ਕਨੇਡਾ ਜਾ ਵਸੇ ਭਾਰਤੀਆਂ ਦਾ ਕੀ ਕਸੂਰ ਐ ? ਉਹਨਾਂ ਨੂੰ ਆਪਣੇ ਮੁਲਕ ਆਉਣ ਲਈ ਵੀਜ਼ੇ ਦਿਓ

ਮੇਰੇ ਪਿਆਰੇ ਵਤਨ ਦੇ ਸਤਿਕਾਰੇ ਹੁਕਮਰਾਨੋ,
ਜਦੋਂ ਯੁਕਰੇਨ ‘ਚ ਯੁੱਧ ਛਿੜਿਆ ਤਾਂ ਤੁਸੀਂ ਉੱਥੋਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ ਕੇ ਲਿਆਉਣ ਲਈ ਭਾਰਤੀ ਹਵਾਈ ਫੌਜ ਦੇ ਜਹਾਜ਼ ਤੱਕ ਭੇਜੇ। ਬਹੁਤ ਸ਼ਲਾਘਾਯੋਗ ਕਦਮ ਸੀ। ਤੁਸੀਂ ਉਨ੍ਹਾਂ ਵਿਦਿਆਰਥੀਆਂ ਨੂੰ ਜਹਾਜ਼ਾਂ ‘ਚ ਬਿਠਾ ਕੇ ਭਾਰਤ ਮਾਤਾ ਦੇ ਨਾਲ ਨਾਲ ਆਪਣੇ ਨਾਮ ਦੀ ਜੈ ਜੈ ਕਾਰ ਵੀ ਕਰਾਈ, ਕੋਈ ਇਤਰਾਜ਼ ਨਹੀਂ ਕਿਉਂਕਿ ਤੁਸੀਂ ਸੈਂਕੜੇ ਨੌਜਵਾਨਾਂ ਨੂੰ ਬਲਦੀ ਅੱਗ ਵਿੱਚੋਂ ਕੱਢ ਕੇ ਮਾਵਾਂ ਦੀਆਂ ਨਿੱਘੀਆਂ ਗੋਦੀਆਂ ‘ਚ ਲਿਆ ਬਿਠਾਇਆ।
ਹੁਣ ਜਦੋਂ ਇਜ਼ਰਾਈਲ ਅਤੇ ਗਾਜ਼ਾ ਵਿੱਚ ਉਹੋ ਹਾਲਾਤ ਨੇ ਤਾਂ ਤੁਸੀਂ ਉੱਥੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਤੁਰੰਤ “ਓਪ੍ਰੇਸ਼ਨ ਅਜੇ” ਸ਼ੁਰੂ ਕਰਕੇ 1200 ਤੋਂ ਵੱਧ ਭਾਰਤੀਆਂ ਨੂੰ ਕੱਢ ਲਿਆਏ ਹੋ। ਤੁਸੀਂ ਇਸ ਵਾਰ ਵੀ ਜੈ ਜੈ ਕਾਰ ਕਰਾਈ ਜਾਂ ਨਹੀਂ ਕਰਾਈ, ਕਿਸ ਦੀ ਕਰਾਈ ਮੈਨੂੰ ਕੋਈ ਪਤਾ ਨਹੀਂ ਨਾ ਹੀ ਇਹ ਕੋਈ ਗੰਭੀਰ ਮੁੱਦਾ ਹੈ, ਕਿਉਂਕਿ ਇਹ ਕਾਰਜ ਵੀ ਸ਼ਲਾਘਾਯੋਗ ਹੈ। ਤੁਹਾਨੂੰ ਗਾਜ਼ਾ ਵਿੱਚ ਫਸੇ 4 ਅਤੇ ਪੱਛਮੀ ਤੱਟ ਵਿੱਚ 12-13 ਭਾਰਤੀਆਂ ਦੇ ਨਾਲ ਨਾਲ ਇਜ਼ਰਾਈਲ ਵਿੱਚ ਰਹਿ ਰਹੇ 18000 ਭਾਰਤੀਆਂ ਦੀ ਵੀ ਚਿੰਤਾ ਹੈ। ਬਹੁਤ ਚੰਗੀ ਗੱਲ ਹੈ ਪ੍ਰਮਾਤਮਾ ਕਰੇ ਸਾਰੇ ਉੱਥੇ ਸੁਰੱਖਿਅਤ ਰਹਿਣ ਜਾਂ ਸੁਰੱਖਿਅਤ ਭਾਰਤ ਪੁੱਜ ਜਾਣ ਕਿਉਂਕਿ ਜਾਨ ਹੈ ਤਾਂ ਜਹਾਨ ਹੈ।
ਪਰ ਸਰਕਾਰ ਜੀ ਜਿਹੜੇ ਭਾਰਤੀ ਕਿਸੇ ਮਜਬੂਰੀ ਵੱਸ ਕਨੇਡਾ ਜਾ ਵੱਸੇ ਤੇ ਉਨ੍ਹਾਂ ਨੇ ਉੱਥੋਂ ਦੀ ਨਾਗਰਿਕਤਾ ਹਾਸਲ ਕਰ ਲਈ ਉਨ੍ਹਾਂ ਦਾ ਦਿਲ ਵੀ ਭਾਰਤ ਵਿੱਚ ਧੜਕਦਾ ਐ ਕਿਉਂਕਿ ਉੱਥੇ ਉਨ੍ਹਾਂ ਦੇ ਘਰ ਨੇ, ਪ੍ਰੀਵਾਰ ਨੇ, ਰਿਸ਼ਤੇਦਾਰ ਨੇ, ਕਾਰੋਬਾਰ ਵੀ ਨੇ। ਇਹਨਾਂ ਵਿੱਚੋਂ ਬਹੁਤਿਆਂ ਨੇ ਸਰਦੀਆਂ ਵਿੱਚ ਆਪਣੇ ਬੱਚਿਆਂ ਦੇ ਵਿਆਹ ਕਰਨ, ਰਿਸ਼ਤੇਦਾਰਾਂ ਦੇ ਵਿਆਹਾਂ ਵਿੱਚ ਸ਼ਾਮਲ ਹੋਣ, ਸਰਕਾਰੇ ਦਰਬਾਰੇ ਕੰਮ ਧੰਦੇ ਕਰਨ, ਇੱਥੋਂ ਤੱਕ ਕਿ ਕਨੇਡਾ ਵਿੱਚ ਸਵਰਗ ਸਿਧਾਰੇ ਆਪਣਿਆਂ ਦੀਆਂ ਅਸਥੀਆਂ ਜਲਪ੍ਰਵਾਹ ਕਰਨ ਤੋਂ ਅੰਤਿਮ ਰਸਮਾਂ ਤੱਕ ਨਿਭਾਉਣ ਲਈ ਆਪਣੀ ਕਰਮ ਭੂਮੀ ਤੋਂ ਜਨਮ ਭੂਮੀ ਆਉਣਾ ਹੁੰਦਾ ਐ। ਜਿਸ ਲਈ ਇਹਨਾਂ ਨੂੰ ਇੰਡੀਅਨ ਵੀਜ਼ੇ ਦੀ ਲੋੜ ਹੁੰਦੀ ਹੈ। ਹਵਾਈ ਟਿਕਟ ਇਹਨਾਂ ਨੇ ਆਪ ਹੀ ਲੈਣੀ ਹੁੰਦੀ ਹੈ ਭਾਵ ਇਹਨਾਂ ਲਈ ਵਿਸ਼ੇਸ਼ ਜਹਾਜ਼ ਭੇਜਣ ਦੀ ਵੀ ਲੋੜ ਨਹੀਂ। ਨਾਲੇ ਇਹ ਵਿਦੇਸ਼ੀ ਕਰੰਸੀ ਭਾਰਤ ਵਿੱਚ ਖਰਚ ਕੇ ਆਰਥਿਕਤਾ ਨੂੰ ਹਲੂਣਾ ਹੀ ਦਿੰਦੇ ਨੇ। ਤੁਹਾਡੇ ਸਰਕਾਰਾਂ ਦੇ ਕਿਹੜੇ ਆਪਸੀ ਮੱਤਭੇਦ ਨੇ, ਕੌਣ ਠੀਕ ਐ ਕੌਣ ਗਲਤ ਮੈਂ ਇਸ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦਾ, ਨਾ ਹੀ ਮੇਰੀ ਇੰਨੀ ਔਕਾਤ ਹੈ। ਤੁਸੀਂ ਆਪਿਸ ਵਿੱਚ ਆਪਣੇ ਤਰੀਕੇ ਨਾਲ਼ ਨਿੱਬੜਦੇ ਰਹਿਓ। ਬਸ ਐਨੀ ਅਰਜੋਈ ਐ ਕਿ ਤੁਹਾਡੀ ਵੱਡੀ ਲੜਾਈ ਵਿੱਚ ਆਮ ਜਨਤਾ ਨੂੰ ਨਾ ਪੀਸੋ ਤੇ ਵੀਜ਼ੇ ਜਾਰੀ ਕਰਨੇ ਸ਼ੁਰੂ ਕਰਕੇ ਹਜਾਰਾਂ ਦੁਆਵਾਂ ਦੇ ਭਾਗੀ ਬਣੋ। ਉਹ ਤਾਂ ਕਰੋਨਾ ਕਾਲ ਦੇ ਦਿੱਤੇ ਦਰਦ ਅਜੇ ਤੱਕ ਨਹੀਂ ਭੁੱਲੇ। ਮੈਂ ਤਾਂ ਇਹ ਵੀ ਸੁਣਿਆ ਐ ਕਿ ਤੁਹਾਡੇ ਤੱਕ ਪਹੁੰਚ ਵਾਲਿਆਂ ਨੂੰ ਵੀਜ਼ੇ ਮਿਲ ਵੀ ਰਹੇ ਨੇ, ਪਰ ਮੇਰੇ ਕੋਲ ਸਬੂਤ ਨਹੀਂ ਹਨ।


ਦੂਜੀ ਬੇਨਤੀ ਸਾਡੀ ਸੂਬਾ ਸਰਕਾਰ ਨੂੰ ਹੈ, ਜਦੋਂ ਮੈਂ 2016 ਵਿੱਚ ਪਹਿਲੀ ਵਾਰ ਕਨੇਡਾ ਆਇਆ ਸੀ ਤਾਂ ਮੇਰੇ ਰਿਸ਼ਤੇਦਾਰਾਂ ਨੇ ਤੁਹਾਡੇ ਲਈ ਚੰਦਾ ਇਕੱਠਾ ਕਰਨਾ ਸੀ ਤੇ ਮੈਨੂੰ ਵੀ ਕਾਰ ‘ਚ ਬਿਠਾ ਲਿਆ ਤੇ ਕਾਫੀ ਘੁਮਾਇਆ ਸੀ ਤੇ ਵਾਹਵਾ ਡਾਲਰ ਇਕੱਠੇ ਕੀਤੇ ਸੀ ਜਿਸਦਾ ਮੈਂ ਚਸ਼ਮਦੀਦ ਗਵਾਹ ਹਾਂ। ਪਰ ਤੁਸੀਂ ਵੀ ਅਜੇ ਤੱਕ ਇਸ ਮਸਲੇ ਬਾਰੇ ਚੁੱਪ ਧਾਰੀ ਹੋਈ ਐ। ਹੋਰ ਨਹੀਂ ਤਾਂ ਤੁਹਾਡੇ ਲਈ ਇਕੱਠੇ ਕੀਤੇ ਲੱਖਾਂ ਡਾਲਰਾਂ ਦਾ ਮੁੱਲ ਮੋੜਨ ਲਈ ਹੀ ਕੇਂਦਰ ਸਰਕਾਰ ਕੋਲ ਹਾਅ ਦਾ ਨਾਅਰਾ ਮਾਰ ਦਿਓ, ਤਾਂ ਜੋ ਉਹਨਾਂ ਨੂੰ ਵਿਆਹ ਤੇ ਹੋਰ ਕਾਰਜ ਕੈਂਸਲ ਨਾ ਕਰਨੇ ਪੈਣ ਤੇ ਕੀਤੀਆਂ ਤਿਆਰੀਆਂ ਕਿਸੇ ਲੇਖੇ ਲੱਗ ਜਾਣ।

ਬਹਾਦੁਰ ਸਿੰਘ ਰਾਓ ਡਿਪਟੀ ਸੁਪਰਡੈਂਟ ਪੰਜਾਬ ਪੁਲਿਸ (ਸਾਬਕਾ)
ਕੈਲਗਰੀ:1 825 288 8987
ਪੰਜਾਬ: 98 723 09987

ਤੀਜੀ ਬੇਨਤੀ ਦੇਸ਼ ਦੇ ਆਮ ਲੋਕਾਂ ਨੂੰ ਹੈ ਖਾਸ ਕਰਕੇ ਪੰਜਾਬ ਵਾਸੀਆਂ ਨੂੰ। ਤੁਹਾਡੇ ਹਰ ਸਰਦੇ ਪੁੱਜਦੇ ਘਰ ਦਾ ਕੋਈ ਨਾ ਕੋਈ ਮੈਂਬਰ ਕਨੇਡਾ ਐ ਜੇ ਨਹੀਂ ਤਾਂ ਰਿਸ਼ਤੇਦਾਰ ਤਾਂ ਜਰੂਰ ਐ ਪਰ ਤੁਸੀਂ ਮੂੰਹ ‘ਚ ਘੁੰਗਣੀਆਂ ਪਾ ਕੇ ਬੈਠੇ ਹੋ! ਜਿਹੜਾ ਸਾਂਝਾ ਕੰਮ ਪੰਚਾਇਤ ਦੀ ਪਹੁੰਚ ਤੋਂ ਬਾਹਰ ਹੁੰਦਾ ਐ ਤੇ ਸਰਕਾਰ ਵੀ ਨਹੀਂ ਕਰਾਉਂਦੀ ਤਾਂ ਆਖਰੀ ਟੇਕ ਐਨ ਆਰ ਆਈ ਭਰਾਵਾਂ ਤੇ ਈ ਹੁੰਦੀ ਐ ਕਿ ਸਰਦੀਆਂ ‘ਚ ਆਉਣਗੇ ਤਾਂ ਯੋਗਦਾਨ ਪਵਾ ਲਵਾਂਗੇ ਕਿਉਂਕਿ ਜਵਾਬ ਦਾ ਤਾਂ ਸਵਾਲ ਈ ਪੈਦਾ ਨਹੀਂ ਹੁੰਦਾ ਸਗੋਂ ਵਧ ਚੜ੍ਹ ਕੇ ਚਾਈਂ ਚਾਈਂ ਯੋਗਦਾਨ ਪਾਉਂਦੇ ਨੇ। ਕੁੱਝ ਕਨੇਡੀਅਨ ਦੋਸਤਾਂ ਨੇ ਮੈਨੂੰ ਉਲਾਂਭਾ ਵੀ ਦਿੱਤਾ ਕਿ ਸਾਨੂੰ ਪੰਜਾਬ ਵਾਲਿਆਂ ਨੇ ਜੋ ਸੇਵਾ ਲਾਈ ਅਸੀਂ ਕੀਤੀ ਪਰ ਜਦੋਂ ਸਾਨੂੰ ਲੋੜ ਪਈ ਤਾਂ ਮੂੰਹ ਮੋੜ ਲਿਆ। ਸੋ ਅੱਜ ਵੀ ਉਹਨਾਂ ਨੂੰ ਲੋੜ ਐ। ਉੱਘੇ ਪੱਤਰਕਾਰ ਸ: ਹਮੀਰ ਸਿੰਘ, ਪੀ ਐਨ ਓ ਮੀਡੀਆ ਵਾਲੇ ਸੁਖਨੈਬ ਸਿੱਧੂ ਅਤੇ ਪ੍ਰਾਈਮ ਏਸ਼ੀਆ ਟੀ ਵੀ ਵਾਲਿਆਂ ਤੋਂ ਬਿਨਾਂ ਕਿਸੇ ਵੱਲੋਂ ਇਸ ਬਾਰੇ ਕੁੱਝ ਨਹੀਂ ਸੁਣਿਆ। ਭਾਵੇਂ ਪੰਜਾਬੀ ਵੱਧ ਨੇ ਕਨੇਡਾ ਵਿੱਚ ਪਰ ਗੁਜਰਾਤੀ ਵੀ ਥੋੜ੍ਹੇ ਨਹੀਂ ਤੇ ਬਾਕੀ ਭਾਰਤ ਵਿੱਚੋਂ ਵੀ ਬਥੇਰੇ ਨੇ।

ਸੋ ਆਓ ਆਪਾਂ ਹੋਰਨਾਂ ਮਸਲਿਆਂ ਦੇ ਨਾਲ ਨਾਲ ਇਸ ਮਸਲੇ ਬਾਰੇ ਵੀ ਚਰਚਾ ਕਰੀਏ, ਇਸਦੀ ਗੰਭੀਰਤਾ ਨੂੰ ਪਹਿਚਾਣੀਏ ਤੇ ਆਵਾਜ਼ ਉਠਾਈਏ ਤਾਂ ਜੋ ਸਰਕਾਰਾਂ ਵੀ ਗੰਭੀਰ ਹੋਣ ਅਤੇ ਜਲਦੀ ਕੋਈ ਹੱਲ ਕੱਢਣ।

Exit mobile version