ਸਾਬਕਾ ਤਹਿਸੀਲਦਾਰ
ਲਹਿਰਾ ਮੁਹੱਬਤ (ਬਠਿੰਡਾ)
ਡੋਨਾਲਡ ਟਰੰਪ ਇੱਕ ਗੈਂਗੈਸਟਰ ਸ਼ਾਸਕ ਹੈ,ਜਿਸਦੀ ਭਾਸ਼ਾ ਵੀ ਗੈਂਗੈਸਟਰ ਵਾਲੀ ਹੈ। ਅਕਲ ਧੇਲੇ ਦੀ ਨਹੀਂ । ਪਿਉ ਦਾ ਅਮਰੀਕਾ ਨਾਲ ਠੱਗੀ ਕਰਕੇ ਕਮਾਇਆ ਗਿਆ ਪੈਸਾ ਕਬਜੇ ਹੇਠ ਆ ਗਿਆ। ਹਰ ਕਿਸਮ ਦੇ ਪੁੱਠੇ ਕੰਮ ਵੀ ਪੈਸੇ ਨੇ ਢਕ ਲਏ। ਫਿਰਕੂ ਅਤੇ ਫਿਤੂਰੀ ਲੋਕਾਂ ਦੀਆਂ ਇੱਕ ਪਾਸੜ ਵੋਟਾਂ ਅਤੇ ਬਾਕੀਆਂ ਵਿੱਚੋਂ ਗੁਮਰਾਹ ਕੁਨ ‘ਮਾਗਾ’ ( ਮੇਕ ਅਮਰੀਕਾ ਗਰੇਟ ਅਗੇਨ) ਦੇ ਝਾਂਸੇ ਵਿੱਚ ਬਹੁਮਤ ਮਿਲ ਗਿਆ ਤੇ ਬਣ ਬੈਠਾ ਖੁਦਾ। ਪੋਪ ਦੀ ਬੇਇੱਜਤੀ ਵੀ ਕੀਤੀ ਤੇ ਈਸਾ ਮਸੀਹ ਦੀ ਵੀ ਬੇ ਹੁਰਮਤੀ ਕੀਤੀ। ਬਾਂਦਰ ਦੇ ਹੱਥ ਬਾਰੂਦ ਤੇ ਮਾਚਿਸ। ਇੱਕ ਸੱਭਿਅਤਾ ਮਿਟਾਉਣ ਤੇ ਉਤਾਰੂ। ਜੇ ਅਮਰੀਕਨ ਡੀਫੈਂਸ ਵਾਲਿਆਂ ਸਿਆਣਪ ਵਰਤ ਕੇ ਇਸ ਨੂੰ ਡੀਫੈਂਸ ਦੀ ਮੀਟਿੰਗ ਚੋਂ ਬਾਹਰ ਨਾ ਕੱਢਿਆ ਹੁੰਦਾ ਤਾਂ ਇਹ ਮਨੁੱਖਤਾ ਦਾ ਘਾਣ ਕਰ ਦਿੰਦਾ। ਪਰ ਅਜੇ ਵੀ ਇਸ ਦਾ ਕੋਈ ਇਤਬਾਰ ਨਹੀਂ। ਇਸਦੀ ਸ਼ਕਲ ਵੀ ਭੈੜੀ, ਸੋਚ ਵੀ ਭੈੜੀ। ਸੌਣ ਵੇਲੇ, ਜਾਗਣ ਵੇਲੇ, ਦਿਨ ਵੇਲੇ, ਰਾਤ ਵੇਲੇ, ਬ੍ਰੇਕ ਫਾਸਟ ਵੇਲੇ,ਲੰਚ ਵੇਲੇ, ਡਿਨਰ ਵੇਲੇ, ਖੁਸ਼ੀ ਵੇਲੇ ਅਤੇ ਗਮ ਵੇਲੇ ਇਸਦਾ ਚਿਹਰਾ ਸਿਵੇ ਦੀ ਚੁੱਪ ਵਰਗਾ ਰਹਿੰਦੈ। ਜਦ ਵੀ ਬੋਲਦੈ, ‘ ਮੁਰਦਾ ਬੋਲੂ,ਖੱਫਣ ਫਾੜੂ’ ਵਾਲੀ ਗੱਲ।
ਇੱਕ ਦਿਨ ਪਹਿਲਾਂ ਬੋਲਿਆ, ‘
ਭਾਰਤ ਅਤੇ ਚੀਨ ਨਰਕ ਦੇ ਦਰਵਾਜੇ, ਭਾਰਤੀ ਲੋਕ ਲੈਪਟਾਪ ਵਾਲੇ ਗੁੰਡੇ। ‘
ਇਹ ਡੋਨਾਲਡ ਟਰੰਪ ਹੈ ਨਾ ਜੋ, ਇਤਿਹਾਸ ਤਾਂ ਇਸਨੇ ਪੜ੍ਹਿਆ ਨਹੀਂ। ਭਾਰਤ ਤੇ ਚੀਨ ਵਿਸ਼ਵ ਦੀਆਂ ਪੁਰਾਣੀਆਂ ਤੇ ਉੱਚ ਕੋਟੀ ਦੀਆਂ ਅਮੀਰ ਵਿਰਸੇ ਵਾਲੀਆਂ ਸਭਿਅਤਾਵਾਂ ਵਾਲੇ ਦੇਸ਼ ਹਨ। ਇਹ ਵੱਖਰੀ ਗੱਲ ਹੈ ਕਿ ਭਾਰਤ ਦੀ ਮੌਜੂਦਾ ਸਰਕਾਰ ਦੇ ਸ਼ਾਇਦ ਕੁਕਰਮਾਂ ਦੇ ਪਰਦੇ ਦੀ ਚਾਬੀ ਟਰੰਪ ਦੀਆਂ ਏਜੰਸੀਆਂ ਪਾਸ ਹੋਣ ਕਾਰਨ ਚੁੱਪ ਹੈ। ਨਹੀਂ ਟਰੰਪ ਨੂੰ ਜਵਾਬ ਤਾਂ ਦੇਣਾ ਬਣਦਾ ਸੀ। ਕੋਈ ਗੱਲ ਨਹੀਂ ਸਰਕਾਰ ਚੁੱਪ ਹੈ ਤਾਂ ਮੈਂ ਦੱਸ ਦਿੰਦਾ ਹਾਂ ਕਿ ਭਾਰਤ ਜਾਂ ਚੀਨ ਨਰਕ ਦੇ ਦਰਵਾਜੇ ਨਹੀਂ ,ਨਰਕ ਦੇ ਦਰਵਾਜੇ ਉਹ ਖੇਤਰ ਸਨ ,ਜਿੱਥੋਂ ਤੁਹਾਡੇ (ਡੋਨਾਲਡ ਟਰੰਪ ਦੇ) ਦਾਦੇ ਭੱਜ ਕੇ ਅਮਰੀਕਾ ਆਏ।
ਆਉ ਟਰੰਪ ਸਾਹਿਬ ਦੱਸੀਏ ਕਿ ਤੁਹਾਡੇ ਪਿਛੋਕੜ ਵਾਲਾ ਖੇਤਰ ਤੁਹਾਡੇ ਖਾਨਦਾਨ ਲਈ ਨਰਕ ਕਿਵੇਂ ਸੀ ?
ਤੁਹਾਡਾ ਪਿਛੋਕੜ ਰਾਇਨੇਲੈਂਡ- ਪਲਾਟੀਨੇਟ ਖੇਤਰ ਹੈ। ਇਹ ਉਸ ਸਮੇਂ ਦੇ ਬਾਵੇਰੀਆ ਰਾਜ ਅਤੇ ਫਰਾਂਸ ਦੀ ਹੱਦ ਤੇ ਸੀ। ਤੁਹਾਡੇ ਬਜੁਰਗ ਲੁਥੇਰੀਅਨ ਸਨ ਜੋ ਉਸ ਵੇਲੇ ਵੀ ਪੋਪ ਵਿਰੋਧੀ ਸਨ। ਤੁਹਾਨੂੰ ਪੋਪ ਸਮੱਰਥਕ, ਫਰੈਂਚ ਸਾਮਰਾਜ ਅਤੇ ਬਾਵੇਰੀਆ ਤਿੰਨੋਂ ਹੀ ਬੇਇੱਜ਼ਤ ਕਰਦੇ ਸਨ। ਖੇਤੀ ਨਾਲ ਥੋਡਾ ਗੁਜਾਰਾ ਨਹੀਂ ਸੀ ਹੁੰਦਾ ਤੇ ਤੁਹਾਡਾ ਪੜਦਾਦਾ ਵੱਡੇ ਕਰਜੇ ਅਤੇ ਲੰਬੀ ਬੀਮਾਰੀ ਦਾ ਇਲਾਜ ਨਾ ਹੋਣ ਕਾਰਨ ਮਰਿਆ। ਇਸ ਤੋਂ ਵੱਡਾ ਨਰਕ ਕਿਸੇ ਲਈ ਕੀ ਹੋ ਸਕਦਾ ਹੈ। ਇਸ ਨਰਕ ਚੋਂ ਨਿਕਲਣ ਲਈ ਤੁਹਾਡਾ ਦਾਦਾ ਫਰੈੱਡਰਿਕ ਟਰੰਪ ਬਾਵੇਰੀਆ ਦੀ ਲਾਜਮੀ ਫੌਜੀ ਭਰਤੀ ਤੋਂ ਡਰਦਾ ਅਠਾਰਾਂ ਸਾਲ ਦੀ ਉਮਰ ਵਿੱਚ ਕੈਂਚੀ-ਕੰਘਾ ਲੈਕੇ, ਬਿਨਾ ਆਪਣੇ ਬਾਪ ਦਾ ਕਰਜਾ ਉਤਾਰੇ ਚੋਰੀਓਂ ਸਮੁੰਦਰੀ ਜਹਾਜ ਵਿੱਚ ਚੜ੍ਹ ਕੇ ਅਮਰੀਕਾ ਆ ਗਿਆ। ਕੈਂਚੀ- ਕੰਘਾ ਇਸ ਲਈ ਕਿਉਂਕਿ ਖੇਤੀ ਦਾ ਕੰਮ ਉਹ ਕਰ ਨੀ ਸੀ ਸਕਦਾ; ਤੇ ਨਾਈ ਦਾ ਕੰਮ ਉਸਨੇ ਸੋਲਾਂ ਤੋਂ ਅਠਾਰਾਂ ਸਾਲ ਦੀ ਉਮਰ ਤੱਕ ਕੀਤਾ ਸੀ। ਬਾਵੇਰੀਆ ਨਰਕ ਹੀ ਤਾਂ ਸੀ ਤੁਹਾਡੇ ਖਾਨਦਾਨ ਲਈ, ਜਿੱਥੇ ਥੋਡੀਆਂ ਕਈ ਪੀੜ੍ਹੀਆਂ ਦੀ ਜਿੰਦਗੀ ਭੁੱਖਮਰੀ, ਗੁਰਬਤ, ਕਰਜੇ ਅਤੇ ਜਿੱਲਤ ਚ ਲੰਘੀ ਸੀ।
ਤੁਹਾਡੇ ਦਾਦੇ ਨੇ ਕੈਂਚੀ-ਕੰਘੇ ਨਾਲ ਅਮਰੀਕਾ ਚ ਨਾਈ ਦਾ ਕੰਮ ਕੀਤਾ ਅਤੇ ਹਰ ਤਿੰਨ-ਚਾਰ ਮਹੀਨੇ ਬਾਅਦ ਰਿਹਾਇਸ਼ ਬਦਲ ਲੈਂਦਾ ਸੀ ਤਾਂ ਕਿ ਬਾਵੇਰੀਆ ਤੋਂ ਭਗੌੜਾ ਹੋਣ ਕਾਰਨ ਕੋਈ ਉਸਨੂੰ ਫੜਨ ਨਾ ਆ ਜਾਵੇ। ਫਿਰ ਤੁਹਾਡੇ ਦਾਦੇ ਨੇ ਸਿਆਟਲ ਦਾ ਰੁੱਖ ਕੀਤਾ; ਇੱਥੇ ਬਦਨਾਮ ਸਟਰੀਟ ਲਾਇਨਜ਼ ਵਿੱਚ ਕੰਮ ਕੀਤਾ, ਅਨੈਤਿਕ ਕੰਮ ਲਈ ਅੱਯਾਸ਼ਾਂ ਨੂੰ ਕਮਰੇ ਦੇਣ ਦਾ, ਫਿਰ ਕੁੱਝ ਦੇਰ ਬਾਅਦ ਯੂਕੋਨ ਵਿਖੇ ਸੋਨੇ ਦੀ ਭਾਲ ਵਿੱਚ ਜਾਣ ਵਾਲੇ ਲੋਕਾਂ ਲਈ ਨੇੜਲੇ ਟ੍ਰਾਂਜਿਟ ਸਥਾਨ ਵ੍ਹਾਈਟ ਹੌਰਸ ਵਿਖੇ ਸਿਆਟਲ ਦੀ ਲਾਇਨ ਸਟਰੀਟ ਵਾਲਾ ਕੰਮ ਵੱਡੇ ਪੱਧਰ ਤੇ ਕੀਤਾ। ਅਨੈਤਿਕ ਕੰਮ ,ਡਬਲ ਕਮਾਈ। ਇਹ ਵੀ ਇੱਕ ਨਰਕ ਸੀ,ਪਰ ਤੁਹਾਡੇ ਖਾਨਦਾਨ ਨੂੰ ਇਹ ਸਵਰਗ ਲੱਗਾ। ਫਿਰ ਤੁਹਾਡੇ ਪਿਤਾ ਅਤੇ ਤੁਹਾਡੀ ਦਾਦੀ ਨੇ ਇਸ ਦੋ ਨੰਬਰੀ ਪੈਸੇ ਨਾਲ ਬਿਜਨਿਸ ਸ਼ੁਰੂ ਕੀਤਾ। ਵਕੀਲਾਂ ਨਾਲ ਰਲ ਕੇ ਅਮਰੀਕਾ ਸਰਕਾਰ ਨਾਲ ਫਰਾਡ ਕੀਤਾ । 1970 ਚ ਤੁਹਾਨੂੰ ਵੀਅਤਨਾਮ ਭੇਜੇ ਜਾਣ ਤੇ ਤੁਹਾਡੇ ਪਿਤਾ ਨੇ ਤੁਹਾਡਾ ਗਲਤ ਮੈਡੀਕਲ ਸਰਟੀਫਿਕੇਟ ਪੇਸ਼ ਕਰਕੇ ਤੁਹਾਨੂੰ ਬਚਾਅ ਲਿਆ। ਤੁਹਾਡੇ ਲਈ ਉਹ ਵੀ ਸ਼ਾਇਦ ਨਰਕ ਸੀ। ਤੁਹਾਡੀ ਮਾਂ ਦਾ ਪਿਛੋਕੜ ਵੀ ਤੁਹਾਨੂੰ ਦੱਸ ਦੇਵਾਂ ਕਿਤੇ ਭੁੱਲ ਨਾ ਜਾਵੀਂ। ਤੁਹਾਡੀ ਮਾਂ ਵੀ ਸਕਾਟਲੈਂਡ ਦੇ ਲੇਵਾਈਸ ਦੇ ਟੌਂਗ ਪਿੰਡ ਦੀ ਰਹਿਣ ਵਾਲੀ ਸੀ। ਉਹ ਵੀ ਲੂਥਰੇਨੀਅਨ ਸੀ। ਯਹੂਦੀ ਪੱਖੀ ਸੋਚ ਵਾਲੀ। ਉਸਦੇ ਪੇਕੇ ਵੀ ਬਿਲਕੁਲ ਲਸ਼ਗ ਸਨ। ਗੁਰਬਤ ਦੀ ਮਾਰੀ ਆਪਣੀ ਭੈਣ ਨਾਲ ਅਮਰੀਕਾ ਵਿੱਚ ਘਰੇਲੂ ਨੌਕਰ ਦੇ ਤੌਰ ਨੇ ਉਸ ਨਰਕ ਵਾਲੀ ਜਿੰਦਗੀ ਚੋਂ ਨਿਕਲ ਕੇ ਅਮਰੀਕਾ ਆਈ। ਤੁਹਾਡੇ ਪਿਤਾ ਫਰੈਡ ਟਰੰਪ ਨਾਲ ਵਿਆਹ ਹੋਇਆ ਦੋਵੇਂ ਯਹੂਦੀ ਪੱਖੀ ਸੋਚ ਵਾਲੇ।ਤੁਹਾਨੂੰ ਆਪਣੇ ਪਿਤਾ ਤੋਂ ਬੇਈਮਾਨੀ ਦੇ ਸਾਰੇ ਗੁਰ ਮਿਲੇ। ਤੁਸੀਂ ਬਿਜਨਿਸ ਵਿੱਚ ਆਏ ਤੁਹਾਡੇ ਤੇ ਹੇਰਾਫੇਰੀ ਦੇ ਅਨੇਕਾਂ ਕੇਸ ਚੱਲੇ ਪਰ ਤੁਸੀਂ ਸਭ ਨੂੰ ਗੈਂਗੈਸਟਰਾਂ/ ਫਰਾਡ ਅਪਰਾਧੀਆਂ ਦੇ ਕੇਸ ਲੜਨ ਵਾਲੇ ਵਕੀਲ ਨਾਲ ਰਲ ਕੇ ਸਭ ਕੁੱਝ ਮੈਨੇਜ ਕਰ ਲਿਆ। ਬਿਲੀ ਦੇ ਭਾਗੀਂ ਛਿੱਕਾ ਟੁੱਟਾ ਤੁਸੀਂ ਦੂਜੀ ਵਾਰ ਰਾਸ਼ਟਰਪਤੀ ਬਣੇ। ਤੁਸੀਂ ਆਪ ਤਿੰਨ-ਤਿੰਨ ਵਿਆਹ ਰਚਾਏ ਬਾਹਰੀ ਨਾਗਰਿਕਾਂ ਨਾਲ, ਤੁਹਾਡੀ ਕੁੜੀ ਨੇ ਵਿਆਹ ਕਰਵਾਇਆ ਬਾਹਰੀ ਨਾਗਰਿਕ ਨਾਲ, ਤੁਹਾਡੇ ਮੁੰਡੇ ਨੇ ਦੋ ਵਿਆਹ ਕਰਵਾਏ ਬਾਹਰੀ ਨਾਗਰਿਕ ਔਰਤਾਂ ਨਾਲ। ਤੁਹਾਡੇ ਬਾਪ ਨੇ ਵਿਆਹ ਕਰਵਾਇਆ ਬਾਹਰੀ ਨਾਗਰਿਕ ਨਾਲ ਪਰ ਤੁਹਾਨੂੰ ਆਪਣੇ ਪਰਿਵਾਰ ਤੋਂ ਬਿਨਾ ਸਾਰੇ ਦੂਜੇ ਨਾਗਰਿਕ ਗੈਰ ਕਾਨੂੰਨੀ ਮਹਿਸੂਸ ਹੋਏ; ਤੁਸੀਂ ਲੱਖਾਂ ਲੋਕਾਂ ਪਿੱਛੇ ਆਈਸ ਛੱਡ ਦਿੱਤੀ; ਕੈਲੀਫੋਰਨੀਆ ਵਰਗੇ ਖੇਤਰਾਂ ਵਿੱਚ ਬੇਚੈਨੀ ਅਤੇ ਅਸਥਿਰਤਾ ਦੀ ਅੱਗ ਲਾ ਦਿੱਤੀ। ਯੂਕਰੇਨ ਤੇ ਰੂਸ ਚ ਜੰਗੀ ਭਾਂਬੜ ਮਚਾ ਦਿੱਤਾ; ਈਰਾਨ ਵਿਰੁੱਧ ਇਸਰਾਇਲ ਨਾਲ ਲੱਗ ਕੇ ਬੰਬ ਬਾਰੀ ਮਹੀਨਿਆਂ ਬੱਧੀ ਜਾਰੀ ਰੱਖੀ ।ਪੂਰੀ ਦੁਨੀਆਂ ਨੂੰ ਤੈਂ ਨਰਕ ਬਣਾ ਦਿੱਤਾ। ਲਿਬਨਾਨ, ਵੈਂਨਜੂਏਲਾ, ਸੀਰੀਆ, ਇਰਾਕ, ਇਰਾਨ, ਯਮਨ, ਸੋਮਾਲੀਆ, ਯੂ.ਏ.ਈ, ਕੁਵੈਤ, ਬਹਿਰੀਨ, ਕਤਰ,ਮਿਸਰ, ਫਲਸਤੀਨ ਤੇ ਪੂਰਾ ਮਿਡਲ ਈਸਟ, ਪੂਰੀ ਹਾਰਮੂਜ ਸਟਰੇਟ, ਅਰਬ ਸਾਗਰ ਸਭ ਦਾ ਸਮੁੰਦਰ,ਆਕਾਸ਼ ਤੇ ਧਰਤੀ ,
ਸਭ ਨਰਕ ਦੇ ਬੂਹੇ , ਕਿਸ ਨੇ ਬਣਾਏ?
ਤੈਂ ਬਣਾਏ।
ਪੂਰੀ ਸੱਭਿਅਤਾ ਖਤਮ ਕਰਨ ਦਾ ਐਲਾਨ ਕਿਸਨੇ ਕੀਤਾ ? ਤੈਂ ਕੀਤਾ ।
ਫਿਰ ਇੱਕੀਵੀਂ ਸਦੀ ਦਾ ਨਰਕ ਸਿਰਜਣ ਦੀ ਕੋਸ਼ਿਸ ਕਰਨ ਵਾਲਾ ਕੌਣ?
ਸਿਰਫ ਤੂੰ, ਡੋਨਾਲਡ ਟਰੰਪ, ਸਿਰਫ ਤੂੰ।
ਇਸ ਵਿੱਚ ਅਮਰੀਕਨ ਜਨਤਾ ਦਾ ਕੋਈ ਕਸੂਰ ਨਹੀਂ। ਕਸੂਰ ਹੈ, ਸਿਸਟਮ ਦਾ; ਫਿਰਕੂ ਸੋਚ ਦਾ, ਜਿਸ ਕਾਰਨ ਤੂੰ ਰਾਸ਼ਟਰਪਤੀ ਬਣਿਆਂ ।
ਤੇਰੀ ਮਾਂ ਤਾਂ ਤੇਰੇ ਬਾਰੇ ਪਹਿਲਾਂ ਹੀ ਕਹਿ ਗਈ ਸੀ ਕਿ, ‘ ਡੋਨਾਲਡ ਟਰੰਪ ਇਡੀਅਟ ਹੈ; ਡਿਜਾਸਟਰ ਹੈ ।
ਉਸਨੂੰ ਕੀ ਦੋਸ਼ ਦੇਈਏ? ਦੋਸ਼ ਵੋਟਰਾਂ ਦਾ ਹੈ ਜਿਹਨਾ ਨੇ ਤੇਰੀ ਮਾਂ ਦੇ ਤੇਰੇ ਬਾਰੇ ਵਿਚਾਰ ਨਹੀਂ ਪੜ੍ਹੇ।
ਸੋ ਮਿਸਟਰ ਡੋਨਾਲਡ ਨਰਕ ਭਾਰਤ ਜਾਂ ਚੀਨ ਵਿਚ ਨਹੀਂ ; ਨਰਕ ਤੇਰੇ ਦਿਮਾਗ ਵਿੱਚ ਹੈ। ਇਸਦਾ ਇਲਾਜ ਅਮਰੀਕਨ ਜਨਤਾ ਹੀ ਵਧੀਆ ਤਰੀਕੇ ਨਾਲ ਕਰ ਸਕਦੀ ਹੈ।
