ਕਨੇਡੀਅਨ ਨਾਗਰਿਕਾਂ ਨੂੰ ਹੁਣ ਭਾਰਤ ਜਾਣ ਲਈ ਈ ਵੀਜ਼ਾ ਵੀ ਮਿਲਣਾ ਸੁਰੂ ਹੋਇਆ


ਨਵੀਂ ਦਿੱਲੀ,(ਪੰਜਾਬੀ ਅਖ਼ਬਾਰ ਬਿਊਰੋ): ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਬਿਆਨਾਂ ਅਨਸਾਰ ਹੁਣ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਵੱਲੋਂ ਇਲੈਕਟ੍ਰੌਨਿਕ ਵੀਜ਼ਾ ਸਰਵਿਿਸਜ਼ ਬਹਾਲ ਕਰ ਦਿੱਤੀਆਂ ਗਈਆਂ ਹਨ। ਜੋ ਕਿ ਕੁੱਝ ਮਹੀਨੇ ਪਹਿਲਾਂ ਦੋਵਾਂ ਮੁਲਕਾਂ ਦੇ ਆਪਸੀ ਰਾਜਨੀਤਕ ਸਬੰਧਾਂ ਵਿੱਚ ਖਟਾਅ ਪੈਦਾ ਹੋਣ ਕਾਰਣ ਬੰਦ ਕਰ ਦਿੱਤੀਆਂ ਗਈਆਂ ਸਨ।

22 ਨਵੰਬਰ 2023 ਤੋਂ ਇਲੈਕਟ੍ਰੌਨਿਕ ਵੀਜ਼ਾ ਮੁੜ ਸੁ਼ਰੂ ਕਰ ਦਿੱਤੇ ਗਏ ਹਨ। ਇਸ ਕਦਮ ਨਾਲ ਦੋਵਾਂ ਮੁਲਕਾਂ ਨਾਲ ਉਸ ਸਮੇਂ ਪੈਦਾ ਹੋਇਆ ਤਣਾਅ ਘਟੇਗਾ ਜਦੋਂ ਤੈਸ਼ ਵਿੱਚ ਆ ਕੇ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟ ਕੱਢ ਦਿੱਤੇ ਸਨ ਅਤੇ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਦੇ ਵੀਜ਼ਿਆਂ ਉੱਤੇ ਪਾਬੰਦੀ ਲਗਾ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਦੋ ਮਹੀਨੇ ਪਹਿਲਾਂ ਇਹ ਦੋਸ਼ ਲਾਇਆ ਗਿਆ ਸੀ ਕਿ ਕੈਨੇਡਾ ਵਿੱਚ ਸਿੱਖ ਵੱਖਵਾਦੀ ਆਗੂ ਦੇ ਕਤਲ ਲਈ ਭਾਰਤ ਸਰਕਾਰ ਜ਼ਿੰਮੇਵਾਰ ਹੈ।
ਭਾਰਤ ਅਤੇ ਕਨੇਡਾ ਵਿੱਚਕਾਰ ਡਿਪਲੋਮੈਟਿਕ ਝਗੜਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਤੰਬਰ ਵਿੱਚ ਕਨੇਡਾ ਦੀ ਪਾਰਲੀਮੈਂਟ ਵਿੱਚ ਖਲੋਕੇ ਇਹ ਆਖਿਆ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਹੈ। ਜ਼ਿਕਰਯੋਗ ਹੈ ਕਿ 45 ਸਾਲ ਇੱਕ ਸਿੱਖ ਕਾਰਕੁੰਨ ਹਰਦੀਪ ਸਿੰਘ ਨਿੱਝਰ ਨੂੰ ਜੂਨ ਮਹੀਨੇ ਵਿੱਚ ਸਰੀ੍ਹ ਦੇ ਗੁਰਦੁਆਰੇ ਦੇ ਬਾਹਰ ਕੁੱਝ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਤਣਾਅ ਉਪਰੰਤ ਕੈਨੇਡਾ ਨੂੰ ਭਾਰਤ ਵਿੱਚ ਮੌਜੂਦ ਆਪਣੇ 62 ਡਿਪਲੋਮੈਟਸ ਵਿੱਚੋਂ 41 ਨੂੰ ਵਾਪਿਸ ਸੱਦਣਾ ਪਿਆ ਸੀ। ਪਿਛਲੇ ਮਹੀਨੇ, ਭਾਰਤ ਨੇ ਇਨ੍ਹਾਂ ਪਾਬੰਦੀਆਂ ਵਿੱਚ ਰਿਆਇਤ ਦਿੰਦਿਆਂ ਹੋਇਆਂ ਕੈਨੇਡੀਅਨ ਨਾਗਰਿਕਾਂ ਲਈ ਐਂਟਰੀ, ਬਿਜ਼ਨਸ, ਮੈਡੀਕਲ ਤੇ ਕਾਨਫਰੰਸ ਵੀਜ਼ਾ ਸ਼ੁਰੂ ਕਰ ਦਿੱਤੇ ਸਨ।

Exit mobile version