਾ ਹੈ ਸ਼ਾਇਦ ਉਹੀ ਕਾਫ਼ੀ ਹੈ।

ਹਾਂ, ਮਾਂ ਦੇ ਕੋਲ ਪਿਆਰ ਪ੍ਰਗਟ ਕਰਨ ਦੇ ਸੈਂਕੜੇ ਤਰੀਕੇ ਹੁੰਦੇ ਹਨ — ਹਰ ਹਵਾਲਾ, ਹਰ ਬਾਤ, ਹਰ ਨਿਗਾਹ ਪਿਆਰ ਦੀ ਭਾਸ਼ਾ ਬਣ ਜਾਂਦੀ ਹੈ। ਪਰ ਪਿਤਾ ਦੇ ਕੋਲ ਇਕੋ ਤਰੀਕਾ ਹੁੰਦਾ ਹੈ, ਉਹ ਆਪਣੀ ਜ਼ਿੰਦਗੀ ਦੇ ਦੇਂਦਾ ਹੈ। ਉਹ ਬਣਾਉਂਦਾ ਹੈ, ਬਚਾਉਂਦਾ ਹੈ, ਮੁਹੱਈਆ ਕਰਦਾ ਹੈ, ਰਾਹ ਦਿਖਾਉਂਦਾ ਹੈ ਅਤੇ ਖਾਮੋਸ਼ੀ ਨਾਲ ਸਾਡੇ ਹਰ “ਘਰ” ਦੇ ਪਿੱਛੇ ਖੜ੍ਹਾ ਰਹਿੰਦਾ ਹੈ।

ਉਹ ਸ਼ਾਇਦ ਕਦੇ ਨਹੀਂ ਕਹਿੰਦਾ “ਮੈਂ ਤੈਨੂੰ ਪਿਆਰ ਕਰਦਾ ਹਾਂ,” ਪਰ ਉਸਦਾ ਹਰ ਕਰਮ ਇਹ ਫੁਸਫੁਸਾਉਂਦਾ ਹੈ। ਉਹ ਸ਼ਾਇਦ ਘੱਟ ਗਲੇ ਲਗਾਉਂਦਾ ਹੋਵੇ, ਪਰ ਉਸਦੀ ਹਰ ਸਾਹ ਤੇਰੀ ਸੁਰੱਖਿਆ ਲਈ ਦੁਆ ਹੈ। ਉਹ ਸ਼ਾਇਦ ਕਦੇ ਪ੍ਰਗਟ ਨਾ ਕਰੇ, ਪਰ ਉਸਦਾ ਪੂਰਾ ਅਸਤਿਤਵ ਪਿਆਰ ਦੀ ਭੇਟ ਹੈ।

ਮਾਂ ਦਾ ਪਿਆਰ ਉਹ ਧੜਕਨ ਹੈ ਜੋ ਤੂੰ ਸੁਣ ਸਕਦਾ ਹੈਂ; ਪਿਤਾ ਦਾ ਪਿਆਰ ਉਹ ਨਬਜ਼ ਹੈ ਜੋ ਤੈਨੂੰ ਸੁਣਾਈ ਨਹੀਂ ਦਿੰਦੀ — ਪਰ ਉਹ ਹੀ ਤੈਨੂੰ ਜਿੰਦਾ ਰੱਖਦੀ ਹੈ।

ਅਤੇ ਸ਼ਾਇਦ ਇਹੀ ਪਿਆਰ ਦਾ ਸਭ ਤੋਂ ਖ਼ਾਲਿਸ ਰੂਪ ਹੈ — ਉਹ ਜੋ ਸ਼ਬਦਾਂ, ਤਾਲੀਆਂ ਜਾਂ ਮਾਨਤਾ ਦੀ ਖ਼ਾਹਿਸ਼ ਨਹੀਂ ਰੱਖਦਾ। ਉਹ ਸਿਰਫ਼ ਹੁੰਦਾ ਹੈ,  ਸਦੀਵੀ, ਖਾਮੋਸ਼, ਬੇਸ਼ਰਤ।

ਕਿਉਂਕਿ ਪਿਤਾ ਲਈ ਪਿਆਰ ਕਦੇ ਬੋਲਣ ਲਈ ਨਹੀਂ ਬਣਿਆ ,ਉਹ ਜੀਊਣ ਲਈ ਬਣਿਆ ਸੀ।


ਲੇਖਕ: ਡਾ: ਸੇਠੀ ਕੇ.ਸੀ. ਦਮਨ ,ਇੰਡੀਆ, ਆਕਲੈਂਡ, ਨਊਜ਼ੀਲੈਂਡ 

Exit mobile version