
ਕੈਨੇਡਾ ਦੀਆਂ ਸੰਘੀ ਚੋਣਾਂ ਵਿੱਚ ਪੰਜਾਬੀਆਂ/ਸਿੱਖਾਂ ਨੇ ਇਤਿਹਾਸ ਰਚ ਦਿੱਤਾ ਹੈ। ਕੈਨੇਡਾ ਦੀ ਸੰਘੀ ਸਿਆਸਤ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ/ਸਿੱਖਾਂ ਨੇ ਦੁਬਾਰਾ ਮੱਲਾਂ ਮਾਰੀਆਂ ਹਨ। ਪਿਛਲੀ ਵਾਰ 2021 ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ 45 ਭਾਰਤੀ/ਪੰਜਾਬੀ/ਸਿੱਖ ਚੋਣ ਲੜੇ ਸਨ 18 ਪੰਜਾਬੀਆਂ/ਸਿੱਖਾਂ ਨੇ ਸੰਸਦੀ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਭਾਰਤੀ ਮੂਲ ਦੇ 66 ਉਮੀਦਵਾਰ ਚੋਣ ਲੜੇ ਸਨ, ਜਿਨ੍ਹਾਂ ਵਿੱਚ ਕਰਮਵਾਰ ਲਿਬਰਲ ਪਾਰਟੀ ਦੇ 17, ਕੰਜ਼ਰਵੇਟਿਵ 28, ਨਿਊ ਡੈਮੋਕਰੈਟਿਕ ਪਾਰਟੀ 10, ਗਰੀਨ ਪਾਰਟੀ 8 ਅਤੇ ਦੋ ਆਜ਼ਾਦ ਸਨ। ਇਨ੍ਹਾਂ ਵਿੱਚ 16 ਦਸਤਾਰਧਾਰੀ ਉਮੀਦਵਾਰ ਸ਼ਾਮਲ ਹਨ। 16 ਦਸਤਾਰਧਾਰੀਆਂ ਵਿੱਚੋਂ 10 ਉਮੀਦਵਾਰ ਪਹਿਲੀ ਵਾਰ ਚੋਣ ਲੜੇ ਹਨ। 10 ਦਸਤਾਰਧਾਰੀ ਚੋਣ ਜਿੱਤ ਗਏ ਹਨ। ਭਾਰਤੀ ਮੂਲ ਦੇ 28 ਪੰਜਾਬੀਆਂ/ਸਿੱਖਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ 22 ਚੋਣ ਜਿੱਤ ਗਏ ਹਨ, ਪਿਛਲੇ ਅੱਠ ਸਾਲਾਂ ’ਚ ਪੰਜਾਬੀ ਉਮੀਦਵਾਰਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਜਿਹੜੇ ਪੰਜਾਬੀ/ਸਿੱਖ ਚੋਣ ਜਿੱਤੇ ਹਨ ਉਨ੍ਹਾਂ ਵਿੱਚ ਲਿਬਰਲ 12 ਅਤੇ ਕੰਜ਼ਰਵੇਟਿਵ ਪਾਰਟੀ ਦੇ 10 ਉਮੀਦਵਾਰ ਸ਼ਾਮਲ ਹਨ। ਇਨ੍ਹਾਂ ਵਿੱਚ 6 ਇਸਤਰੀਆਂ ਸ਼ਾਮਲ ਹਨ। ਇਸੇ ਤਰ੍ਹਾਂ ਗਿੱਲ ਗੋਤ ਦੇ 6 ਸੰਸਦ ਬਣੇ ਹਨ ਤੇ ਉਹ ਸਾਰੇ ਕੰਜ਼ਰਵੇਟਿਵ ਪਾਰਟੀ ਦੇ ਹਨ। ਲਿਬਰਲ ਪਾਰਟੀ ਦੇ ਅਨੀਤਾ ਆਨੰਦ, ਰੂਬੀ ਸਹੋਤਾ, ਬਰਦਿਸ਼ ਚੱਗਰ , ਅੰਜੂ ਢਿਲੋਂ, ਸੁੱਖ ਧਾਲੀਵਾਲ, ਇਕਵਿੰਦਰ ਸਿੰਘ ਗਹੀਰ, ਰਣਦੀਪ ਸਿੰਘ ਸਰਾਏ, ਗੁਰਬਖ਼ਸ਼ ਸਿੰਘ ਸੈਣੀ, ਪਰਮ ਬੈਂਸ, ਮਨਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ ਸੋਢੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਟਿੱਮ ਉਪਲ, ਜਸਰਾਜ ਸਿੰਘ ਹੱਲਣ, ਜਗਸ਼ਰਨ ਸਿੰਘ ਮਾਹਲ, ਅਮਨਪ੍ਰੀਤ ਸਿੰਘ ਗਿੱਲ, ਸੁਖਮਨ ਸਿੰਘ ਗਿੱਲ, ਜੈਸੀ ਸਹੋਤਾ, ਦਲਵਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਗਿੱਲ, ਅਰਪਨ ਖੰਨਾ, ਪਰਮ ਗਿੱਲ, ਹਰਬ ਗਿੱਲ, ਸੁਖਦੀਪ ਕੰਗ ਅਤੇ ਰੂਬੀ ਸਹੋਤਾ ਸ਼ਾਮਲ ਹਨ। 2019 ’ਚ 47 ਭਾਰਤੀ/ਪੰਜਾਬਂੀ/ਸਿੱਖ ਚੋਣ ਲੜੇ ਅਤੇ 22 ਚੋਣ ਜਿੱਤੇ ਸਨ। ਕੈਨੇਡਾ ਦੀ ਦੱਖਣੀ ਏਸ਼ੀਆਈ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਪੰਜਾਬੀ, ਰਾਸ਼ਟਰੀ ਨੀਤੀ ਵਿੱਚ ਤੇਜ਼ੀ ਨਾਲ ਭੂਮਿਕਾ ’ਚ ਆ ਰਹੇ ਹਨ। ਉਂਟਾਰੀਓ, ਬਿ੍ਰਟਿਸ਼ ਕੋਲੰਬੀਆ, ਅਲਬਰਟਾ ਤੇ ਮੈਨੀਟਿਬਾ ਦੇ ਚੋਣ ਹਲਕਿਆਂ ‘ਚ ਪੰਜਾਬੀ ਮੂਲ ਦੇ ਉਮੀਦਵਾਰ ਸਾਰੀਆਂ ਮੁੱਖ ਸੰਘੀ ਪਾਰਟੀਆਂ ਲਿਬਰਲ, ਕੰਜਰਵੇਟਿਵ, ਨਿਊ ਡੈਮੋਕਰੈਟਿਕ ਤੇ ਗਰੀਨ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਪੰਜਾਬੀ ਮੂਲ ਦੇ ਉਮੀਦਵਾਰ ਆਜ਼ਾਦ ਵੀ ਚੋਣ ਲੜੇ ਹਨ। 16 ਸੀਟਾਂ ਤੇ ਪੰਜਾਬੀ ਉਮੀਦਵਾਰ ਪੰਜਾਬੀਆਂ ਦੇ ਵਿਰੁੱਧ ਚੋਣ ਲੜੇ ਹਨ।
ਲਿਬਰਲ ਪਾਰਟੀ ਨੂੰ 169, ਕੰਜ਼ਰਵੇਟਿਵ ਪਾਰਟੀ ਨੂੰ 144, ਬਲਾਕ ਕਿਊਬਕ ਨੂੰ 22, ਐਨ ਡੀ ਪਂੀ ਨੂੰ 7 ਸੀਟਾਂ ਅਤੇ ਇੱਕ ਸੀਟ ‘ਤੇ ਗਰੀਨ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਹੈ। ਲਿਬਰਲ ਪਾਰਟੀ ਨੂੰ 43, ਕੰਜ਼ਰਵੇਟਿਵ 41, ਬਲਾਕ ਕਿਊਬਕ 26 ਅਤੇ ਐਨ ਡੀ ਪੀ 7 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ। ਚੋਣ ਜਿੱਤਣ ਅਤੇ ਹਾਰਨ ਵਾਲਿਆਂ ਵਿੱਚ ਬਹੁਤ ਘੱਟ ਵੋਟਾਂ ਦਾ ਅੰਤਰ ਰਿਹਾ ਹੈ। ਕਈ ਸੀਟਾਂ ‘ਤੇ ਇਹ ਅੰਤਰ 100 ਵੋਟਾਂ ਤੋਂ ਵੀ ਘੱਟ ਰਿਹਾ। ਇਸ ਲਈ ਕੁਝ ਸੀਟਾਂ ‘ਤੇ ਦੁਬਾਰਾ ਗਿਣਤੀ ਹੋਵੇਗੀ। ਸੰਸਦ ਦੀਆਂ 343 ਸੀਟਾਂ ‘ਤੇ ਚੋਣ ਹੋਈ ਸੀ, ਸਰਕਾਰ ਬਣਾਉਣ ਲਈ 172 ਸੀਟਾਂ ਦੀ ਜ਼ਰੂਰਤ ਹੈ। ਲਿਬਰਲ ਪਾਰਟੀ ਨੂੰ ਸਰਕਾਰ ਬਣਾਉਣ ਲਈ ਮੁੜ ਐਨ ਡੀ ਪੀ ਜਾਂ ਬਲਾਕ ਕਿਊਬਕ ਪਾਰਟੀ ਤੋਂ ਮਦਦ ਲੈਣੀ ਪਵੇਗੀ। ਕੰਜ਼ਰਵੇਟਿਵ ਪਾਰਟੀ ਦੇ ਮੁੱਖੀ ਪੀਆਰ ਪੋਲੀਵਰ ਅੱਠਵੀਂ ਵਾਰ ਕਾਰਟਨ ਹਲਕੇ ਤੋਂ ਚੋਣ ਲੜੇ ਸੀ, ਉਨ੍ਹਾਂ ਦੇ ਵਿਰੁੱਧ 90 ਉਮੀਦਵਾਰਾਂ ਨੇ ਚੋਣ ਲੜੀ ਹੈ ਪ੍ਰੰਤੂ ਪੀਆਰ ਪੋਲੀਵਰ ਚੋਣ ਹਾਰ ਗਏ ਹਨ। ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨ ਦਾ ਸਪਨਾ ਚਕਨਾਚੂਰ ਹੋ ਗਿਆ ਹੈ।
ਦਸਤਾਰਧਾਰੀ ਸੰਸਦ ਮੈਂਬਰ
45ਵੀਆਂ ਫ਼ੈਡਰਲ ਚੋਣਾਂ ਵਿੱਚ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ 16 ਦਸਤਾਰਧਾਰੀ ਪੰਜਾਬੀ/ਸਿੱਖ ਸੰਘੀ ਚੋਣ ਲੜੇ ਹਨ, ਜਿਨ੍ਹਾਂ ਵਿੱਚੋਂ ਜਿੱਤਣ ਵਾਲੇ ਟਿੱਮ ਉਪਲ ਸਾਬਕਾ ਕੇਂਦਰੀ ਮੰਤਰੀ ਐਡਮਿੰਟਨ ਗੇਟਵੇਅ ਤੋਂ ਚੋਣ ਲੜੇ ਹਨ। ਉਹ ਕੰਜਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਹਨ ਤੇ ਪਾਰਟੀ ਦੇ ਸੀਨੀਅਰ ਸਲਾਹਕਾਰ ਵੀ ਰਹੇ ਹਨ। ਉਹ ਲੁਧਿਆਣਾ ਜ਼ਿਲ੍ਹੇ ਦੇ ਬੱਸੀਆਂ ਕਸਬੇ ਦੇ ਜੰਮ ਪਲ ਹਨ। ਟਿੱਮ ਉਪਲ ਨੇ ਆਈ ਵੀ ਸਕੂਲ ਆਫ ਬਿਜਨਸ ਤੋਂ ਐਮ ਬੀ ਏ ਕੀਤੀ ਹੋਈ ਹੈ। ਉਹ ਰੈਜ਼ੀਡੈਂਸ਼ੀਅਲ ਮੌਰਟਗੇਜ਼ ਵਜੋਂ ਕੰਮ ਕਰਦੇ ਰਹੇ ਹਨ। ਜਸਰਾਜ ਸਿੰਘ ਹੱਲਣ ਕੈਲਗਰੀ ਈਸਟ, ਅਮਨਪ੍ਰੀਤ ਸਿੰਘ ਗਿੱਲ ਕੈਲਗਰੀ-ਸਕਾਈਵਿਊ, ਜਗਸ਼ਰਨ ਸਿੰਘ ਮਾਹਲ ਐਡਮਿੰਟਨ-ਸਾਊਥ ਈਸਟ, ਇੰਦਰ ਸਿੰਘ ਪੰਛੀ ਨਿਊ ਵੈਸਟ ਮਨਿਸਟਰ-ਬਰਨਬੀ ਮੇਲਰਡਵਿਲੇ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਚੋਣ ਲੜੇ ਹਨ। ਜਲੰਧਰ ਜ਼ਿਲ੍ਹੇ ਦੇ ਪਿੰਡ ਸਰਾਏ ਖਾਸ ਦੇ ਰਣਦੀਪ ਸਿੰਘ ਸਰਾਏ ਸਰੀ ਸੈਂਟਰ ਤੋਂ ਚੋਣ ਲੜੇ ਹਨ।
ਇਸਤਰੀਆਂ ਸੰਸਦ ਮੈਂਬਰ
ਅਨੀਤਾ ਆਨੰਦ ਜੋ ਜਸਟਿਨ ਟਰੂਡੋ ਅਤੇ ਮਾਰਕ ਕਾਰਨੀ ਪ੍ਰਧਾਨ ਮੰਤਰੀਆਂ ਦੀਆਂ ਸਰਕਾਰਾਂ ਵਿੱਚ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਰਹੇ ਹਨ, ਤੀਜੀ ਵਾਰ ਓਕਵਿਲੇ ਰਾਈਡਿੰਗ ਹਲਕੇ ਤੋਂ ਚੋਣ ਲੜੇ ਹਨ। ਉਸਦਾ ਮੰਤਰੀ ਬਣਨਾ ਲਗਪਗ ਤਹਿ ਲੱਗਦਾ ਹੈ। ਬਰਦਿਸ਼ ਚੱਗਰ ਵਾਟਰਲੂ ਰਾਈਵਿੰਗ ਤੋਂ ਚੋਣ ਲੜੀ ਹੈ ਤੇ ਉਹ ਵੀ 2015 ਵਿੱਚ ਪਹਿਲੀ ਵਾਰ ਚੋਣ ਲੜੀ ਸੀ। ਸੁਖਦੀਪ ਕੌਰ ਕੰਗ, ਰੂਬੀ ਸਹੋਤਾ ਅਤੇ ਅੰਜੂ ਢਿਲੋਂ ।
ਗਿੱਲ ਗੋਤ ਦੇ ਸੰਸਦ ਮੈਂਬਰ
ਦਲਵਿੰਦਰ ਸਿੰਘ ਗਿੱਲ, ਅਮਨਪ੍ਰੀਤ ਸਿੰਘ ਗਿੱਲ, ਅਮਰਜੀਤ ਸਿੰਘ ਗਿੱਲ, ਹਰਬ ਗਿੱਲ, ਪਰਮ ਗਿੱਲ ਅਤੇ ਸੁਖਮਨ ਗਿੱਲ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਿਛਲੇ 9 ਸਾਲਾਂ ਤੋਂ ਕੈਨੇਡਾ ਦੀ ਸੰਘੀ ਸਰਕਾਰ ਦੀ ਅਗਵਾਈ ਕਰਦੇ ਆ ਰਹੇ ਸਨ। 2021 ਵਿੱਚ ਨਿਊ ਡੈਮੋਕਰੈਟਿਕ ਪਾਰਟੀ ਦੀ ਬਾਹਰੋਂ ਸਪੋਰਟ ਨਾਲ ਉਨ੍ਹਾਂ ਦੀ ਸਰਕਾਰ ਬਣੀ ਸੀ। ਸਤੰਬਰ 2024 ਵਿੱਚ ਨਿਊ ਡੈਮੋਕਰੈਟਿਕ ਪਾਰਟੀ ਨੇ ਆਪਣੀ ਸਪੋਰਟ ਵਾਪਸ ਲੈ ਲਈ ਸੀ, ਜਿਸ ਕਰਕੇ ਜਸਟਿਨ ਟਰੂਡੋ ਦੀ ਸਰਕਾਰ ਘੱਟ ਗਿਣਤੀ ਵਿੱਚ ਰਹਿ ਗਈ ਸੀ। 16 ਸਤੰਬਰ ਰਾਜਨੀਤਕ ਸੰਕਟ ਹੋਰ ਗੰਭੀਰ ਹੋ ਗਿਆ ਜਦੋਂ ਟਰੂਡੋ ਸਰਕਾਰ ਦੀ ਵਿਤ ਮੰਤਰੀ ਕ੍ਰਿਸਟੀਨਾ ਫ਼ਰੀਲੈਂਡ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਡੈਮੋਕਰੈਟਿਕ ਪਾਰਟੀ ਦੇ 21 ਸੰਸਦ ਮੈਂਬਰਾਂ ਨੇ ਜਸਟਿਨ ਟਰੂਡੋ ਨੂੰ ਆਪਣਾ ਅਹੁਦਾ ਤਿਆਗਣ ਲਈ ਕਹਿ ਦਿੱਤਾ। 6 ਜਨਵਰੀ 2025 ਨੂੰ ਜਸਟਿਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਆਰਥਿਕ ਮਾਹਿਰ ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ 60 ਸਾਲਾ ਮਾਰਕ ਕਾਰਨੀ ਨੂੰ ਡੈਮੋਕਰੈਟਿਕ ਪਾਰਟੀ ਨੇ ਟਰੂਡੋ ਦੀ ਥਾਂ ਨੇਤਾ ਚੁਣ ਲਿਆ। ਮਾਰਕ ਕਾਰਨੀ ਨੇ 14 ਮਾਰਚ 2025 ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਸੀ। ਫਿਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 23 ਮਾਰਚ 2025 ਨੂੰ ਸੰਸਦ ਭੰਗ ਕਰਨ ਦੀ ਰਾਜਪਾਲ ਨੂੰ ਸਿਫ਼ਾਰਸ਼ ਕਰ ਦਿੱਤੀ। ਹਾਲਾਂਕਿ ਸੰਸਦ ਦੀ ਮਿਆਦ 20 ਅਕਤੂਬਰ 2025 ਤੱਕ ਸੀ। ਉਸਤੋਂ ਬਾਅਦ ਸੰਸਦ ਦੀਆਂ ਚੋਣਾਂ ਦੀ ਤਾਰੀਕ 28 ਅਪ੍ਰੈਲ 2025 ਨਿਸਚਤ ਹੋਈ। ਮਾਰਕ ਕਾਰਨੀ ਨੇ ਪਹਿਲੀ ਵਾਰ ਚੋਣ ਲੜੀ ਹੈ। ਉਸਨੇ ਓਟਾਵਾ ਦੇ ਨਿਪੀਅਨ ਹਲਕੇ ਤੋਂ ਚੋਣ ਜਿੱਤੀ ਹੈ। ਸੰਘੀ ਸੰਸਦ ਦੀਆਂ 2021 ਦੀ ਮਰਦਮਸ਼ੁਮਾਰੀ ਅਨੁਸਾਰ 343 ਸੀਟਾਂ ਦੀਆਂ 2021 ਵਿੱਚ ਹੋਈਆਂ ਚੋਣਾਂ ਵਿੱਚ 63.3 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ। ਲਿਬਰਲ ਪਾਰਟੀ ਨੇ 2019 ਵਿੱਚ 157, 2021 ਵਿੱਚ 160 ਸੀਟਾਂ ਜਿੱਤਕੇ 32.6 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। ਪੂਰਨ ਬਹੁਮਤ ਤੋਂ 10 ਸੀਟਾਂ ਘੱਟ ਸਨ। ਕੰਜਰਵੇਟਿਵ ਪਾਰਟੀ ਨੇ 2019 ਵਿੱਚ 121, 2021 ਵਿੱਚ 119 ਸੀਟਾਂ ਜਿੱਤੀਆਂ ਸਨ। ਬਲਾਕ ਕਿਊਬਕ ਪਾਰਟੀ ਨੇ 2019 ਤੇ 2021 ਵਿੱਚ ਦੋਵੇਂ ਵਾਰ 32-32 ਸੀਟਾਂ ਜਿੱਤੀਆਂ ਸਨ। ਨਿਊ ਡੈਮੋਕਰੈਟਿਕ ਪਾਰਟੀ ਨੇ 2019 ਵਿੱਚ 24, 2021 ਵਿੱਚ 25 ਸੀਟਾਂ ਜਿੱਤਕੇ 17.82 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। ਗਰੀਨ ਪਾਰਟੀ ਨੇ 2 ਸੀਟਾਂ ਜਿੱਤੀਆਂ ਸਨ। ਪੀਪਲਜ਼ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ। ਇਸ ਵਾਰ ਲਗਪਗ 1959 ਉਮੀਦਵਾਰਾਂ ਨੇ ਚੋਣ ਲੜੀ ਸੀ। 18 ਅਪ੍ਰੈਲ ਤੋਂ 21 ਅਪ੍ਰੈਲ ਤੱਕ ਚਾਰ ਦਿਨ ਐਡਵਾਂਸ ਪੋÇਲੰਗ ਵਿੱਚ 73 ਲੱਖ ਵੋਟਰਾਂ ਨੇ ਵੋਟ ਪਾ ਦਿੱਤੀ ਸੀ, ਜਦੋਂ ਕਿ 2021ਵਿੱਚ 58 ਲੱਖ ਵੋਟਰਾਂ ਨੇ ਐਡਵਾਂਸ ਪੋÇਲੰਗ ਕੀਤੀ ਸੀ। ਸਰਕਾਰ ਬਣਾਉਣ ਲਈ 172 ਸੀਟਾਂ ਦੀ ਲੋੜ ਸੀ। ਇਸ ਵਾਰ ਸਭ ਤੋਂ ਵੱਧ 69 ਫ਼ੀ ਸਦੀ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।
ਚੋਣ ਹਾਰਨ ਵਾਲੇ ਪੰਜਾਬੀਆਂ ਸਿੱਖਾਂ ਚਾਰ ਮਹੱਤਵਪੂਰਨ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਵਿੱਚ ਜਗਮੀਤ ਸਿੰਘ ਐਨ ਡੀ ਪੀ ਮੁੱਖੀ ਬਰਨਬੀ ਹਲਕੇ ਤੋਂ ਲਿਬਰਲ ਪਾਰਟੀ ਦੇ ਬਾਲੀ ਮਾਰੀਆ ਤੋਂ ਬੁਰੀ ਤਰ੍ਹਾਂ ਚੋਣ ਹਾਰ ਗਏ ਹਨ, ਉਹ ਮਹਿਜ 8000 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਆਏ ਹਨ। ਉਨ੍ਹਾਂ ਨੇ ਹਾਰ ਮੰਨਦਿਆਂ ਪਾਰਟੀ ਦੇ ਮੁੱਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦੂਜੇ ਅਮਰਜੀਤ ਸਿੰਘ ਸੋਹੀ ਜੋ ਪਹਿਲਾਂ ਮੰਤਰੀ ਵੀ ਰਹੇ ਹਨ ਤੇ ਇਸ ਸਮੇਂ ਐਡਮਿੰਟਨ ਦੇ ਮੇਅਰ ਹਨ, ਉਹ ਵੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜਗਸ਼ਰਨ ਸਿੰਘ ਮਾਹਲ ਤੋਂ ਚੋਣ ਹਾਰ ਗਏ ਹਨ। ਤੀਜੇ ਕਮਲ ਖਹਿਰਾ ਹਨ ਜਿਹੜੇ ਮੰਤਰੀ ਰਹੇ ਹਨ ਇਸ ਵਾਰ ਬਰੈਂਪਟਨ ਵੈਸਟ ਤੋਂ ਕੰਜ਼ਵੇਟਵ ਪਾਰਟੀ ਦੇ ਅਮਰਜੀਤ ਸਿੰਘ ਗਿੱਲ ਨੇ ਹਰਾਇਆ ਹੈ। ਚੌਥੇ ਬੌਬ ਦੋਸਾਂਝ ਨੂੰ ਲਿਬਰਲ ਦੇ ਮਨਿੰਦਰ ਸਿੰਘ ਸਿੱਧੂ ਨੇ ਬਰੈਂਪਟਨ ਪੂਰਬੀ ਤੋਂ ਹਰਾਇਆ ਹੈ। ਕੈਨੇਡਾ ਦੀਆਂ ਸੰਘੀ ਚੋਣਾ ਵਿੱਚ ਲਿਬਰਲ ਪਾਰਟੀ ਨੇ ਹੈਟ ਟਰਿਕ ਮਾਰਿਆ ਤੇ ਉਹ ਚੌਥੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਮਾਰਕ ਕਾਰਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਹੋਣਗੇ। ਉਹ ਆਰਥਿਕ ਮਾਹਿਰ ਹਨ, ਇਸ ਲਈ ਉਹ ਦੂਜਾ ਡਾ ਮਨਮੋਹਨ ਸਿੰਘ ਸਾਬਤ ਹੋ ਸਕਦੇ ਹਨ, ਕਿਉਂਕਿ ਕੈਨੇਡਾ ਦੀ ਆਰਥਿਕ ਹਾਲਤ ਡਾਵਾਂਡੋਲ ਚਲ ਰਹੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com