ਕਲਾਤਮਿਕ ਹਥਿਆਰਾਂ ਨਾਲ ਸਮਾਜਿਕ ਬੁਰਾਈਆਂ ਨਾਲ ਲੜਨ ਵਾਲਾ ਯੋਧਾ ਹੈ, ਜਗਤਾਰ ਸਿੰਘ ਸੋਖੀ

ਅਨੇਕ ਕਲਾਤਮਿਕ ਹਥਿਆਰਾਂ ਨਾਲ ਸਮਾਜਿਕ ਬੁਰਾਈਆਂ ਨਾਲ ਲੜਨ ਵਾਲਾ ਯੋਧਾ ਹੈ, ਜਗਤਾਰ ਸਿੰਘ ਸੋਖੀ

ਜਸਵੀਰ ਸਿੰਘ ਭਲੂਰੀਆ

ਪਿਆਰੇ ਪਾਠਕੋ, ਜਗਤਾਰ ਸਿੰਘ ਸੋਖੀ ਇਤਿਹਾਸਕ ਕਸਬੇ ਮੁੱਦਕੀ (ਫਿਰੋਜ਼ਪੁਰ)ਦਾ ਵਸਨੀਕ ਹੈ। ਵਿਦਿਆ ਦਾ ਚਾਨਣ ਵੰਡਣਾ ਭਾਂਵੇਂ ਉਸ ਦਾ ਰੁਜ਼ਗਾਰ ਨਾਲ ਸਬੰਧਤ ਕਿੱਤਾ ਹੈ ਪਰ ਉਹ ਇਸ ਪਵਿੱਤਰ ਕਾਰਜ ਨੂੰ ਰੂਹ ਤੋਂ ਕਰ ਰਿਹਾ ਹੈ। ਉਹ ਇੱਕ ਅਧਿਆਪਕ ਹੋਣ ਦੇ ਨਾਲ ਨਾਲ ਕਈ ਕਲਾਵਾਂ ਵਿੱਚ ਨਪੁੰਨ ਕਲਾਕਾਰ ਵੀ ਹੈ। ਆਪਣੀਆਂ ਕਲਾਵਾਂ ਦਾ ਸਦਉਪਯੋਗ ਕਰਕੇ ਉਹ ਸਾਡੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਹੂੰਝ ਕੇ ਸਾਫ-ਸਵੱਸ਼ ਸਮਾਜ ਵੇਖਣਾ ਲੋਚਦਾ ਹੈ। ਉਹ ਸਮਾਜ ਵਿੱਚ ਫੈਲੀਆਂ ਬੁਰਾਈਆਂ ਨਾਲ ਆਪਣੀਆਂ ਕਲਾਵਾਂ ਦੇ ਹਥਿਆਰਾਂ ਨਾਲ ਲੜਨ ਵਾਲਾ ਯੋਧਾ ਹੈ। ਉਹ ਪੰਜਾਬੀ ਮਾਂ-ਬੋਲੀ ਨੂੰ ਜਨੂੰਨ ਦੀ ਹੱਦ ਤੱਕ ਮੁਹੱਬਤ ਕਰਦਾ ਹੈ। ਇਹੋ ਕਾਰਨ ਹੈ ਕਿ ਉਸ ਨੇ ਸਾਡੇ ਸਿਖਿਆ ਸਿਸਟਮ ਵਿੱਚੋਂ ਵਿੱਸਰ ਚੁੱਕੀ ਫੱਟੀ ਨੂੰ ਫਿਰ ਹਰਮਨ ਪਿਆਰਾ ਬਣਾ ਦਿੱਤਾ ਹੈ। ਆਓ ਫਿਰ ਅੱਜ ਜਗਤਾਰ ਸਿੰਘ ਸੋਖੀ ਦੇ ਪ੍ਰੀਵਾਰਕ ਜੀਵਨ ਅਤੇ ਕਲਾਤਮਿਕ ਸਫਰ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।

ਜਗਤਾਰ ਸਿੰਘ ਸੋਖੀ

ਸੋਖੀ ਸਾਬ੍ਹ ਸਭ ਤੋਂ ਪਹਿਲਾਂ ਉਹੀ ਆਮ ਸਵਾਲ, ਆਪਣੇ ਜਨਮ ਅਤੇ ਪ੍ਰੀਵਾਰ ਬਾਰੇ ਜਾਣਕਾਰੀ ਸਾਡੇ ਪਾਠਕਾਂ ਨਾਲ ਸਾਂਝੀ ਕਰੋ ?
ਮੇਰਾ ਜਨਮ ਪਿੰਡ ਭੋਲੂਵਾਲਾ ਤਹਿਸੀਲ ਤੇ ਜ਼ਿਲਾ ਫ਼ਿਰੋਜ਼ਪੁਰ ਵਿਖੇ ਇੱਕ ਕਿਰਤੀ ਪਰਿਵਾਰ ਵਿੱਚ ਹੋਇਆ। ਅਸੀਂ ਚਾਰ ਭੈਣ ਭਰਾ ਸਭ ਆਪੋ ਆਪਣੀ ਥਾਂ ਸੁਖੀ ਵੱਸ ਰਹੇ ਹਾਂ। ਇਸ ਵੇਲੇ ਪਰਿਵਾਰ ਵਿੱਚ ਮੇਰੇ ਮਾਤਾ ਜੀ, ਮੇਰੀ ਪਤਨੀ ਪਰਮਜੀਤ ਕੌਰ ਜੋ ਅਧਿਆਪਕਾ ਹੈ, ਮੇਰਾ ਵੱਡਾ ਬੇਟਾ ਅਰਸ਼ਦੀਪ ਸਿੰਘ ਸੋਖੀ ਅਧਿਆਪਕ ਹੈ, ਅਤੇ ਛੋਟਾ ਬੇਟਾ ਮਹਿਨਾਜ਼ਦੀਪ ਸਿੰਘ ਆਸਟਰੇਲੀਆ ਰਹਿ ਰਿਹਾ ਹੈ।
ਆਪਣੇ ਵਿਦਿਅਕ ਅਤੇ ਅਧਿਆਪਨ ਸਫਰ ਬਾਰੇ ਚਾਨਣਾ ਪਾਓ ?
ਪ੍ਰਾਇਮਰੀ ਤੱਕ ਦੀ ਵਿਦਿਆ ਮੈਂ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਹਾਸਿਲ ਕੀਤੀ। ਦਸਵੀਂ ਤੱਕ ਪਿੰਡ ਤੂੰਬੜਭੰਨ ਦੇ ਹਾਈ ਸਕੂਲ ਤੋਂ ਅਤੇ ਫਿਰ ਭੁਪਿੰਦਰਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਮੋਗਾ ਤੋਂ ਗਿਆਰਵੀਂ ਪਾਸ ਕੀਤੀ। ਫਿਰੋਜ਼ਪੁਰ ਆਈਟੀਆਈ ਤੋਂ ਵਾਇਰਮੈਨ ਦਾ ਡਿਪਲੋਮਾ ਕਰਨ ਉਪਰੰਤ ਜਲਾਲਾਬਾਦ ਪੱਛਮੀ ਵਿਖੇ ਈਟੀਟੀ ਪਹਿਲੇ ਬੈਚ ਵਿੱਚ ਦਾਖ਼ਲਾ ਲਿਆ। ਡਾਇਟ ਫ਼ਿਰੋਜ਼ਪੁਰ ਤੋਂ ਈਟੀਟੀ ਕਰਨ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਰੱਤਾ ਖੇੜਾ ਬਾਜਾ ਕੋਤਵਾਲ ਤੋਂ ਅਧਿਆਪਨ ਦਾ ਕਾਰਜ ਸ਼ੁਰੂ ਕੀਤਾ। ਫਿਰ ਤੂੰਬੜਭੰਨ, ਲੱਲੇ, ਚੰਦੜ, ਕੋਟ ਕਰੋੜ ਕਲਾਂ ਅਤੇ ਹੁਣ ਕੱਬਰਵੱਛਾ ਵਿਖੇ ਪੰਜਾਬੀ ਮਾਸਟਰ ਵਜੋਂ ਸੇਵਾ ਨਿਭਾ ਰਿਹਾ ਹਾਂ। ਇਸ ਸਮੇਂ ਦੌਰਾਨ ਹੀ ਚਾਰ ਸਾਲ ਪੰਜਾਬੀ ਸਟੇਟ ਟੀਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਬਹੁਤ ਕੁਝ ਨਵਾਂ ਹਾਸਲ ਕੀਤਾ।
ਸੋਖੀ ਸਾਬ੍ਹ ਵਿਗੜੇ ਹੋਏ ਸਿਸਟਮ ਨੂੰ ਸੁਧਾਰਕ ਲਈ ਤੁਸੀਂ ਕਿਹੜੀ-ਕਿਹੜੀ ਕਲਾ ਦੀ ਵਰਤੋਂ ਕਰ ਰਹੇ ਹੋ ?
ਸਾਡਾ ਸਮਾਜ ਕਈ ਪੱਖਾਂ ਤੋਂ ਵਿਗੜਿਆ ਹੋਇਆ ਹੈ। ਨੌਜਵਾਨ ਨਸ਼ਿਆਂ ਅਤੇ ਹੋਰ ਕਈ ਕੁਰੀਤੀਆਂ ਦੇ ਰਾਹ ਪੈ ਗਏ ਹਨ। ਇਹਨਾਂ ਨੂੰ ਸੁਚੇਤ ਕਰਨ ਲਈ ਵੱਖ ਵੱਖ ਸਮੇਂ ਸਾਈਕਲ ਯਾਤਰਾਵਾਂ ਅਤੇ ਸੈਮੀਨਾਰ ਕਰਵਾਉਣ ਦੀ ਕੋਸ਼ਸ਼ ਕਰਦਾ ਹਾਂ। ਇਸ ਤੋਂ ਇਲਾਵਾ ਚਿਤਰਕਾਰੀ ਰਾਹੀਂ, ਲੇਖਾ ਰਾਹੀਂ ਅਤੇ ਸਾਹਿਤਿਕ ਸਮਾਗਮਾਂ ਰਾਹੀਂ ਸਮਾਜ ਨੂੰ ਚੇਤਨ ਕਰਨ ਦੀ ਕੋਸ਼ਸ਼ ਜਾਰੀ ਹੈ।

ਸਾਡੇ ਵਿਦਿਅਕ ਸਿਸਟਮ ਵਿੱਚੋਂ ਭੁੱਲੀ-ਵਿੱਸਰੀ ਫੱਟੀ ਨੂੰ ਤੁਸੀਂ ਦੁਬਾਰਾ ਹਰਮਨ ਪਿਆਰੀ ਬਣਾ ਦਿੱਤਾ। ਇਹ ਵਿਚਾਰ ਤੁਹਾਡੇ ਜਿਹਨ ਵਿੱਚ ਕਿਵੇਂ ਆਇਆ ਅਤੇ ਹੁਣ ਤੱਕ ਕਿੰਨੀਆਂ ਕੁ ਫੱਟੀਆਂ ਤਿਆਰ ਕਰ ਚੁੱਕੇ ਹੋ ?
ਇੱਕ ਵਾਰ ਚੰਡੀਗੜ੍ਹ ਦੇ ਇੱਕ ਕਾਲਜ ਵਿੱਚ ਮੇਰਾ ਇੱਕ ਲੈਕਚਰ ਸੀ ਮੈਂ ਵਿਦਿਆਰਥੀਆਂ ਨੂੰ ਊੜਾ ਆੜਾ ਪੈਂਤੀ ਅੱਖਰੀ ਲਿਖਣ ਲਈ ਕਿਹਾ ਬਹੁਤ ਸਾਰੇ ਵਿਦਿਆਰਥੀਆਂ ਨੇ ਗ਼ਲਤ ਲਿਖੀ। ਇਹ ਸਾਰੇ ਵਿਦਿਆਰਥੀ ਕਾਰਾਂ ਤੇ ਪੜ੍ਹਨ ਆਉਂਦੇ ਸਨ ਪਰ ਆਪਣੀ ਹੋਂਦ ਨਾਲੋਂ ਟੁੱਟ ਚੁੱਕੇ ਮਹਿਸੂਸ ਹੋਏ। ਇਹਨਾਂ ਵਿੱਚ ਜਾਗਰਤੀ ਫੈਲਾਉਣ ਲਈ ਪਹਿਲਾਂ ਇੱਕ ਛੋਟੀ ਫੱਟੀ ਤਿਆਰ ਕੀਤੀ ਜੋ ਕਾਰਾਂ ਵਿੱਚ ਟੰਗਣ ਲਈ ਵਰਤੀ ਗਈ। ਫਿਰ ਸੁੰਦਰ ਲਿਖਾਈ ਮੁਹਿੰਮ ਸ਼ੁਰੂ ਕੀਤੀ। ਲੱਕੜ ਦੀਆਂ ਪੁਰਾਤਨ ਸਮੇਂ ਵਰਤੀਆਂ ਜਾਂਦੀਆਂ ਫੱਟੀਆਂ ਰਾਹੀਂ ਲੋਕਾਂ ਨੂੰ ਆਪਣੇ ਵਿਰਸੇ ਨਾਲ਼ ਜੋੜਦੇ ਹੋਏ ਸੁੰਦਰ ਲਿਖਾਈ ਨਾਲ਼ ਜੋੜਿਆ।
ਅੱਖਰਕਾਰੀ ਕਲਾ ਵੀ ਤੁਹਾਡੀ ਇੱਕ ਨਿਵੇਕਲੀ ਕਲਾ ਹੈ। ਅੱਖਰਕਾਰੀ ਕਲਾ ਵੱਲ ਤੁਸੀਂ ਕਿਵੇਂ ਪ੍ਰੇਰਿਤ ਹੋਏ ?
ਆਪਣੇ ਅਧਿਆਪਨ ਕਾਰਜ ਸਮੇਂ ਮੈਂ ਆਪਣੇ ਵਿਦਿਆਰਥੀਆਂ ਦੀ ਲਿਖਾਈ ਸੁਧਾਰਨ ਲਈ ‘ਆਓ ਮੋਤੀਆਂ ਵਰਗੇ ਅੱਖਰ ਲਿਖੀਏ’ ਕਿਤਾਬ ਲਿਖੀ। ਮੈਂ ਆਪਣੇ ਵਿਦਿਆਰਥੀਆਂ ਦੀ ਲਿਖਾਈ ਸੁਧਾਰਨ ਤੋਂ ਪਹਿਲਾਂ ਆਪਣੀ ਲਿਖਾਈ ਨੂੰ ਸੁਧਾਰਿਆ ਅਤੇ ਉਹਨਾਂ ਅੱਗੇ ਨਮੂਨਾ ਪੇਸ਼ ਕੀਤਾ। ਫਿਰ ਪੰਜਾਬ ਵਿੱਚ ਇੱਕ ਲਹਿਰ ਚਲਾਈ ਜੋ ਹੁਣ ਬਹੁਤ ਵੱਡੇ ਕਾਫਲੇ ਦੇ ਰੂਪ ਵਿੱਚ ਚੱਲ ਰਹੀ ਹੈ। ਵੱਖ ਵੱਖ ਪਿੰਡਾਂ ਵਿੱਚ ਸੁੰਦਰ ਲਿਖਾਈ ਕਰ ਰਹੇ ਵਿਦਿਆਰਥੀ ਅਤੇ ਅਧਿਆਪਕ ਅੱਗੇ ਲਿਆਂਦੇ ਉਹਨਾਂ ਨੂੰ ਸਨਮਾਨਿਤ ਕਰਕੇ ਉਤਸਾਹਿਤ ਕੀਤਾ।

ਸੋਖੀ ਸਾਬ੍ਹ, ਸ਼ਾਹਮੁਖੀ ਲਿਪੀ ਤੁਸੀਂ ਪੜ ਵੀ ਲੈਂਦੇ ਹੋ ਅਤੇ ਲਿਖ ਵੀ ਲੈਂਦੇ ਹੋ,ਇਹ ਸ਼ੌਕ ਕਿਵੇਂ ਪੈਦਾ ਹੋਇਆ ?
ਸਾਡੀ ਪੰਜਾਬੀ ਬੋਲੀ ਵਿੱਚ 70% ਸ਼ਬਦ ਉਰਦੂ ਫਾਰਸੀ ਅਰਬੀ ਭਾਸ਼ਾਵਾਂ ਦੇ ਹਨ। ਇਹਨਾਂ ਦਾ ਸਹੀ ਉਚਾਰਨ ਜਾਨਣ ਲਈ ਸ਼ਾਹਮੁਖੀ ਸਿੱਖਣ ਦੀ ਬਹੁਤ ਲੋੜ ਹੈ। ਇਸ ਲੋੜ ਨੇ ਮੈਨੂੰ ਇਸ ਪਾਸੇ ਪ੍ਰੇਰਿਆ। ਜਿੱਥੇ ਮੈਂ ਆਪ ਸ਼ਾਹਮੁਖੀ ਲਿਖਣੀ-ਪੜਨੀ ਸਿੱਖੀ ਉਥੇ ਵਟਸਐਪ ਗਰੁੱਪਾਂ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਵੀ ਸਿਖਾਈ ਹੈ।
ਸ੍ਰੀ ਗੁਰੂ ਗੋਬਿੰਦ ਸਾਹਿਬ ਰਚਿਤ ‘ਜ਼ਫਰਨਾਮਾ’ ਰਚਨਾ ਦਾ ਪੰਜਾਬੀ,ਹਿੰਦੀ ਅਤੇ ਅੰਗਰੇਜ਼ੀ ਤਿੰਨ ਭਾਸ਼ਾਵਾਂ ਵਿੱਚ (ਇੱਕ ਜਿਲਦ ਵਿੱਚ)ਅਨੁਵਾਦ ਕਰਕੇ ਤੁਸੀਂ ਇਹ ਬਹੁਤ ਹੀ ਪਵਿੱਤਰ ਅਤੇ ਮਹਾਨ ਕਾਰਜ ਕੀਤਾ ਹੈ। ਇਹ ਪ੍ਰੇਰਨਾ ਕਿੱਥੋਂ ਮਿਲੀ ?
ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜ਼ਫ਼ਰਨਾਮਾ ਇਕਾਂਗੀ ਪੜਾਉਣ ਸਮੇਂ ਮੈਨੂੰ ਲੱਗਾ ਕਿ ਜੇਕਰ ਮੈਂ ਖੁਦ ਜਫਰਨਾਮਾ ਨਾ ਪੜ੍ਹਿਆ ਤਾਂ ਇਹ ਵਿਦਿਆਰਥੀਆਂ ਨਾਲ ਇਨਸਾਫ ਨਹੀਂ ਹੋਵੇਗਾ। ਇਸੇ ਲਈ ਮੈਂ ਸ਼ਾਹਮੁਖੀ ਸਿੱਖੀ ਪੂਰਾ ਜ਼ਫ਼ਰਨਾਮਾ ਅਧਿਐਨ ਕੀਤਾ। ਆਮ ਲੋਕਾਂ ਤੱਕ ਇਸ ‘ਜਿੱਤ ਦੇ ਪੱਤਰ’ ਨੂੰ ਪਹੁੰਚਾਉਣ ਲਈ ਮੈਂ ਹੱਥ ਲਿਖਤ ਪੰਜਾਬੀ ਹਿੰਦੀ ਅੰਗਰੇਜ਼ੀ ਅਤੇ ਸ਼ਾਹਮੁਖੀ ਵਿੱਚ ਇਸ ਨੂੰ ਲਿਖਿਆ ਤੇ ਛਪਵਾਇਆ।
ਸੋਖੀ ਸਾਬ੍ਹ ਹੁਣ ਤੱਕ ਤੁਹਾਡੀਆਂ ਕਿਹੜੀਆਂ-ਕਿਹੜੀਆਂ ਕਿਤਾਬਾਂ ਛਪ ਚੁੱਕੀਆਂ ਹਨ ?
1. ਸ਼ਬਦਾਂਗ (ਸ਼ਬਦ-ਕੋਸ਼)
2. ਜਿੱਤ ਦਾ ਪੱਤਰ ਜ਼ਫ਼ਰਨਾਮਾ ਪ: ੧੦ (ਅਨੁਵਾਦ)
3. 71 ਖੇਡਾਂ 17 ਤਮਾਸ਼ੇ
4. ਪੰਜਾਬੀ ਸ਼ਬਦ-ਜੋੜ (ਵਿਦਿਆਰਥੀ ਐਡੀਸ਼ਨ)
5. ਆਓ ਮੋਤੀਆਂ ਵਰਗੇ ਅੱਖਰ ਲਿਖੀਏ
6. ਸੁਖਨ ਮਜੀਠੀ (ਕਾਵਿ ਚਿਤਰਨ)
7. ੩੧ ਰਾਗ ਚਿਤਰਨ ਲੜੀ
8. ਆਓ ਉਰਦੂ ਪੜ੍ਹਨਾ ਸਿੱਖੀਏ
9. ਆਓ ਉਰਦੂ ਲਿਖਣਾ ਸਿੱਖੀਏ
10. ਅੰਗਰੇਜ਼-ਸਿੱਖ ਯੁੱਧ ਬਿਰਤਾਂਤ
11. ਪੰਜਾਬੀ ਸਮਾਨਾਰਥਕ ਕੋਸ਼
12. ਸ਼ਬਦ ਦਾ ਅਰਥ
13. ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਫ਼ਿਰੋਜ਼ਪੁਰ
14. ਗੁਰਮੁਖੀ ਲਿਪੀ ਅਤੇ ਵਿਆਕਰਨ ਇੱਕ ਅਧਿਐਨ
ਕੀ ਤੁਸੀਂ ਆਪਣੇ ਹੁਣ ਤੱਕ ਕੀਤੇ ਕਾਰਜ ਤੋਂ ਸੰਤੁਸ਼ਟ ਹੋ ?
ਸੰਤੁਸ਼ਟੀ ਉਸ ਸਮੇਂ ਮਿਲਦੀ ਹੈ ਜਦੋਂ ਤੁਸੀਂ ਆਪਣਾ ਟੀਚਾ ਪ੍ਰਾਪਤ ਕਰ ਲੈਂਦੇ ਹੋ। ਮੇਰਾ ਟੀਚਾ ਗੁਰਮੁਖੀ ਲਿਪੀ ਨੂੰ ਘਰ-ਘਰ ਪਹੁੰਚਾਉਣਾ ਹੈ। ਇਸ ਲਈ ਅਜੇ ਨਿਰੰਤਰ ਜਤਨ ਜਾਰੀ ਨੇ। ਹਾਂ ਮੈਂ ਆਪਣੀਆਂ ਕੋਸ਼ਸ਼ਾਂ ਤੋਂ ਸੰਤੁਸ਼ਟ ਹਾਂ ਕਿ ਮੇਰੀਆਂ ਆਸਾਂ ਨੂੰ ਬੂਰ ਪੈ ਰਿਹਾ ਹੈ। ਮੈਂ ਆਖ਼ਰੀ ਦਮ ਤੱਕ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ ਕੰਮ ਕਰਦਾ ਰਹਾਂਗਾਂ।

ਕੀ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ ਤੁਹਾਡੇ ਵਡਮੁੱਲੇ ਕਾਰਜ ਦੀ ਹੌਸਲਾਅਫਜ਼ਾਈ ਹੋਈ ਹੈ ?
ਇਸ ਪੱਖੋਂ ਮੈਂ ਖ਼ੁਸ਼ਕਿਸਮਤ ਹਾਂ। ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ, ਖਾਲਸਾ ਕਾਲਜ ਅੰਮ੍ਰਿਤਸਰ ਵੱਲੋਂ ਪਹਿਲਾ ਪੰਜਾਬੀ ਭਾਸ਼ਾ ਰਤਨ ਪੁਰਸਕਾਰ, ਪੰਜਾਬ ਸਾਹਿਤ ਅਕਾਦਮੀ ਵੱਲੋਂ ਪਹਿਲਾ ਪੰਜਾਬੀ ਰਤਨ ਪੁਰਸਕਾਰ, ਆਲਮੀ ਅਦਬ ਪੰਜਾਬੀ ਫਾਊਂਡੇਸ਼ਨ ਵੱਲੋਂ ਅਤੇ ਹੋਰ ਅਨੇਕਾਂ ਸੰਸਥਾਵਾਂ ਵੱਲੋਂ ਮੇਰੀਆਂ ਕਿਰਤਾਂ ਨੂੰ ਪਹਿਲਾ ਸਥਾਨ ਦੇ ਕੇ ਨਿਵਾਜਿਆ ਗਿਆ ਹੈ ਅਤੇ ਕਈ ਸੰਸਥਾਵਾਂ ਵੱਲੋਂ ਮੇਰੇ ਤੋਂ ਪਹਿਲਾਂ ਇਨਾਮ ਸ਼ੁਰੂ ਕਰਨਾ ਮੇਰੇ ਤੇ ਪੰਜਾਬੀ ਮਾਂ ਬੋਲੀ ਦਾ ਆਸ਼ੀਰਵਾਦ ਹੈ। ਪੰਜਾਬੀ ਭਾਸ਼ਾ ਦੇ ਵਿਸਰ ਰਹੇ ਸ਼ਬਦਾਂ ਦੇ ਕੋਸ਼ ਸ਼ਬਦਾਂਗ ਅਤੇ ਸ਼ਬਦਾਰਥ ਨੂੰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ।

ਤੁਸੀਂ ਪੰਜਾਬੀ ਮਾਂ-ਬੋਲੀ ਲਈ ਤਨੋਂ-ਮਨੋਂ ਕੰਮ ਕੀਤਾ ਹੈ ਅਤੇ ਕਰ ਰਹੇ ਹੋ। ਪੰਜਾਬੀ ਮਾਂ-ਬੋਲੀ ਦੇ ਭਵਿੱਖ ਨੂੰ ਤੁਸੀਂ ਕਿਵੇਂ ਵੇਖਦੇ ਹੋ ?
ਪੰਜਾਬੀ ਸਾਡੀ ਜਨਮਾਨਸ ਦੀ ਠੇਠ ਭਾਸ਼ਾ ਹੈ। ਇਸ ਧਰਤੀ ਤੇ ਜਦੋਂ ਤੱਕ ਪੰਜਾਬੀ ਜੀਉਂਦੇ ਹਨ, ਪੰਜਾਬੀ ਭਾਸ਼ਾ ਚੜ੍ਹਦੀ ਕਲਾ ਵਿੱਚ ਰਹੇਗੀ। ਸਾਡੇ ਪੰਜਾਬ ਦੇ ਲੋਕ ਦੂਜੀਆਂ ਭਾਸ਼ਾਵਾਂ ਦੇ ਮਗਰ ਲੱਗ ਕੇ ਇਸ ਨੂੰ ਵਿਸਾਰ ਰਹੇ ਹਨ ਪਰ ਪੰਜਾਬ ਵਿੱਚ ਵੱਸਣ ਵਾਲ਼ੇ ਪ੍ਰਵਾਸੀ ਪੰਜਾਬੀ ਨੂੰ ਅਪਣਾ ਰਹੇ ਹਨ। ਜੇਕਰ ਸਾਡੇ ਪੰਜਾਬੀ ਇਸ ਭਾਸ਼ਾ ਨੂੰ ਆਪਣੀ ਬੋਲਚਾਲ ਦੀ ਬੋਲੀ ਵਿੱਚ ਪਹਿਲ ਦੇਣ ਅਤੇ ਸਰਕਾਰਾਂ ਇਸ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਤਾਂ ਇਸ ਦਾ ਭਵਿੱਖ ਹੋਰ ਵੀ ਸੁਨਹਿਰੀ ਹੋ ਜਾਵੇਗਾ।
ਕੀ ਤੁਸੀਂ ਸਾਡੇ ਪਾਠਕਾਂ ਨੂੰ ਕੋਈ ਸੁਨੇਹਾ ਜਾਂ ਸੁਝਾਅ ਦੇਣਾ ਚਾਹੋਗੇ ?
ਪੰਜਾਬੀ ਬੋਲੀ ਸਾਡੇ ਗੁਰੂਆਂ ਪੀਰਾਂ ਫਕੀਰਾਂ ਵਡੇਰਿਆਂ ਵੱਲੋਂ ਵਰੋਸਾਈ ਬੋਲੀ ਹੈ। ਇਸ ਦਾ ਸੰਬੰਧ ਕਿਸੇ ਇੱਕ ਧਰਮ ਨਾਲ਼ ਨਹੀਂ। ਇਹ ਸਾਰੇ ਪੰਜਾਬੀਆਂ ਦੀ ਸਾਂਝੀ ਬੋਲੀ ਹੈ। ਆਓ ਬਿਨਾਂ ਕਿਸੇ ਭੇਦ ਭਾਵ ਦੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਆਪਣੇ ਸਿਰ ਦਾ ਤਾਜ ਬਣਾਈਏ। ਇਸ ਨੂੰ ਆਪਣੇ ਘਰਾਂ ਵਿੱਚ ਲਾਗੂ ਕਰੀਏ ਅਤੇ ਮਾਣ ਨਾਲ਼ ਆਖੀਏ ਅਸੀਂ ਪੰਜਾਬੀ ਹਾਂ ਤੇ ਸਾਡੀ ਮਾਂ-ਬੋਲੀ ਪੰਜਾਬੀ ਹੈ।

ਮੁਲਾਕਾਤੀ-ਜਸਵੀਰ ਸਿੰਘ ਭਲੂਰੀਆ
ਸਰੀ (ਬੀ.ਸੀ.) ਕੈਨੇਡਾ
+91-9915995505

ਜਸਵੀਰ ਸਿੰਘ ਭਲੂਰੀਆ

Exit mobile version