ਉੱਡਦੀਆਂ ਗਿਰਜਾਂ ਅਤੇ ਕਿਰਪਾਲ ਦੀ ਚੁੱਪੀ


ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦਾ ਕਿਰਪਾਲ, ਜੋ ਬਚਪਨ ਤੋਂ ਹੀ ਆਪਣੇ ਪਿਤਾ ਚਰਨ ਸਿੰਘ ਨਾਲ ਪੁਰਖਿਆਂ ਦਾ ਲੱਕੜ ਦਾ ਕੰਮ ਕਰਦਾ ਰਿਹਾ, ਜਵਾਨੀ ਚੜ੍ਹਦੇ ਹੀ ਰੋਜ਼ੀ ਦੀ ਤਲਾਸ਼ ਵਿੱਚ ਦੁਬਈ ਚਲਾ ਗਿਆ ਕਿਉਂਕਿ ਉਹਨਾਂ ਦਿਨਾਂ ਪੰਜਾਬ ਵਿੱਚ ਰੁਜ਼ਗਾਰ ਰੇਤ ਵਾਂਗ ਹੱਥੋਂ ਨਿਕਲ ਰਿਹਾ ਸੀ। ਦੁਬਈ ਵਿੱਚ ਉਸ ਨੇ ਖੂਨ-ਪਸੀਨਾ ਘੋਲ ਕੇ ਕਮਾਈ ਕੀਤੀ, ਸਾਲਾਂ ਦੀ ਕਮਾਈ ਨਾਲ ਵਾਪਸ ਆ ਕੇ ਵਿਆਹ ਕੀਤਾ ਤੇ ਦੋ ਬੱਚਿਆਂ ਦਾ ਪਿਤਾ ਬਣਿਆ। ਬੱਚਿਆਂ ਨੂੰ ਵੱਧਦਾ ਦੇਖ ਕੇ ਉਸ ਦੇ ਅੰਦਰ ਇੱਕ ਹੀ ਜੁਨੂਨ ਸੀ।“ਮੈਂ ਉਹਨਾਂ ਦਾ ਭਵਿੱਖ ਚੰਗਾ ਕਰਨਾ ਹੈ ਤੇ ਉਹਨਾਂ ਤੋਂ ਦੂਰ ਨਹੀਂ ਰਹਿਣਾ।” ਪੈਸੇ ਜੋੜੇ, ਮਿਹਨਤ ਕੀਤੀ, ਤੇ ਇੱਕ ਦਿਨ ਵਿਨੀਪੈਗ ਦੇ ਕਿਸੇ ਜਗਾੜੂ ਇਮੀਗ੍ਰੇਸ਼ਨ ਵਕੀਲ ਨਾਲ ਸੰਪਰਕ ਬਣਿਆ ਜਿਸ ਨੇ ਸੁਪਨਾ ਵੇਚਿਆ “50 ਹਜ਼ਾਰ ਲੱਗੂ, ਕੈਨੇਡਾ ਲਿਆਵਾਂਗਾ, ਪੀ-ਆਰ ਵੀ ਜਲਦੀ ਹੋ ਜੂ, ਪਰਿਵਾਰ ਵੀ ਬੁਲਾ ਲੈਣਾ।” ਕਿਰਪਾਲ ਦਾ ਭੋਲਾਪਣ ਉਸ ਝੂਠੇ ਚਾਨਣ ਦੇ ਪਿੱਛੇ ਤੁਰ ਪਿਆ।ਵਿਨੀਪੈਗ ਆ ਕੇ ਐਲ ਐਮ ਆਈ ਵਾਲੇ ਬੰਦੇ ਨੇ ਚਾਰ ਮਹੀਨੇ ਤੱਕ ‘ਕੱਲ੍ਹ ਆਈ, ਸੋਮਵਾਰ ਆਈ’ ਕਹਿ ਕਹਿ ਕੇ ਲਾਰੇ ਲਾਈ ਰੱਖੇ; ਮਕਸਦ ਸਿਰਫ਼ ਪੈਸਾ ਖਾਣਾ ਸੀ, ਅਖੀਰ ਕੰਮ ਤਾਂ ਦਿੱਤਾ ਹੀ ਨਹੀਂ।ਉਹ ਬਹੁਤ ਨਿਰਾਸ਼ ਸੀ, ਸੁਪਨੇ ਕੱੁਝ ਹੋਰ ਲੈ ਕੇ ਆਇਆ ਸੀ, ਪਰ ਹਕੀਕਤ ਬਿਲਕੁਲ ਵੱਖਰੀ ਨਿਕਲੀ। ਫਿਰ ਕਿਸੇ ਸੱਜਣ ਨੇ ਉਸਨੂੰ ਟਰੱਕ ਦਾ ਲਾਈਸੰਸ ਲੈਣ ਦੀ ਸਲਾਹ ਦਿੱਤੀ।ਪੈਸੇ ਇਕੱਠੇ ਕਰਨ ਲਈ ਉਹ ਗੈਰ-ਕਾਨੂੰਨੀ ਢੰਗ ਨਾਲ 6–7 ਡਾਲਰ ਘੰਟੇ ’ਤੇ ਮਜ਼ਦੂਰੀ ਕਰਨ ਲੱਗ ਪਿਆ। ਫਿਰ ਕਿਸਮਤ ਬਦਲਣ ਦੀ ਆਸ ਵਿੱਚ ਬਾਪੂ ਤੋਂ ਕੱੁਝ ਪੈਸੇ ਮੰਗਵਾ ਕੇ ਲਾਇਸੰਸ ਬਣਵਾਇਆ ਅਤੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ। ਉਹ ਬਰਫ਼ੀਲੇ ਤੂਫ਼ਾਨ, ਸ਼ੀਸ਼ੇ ਵਾਂਗ ਬਣੀਆ ਫਿਸਲਦੀਆਂ ਸੜਕਾਂ, ਮਾਲਕਾਂ ਦੀਆਂ ਗਾਲ੍ਹਾਂ ਅਤੇ ਬਹੁਤ ਘੱਟ ਤਨਖਾਹਾਂ ਇਹ ਸਭ ਕੱੁਝ ਚੁੱਪਚਾਪ ਸਹਾਰਦਾ ਰਿਹਾ ਪਰ ਇੱਕ ਦਿਨ ਅਚਾਨਕ ਕਿਰਪਾਲ ਨੂੰ ਕੰਮ ਤੋਂ ਵੀ ਕੱਢ ਦਿੱਤਾ ਗਿਆ। ਉੱਪਰੋਂ ਮਾੜੇ ਵਕੀਲ ਦੀ ਲਾਪਰਵਾਹੀ ਕਰਕੇ ਉਸਦੀ ‘ਪੀ-ਆਰ’ ਫਾਈਲ ਜਮ੍ਹਾਂ ਹੀ ਨਹੀਂ ਹੋਈ ਸੀ, ਪੈਸੇ ਖਾ ਕੇ ਵੀ ਉਸ ਬੰਦੇ ਨੇ ਕੰਮ ਨਹੀਂ ਕੀਤਾ।
ਮਹੀਨਿਆਂ ਘਰ ਬੈਠਾ, ਨਾ ਨੀਂਦ ਨੈਣੀਂ ਵੱਸਦੀ ਸੀ, ਨਾ ਚੈਨ ਨਸੀਬ ਹੁੰਦਾ ਸੀ। ਦਾਰੂ ਉਸ ਲਈ ਰੋਜ਼ ਦੀ ਸਲਾਹਕਾਰ ਬਣ ਗਈ। ਪਿੰਡ ਤੋਂ ਆਉਂਦੇ ਫ਼ੋਨ ਚੁੱਕਣ ਤੱਕ ਦੀ ਹਿੰਮਤ ਖੋ ਬੈਠਾ। ਪਰ ਉਸ ਦੇ ਹੱਥ ਵਿੱਚ ਪੁਰਖਿਆਂ ਦੀ ਕਲਾ ਜਿੰਦਾ ਸੀ। ਉਹ ਕੈਨੇਡਾ ਵਿੱਚ ਹੋਰ ਲੱਕੜ ਦਾ ਕੰਮ ਸਿੱਖਣ ਲੱਗ ਪਿਆ ਤੇ ਕਾਫ਼ੀ ਜਲਦੀ ਕੰਮ ਸਿੱਖ ਗਿਆ। ਇੱਕ ਦਿਨ ਪਿਤਾ ਚਰਨ ਸਿੰਘ ਦੇ ਪੁਰਾਣੇ ਜਿਗਰੀ ਮਿੱਤਰ ਦਾ ਪੁੱਤ ਦਰਸ਼ਨ ਮਿਿਲਆ। ਦੋਵੇਂ ਨੇ ਮਿਲ ਕੇ ਸੋਚਿਆ, ਕੰਸਟਰਕਸ਼ਨ ਦੀ ਕੰਪਨੀ ਖੋਲ੍ਹੀਏ। ਕਾਗਜ਼ੀ ਕੰਮ ਦਰਸ਼ਨ ਨੇ ਕਰਾਇਆ, ਕਿਰਪਾਲ ਨੇ ਜਾਨ ਲਾ ਕੇ ਕੰਮ ਕੀਤਾ। ਕੰਮ ਬਹੁਤ ਸੋਹਣਾ ਚੱਲ ਪਿਆ, ਪਰ ਜਿਵੇਂ-ਜਿਵੇਂ ਪੈਸਾ ਵਧਣਾ ਸ਼ੁਰੂ ਹੋਇਆ, ਦਰਸ਼ਨ ਦੇ ਮਨ ਵਿੱਚ ਲਾਲਚ ਜੜਾਂ ਪਾਉਣ ਲੱਗਾ।, ਦਰਸ਼ਨ ਨੇ ਬਿਨਾ ਕਿਸੇ ਵਜ੍ਹ੍ਹਾ ਕਿਰਪਾਲ ’ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਅੰਤ ਵਿੱਚ ਝੂਠੇ ਦੋਸ਼ ਲਾ ਕੇ ਉਸਨੂੰ ਕੰਪਨੀ ਤੋਂ ਕੱਢ ਦਿੱਤਾ, ਕਿਉਂਕਿ ਕਿਰਪਾਲ ਦੇ ਨਾਂ ਕੋਈ ਕਾਗਜ਼ ਨਹੀਂ ਸੀ। ਨਾ ਉਸਦੇ ਹੱਕ ਦੇ ਪੈਸੇ ਦਿੱਤੇ, ਨਾ ਇੱਜ਼ਤ, ਤੇ ਕਈ ਸਾਲਾਂ ਦੀ ਯਾਰੀ ਦਾ ਕਫ਼ਨ ਸਾਹਮਣੇ ਰੱਖ ਦਿੱਤਾ। ਇਸ ਝਟਕੇ ਨੇ ਕਿਰਪਾਲ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ, ਉਹ ਮਨੋਂ ਟੁੱਟ ਗਿਆ, ਚਿੰਤਾਵਾਂ ਤੇ ਰੋਜ਼ ਦੇ ਦਰਦ ਨੇ ਉਸਦਾ ਦਿਲ ਪੱਥਰ ਵਾਂਗ ਭਾਰਾ ਕਰ ਦਿੱਤਾ। ਉਹ ਆਪਣੇ ਆਪ ਵਿੱਚ ਗੁੰਮਦਾ ਗਿਆ ਅਤੇ ਪਰਿਵਾਰ ਤੋਂ ਵੀ ਇੱਕ ਅਣਸੁਣੀ ਦੂਰੀ ਬਣਦੀ ਗਈ। ਆਖ਼ਿਰ ਉਸ ਨੇ ਫ਼ੈਸਲਾ ਲਿਆ,“ਮੈਂ ਵਾਪਸ ਪਿੰਡ ਜਾਵਾਂਗਾ…ਤੇ ਮੁੜ ਜਿੰਦਗੀ ਸ਼ੁਰੂ ਕਰਾਂਗਾ।” ਜਹਾਜ਼ ਦੀ ਟਿਕਟ ਕਰਾਈ, ਕਾਰ ਤੇ ਟੂਲ ਵੇਚਣ ਲਈ ਦੋਸਤ ਨਾਲ ਗੱਲ ਕੀਤੀ। ਉਹ 9500 ਡਾਲਰ ਕਹਿ ਕੇ ਗੱਡੀ ਅਤੇ ਟੂਲ ਲੈ ਗਿਆ। ਪਰ ਜਦੋਂ ਪੈਸੇ ਮੰਗੇ, ਮੁੱਕਰ ਗਿਆ: “ਗੱਡੀ ਦੇ 4000 ਤੋਂ ਵੱਧ ਨਹੀਂ ਦਿੰਦਾ, ਟੂਲਾਂ ਦਾ ਤਾਂ ਛੱਡ।”ਉਸਨੇ ਪਹਿਲਾਂ ਹੀ ਲੁੱਟਿਆ ਹੋਇਆ ਬੰਦਾ ਫਿਰ ਵਾਰ-ਵਾਰ ਹੋਰ ਲੁੱਟਣਾ ਚਾਹਿਆ। ਉਹ ਜਾਣਦਾ ਸੀ ਕਿ ਕਿਰਪਾਲ ਨੇ ਚੱਲੇ ਜਾਣਾ ਹੈ, ਉਸ ਕੋਲ ਸਮਾਂ ਘੱਟ ਹੈ॥ ਕਿਰਪਾਲ ਖਾਮੋਸ਼ੀ ਨਾਲ ਜੋ ਮਿਿਲਆ ਲੈ ਕੇ ਚੱਲ ਪਿਆ। ਜਹਾਜ਼ ਜਦੋਂ ਅਸਮਾਨ ਵਿੱਚ ਉੱਡਣ ਲੱਗਾ, ਕਿਰਪਾਲ ਨੇ ਖਿੜਕੀ ਦੇ ਸ਼ੀਸ਼ੇ ਰਾਹੀਂ ਉੱਡਦੀਆਂ ਗਿਰਜਾਂ ਵੇਖੀਆਂ। ਆਪਣੇ ਹੀ ਮਨ ਦੇ ਅੰਦਰ ਖਾਮੋਸ਼ੀ ਨਾਲ ਉਹ ਬੋਲਿਆ “ਐਦਾਂ ਦੀਆਂ ਗਿਰਜਾਂ ਵਰਗੇ ਲੋਕ ਮੈਨੂੰ ਨੋਚ ਨੋਚ ਕੇ ਖਾ ਗਏ।
ਲੇਖਕ- ਇੰਦਰਦੀਪ ਪੱਤੋ

Exit mobile version