ਕੈਲਗਰੀ ਦੀ ਮੇਅਰ ਨੂੰ ਪਰਾਂਦੇ ਵਾਲੀ ਪਰਚੀ ਨਿੱਕਲੀ —

ਕੈਲਗਰੀ ਦੀ ਮੇਅਰ ਨੂੰ ਪਰਾਂਦੇ ਵਾਲੀ ਪਰਚੀ ਨਿੱਕਲੀ —
ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਮਿਲਣੀ ਮੌਕੇ ਕੌਂਸਲਰ ਰਾਜ ਧਾਲੀਵਾਲ ਨੇ ਮਾਘ ਤੇ ਸਾਗ ਯਾਦ ਕੀਤਾ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) 21 ਸਤੰਬਰ ਦਿਨ ਐਤਵਾਰ ਨੂੰ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਿਲਣੀ ਸਭਾ ਦੀ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਅਤੇ ਕੋਆਰਡੀਨੇਟਰ ਸ੍ਰੀਮਤੀ ਗੁਰਚਰਨ ਕੌਰ ਥਿੰਦ ਦੀ ਅਗਵਾਈ ਵਿੱਚ ਡਾਊਨਟਾਊਨ ਸਿਟੀ ਹਾਲ ਵਿੱਚ ਹੋਈ। ਇਹ ਪਹਿਲੀ ਵਾਰੀ ਸੀ ਕਿ ਕਿਸੇ ਸਭਾ ਨੂੰ ਮੇਅਰ ਸਾਹਿਬ ਦੇ ਦਫ਼ਤਰ ਵਿਚ ਮੀਟਿੰਗ ਕਰਨ ਦੀ ਇਜਾਜ਼ਤ ਮਿਲੀ ਹੋਵੇ। ਸ਼ੁਰੂ ਵਿੱਚ ਸੁਖਵੰਤ ਕੌਰ ਪਰਮਾਰ ਨੇ ਐਨਰਜੀ ਸੇਵਿੰਗ ‘ ਤੇ ਲੈਕਚਰ ਦਿੰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਮੂਲ ਵਾਸੀਆਂ ਦਾ ਧੰਨਵਾਦ ਕਰੀਏ ਜਿਨ੍ਹਾਂ ਦੀ ਧਰਤੀ ਤੇ ਅਸੀਂ ਆ ਕੇ ਵਸੇ ਹਾਂ। ਉਸ ਤੋਂ ਬਾਅਦ ਉਨ੍ਹਾਂ ਨੇ ਬਿਜਲੀ ਅਤੇ ਪਾਣੀ ਦੀ ਬੱਚਤ ਬਾਰੇ ਸਲਾਈਡ ਸ਼ੋਅ ਰਾਹੀਂ ਭੈਣਾਂ ਨੂੰ ਉਹ ਛੋਟੀਆਂ ਛੋਟੀਆਂ ਜੁਗਤਾਂ ਦੱਸੀਆਂ, ਜਿਨ੍ਹਾਂ ਰਾਹੀਂ ਵੱਧ ਤੋਂ ਵੱਧ ਬੱਚਤ ਕੀਤੀ ਜਾ ਸਕਦੀ ਹੈ। ਸਭ ਨੂੰ ਐਨਰਜੀ ਸੇਵਿੰਗ ਗਿਫ਼ਟ ਵੀ ਵੰਡੇ ਗਏ।

ਪੰਜਾਬੀ ਕੈਲੀਗਰਾਫੀ ਦੀ ਮਾਹਿਰ, ਨੌਜਵਾਨ ਮੈਂਬਰ ਮਨਿੰਦਰ ਕੌਰ ਨੇ ‘ਯਾਦਾਂ ਦਾ ਪਿਟਾਰਾ’ ਨਾਲ ਗੇਮ ਸ਼ੁਰੂ ਕੀਤੀ। ਜਿਸ ਵਿੱਚ ਪੰਜਾਬੀ ਵਿਰਸੇ ਨਾਲ ਜੁੜੀਆਂ ਤਸਵੀਰਾਂ ਦੀਆਂ ਪਰਚੀਆਂ ਸਨ। ਉਸ ਵਿਚੋਂ ਪਰਚੀ ਕੱਢ ਕੇ ਉਸ ਉੱਤੇ ਬਣੇ ਚਿੱਤਰ ਅਨੁਸਾਰ, ਆਪਣੀਆਂ ਯਾਦਾਂ ਜਾਂ ਗੀਤ/ਬੋਲੀਆਂ ਸਾਂਝੀਆਂ ਕਰਨੀਆਂ ਸਨ।

ਸ਼ਹਿਰ ਦੀ ਮੇਅਰ ਸ੍ਰੀਮਤੀ ਜਿਓਤੀ ਗੌਂਡੇਕ ਦਾ ਸਭਾ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਸੁਆਗਤ ਕੀਤਾ ਗਿਆ। ਉਨ੍ਹਾਂ ਨੂੰ ਵੀ ਗੇਮ ਵਿੱਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਨੂੰ ਪਰਾਂਦੇ ਦੀ ਪਰਚੀ ਨਿਕਲੀ। ਉਨ੍ਹਾਂ ਨੇ ਇਸ ਨਾਲ ਜੁੜੀ ਯਾਦ ਸਾਂਝੀ ਕਰਦਿਆਂ ਕਿਹਾ- ਕਿ ਮੇਰੇ ਵਾਲ ਬਹੁਤ ਲੰਮੇ ਹੁੰਦੇ ਸਨ, ਤੇ ਮੈਂ ਪਰਾਂਦਾ ਪਾਕੇ ਇੱਕ ਫੰਕਸ਼ਨ ਵਿੱਚ ਕਸ਼ਮੀਰਨ ਕੁੜੀ ਬਣੀ ਸੀ।

ਉਸੇ ਸਮੇਂ ਵਾਰਡ ਨੰਬਰ 5 ਦੇ ਕੌਂਸਲਰ ਰਾਜ ਧਾਲੀਵਾਲ ਵੀ ਆ ਹਾਜ਼ਿਰ ਹੋਏ। ਉਨ੍ਹਾਂ ਨੂੰ ਸਾਗ ਅਤੇ ਮੱਕੀ ਦੀ ਰੋਟੀ ਦੀ ਪਰਚੀ ਨਿਕਲੀ। ਉਨ੍ਹਾਂ ਕਿਹਾ- ਆਇਆ ਮਹੀਨਾ ਮਾਘ। ਖਾਵਾਂਗੇ ਮੱਕੀ ਦੀ ਰੋਟੀ ਨਾਲ ਸਾਗ।

ਬਾਕੀ ਭੈਣਾਂ ਨੇ ਵੀ ਪਰਚੀਆਂ ਤੇ ਗੀਤ, ਬੋਲੀਆਂ ਅਤੇ ਗਿੱਧਾ ਪਾ ਕੇ ਖੂਬ ਰੰਗ ਬੰਨ੍ਹ ਦਿੱਤਾ।ਮੇਅਰ ਸਾਹਿਬਾਂ ਨੇ ਆਪਣੇ ਦਫਤਰ ਵਿਚਲੀ ਲਾਇਬ੍ਰੇਰੀ ਦਿਖਾਈ। ਸਾਰੀਆਂ ਭੈਣਾਂ ਨੇ ਮੇਅਰ ਜਿਓਤੀ ਗੌਂਡੇਕ ਅਤੇ ਕੌਂਸਲਰ ਰਾਜ ਧਾਲੀਵਾਲ ਜੀ ਨਾਲ ਫੋਟੋਆਂ ਕਰਵਾ ਕੇ ਯਾਦਾਂ ਆਪੋ ਆਪਣੇ ਫੋਨਾਂ ਵਿੱਚ ਕੈਦ ਕੀਤੀਆਂ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬਲਵਿੰਦਰ ਕੌਰ ਬਰਾੜ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

Exit mobile version