ਕਵੀਸ਼ਰੀ ਲਿਖਣੀ ਤੇ ਗਾਉਣੀ ਹਾਰੀ ਸਾਰੀ ਦਾ ਕੰਮ ਨਹੀਂ। ਇਸ ਦੇ ਵਾਸਤੇ ਕਵੀਸ਼ਰੀ ਪ੍ਰੰਪਰਾ ਦਾ ਪੂਰਨ ਗਿਆਨ, ਵਿਦਵਤਾ, ਬੌਧਿਕਤਾ, ਇਤਿਹਾਸ-ਮਿਥਿਹਾਸ ਦੀ ਭਰਪੂਰ ਜਾਣਕਾਰੀ, ਅੱਖਰਾਂ ਦਾ ਗਿਆਨ, ਪਿੰਗਲ ਅਰੂਜ਼ ਦੀ ਮੁਹਾਰਤ, ਪ੍ਰਸੰਗਾਂ ਵਿਚਲੇ ਕਥਾਨਕਾਂ ਅਨੁਸਾਰ ਢੁਕਵੇਂ ਛੰਦਾਂ ਦੀ ਚੋਣ, ਕਥਾਨਕ ਨੂੰ ਬਿਆਨਣ ਲਈ ਵਿਸਥਾਰ ਦੇਣ ਦੀ ਯੋਗਤਾ, ਸਭਿਆਚਾਰ, ਲੋਕ-ਧਾਰਾ, ਰਸਮ-ਰਿਵਾਜ, ਰਹੁ-ਰੀਤਾਂ, ਅਖਾਣਾ, ਮੁਹਾਵਰੇ, ਵਗੈਰਾ ਕਵੀਸ਼ਰੀ ਦੀ ਰਚਨਾਤਮਕ ਸ਼ਕਤੀ ਬਣਦੇ ਹਨ। ਬਾਬੂ ਰਜਬ ਅਲੀ ਖ਼ਾਨ ਕੋਲ ਇਸ ਸਾਰੀ ਮੂਲ ਸਮੱਗਰੀ ਦਾ ਅਥਾਹ ਤੇ ਹੈਰਾਨਕੁਨ ਖ਼ਜ਼ਾਨਾ ਸੀ। ਉਸ ਨੇ ਪੰਜਾਬੀ ਤੋਂ ਇਲਾਵਾ ਹਿੰਦੀ, ਫ਼ਾਰਸੀ-ਉਰਦੂ ਤੇ ਅੰਗ੍ਰੇਜ਼ੀ ਵਿੱਚ ਬਾਕਾਇਦਾ ਤਾਲੀਮ ਹਾਸਲ ਕੀਤੀ। ਇੰਜੀਨੀਅਰਿੰਗ ਦਾ ਵਕਾਰੀ ਡਿਪਲੋਮਾ ਕਰ ਕੇ ਨਹਿਰੀ ਮਹਿਕਮੇ ਵਿੱਚ ਓਵਰਸੀਅਰ ਵਜੋਂ ਲੋਕਾਂ ਦਾ ਹਰਮਨ ਪਿਆਰਾ `ਬਾਬੂ ਜੀ` ਬਣ ਗਿਆ। ਉਨ੍ਹਾਂ ਵੇਲਿਆਂ ਦੇ ਏਨੇ ਸ਼ਾਨਦਾਰ ਪਿਛੋਕੜ ਨੇ ਉਸ ਨੂੰ ਪਿੰਗਲ ਪੜ੍ਹਨ ਉਪ੍ਰੰਤ ਪਿੰਗਲ ਦਾ ਉਸਤਾਦ ਹੀ ਬਣਾ ਦਿੱਤਾ। ਉਸ ਨੂੰ ਪੰਜਾਬੀ ਜ਼ਬਾਨ ਉਪਰ ਮੁਕੰਮਲ ਪਕੜ ਸੀ। ਉਸ ਦੀ ਲਿਖਾਈ ਵੀ ਕਾਬਲੇ- ਤਾਰੀਫ਼ ਸੀ।
–ਖ਼ਤ ਲਿਖੇ ਸੁੱਚੇ ਨੂੰ ਨਰੈਣਾ ਸੜਿਆ ਵਿਆ।
ਬਾਬੂ ਜੀ ਪਿੰਗਲ ਅੰਗ੍ਰੇਜ਼ੀ ਪੜ੍ਹਿਆ ਵਿਆ।
–ਬਾਬੂ ਹਰਫ਼ ਬਣਾਂਵਦਾ ਗੁਰਮੁਖੀ ਦੇ, ਜਿਵੇਂ ਹੱਥ ਹੁਸ਼ਿਆਰ ਕਲਰਕ ਦਾ ਜੀ।
–ਰਜਬਲੀ ਖ਼ਾਂ ਸ਼ੈਰੀਆਂ ਕਰਨ ਲੱਗਾ, ਸਿੱਖ ਈੜੀਆਂ ਆੜਿਆਂ ਊੜਿਆਂ ਨੂੰ।
ਕਵੀਸ਼ਰਾਂ ਵਿੱਚ ਗੁਰੂ ਧਾਰਨ ਦੀ ਪ੍ਰੰਪਰਾ ਰਹੀ ਹੈ। ਬਾਬੂ ਜੀ ਨੇ ਵੀ ਉਸ ਸਮੇਂ ਦੇ ਪ੍ਰਸਿੱਧ ਕਵੀਸ਼ਰ ਮਾਨ ਸਿੰਘ ( ਪਿੰਡ ਕਾਹਨ ਸਿੰਘ ਵਾਲਾ, ਭੁੱਚੋ- ਤੁੰਗਵਾਲੀ ਰੋਡ, ਜ਼ਿਲਾ ਬਠਿੰਡਾ ) ਨੂੰ 1921 ਵਿੱਚ ਵਿਧੀ ਪੂਰਵਕ ਪੱਗ ਦੇ ਕੇ ਗੁਰੂ ਧਾਰਿਆ।
— ਮਾਨ ਸਿਉਂ ਕਵੀਸ਼ਰਾਂ ਦਾ ਸ਼੍ਰੋਮਣੀ ਐਂ।
ਬੌਧਕ ਗਰਾਮਰ ਉਨ੍ਹਾਂ ਦੀ ਬਣੀ ਐਂ।
ਸੱਚ ਕਹਾਂ ਖਾਵਾਂ ਕੂੜ ਦੀ ਸੁਗੰਧ ਨਾ।
ਦੋਊ ਜੋੜ ਸ਼ਾਇਰਾਂ ਨੂੰ ਹਮਾਰੀ ਵੰਦਨਾ।
ਉਸ ਨੂੰ ਆਪਣੇ ਕਸਬ ਅਤੇ ਗੁਰੂ ਪ੍ਰਤੀ ਅਥਾਹ ਸ਼ਰਧਾ ਸੀ।
–ਰਜਬਲੀ ਉਸਤਾਦ ਤੋਂ ਪੁੱਛ ਲੈਣਾ ਜਦੋਂ ਆਪ ਸਵਾਲ ਨਾ ਹੱਲ ਹੇਵੇ।
ਇੱਕ ਹੋਰ ਯੁਗਾਂ ਪੁਰਾਣੀ ਰੀਤ ਹੈ ਕਿ ਕਵੀ ਜਾਂ ਕਵੀਸ਼ਰ ਕਿੱਸਾ ਰਚਣ ਤੋਂ ਪਹਿਲਾਂ ਇਸ ਦੇ ਆਰੰਭ ਵਿੱਚ ਮੰਗਲਾਚਰਨ ਲਿਖ ਕੇ ਆਪਣੇ ਇਸ਼ਟ ਤੋਂ ਰਚਨਾ ਦਾ ਵਰਦਾਨ ਮੰਗਦੇ ਹਨ। ਯੂਨਾਨੀ ਕਵੀ ਹੋਮਰ ਦਾ ਤਕਰੀਬਨ 850 ਬੀ. ਸੀ. ਵਿੱਚ `ਓਡਿੱਸੀ` ਮਹਾਂਕਾਵਿ ਲਿਖਣ ਦੇ ਆਰੰਭ ਵਿੱਚ ਵਿੱਦਿਆ ਅਤੇ ਸੰਗੀਤ ਦੀ ਦੇਵੀ `ਮਿਊਜ਼` ਨੂੰ ਸੰਬੋਧਿਤ ਹੋਣਾ ਇਸ ਪ੍ਥਾ ਵੱਲ ਸੰਕੇਤ ਕਰਦਾ ਹੈ। ਸਾਡੀ ਸਭਿਅਤਾ ਵਿੱਚ ਸਰੁਸਤੀ ਦੇਵੀ ਨੂੰ ਇਹ ਮੁਕਾਮ ਹਾਸਲ ਹੈ- ` ਨਮੋ ਸ਼ਾਰਦਾ ਮਾਤ ਵਿੱਦਿਆ ਪ੍ਰਦਾਇਨੀ `। ਰਜਬ ਅਲੀ ਮੁਸਲਮਾਨ ਹੁੰਦਿਆਂ ਹੋਇਆਂ ਵੀ ਇਸ ਪ੍ਰੰਪਰਾ ਦਾ ਪਾਲਣ ਕਰਦਾ ਹੈ।
–ਬਖ਼ਸ਼ ਕੁਝ ਜ਼ੋਰ ਸੁਰੱਸਤੀ ਦਾ, ਮੂੰਹਾਂ `ਚੋਂ ਫ਼ਿਕਰੇ ਪੁਸ਼ਪ ਬਣ ਬਰਸਣ।
–ਤੇਰੇ ਪਰਵਾਹ ਕੀ ਹੋਣੀ, ਜੀ ਬਣਾਦੇ ਵਾਜ ਮੋਹਣੀ,
ਦੇ ਬਖ਼ਸ਼ ਸ਼ਾਇਰੀ ਸੋਹਣੀ, ਤੇ ਛੰਦਾਂ ਦੀ ਹੋਰ ਘਾੜ ਸੁੱਟ।
–ਵਿੱਦਿਆ ਦੀ ਲਾਗ ਲਗਣ ਦੇ, ਪਿੰਗਲ ਜੋਤ ਜਗਣ ਦੇ।
ਸ਼ਾਇਰੀ ਦੀ ਨਹਿਰ ਵਗਣ ਦੇ, ਵਿਚਾਰ ਸਾਰ ਗਿਆਨ ਦੇਹ।
— ਬਾਬੂ ਚੱਕਤੀ ਰਾਮ ਨੇ ਸੁਸਤੀ।
ਰਜਬਲੀ ਖ਼ਾਂ ਵਾਂਗਰਾਂ ਚੁਸਤੀ।
ਮੇਰੀ ਜੀਭ ਤੇ ਰਹੇ ਸਰੁਸਤੀ।
ਇਸੇ ਕੜੀ ਵਿੱਚ ਇੱਕ ਹੋਰ ਪ੍ਰੰਪਰਾ। ਮਾਲਵੇ ਦੀ ਧਰਤੀ ਤੇ ਬਠਿੰਡਾ – ਮੌੜ ਸੜਕ ਤੇ ਪੈਂਦੇ ਪਿੰਡ- ਮਾਈਸਰ ਖਾਨੇ- ਵਿੱਚ ਹਰ ਸਾਲ ਦੋ ਵਾਰ ਦੇਵੀ ਮਾਤਾ ਦਾ ਮੇਲਾ ਲਗਦਾ ਹੈ ਜਿੱਥੇ ਦੂਰ- ਦੂਰ ਤੋਂ ਕਵੀਸ਼ਰ ਆ ਕੇ ਚਰਨ ਵੰਦਨਾ ਗਾਉਂਦੇ ਹੋਏ ਮਾਤਾ ਦੀ ਚੌਂਕੀ ਭਰਦੇ ਹਨ। ਰਜਬ ਅਲੀ ਇਸ ਦਾ ਬਾਕਾਇਦਾ ਜ਼ਿਕਰ ਕਰਦਾ ਹੈ।
–ਬਾਊ ਜੀ ਦਾ ਮੇਲਾ ਹੋ ਜੇ ਬੰਗਲੇ ਨਹਿਰ ਵਾਲੇ
ਬਾਬੂ ਜੀ ਕਵੀਸ਼ਰਾਂ ਦਾ ਮੇਲਾ ਹੋ ਜੇ ਖਾਨੇ ਜੀ।
ਰਜਬ ਅਲੀ ਨੂੰ ਵਿਰਸੇ ਵਿੱਚ ਮਿਲੀ ਕਿੱਸਿਆਂ- ਕਵੀਸ਼ਰਾਂ ਦੀ ਬਹੁਤਾਤ, ਸਭਿਆਚਾਰ ਦੀ ਅਮੀਰੀ, ਨਾ ਸਿਰਫ਼ ਫਸਲਾਂ ਲਈ ਸਗੋਂ ਕਵੀਸ਼ਰੀ ਲਈ ਜ਼ਰਖ਼ੇਜ਼ ਧਰਤੀ, ਖੁਲ੍ਹੇ- ਡੁਲ੍ਹੇ ਸੁਭਾਅ ਦੇ ਰੰਗੀਲੇ, ਮਿਹਨਤੀ ਤੇ ਅਣਖੀਲੇ ਲੋਕ, ਨਹਿਰੀ ਪਾਣੀਆਂ ਦੀਆਂ ਮੋਘਿਆਂ ਵਿੱਚ ਪੈਂਦੀਆਂ ਛੱਲਾਂ, ਰਮਣੀਕ ਨਹਿਰੀ ਬੰਗਲੇ, ਪਟੜੀਆਂ ਤੇ ਟਾਹਲੀਆਂ ਦੀ ਸੰਘਣੀ ਛਾਂ, ਪੰਛੀਆਂ ਦੇ ਗੀਤ, ਪਸ਼ੂਆਂ ਦੀ ਰੰਭ- ਰੰਭਾਹਟ, ਪਿੰਡਾਂ ਦੀਆਂ ਭਰੀਆਂ ਸੱਥਾਂ, ਅਖਾੜੇ, ਇਤਿਹਾਸਕ, ਮਿਥਿਹਾਸਕ, ਧਾਰਮਕ ਪ੍ਰਸੰਗਾਂ ਦੀ ਗੁੜ੍ਹਤੀ। ਪੰਜਾਬ ਦੇ ਦੂਜੇ ਸਿਰੇ ਪਿਸ਼ਾਵਰ ਦੇ ਨਹਿਰਾਂ-ਰਜਵਾਹਿਆਂ ਤੋਂ ਸ਼ੁਰੂ ਹੋ ਕੇ, ਅਖਾੜੇ ( ਜਗਰਾਓਂ ) ਬੰਗਲੇ ਤੋਂ ਹੁੰਦਾ ਹੋਇਆ ਧੁਰ ਦੱਖਣ ਸੱਸੀ ਦੇ ਭੰਬੋਰ (ਅਬੋਹਰ ) ਵਾਲੇ ਇਲਾਕੇ ਤੱਕ ਨਹਿਰਾਂ ਦਾ ਬੇ-ਤਾਜ ਬਾਦਸ਼ਾਹ ਇਹ ਅਲਬੇਲਾ ਗੱਭਰੂ ਪਿਆਸੀ ਧਰਤੀ ਨੂੰ ਮੋਘਿਆਂ ਦੇ ਪਾਣੀ ਨਾਲ ਸਰਸ਼ਾਰ ਕਰ ਕੇ ਲਹਿਲਹਾਉਂਦੀਆਂ ਫਸਲਾਂ ਵੇਖ ਕੇ ਸ਼ਾਇਰ ਬਣ ਗਿਆ। ਮਾਲਵੇ ਦੇ ਲੋਕਾਂ ਦਾ ਚਹੇਤਾ ਹਰਮਨ ਪਿਆਰਾ `ਬਾਬੂ ਜੀ`। ਸ਼ਾਇਰੀ ਦੀ ਧਾਰਾ ਇਉਂ ਵਗ ਤੁਰੀ ਜਿਵੇਂ ਨਹਿਰ ਦਾ ਪਾਣੀ ਅਠਖੇਲੀਆਂ ਕਰਦਾ ਮਾਣ-ਮੱਤਾ ਵਗਦਾ ਹੈ।
–ਕਰ ਦੇ ਦਲੀਲ ਪੂਰੀ ਬਾਬੂ ਨਹਿਰੀ ਦੀ।
ਮਿੱਠੀ ਨਹਿਰ ਚੱਲ ਪਏ ਦਿਮਾਗ਼ੋਂ ਸ਼ਾਇਰੀ ਦੀ।
–ਜੱਟ ਦਿਲੋਂ ਭੁਲਾਉਂਦੇ ਨਾ ਦਾਸ ਨੇ ਲਾ ਤੇ ਜਿਨ੍ਹਾਂ ਦੇ ਮੋਘੇ।
ਰਜਬ ਅਲੀ ਨੇ ਇਸ ਧਰਤੀ, ਇਸਦੇ ਪਿਛੋਕੜ ਅਤੇ ਇਸ ਦੇ ਲੋਕਾਂ ਬਾਰੇ ਕੋਈ ਪੱਖ ਅਜਿਹਾ ਨਹੀਂ ਛੱਡਿਆ ਜਿਹੜਾ ਉਸ ਦੀ ਸ਼ਾਇਰੀ ਤੋਂ ਬਾਹਰ ਰਹਿ ਗਿਆ ਹੋਵੇ। ਉਸ ਨੇ ਅੱਸੀ ਤੋਂ ਵੱਧ ਪ੍ਰਸੰਗ ਕਿੱਸਿਆਂ ਵਿੱਚ ਸੰਭਾਲ ਦਿੱਤੇ। ਉਸ ਨੇ ਸਿਆਣਪ ਦੇ ਕਬਿੱਤਾਂ ਵਿੱਚ 120 ਤੋਂ ਵੱਧ ਪਿੰਡਾਂ ਦੀਆਂ ਪ੍ਰਚਲਤ ਖਾਸੀਅਤਾਂ ਦਾ ਬਾ-ਖੂਬੀ ਤੇ ਕਮਾਲ ਦਾ ਵਰਨਣ ਕਾਵਿਆਇਆ ਹੈ, ਕੋਈ 100 ਤੋਂ ਵੱਧ ਸ਼ਹਿਰਾਂ ਦੀ ਮਸ਼ਹੂਰੀ ਦੀਆਂ ਚਲੰਤ ਧਾਰਨਾਵਾਂ ਨੂੰ ਕਬਿੱਤਾਂ ਦਾ ਸ਼ਿੰਗਾਰ ਬਣਾਇਆ ਹੈ, 50 ਤੋਂ ਵੱਧ ਕਬਿੱਤਾਂ ਵਿੱਚ ਸਿਆਣਪ ਦੀਆਂ ਉਹ ਵਡਮੁੱਲੀਆਂ ਗੱਲਾਂ ਦੱਸੀਆਂ ਹਨ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਬਜ਼ੁਰਗਾਂ ਰਾਹੀਂ ਸਾਡੇ ਤੱਕ ਪਹੁੰਚੀਆਂ ਸਨ ਤੇ ਜਿਨ੍ਹਾਂ ਨੂੰ ਪੜ੍ਹ ਕੇ ਹੈਰਾਨ ਰਹਿ ਜਾਣਾ ਸੁਭਾਵਕ ਹੈ। ਇਸ ਤੋਂ ਬਿਨਾ ਉਸ ਸਮੇ ਦੇ ਕਵੀਸ਼ਰਾਂ, ਖਾਸ ਕਰ ਕੇ ਆਪਣੇ 30 ਦੇ ਕਰੀਬ ਚਹੇਤੇ ਸ਼ਾਗਿਰਦ ਕਵੀਸ਼ਰਾਂ ਦੀਆਂ ਸਿਫ਼ਤਾਂ ਬਿਆਨ ਕਰਨ ਲਈ ਕਬਿੱਤਾਂ ਦਾ ਸਹਾਰਾ ਲਿਆ। ਕੁਛ ਗਿਣਤੀ ਵੀਲੀਆਂ ਬੈਂਤਾਂ ਵੀ ਧਿਆਨ ਖਿਚਦੀਆਂ ਹਨ।
–ਲੱਤੋਂ ਲੰਗਾ ਬੈਲ ਹੋ ਜੇ, ਬੁੜ੍ਹਾ ਜੇ ਬੇ-ਟਹਿਲ ਹੋ ਜੇ,
`ਫ਼ੀਮ ਦਾ ਜੇ ਵੈਲ ਹੋ ਜੇ, ਐਦੂੰ ਦੁੱਖ ਕੋਈ ਨਾ।
–ਘੁੱਦੇ ਵਿੱਚ ਗੱਪੀ ਲੋਕ, ਝੁੰਬੇ ਦੇ ਚਹੇਡੀ ਬਾਹਲੇ,
ਬਾਹੋ ਹੁੱਕਾ ਪੀਣ ਤੇ ਮੀਏਂ ਦੇ ਲਾਉਣ ਭਾਨੀਆਂ।
–ਟੇਸ਼ਨ ਬਠਿੰਡਾ ਤੇ ਸਰਾਂ ਨਾ ਨੂਰ ਮਹਿਲ ਜੈਸੀ,
ਤਾਲ ਤਲਵੰਡੀ ਦਾ ਸੁਹਾਵੇ ਢਾਬ ਮੱਲੇ ਦੀ।
–ਰੂਈ, ਰੇਸ਼ਮ, ਉੱਨ, ਤੇ ਸਣ, ਕਿਉੜਾ,
ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ।
ਰਜਬ ਅਲੀ ਛੰਦ ਜੋੜਦਾ, ਲਿਖਦਾ, ਸੰਵਾਰਦਾ ਤੇ ਕਿੱਸਾ ਬਣਾਉਂਦਾ। ਫਿਰ ਉਸ ਦੀਆਂ ਹੱਥ-ਲਿਖਤ ਕਾਪੀਆਂ ਕਰ ਕੇ ਆਪਣੇ ਸ਼ਾਗਿਰਦਾਂ ਨੂੰ ਦਿੰਦਾ। ਉਨ੍ਹਾਂ ਨੂੰ ਕਿੱਸਾਕਾਰੀ ਦੇ ਗੁਰ ਸਿਖਾਉਂਦਾ ਤੇ ਪ੍ਰਸੰਗ ਬੰਨ੍ਹਣ ਦੇ ਹੁਨਰ ਦਸਦਾ। ਸ਼ਾਇਦ ਇਹ ਰਜਬ ਅਲੀ ਹੀ ਸੀ ਜਿਸ ਦੇ ਜਿਉਂਦੇ ਜੀਅ ਇੱਕ ਸੌ ਦੇ ਕਰੀਬ ਸ਼ਾਗਿਰਦ ਬਣੇ ਜਿਨ੍ਹਾਂ ਦੀ ਉਹ ਸਿਫ਼ਤ ਕਰਦਾ ਥਕਦਾ ਨਹੀਂ ਸੀ, ਤੇ ਜਿਨ੍ਹਾਂ ਨੂੰ ਉਹ ਧਾਰਮਿਕ ਅਕੀਦੇ ਵਾਂਗ ਪਿਆਰਦਾ ਸੀ। ਮਰਨ ਵੇਲੇ ਤੱਕ ਉਨ੍ਹਾਂ ਨੂੰ ਮਿਲਣ ਦੀ ਤਾਂਘ ਲਈ ਤੜਪਦਾ ਰਿਹਾ।
— ਬਾਬੂ ਕਹੇ ਜਗਮੇਲ, ਬਸੰਤ, ਠਾਣਾ, ਪਿਆਰੇ ਸ਼ਿਸ਼ ਕੁਰਾਨ ਦੀ ਆਇਤ ਮੇਰੀ।
ਉਸ ਨੂੰ ਸ਼ਾਗਿਰਦਾਂ ਤੋਂ ਬਹੁਤ ਆਸਾਂ ਸਨ, ਕੁਛ ਪੂਰੀਆਂ ਹੋਈਆਂ, ਕੁਛ ਅਜੇ ਵੀ ਅਧੂਰੀਆਂ ਹਨ।
— ਪੰਜ ਚਾਰ ਸਾਲ ਮੇਲਿਆਂ ਤੇ ਗਾਉਣਗੇ।
ਫੇਰ`ਬਾਬੂ ਸਾਹਬ` ਕਾਪੀਆਂ ਛਪਾਉਣਗੇ।
ਬਾਬੂ ਜੀ ਦੀ ਸਮੁੱਚੀ ਕਵੀਸ਼ਰੀ ਰਚਨਾ ਵਿੱਚੋਂ ਬਹੁਤੀ ਅਜੇ ਵੀ ਅਣ-ਛਪੀ ਪਈ ਹੈ। ਸਮਾਂ ਬੀਤਣ ਨਾਲ ਚਿੱਠੇ ਖਰੀਦਣ ਤੇ ਪੜ੍ਹਨ- ਸੁਨਣ ਦਾ ਰਿਵਾਜ, ਸਭਿਆਚਾਰ ਦੇ ਦੂਜੇ ਸਦਾਚਾਰੀ ਗੁਣਾਂ ਵਾਂਗ ਅਲੋਪ ਹੋ ਗਿਆ ਹੈ। ਰਜਬ ਅਲੀ ਆਪਣੇ ਆਪ ਨੂੰ ਹਲੀਮੀ ਨਾਲ ਕਵੀਸ਼ਰੀ ਵਿੱਚ ਹੇਠਲਾ ਦਰਜਾ ਹੀ ਦਿੰਦਾ ਹੈ।
— ਰਜਬ ਅਲੀ ਜੈਸਾ ਨਾ ਅਕਲਹੀਣ ਸ਼ਾਇਰ ਕੋਈ,
ਵਾਰਸ ਸ਼ਾਹ ਦੀ ਹੀਰ ਦੇ ਸਮਾਨ ਕੋਈ ਚਿੱਠਾ ਨਾ।
ਪਰ ਆਪਣੇ ਸਮਕਾਲੀਨ ਕਵੀਸ਼ਰਾਂ ਨੂੰ ਵੀ ਥਾਂ-ਸਿਰ ਰਖਦਾ ਹੈ।
— ਤਿਹੁੰ ਜਣਿਆਂ ਦੇ ਛੰਦ ਹਾਸਰਸ ਦਾ ਨਮੂਨਾ ਇੱਕੋ,
ਬਾਬੂ ਜੀ ਤੇ ਮਾਘੀ ਸਿਉਂ ਮਰ੍ਹਾਝ ਵਾਲੇ ਚੰਦ ਦਾ।
ਰਜਬ ਅਲੀ ਨੇ ਬੇਸ਼ੱਕ ਸਾਰੇ ਕਵੀਸ਼ਰਾਂ ਨਾਲੋਂ ਛੰਦਾਂ ਦੀਆਂ ਵੱਧ ਵੰਨਗੀਆਂ ਵਿੱਚ ਕਿੱਸਾ-ਕਾਵਿ ਦੀ ਰਚਨਾ ਕੀਤੀ ਹੈ। ਕਿੱਸਾ ਰਚਣ ਲੱਗਿਆਂ ਕਿਤੇ ਵੀ ਕਥਾ ਜਾਂ ਪ੍ਰਸੰਗ ਦੀ ਲੜੀ ਨਹੀਂ ਟੁੱਟਣ ਦਿੱਤੀ। ਉਤਸੁਕਤਾ ਅਤੇ ਲਗਾਤਾਰਤਾ ਨੂੰ ਕਾਇਮ ਰਖਦਾ ਹੋਇਆ ਮਨੋਰੰਜਨ ਅਤੇ ਹਾਸ ਰਸ ਪਾ ਕੇ ਅਕੇਵਾਂ ਨਹੀਂ ਆਉਣ ਦਿੰਦਾ। ਮੌਕੇ ਮੁਤਾਬਕ ਵਿਦਵਤਾ `ਚੋਂ ਟੁੱਭੀ ਲਾ ਕੇ ਕਈ ਥਾਈਂ ਗਿਆਨ ਦਾ ਕਮਾਲ ਦਾ ਪ੍ਰਗਟਾਵਾ ਕੀਤਾ ਹੈ। ਕਿਸੇ ਔਰਤ ਦੇ ਸੁਹੱਪਣ ਨੂੰ ਸਾਕਾਰ ਕਰਨਾ ਹੋਵੇ, ਭਾਂਤ-ਭਾਂਤ ਦੇ ਪਕਵਾਨ ਗਿਨਾਉਣੇ ਹੋਣ, ਕਿਸੇ ਕਿਰਿਆ ਲਈ ਉੱਘੇ ਦੇਸ਼ਾਂ ਦੇ ਨਾਮ ਲੈਣੇ ਹੋਣ, ਵਿਆਹ- ਸ਼ਾਦੀ ਵੇਲੇ ਦੀਆਂ ਤਿਆਰੀਆਂ ਦੀ ਝਲਕ ਵਿਖਾਉਣੀ ਹੋਵੇ, ਹਾਰ-ਸ਼ਿੰਗਾਰ ਤੇ ਗਹਿਣਿਆਂ ਦੀ ਸੂਚੀ ਘੜਨੀ ਹੋਵੇ, ਬਾਗ ਅੰਦਰ ਵੇਲਾਂ, ਬੂਟਿਆਂ, ਦਰਖਤਾਂ, ਫੁੱਲਾਂ, ਫਲਾਂ ਦਾ ਵਰਨਣ ਕਰਨਾ ਹੋਵੇ, ਸਬਜ਼ੀਆਂ ਗਿਨਾਉਣੀਆਂ ਹੋਣ, ਪਿੰਡਾਂ ਦੇ ਰਸਤਿਆਂ-ਟਿਕਾਣਿਆਂ ਦਾ ਨਕਸ਼ਾ ਬੰਨ੍ਹਣਾ ਹੋਵੇ, ਬੰਦੂਕ ਵਰਗੇ ਹਥਿਆਰ ਦੀ ਤਕਨੀਕੀ ਬਣਤਰ ਬਿਆਨ ਕਰਨੀ ਹੋਵੇ ਜਾਂ ਕਿਸੇ ਭੂਗੋਲਿਕ ਸਥਿਤੀ ਨੂੰ ਉਜਾਗਰ ਕਰਨਾ ਹੋਵੇ, ਇਸ ਸਭ ਕਾਸੇ ਲਈ ਉਸ ਕੋਲ ਨਾ ਸ਼ਬਦਾਂ ਦੀ ਘਾਟ ਹੈ, ਨਾ ਜੁਗਾੜਬਾਜ਼ੀ ਦੀ, ਨਾ ਸ਼ਬਦਾਂ ਦੀ ਖੂਬਸੂਰਤ ਜੜਤ ਦੀ, ਤੇ ਨਾ ਪਿੰਗਲ ਦੇ ਨਿਯਮਾਂ ਦੇ ਨਿਭਾਅ ਦੀ ਕੋਈ ਕਮੀ ਹੈ। ਉਸ ਕੋਲ ਸਮਾਨ ਅਰਥ ਸ਼ਬਦ ਘੁੰਮਰ ਪਾਉਂਦੇ ਰਹਿੰਦੇ ਹਨ। ਲੋੜ ਮੁਤਾਬਕ ਸ਼ਬਦਾਂ ਨੂੰ ਸੰਵਾਰ, ਤਰਾਸ਼ ਤੇ ਘੜ ਲੈਂਦਾਹੈ। ਮਿਸਾਲ ਵਜੋਂ ਪਿੰਗਲ ਦੇ ਨਿਭਾਅ ਲਈ ਕਿਤੇ ਰਜਬ ਅਲੀ, ਕਿਤੇ ਰੱਜਬਲੀ, ਕਿਤੇ ਰੱਜਬਲੀ ਖ਼ਾਨ ਜਾਂ ਖ਼ਾਂ, ਕਿਤੇ ਬਾਬੂ, ਕਿਤੇ ਬਾਬੂ ਜੀ, ਕਿਤੇ ਬਾਬੂ ਸਾਹਬ ਬਣ ਜਾਂਦਾ ਹੈ। ਉਸ ਨੇ ਔਖੇ ਤੋਂ ਔਖੇ ਛੰਦਾਂ ਨੂੰ ਕਮਾਲ ਦੀ ਮੁਹਾਰਤ ਨਾਲ ਸਿਰਜਿਆ ਹੈ। ਬੜੇ ਕਠਿਨ ਤੇ ਦੁਰਲੱਭ ਸ਼ਬਦਾਂ ਦੇ ਤੁਕਾਂਤ ਵਾਲੇ ਲੰਮੇ ਛੰਦ ਰਚ ਕੇ ਆਪਣੀ ਕਾਵਿ-ਕਲਾ ਦਾ ਸਿੱਕਾ ਜਮਾਇਆ ਹੈ। ਬਾਬੂ ਜੀ ਨੇ ਪਿੰਗਲ ਦੀ ਹੱਦ-ਬੰਦੀ ਤੋਂ ਇਲਾਵਾ ਦੋ ਨਵੇਂ ਛੰਦ ਆਪਣੀ ਅਸਾਧਾਰਨ ਕਾਵਿ-ਬੁੱਧੀ ਨਾਲ ਨਵੀਆਂ ਤਰਜ਼ਾਂ ਵਿੱਚ ਕਾਵਿ-ਜਗਤ ਨੂੰ ਦਿੱਤੇ ਹਨ, ਜਿਨ੍ਹਾਂ ਦਾ ਨਿਭਾਅ ਜਣੇ-ਖਣੇ ਦੇ ਵੱਸ ਦੀ ਗੱਲ ਨਹੀਂ। ਇਹ ਹਨ ਬਾਬੂ ਚਾਲ ਛੰਦ ਤੇ ਬਹੱਤਰ ਕਲਾ ਛੰਦ। ਨਮੂਨੇ ਵਜੋਂ—
–– ਗੁੰਦਮਾਬਦਨ, ਚੱਕਮਾ ਜਿਆ ਨੱਕ ਨੀ,ਧੌਣ ਚਿੱਟੀ ਬੋਤਲੇ, ਤੇ ਕਪੋਲ ਰੱਤੇ ਨੀ।
ਚੀਤੇ ਵਾਂਗੂੰ ਪਤਲਾ ਮੁੱਠੀ ਕੁ ਲੱਕ ਨੀ, ਤੂੰ ਵਛੇਰੀ ਕੋਤਲੇ, ਮਾਰੇਂਗੀ ਦੁਲੱਤੇ ਨੀ।
ਆਗੀ ਹੋਸ਼ ਜਦੋਂ ਤੂੰ ਕਰੇਂਗੀ ਹੱਦ ਨੀ, ਲਾ ਸ਼ਿੰਗਾਰ ਤਾਜੇ ਨੂੰ, ਨਵੇਂ ਪਾਕੇ ਗਹਿਣੇ ਨੀ।
ਤੇਰਾ ਰੂਪ ਮਹਾਰਾਣੀਆਂ ਤੋਂ ਵੱਧ ਨੀ, ਪੱਟ ਦੇਂਗੀ ਰਾਜੇ ਨੂੰ, ਨਖਰੇਲੇ ਨੈਣੇ ਨੀ।
ਇਸ ਬਾਬੂ ਚਾਲ ਛੰਦ ਵਿੱਚ ਇੱਕੋ ਸਤਰ ਵਿੱਚ ਤਿੰਨ ਤੁਕਾਂਤ ਨਿਭਾਉਣੇ ਤੇ ਫਿਰ ਟੇਕ ਨਾਲ ਵੀ ਜੋੜਨਾ ਹੁਨਰ ਦੇ ਕਮਾਲ ਦੀ ਸਿਖਰ ਹੈ।
— ਬਾਗ਼ੀ ਕਰਨ ਬਗ਼ਾਵਤ ਜੀ,
ਰਲਣ ਤਿੰਨ ਕੌਮਾਂ, ਪਿਆ ਫੁੱਟ ਸੋਮਾਂ,
ਭਗਤ ਸਿੰਘ ਜੁਆਨ, ਕਰੂ ਨੁਕਸਾਨ,
ਅਰਜ਼ ਕਰੇ ਕਿੰਗ ਨੂੰ, ਪਿਛਾਂਹ ਨੂੰ ਹਟ ਲੋ।
ਭੇਜੇ ਤਾਰ ਵਾਇਸਰਾਏ ਜੀ,
ਨਵੇਂ ਉੱਠੇ ਛੋਹਰੇ, ਮਾਰਤੇ ਗੋਰੇ,
ਹੁਕਮ ਨਾ ਮੰਨਦੇ, ਛਾਉਣੀਆਂ ਪੱਟ ਲੋ।
ਇਹ ਬਹੱਤਰ ਚਾਲ ਛੰਦ ਜਿੱਥੇ ਲਿਖਣਾ ਔਖਾ ਹੈ ਉੱਥੇ ਗਾਉਣਾ ਵੀ ਕਿਸੇ ਬੂਰੀਆਂ ਚੁੰਘਣ ਵਾਲੇ ਦਾ ਹੌਸਲਾ ਹੈ।
ਰਜਬ ਅਲੀ ਪੇਸ਼ਾ ਵਰ ਕਵੀਆਂ ਵਾਂਗ ਕਿੱਸੇ ਦੇ ਦਰਮਿਆਨ ਪ੍ਰਸੰਗ ਲਿਖਦਾ ਹੋਇਆ ਕਿਤੇ ਆਪਣੀ ਜੀਵਨੀ ਨਾਲ ਸਬੰਧਤ ਟੋਟਕੇ ਦੇ ਜਾਂਦਾ ਹੈ, ਕਿਤੇ ਸ਼ਾਗਿਰਦਾਂਦੇ ਨਾਂ ਜੜ ਦਿੰਦਾ ਹੈ ਤੇ ਕਿਤੇ ਗਾਹੇ-ਬਗਾਹੇ ਆਪਣੀ ਮਾਤ-ਭੂਮੀ, ਸਾਹੋ ਦਾ ਜ਼ਿਕਰ ਉਸ ਤੋਂ ਆਪ-ਮੁਹਾਰੇ ਹੋ ਜਾਂਦਾ ਹੈ, ਬਿਲਕੁਲ ਇਉਂ ਜਿਵੇਂ ਮੋਘੇ `ਚੋਂ ਪਾਣੀ ਡਿਗਦਾ ਹੈ। ਕਿੱਸਾ ਜਾਨੀ ਚੋਰ ਵਿੱਚ ਇੱਕ ਥਾਂ ਇਉਂ ਲਿਖ ਜਾਂਦਾ ਹੈ–
ਰੱਜਬਲੀ ਕਵੀਸ਼ਰ ਦੀ, ਸਦਾ ਰਹੇ ਨਗਰੀ ਰੰਗਾਂ ਵਿੱਚ ਵਸਦੀ।
ਜੁਆਈ ਆ ਗਿਆ ਸੁਨਿਆਰਿਆਂ ਦੇ, ਕੁੜੀ ਅੱਖ ਮੀਚ ਮੀਚ ਕੇ ਹਸਦੀ।
ਇਸੇ ਤਰ੍ਹਾਂ ਕਿੱਸਾ ਰਾਜਾ ਰਤਨ ਸੈਣ ਵਿੱਚੋਂ ਵੰਨਗੀ–
ਭੂਰਾ ਗੱਲਾਂ ਕਰਦਾ ਖੜੋ ਕੇ ਰੋਹ ਦੀਆਂ।
ਸਾਡੇ ਯਾਦ ਕਾਪੀਆਂ ਬਣਾਈਆਂ ਉਹ ਦੀਆਂ।
ਰਜਬਲੀ ਬਾਬੂ ਨਹਿਰ ਦਾ ਰਿਟੈਰ ਹੈ।
ਮੇਰੇ ਨਾਲ ਰਾਜੇ ਦਾ ਪੁਰਾਣਾ ਵੈਰ ਹੈ।
ਤੇ ਕਿੱਸਾ ਗੁਰਨਾਮ ਰਾਊਕੇ ਵਿੱਚੋਂ–
ਸੋਹਣਾ ਕਿੱਸਾ ਰਚਤਾ ਲਗਾਕੇ ਰੀਝ ਨੂੰ।
ਯਾਦ ਕਰਵਾਤਾ ਫ਼ਤਹਿ ਖ਼ਾਂ ਅਜ਼ੀਜ਼ ਨੂੰ।
ਮੁੰਡੇ ਦੂਰ ਦੂਰ ਦੇ ਮੰਗਣ ਕਾਪੀਆਂ।
ਦੇਣ ਭੈਣਾਂ ਸੂਰਮੇ ਭਰਾ ਨੂੰ ਥਾਪੀਆਂ।
ਬਾਬੂ ਜੀ ਦੀ ਪਿੰਡਾਂ ਦੇ ਨਾਵਾਂ ਨੂੰ ਪਿੰਗਲ ਦੇ ਨਿਯਮਾਂ ਵਿੱਚ ਬੰਨ੍ਹ ਕੇ ਛੰਦਾਂ ਵਿੱਚ ਚਿਨਣ ਦੀ ਕਲਾ ਸਿਖਰ ਦੀ ਹੈ–
ਸੁੱਖ ਉਰੇ ਫ਼ੀਰੋਜ਼ਪੁਰੋਂ, ਮੁਕਤਸਰ, ਬੰਗਲੇ, ਬਠਿੰਡੇ, ਮੋਗੇ, ਫੂਲ, ਜਗਰਾਵੀਂ।
—– ਭਾਗਾਂ ਵਾਲਿਆਂ ਬੰਦਿਆਂ ਨੇ ਵੇਖੇ ਸਾਹੋ ਕੇ ਹਮਾਰੇ ਘਰ ਜੀ।
ਮਾੜੀ, ਮੱਲਕੇ, ਬੰਬੀਹੇ, ਸੇਖੇ, ਤੇ ਸਿਵੀਆਂ ਸਮਾਲਸਰ ਜੀ।
ਜੀਦਾ, ਵਾਂਦਰ, ਬੁਰਜ, ਠੱਠੀ ਨਾਲੇ ਬਾਬੂ ਕੋਲੇ ਬਰਗਾੜੀ ਦੇ।
ਰਜਬ ਅਲੀ ਖੇਡਾਂ ਦਾਸ਼ੌਕੀਨ ਅਤੇ ਮੱਲ ਅਖਾੜਿਆਂ ਦੀ ਜਾਨ ਸੀ। ਲੰਮੀ ਛਾਲ ਵਿੱਚ ਉਸ ਦੀ ਝੰਡੀ ਸੀ।
— ਜਦੋਂ ਮੈਂ ਤੇ ਅਰਜਣ ਨੇ ਮਾਰੀਆਂ ਸੇਖੇ ਝਿੜੀ ਛਲਾਂਗਾਂ।
ਮੈਨੂੰ ਉਠਦੇ ਬਹਿੰਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ।
ਸਾਹੋ ਨੂੰ, ਸ਼ਾਗਿਰਦਾਂ ਨੂੰ ਤੇ ਚੜ੍ਹਦੇ ਪੰਜਾਬ ਦੀ ਸਮੁੱਚੀ ਫ਼ਿਜ਼ਾ ਨੂੰ ਉਹ ਲਹਿੰਦੇ ਪੰਜਾਬ ਜਾ ਕੇ ਵੀ ਆਖ਼ਰੀ ਦਮ ਤੱਕ ਤਰਸਦਾ ਰਿਹਾ।
— ਮੈਨੂੰ ਰੱਖ ਲੋ ਨਗਰ ਮੇਂ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ।
ਬਾਬੂ ਜਾਣ ਦੇਵਣਾ ਨਾ, ਦਾਸ ਦੀ ਕਬਰ ਬਣਾ ਲੋ ਸਾਹੋ।
ਹੋਰ ਕਿਸੇ ਕਵੀ ਜਾਂ ਕਵੀਸ਼ਰ ਨੇ ਪੰਜਾਬੀ ਜ਼ਬਾਨ, ਜਨਮ-ਭੂਮੀ, ਸ਼ਾਗਿਰਦਾਂ ਜਾਂ ਆਪਣੇ ਲੋਕਾਂ ਨਾਲ ਮੋਹ ਦਾ ਏਨਾ ਜ਼ਬਰਦਸਤ ਦਿਲ-ਵਿੰਨ੍ਹਵਾਂ ਪ੍ਰਗਟਾਵਾ ਨਹੀਂ ਕੀਤਾ ਹੋਣਾ। ਇਹ ਵੀ ਉਸ ਦੀ ਸ਼ਾਇਰੀ ਦਾ ਹੀ ਇੱਕ ਉਘੜਵਾਂ ਪਹਿਲੂ ਹੈ।
ਮੁਸਲਮਾਨ ਵਰਿਆਮ ਰਾਜਪੂਤ ਧਮਾਲੀ ਖ਼ਾਂ ਅਤੇ ਮਾਂ ਜਿਉਣੀ ਦਾ ਇਹ ਚਾਰ ਭੈਣਾਂ ਮਗਰੋਂ ਜਨਮਿਆ ਇੱਕੋ-ਇੱਕ ਸਪੁੱਤਰ ਵਿੱਦਿਆ ਦੇ ਖੇਤਰ ਵਿੱਚ ਤਾਂ ਨਿੱਤਰਿਆ ਹੀ, ਸਗੋਂ ਬਤੌਰ ਨਹਿਰੀ ਓਵਰਸੀਅਰ ( ਬਾਬੂ ) ਬੜੀ ਇਮਾਨਦਾਰੀ, ਦਿਆਨਤਦਾਰੀ, ਮਿਹਨਤ, ਸਿਰੜ, ਅਤੇ ਲਗਨ ਨਾਲ ਸਰਕਾਰੀ ਨੌਕਰੀ ਕੀਤੀ। ਉਨ੍ਹਾਂ ਵੇਲਿਆਂ ਵਿੱਚ ਨਵੇਂ ਰਜਬਾਹੇ, ਕੱਸੀਆਂ ਨਿਕਲ ਰਹੇ ਸਨ, ਨਵੇਂ ਮੋਘੇ ਲੱਗ ਰਹੇ ਸਨ, ਸਦੀਆਂ ਤੋਂ ਬਰਾਨੀ ਪਏ ਬੰਜਰ ਖੇਤਾਂ ਦੀ ਸੁੱਕੀ ਹਿੱਕ ਤੇ ਪਾਣੀ ਫੇਰ ਕੇ ਤਰਸਦੀਆਂ ਜ਼ਮੀਨਾਂ ਨੂੰ ਹਰਾ ਭਰਿਆ ਬਣਾਇਆ ਜਾ ਰਿਹਾ ਸੀ। ਹਰੀ ਕਰਾਂਤੀ ਦੇ ਇਸ ਮੁੱਢਲੇ ਦੌਰ ਵਿੱਚ ਬਾਬੂ ਜੀ ਦੀ ਵੱਖਰੀ, ਅਨੋਖੀ ਤੇ ਵਡਮੁੱਲੀ ਇਤਿਹਾਸਕ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਸ ਦਾ ਇਹ ਕਾਰਜ ਵੀ ਉਸ ਦੀ ਸ਼ਾਇਰੀ ਦੀ ਕਰਮ ਭੂਮੀ, ਪਿੱਠ- ਕਥਾ ਤੇ ਪ੍ਰੇਰਨਾ ਬਣ ਕੇ ਉਸ ਵਿੱਚ ਰਲਗੱਡ ਹੋ ਗਿਆ। ਉਸ ਦੀ ਸ਼ਖ਼ਸੀਅਤ ਦਾ ਇੱਕ ਹੋਰ ਮਹੱਤਵਪੂਰਨ ਪੱਖ ਉਸ ਦੀ ਵਤਨ ਪ੍ਰਸਤੀ ਅਤੇ ਆਜ਼ਾਦੀ ਦੀ ਤਾਂਘ ਸੀ। ਉਸ ਨੇ ਸਰਕਾਰੀ ਅਫ਼ਸਰ ਹੁੰਦਿਆਂ ਅੰਗ੍ਰੇਜ਼ੀ ਸਾਮਰਾਜ ਵਿਰਵੁੱਧ ਚਲ ਰਹੀ ਆਜ਼ਾਦੀ ਦੀ ਲੜਾਈ ਵਿੱਚ ਬੇ-ਬਾਕ ਲਿਖਤਾਂ ਰਾਹੀਂ ਵਰਨਣਯੋਗ ਹਿੱਸਾ ਪਾਇਆ। ਇਸ ਦਾ ਖ਼ਮਿਆਜ਼ਾ ਉਸ ਨੂੰ ਤਰੱਕੀ ਵਿੱਚ ਰੋਕ ਦੀ ਸ਼ਕਲ ਵ੍ੱਚ ਭੁਗਤਣਾ ਪਿਆ ਤੇ ਅਣਖੀ ਪੰਜਾਬੀ ਨੇ ਸਮੇਂ ਤੋਂ ਪਹਿਲਾਂ ਸੇਵਾ-ਮੁਕਤੀ ਲੈ ਲਈ।
— ਥੋਡਾ ਧੰਨ ਲੁੱਟ ਕੇ ਬਣਾਲੇ ਬੰਗਲੇ, ਬਲੈਤ ਵਾਲੇ ਗੋਰਿਆਂ ਨੇ।
ਉਸ ਨੇ ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਉਚੇਚੇ ਤੌਰ ਤੇ ਕਿੱਸਾ ਲਿਖਿਆ। ਮੁਸਲਮਾਨੀ ਸ਼ਰੀਅਤ ਦੀ ਪੂਰੀ ਪਾਲਣਾ ਕਰਨ ਵਾਲਾ ਰਜਬ ਅਲੀ ਆਪਣੇ ਕਾਰ ਵਿਹਾਰ ਅਤੇ ਰਚਨਾ ਧਰਮ ਨੂੰ ਧਰਮ-ਨਿਰਪੇਖ ਹੋ ਕੇ ਨਿਭਾਉਂਦਾ ਰਿਹਾ।
— ਨਾਮ ਰੱਬ ਦਾ ਜਪ ਕੇ ਤੇ ਰਜਬਲੀ ਰਖਦਾ ਦਿਲਾਂ ਨੂੰ ਮਾਂਜੀ, ਧਰਮ ਦਾ ਸੋਮਾਂ।
ਸਿਆਣੇ ਮੰਨਦੇ ਉਸੇ ਨੂੰ ਜੀ, ਸ਼ਾਇਰ ਜਿਹੜਾ ਨਜ਼ਮ ਬਣਾਵੇ ਸਾਂਝੀ, ਸੁਣਨ ਤਿੰਨ ਕੌਮਾਂ।
ਰਜਬ ਅਲੀ 15 ਮਾਰਚ ਤੋਂ 26 ਮਾਰਚ 1965 ਤੱਕ ਪਾਕਿਸਤਾਨੋਂ ਸਾਹੋ ਕੇ ਆਇਆ ਤਾਂ ਮੇਲੇ ਵਰਗੀਆਂ ਰੌਣਕਾਂ ਲੱਗੀਆਂ ਰਹੀਆਂ। ਕਵੀਸ਼ਰਾਂ ਨੇ ਗੌਣ ਦੇ ਅਖਾੜੇ ਲਾਏ। ਇੱਥੇ ਉਸ ਦੀ ਮਾਂ ਜਿਉਣੀ ਦੀ ਕਬਰ ਹੈ। ਬਾਬੂ ਜੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਏਥੇ ਮੇਰੀਆਂ ਦੋ ਮਾਵਾਂ ਹਨ- ਮੇਰੀ ਜਨਮ-ਭੂਮੀ ਤੇ ਮੇਰੀ ਜਨਮ-ਦਾਤੀ। ਉਸ ਨੇ ਆਪਣੀ ਸ਼ੁਹਰਤ ਦਾ ਸਿਹਰਾ ਆਪਣੀ ਮਾਂ ਨੂੰ ਦਿੱਤਾ–
ਐਸਾ ਤਾਂ ਮੈਂ ਕੁੱਝ ਨਹੀਂ ਕੀਤਾ ਮਿਲੀਆਂ ਜੋ ਵਡਿਆਈਆਂ,
ਇਹ ਤਾਂ ਕੀਤੀਆਂ ਮੇਰੀ ਮਾਂ ਦੀਆਂ, ਮੇਰੇ ਕੰਮ ਦੁਆਵਾਂ ਆਈਆਂ।
ਜਦੋਂ 15 ਮਾਰਚ ਨੂੰ ਵਾਹਗਾ ਬਾਰਡਰ ਟੱਪ ਕੇ ਅੰਮ੍ਰਿਤਸਰ ਵਿਖੇ ਆਇਆ ਤਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ, ਪਰਿਕਰਮਾ ਵਿੱਚ ਬੈਠ ਕੇ ਜੋ ੰਹਿਮਾ ਦੋਤਾਰਾ ਛੰਦ ਵਿੱਚ ਅੰਕਿਤ ਕੀਤੀ, ਉਹ ਕਿਸੇ ਹੋਰ ਦੇ ਲਿਖਣ ਦੇ ਹਿੱਸੇ ਨਹੀਂ ਆਈ।
— ਇਸ ਮੰਦਰ ਸੁਨਹਿਰੀ ਤੇ, ਗਿਰਦੀਆਂ ਚੰਦ ਸੂਰਜ ਤੋਂ ਕਿਰਨਾ।
ਬਣੇ ਅਜਬ ਸੀਨਰੀ ਜੀ, ਸਿਓਨੇ ਨਾਲ ਟੱਕਰ ਜਲਾਂ ਪਰ ਗਿਰਨਾ।
ਫੜ ਪਟਕੇ ਰੇਸ਼ਮ ਦੇ, ਏਸ ਦਾ ਲਾਹੁਣ ਫ਼ਰਿਸ਼ਤੇ ਗਰਦਾ।
ਹਰਿਮੰਦਰ ਸੁਨਹਿਰੀ ਜੀ, ਦੂਰ ਤੋਂ ਜਗਮਗ ਜਗਮਗ ਕਰਦਾ।
ਰਜਬ ਅਲੀ ਦੀ ਪੰਜਾਬੀ ਸਾਹਿਤ ਜਗਤ ਨੂੰ ਇੱਕ ਹੋਰ ਵੱਡੀ ਦੇਣ ਇਹ ਹੈ ਕਿ ਉਸ ਨੇ ਪੰਜਾਬੀ ਸ਼ਬਦਾਂ ਦਾ ਅਥਾਹ ਭੰਡਾਰ ਸੰਭਾਲ ਕੇ ਇਨ੍ਹਾਂ ਨੂੰ ਅਲੋਪ ਹੋਣ ਤੋਂ ਬਚਾ ਲਿਆ। ਕਿਸੇ ਵੀ ਸਾਹਿਤਕਾਰ ਜਾਂ ਪੰਜਾਬੀ ਪ੍ਰੇਮੀ ਲਈ ਇਹ ਵਡਮੁੱਲਾ ਸੋਮਾ ਅਤੇ ਤੋਹਫ਼ਾ ਹਨ। ਉਸ ਦੇ ਪੰਜਾਬੀ ਪ੍ਰਤੀ ਪ੍ਰੇਮ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਿਤਾਵਨੀ ਭਰੀ ਇਹ ਨਸੀਹਤ ਅੱਖੋਂ ਪ੍ਰੋਖੇ ਨਹੀਂ ਕੀਤੀ ਜਾ ਸਕਦੀ–
ਬਾਬੂ ਜੀ ਪੰਜਾਬੀ ਫਿਰੇ ਸਿਖਦਾ ਜ਼ਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ।
ਰਜਬ ਅਲੀ ਖ਼ਾਨ 10 ਅਗਸਤ, 1894 ਨੂੰ ਹੁਣ ਦੇ ਮੋਗਾ ਜ਼ਿਲੇ ਦੇ ਪਿੰਡ ਸਾਹੋ ਕੇ ਜੰਮਿਆਂ, 1947 ਨੂੰ ਦੇਸ਼ ਵੰਡ ਸਮੇਂ ਪਾਕਿਸਤਾਨ ਦੇ ਬੱਤੀ ਚੱਕ, ਅਕਾੜੇ, ਜਾ ਟਿਕਿਆ। ਜੂਨ, 1979 ਦੀ ਪਹਿਲੀ ਤਰੀਕ ਵਾਲੇ ਦਿਨ ਆਖ਼ਰੀ ਰਚਨਾ-14 ਸਤਰੀ ਬੈਂਤ ਲਿਖੀ–ਰਜਬਅਲੀ ਤੂੰ ਰੋਜ਼ ਉਡੀਕ ਰੱਖੀਂ, ਤੈਨੂੰ ਆਵਣੀ ਮੌਤ ਦੀ ਤਾਰ ਬੀਬਾ। ਇਹ ਭਵਿੱਖਬਾਣੀ ਹੋ ਨਿੱਬੜੀ। ਛੇ ਜੂਨ ਨੂੰ ਚੰਗਾ ਭਲਾ ਭਰੇ ਪਰਿਵਾਰ ਦੀ ਹਾਜ਼ਰੀ ਦਰਮਿਆਨ ਇਸ ਰੰਗਲੇ ਜਹਾਨ ਨੂੰ ਉਦੋਂ ਆਖ਼ਰੀ ਅਲਵਿਦਾ ਕਹਿ ਗਿਆ ਜਦੋਂ ਸੂਰਜ ਦੀ ਟਿੱਕੀ ਵੀ ਬਰਦਾਸ਼ਤ ਨਾ ਕਰ ਸਕੀ ਤੇ ਲਾਲੀ ਬਿਖੇਰਦੀ ਹੋਈ ਦਿਸਹੱਦੇ ਪੁਰ ਅਲੋਪ ਹੋ ਗਈ। ਬਾਬੂ ਜੀ ਦੀ ਰੂਹ ਪਤਾ ਨਹੀਂ ਤਾਰਾ ਬਣੀ ਕਿ ਨਹੀਂ ਪਰ ਉਹ ਸਾਡਾ ਅਲਬੇਲਾ ਸ਼ਾਇਰ ਕਵੀਸ਼ਰੀ ਦਾ ਧਰੂ ਤਾਰਾ ਬਣ ਕੇ ਪੰਜਾਬੀ ਜਗਤ ਦੇ ਵਿਸ਼ਾਲ ਆਕਾਸ਼ ਵਿੱਚ ਹਮੇਸ਼ਾ ਹਮੇਸ਼ਾ ਲਈ ਚਮਕਦਾ ਰਹੇਗਾ।
ਪੰਜਾਬ ਦੇ ਅਲਬੇਲੇ ਸ਼ਾਇਰ ਸ਼੍ਰੋਮਣੀ ਕਵੀਸ਼ਰ ਬਾਬੂ ਰਜਬ ਅਲੀ ਖ਼ਾਨ ਦਾ ਜਨਮ 10 ਅਗਸਤ, 1894 ਨੂੰ ਹੋਇਆ ਸੀ। ਉਸ ਦੇ ਜਨਮ ਦਿਹੜੇ ਤੇ ਸਿਜਦਾ ਕਰਨ ਲਈ ਆਪਣੇ ਨਿਵੇਕਲੇ ਅੰਦਾਜ਼ ਵਿਚ ਇਉਂ ਯਾਦ ਕਰਦਾ ਹਾਂ — ਜਗਦੇਵ ਸਿੱਧੂ
ਧਮਾਲੀ ਖ਼ਾਂ ਦੇ ਇਹ ਪੁੱਤਰ ਨਾ ਹੁੰਦਾ, ਜਿਉਣੀ ਜੇ ਪੈਰਾਂ ਤੋਂ ਭਾਰੀ ਨਾ ਹੁੰਦੀ।
ਬਣਨਾ ਨਹੀਂ ਸੀ ਉਹ ਨਹਿਰਾਂ ਦਾ ਬਾਬੂ, ਜੇ ਪੜ੍ਹ ਕੇ ਰਸੂਲੋਂ ਤਿਆਰੀ ਨਾ ਹੁੰਦੀ।
ਬਣਨਾ ਸੀ ਕਾਹਨੂੰ ਰਜਬਲੀ ਨੇ ਕਵੀਸ਼ਰ, ਜੇ ਸਾਹੋ ਦੀ ਧਰਤੀ ਨਿਆਰੀ ਨਾ ਹੁੰਦੀ।
ਉਹਦੀ ਕਵੀਸ਼ਰੀ ਨਾ ਮਕਬੂਲ ਹੁੰਦੀ, ਪੰਜਾਬੀ ਜੇ ਮਿੱਠੀ ਪਿਆਰੀ ਨਾ ਹੁੰਦੀ।
ਤਰਜ਼ਾਂ ਤੇ ਛੰਦਾਂ ਦੀ ਛਹਿਬਰ ਨਾ ਲਗਦੀ, ਚੜ੍ਹੀ ਜੇ ਉਸ ਨੂੰ ਖ਼ੁਮਾਰੀ ਨਾ ਹੁੰਦੀ।
ਖ਼ਾਨ ਨੂੰ ਬਾਬੂ ਜੀ ਕਹਿਣਾ ਸੀ ਕਿਸ ਨੇ, ਜੇ ਮੋਘਿਆਂ ਦੇ ਪਾਣੀ ਦੀ ਵਾਰੀ ਨਾ ਹੁੰਦੀ।
ਜਾਂਦਾ ਕਦੇ ਨਾ ਉਹ ਸਾਹੋ ਨੂੰ ਛੱਡ ਕੇ, ਲਕੀਰ ਜੇ ਵਾਘੇ ਦੀ ਮਾਰੀ ਨਾ ਹੁੰਦੀ।
ਚੇਲਿਆਂ ਚਹੇਤਿਆਂ ਨੂੰ ਯਾਦ ਨਾ ਕਰਦਾ, ਜੇ ਬਿਰਹਾ ਦੀ ਅੰਦਰ ਚਿੰਗਾਰੀ ਨਾ ਹੁੰਦੀ।
ਮੌਤ ਵੀ ਬਣ ਕੇ ਫ਼ਰਿਸ਼ਤਾ ਨਾ ਆਉਂਦੀ, ਜੇ ਆਇਤ-ਏ-ਕੁਰਾਨ ਉਚਾਰੀ ਨਾ ਹੁੰਦੀ।
ਵਿਰਸਾ ਪੰਜਾਬੀ ਕਦੇ ਵੀ ਨਾ ਭੁਲਦੇ, ਜੇ ਏਦਾਂ ਕਵੀਸ਼ਰੀ ਵਿਸਾਰੀ ਨਾ ਹੁੰਦੀ।
ਪੁੱਛਣਾ ਸੀ ਏਥੇ ਕਵੀਸ਼ਰੀ ਨੂੰ ਕਿਸ ਨੇ, ਰੇਡੀਓ ਨੇ ਜੇਕਰ ਪਰਸਾਰੀ ਨਾ ਹੁੰਦੀ।
ਰੈੱਡ-ਐਫ-ਐਮ ਤੇ ਗਾਈ ਨਾ ਜਾਂਦੀ, ਜੇ ਗਿੱਲ ਤੇ ਨਾਗਰ ਦੀ ਯਾਰੀ ਨਾ ਹੁੰਦੀ।
ਜਗਦੇਵ ਨੂੰ ਛੰਦਾਂ ਦੀ ਗੁੜ੍ਹਤੀ ਨਾ ਮਿਲਦੀ, ਜੇ ਬਾਪੂ ਦੀ ਕਾਵਿ-ਕਿਆਰੀ ਨਾ ਹੁੰਦੀ। ।। 13 ।।
