
(ਮੋਬ.919646700682)
ਚੀਫ ਜਸਟਿਸ ਸਾਹਿਬ ਦੀ ਕੌਕਰੋਚ ਬਾਰੇ ਟਿੱਪਣੀ ਤੇ ਭਾਰਤ ਦਾ ਬੇਰੁਜ਼ਗਾਰ, ਐਕਟੀਵਿਸਟ, ਸੋਸ਼ਲ ਮੀਡੀਆ ਉੱਬਲ ਗਿਆ। ਖੈਰ ਜਿੰਨਾ ਵੱਡਾ ਆਹੁਦਾ ਉਨਾ ਵੱਡਾ ਜਾਬਤਾ ਮੰਗਦਾ ਹੈ। ਗਲੀਆਂ ਵਿੱਚ ਲੋਕ ਰੋਜ ਊਟ-ਪਟਾਂਗ ਬੋਲਦੇ ਨੇ; ਕੋਈ ਬਹੁਤਾ ਨੋਟਿਸ ਨਹੀਂ ਲੈਂਦਾ ਪਰ ਜਿਹਨਾਂ ਦੇ ਬੋਲਣ ਨਾਲ ਸਿਸਟਮ ਤੇ ਪ੍ਰਭਾਵ ਪੈਂਦੈ, ਉਹਨਾ ਦੀ ਹਰ ਗੱਲ ਦਾ ਪੋਸਟਮਾਰਟਮ ਹੁੰਦਾ ਹੈ; ਹੋਣਾ ਵੀ ਚਾਹੀਦੈ। ਕਈ ਅਜਿਹੇ ਰਾਜਸੀ ਨੇਤਾ ਹਨ ‘ਜਿਹੜੇ ਏ+ਬੀ ਦੇ ਹੋਲ ਸਕੇਅਰ ਦੇ ਹੋਲ ਸਕੇਅਰ ‘ਦੀ ਗੱਲ ਕਰ ਦਿੰਦੇ ਹਨ, ‘ਨਾਲੇ ਦੀ ਗੈਸ ਨਾਲ ਗੈਸ’ ਸਟੋਵ ਚਲਾਉਣ ਦੀ ਗੱਲ ਕਰਦੇ ਹਨ, ‘ਬੱਦਲਾਂ ਦੇ ਸਹਾਰੇ ਰਡਾਰ ਨੂੰ ਧੋਖਾ ਦੇਣ’ ਦੀ ਗੱਲ ਕਰਦੇ ਹਨ; ਭਾਵੇਂ ਉਹ ਪ੍ਰਧਾਨ ਮੰਤਰੀ ਦੇ ਆਹੁਦੇ ਤੇ ਹੋਣ ; ਗੱਲਬਾਤ ਤੋਂ ਪਛਾਣੇ ਜਾਂਦੇ ਹਨ। ਭਾਵੇਂ ਕਿਹੋ ਜਿਹੇ ਕੱਪੜੇ ਵੀ ਪਾ ਲੈਣ, ਭਾਵੇਂ ਕਿੰਨੇ ਵਾਰ ਵੀ ਕੱਪੜੇ ਬਦਲ ਲੈਣ, ਉਹਨਾ ਦਾ ਜਨਤਾ ਵਿੱਚ ਵਿਚਰਨਾ ਹੀ ਦੱਸ ਦਿੰਦਾ ਹੈ, ਕਿ ਉਹ ਕਿਸ ਅਕਲ ਦੇ ਮਾਲਕ ਹਨ। ਜਦੋਂ ਕਿਸੇ ਹੋਰ ਦੇਸ਼ ਦੇ ਪ੍ਰਧਾਨ ਮੰਤਰੀ ਲਈ ਮੈਲੋਡੀ ਚਾਕਲੇਟ ਗਿਫਟ ਲੈ ਜਾਂਦੇ ਹਨ ਤਾਂ ਪਤਾ ਲੱਗ ਜਾਂਦਾ ਹੈ ਕਿ ਉਸਦਾ ਦਿਮਾਗ ਅਜੇ ਬੱਚਿਆਂ ਤੋਂ ਵੱਧ ਵਿਕਸਤ ਨਹੀਂ ਹੋਇਆ; ਸੋਚ ਵਿਚ ਗੰਭੀਰਤਾ ਨਹੀਂ, ਸ਼ਰਾਰਤ ਅਤੇ ਢੀਠਤਾ ਭਾਵੇਂ ਸਿਰੇ ਦੀ ਹੋਵੇ।
ਕਈ ਕਵੀ ਵੀ ਸ਼ਾਇਦ ਵਾਹ ਵਾਹ ਖੱਟਣ ਲਈ ਅਤੇ ਮੀ ਲਾਰਡ ਦੀ ਨਜਰ ਵਿੱਚ ਖਿਆਤੀ ਪਾਉਣ ਲਈ ਕੌਕਰੋਚ ਚਰਚਾ ਚ ਕੁੱਦ ਪੈਂਦੇ ਹਨ। ਅਜੀਬ ਟਿੱਪਣੀ ਕਰ ਦਿੰਦੇ ਹਨ, ਕਿ ਕੌਕਰੋਚ ਹੈ ਤਾਂ ਉਹਨਾਂ ਨੂੰ ਮਾਰਨ ਲਈ ਹਿੱਟ ਵੀ ਹੈ। ਇਸ ਕਵੀਜਨ ਨੇ ਸ਼ਾਇਦ ਜੀਵ ਵਿਗਿਆਨ ਨਹੀਂ ਪੜ੍ਹਿਆ। ਪਹਿਲੀ ਗੱਲ ਇਹ ਹੈ ਕਿ ਦੁਨੀਆਂ ਤੇ ਕੌਕਰੋਚ 4600 ਕਿਸਮ ਦੇ ਹਨ ਅਤੇ ਕੇਵਲ 4-5 ਕਿਸਮ ਦੇ ਕੌਕਰੋਚ ਤੇ ਹੀ ਹਿੱਟ ਅਸਰ ਕਰਦਾ ਹੈ। ਇਹ ਨਸਲ ਹੈ ਅਮਰੀਕਨ ਕੌਕਰੋਚ, ਜਰਮਨ ਕੌਕਰੋਚ, ਬਰਾਊਨ ਵਿੰਗ ਕੌਕਰੋਚ ਅਤੇ ਓਰੀਐਂਟਲ ਕੌਕਰੋਚ। ਇਹ ਚਾਰ-ਪੰਜ ਕਿਸਮ ਦੇ ਕੌਕਰੋਚ ਹੀ ਬੈਕਟੀਰੀਆ ਫੈਲਾਉਂਦੇ ਹਨ। ਘਰੇਲੂ ਸਿਸਟਮ ਨੂੰ ਖਰਾਬ ਕਰਦੇ ਹਨ; ਬੀਮਾਰੀਆਂ ਫੈਲਾਉਣ ਦਾ ਕੰਮ ਕਰਦੇ ਹਨ। ਰਸੋਈ ਵਾਲੇ ਕੌਕਰੋਚਾਂ ਦੀ ਪ੍ਰਮੁੱਖ ਜਾਤੀ ਅਮਰੀਕਨ ਕਾਕਰੋਚ ਤੇ ਜਰਮਨ ਕੌਕਰੋਚ ਹਨ।ਇਹਨਾ ਤੇ ਹੀ ਹਿੱਟ ਕਾਰਗਰ ਹੈ। ਦੂਜੇ ਤਿੰਨ ਤੇ ਵੀ ਹਿੱਟ ਘਾਤਕ ਹੈ। ਪਰ ਬਾਕੀ ਨਸਲਾਂ ਤੇ ਨਹੀਂ। ਅਸਲ ਕੌਕਰੋਚ ਜੋ ਭਾਰਤੀ ਲੋਕਾਂ ਲਈ ਖਤਰਨਾਕ ਹਨ ਉਹਨਾ ਚ ਉਹ ਕੌਕਰੋਚ ਨੇਤਾ ਡੋਨਾਲਡ ਟਰੰਪ ਦੇ ਥੱਲੇ ਲੱਗ ਕੇ ਭਾਰਤ ਨੂੰ ਵੇਚਦੇ ਹਨ ਉਹ ਅਮਰੀਕਨ ਕੌਕਰੋਚ ਵਰਗੇ ਹੀ ਤਾਂ ਹਨ। ਜੋ ਮੈਲੋਡੀ ਦਾ ਗਿਫਟ ਜਰਮਨ ਲਿਜਾਂਦੇ ਹਨ ਉਹ ਜਰਮਨ ਕੌਕਰੋਚ ਵਰਗੇ ਹੀ ਤਾਂ ਹਨ।ਓਰੀਐਂਟਲ ਕੌਕਰੋਚ, ਬਰਾਊਨ ਵਿੰਗਜ ਕੌਕਰੋਚ ਉਹ ਹਨ ਜੋ ਨੀਟ ਦੇ ਪੇਪਰ ਲੀਕ ਕਰਦੇ ਹਨ, ਫਿਰਕੂ ਦੰਗੇ ਫੈਲਾਉਂਦੇ ਹਨ, ਚੋਣ ਪ੍ਰਣਾਲੀ ਵਿੱਚ ਬੈਕਟੀਰੀਆ ਫੈਲਾਉਂਦੇ ਹਨ, ਅਦਾਲਤਾਂ ਤੇ ਦਬਾਅ ਪਾਉਂਦੇ ਹਨ; ਲੋਕਤੰਤਰ ਲਈ ਖਤਰਨਾਕ ਹਨ; ਰੋਜ ਝੂਠ ਬੋਲਦੇ ਹਨ; ਐਪਸਟੀਨ ਵਰਗਿਆਂ ਦੇ ਦਲਾਲ ਹਨ; ਭਾਰਤੀ ਨਿਆਂ ਪ੍ਰਣਾਲੀ ਨੂੰ ਲਕਬਾ ਗ੍ਰਸਤ ਕਰਦੇ ਹਨ। ਫਿਰਕੂ ਰਾਜਨੀਤੀ ਕਰਦੇ ਹਨ। ਲੱਖਾਂ ਵੋਟਰਾਂ ਨੂੰ ਭਾਰਤੀ ਵੋਟਰ ਸੂਚੀ ਚੋਂ ਗਾਇਬ ਕਰ ਦਿੰਦੇ ਹਨ। ਗੋਦੀ ਮੀਡੀਆ ਵਾਲੇ ਖਤਰਨਾਕ ਅਮਰੀਕਨ ਕੌਕਰੋਚ ਹਨ ਜੋ ਸਰਕਾਰ ਦੀ ਜੂਠ ਤੇ ਪਲਦੇ ਹਨ ਅਤੇ ਮੀਡੀਆ ਹਾਊਸਾਂ ਰਾਹੀਂ ਭਾਰਤੀ ਤਾਣੇ ਬਾਣੇ ਨੂੰ ਖੋਖਲਾ ਕਰਦੇ ਹਨ।ਦਲਾਲੀ ਕਰਦੇ ਹਨ, ਚਿਪਕੂ ਹਨ, ਕਾਰਪੋਰੇਟਾਂ ਦੇ ਅਤੇ ਸਰਕਾਰ ਦੇ ਚਾਪਲੂਸ ਹਨ,ਅਜਿਹੇ ਕੌਕਰੋਚ ਹੀ ਸਿਸਟਮ ਨੂੰ ਖਰਾਬ ਕਰਦੇ ਹਨ। ਬਾਕੀ ਰਹੀ ਗੱਲ ਬੇਰੁਜ਼ਗਾਰਾਂ ਦੀ, ਸੋਸ਼ਲ ਮੀਡੀਆ ਦੀ, ਐਕਟੀਵਿਸਟਾਂ ਦੀ; ਇਹ ਤਾਂ ਵਿਸਲ-ਬਲੋਅਰ ਹਨ, ਇਹ ਸਿਸਟਮ ਨੂੰ ਖਰਾਬ ਨਹੀਂ ਕਰਦੇ; ਖਰਾਬ ਕਰਨ ਵਾਲਿਆਂ ਪ੍ਰਤੀ ਸਾਵਧਾਨ ਕਰਦੇ ਹਨ। ਇਹ ਸਿਸਟਮ ਦੇ ਮਿੱਤਰ ਕੌਕਰੋਚ ਹਨ ਜੋ ਸਿਸਟਮ ਖਰਾਬ ਕਰਨ ਵਾਲੇ ਕੌਕਰੋਚਾਂ ਨਾਲ ਲੜਦੇ ਹਨ, ਸਿਸਟਮ ਨੂੰ ਬਚਾਉਣ ਲਈ।
ਬਾਕੀ ਕੌਕਰੋਚਾਂ ਤੇ ਕੁਮਾਰ ਵਿਸ਼ਵਾਸ ਜੀ ਹਿੱਟ ਅਸਰ ਨਹੀਂ ਕਰਦਾ। ਪਰ ਅਜਿਹੇ ਕੌਕਰੋਚਾਂ ਨੂੰ ਜੀਵ ਵਿਗਿਆਨ ਪੈਸਟ ਵੀ ਨਹੀਂ ਕਹਿੰਦਾ। ਇਹ ਪੈਸਟ ਨਾ ਹੁੰਦੇ ਹੋਏ ਵੀ ਧਰਤੀ ਤੇ ਵਾਤਾਵਰਣ ਦੇ ਵੱਡੇ ਰੀਸਾਈਕਲਰ ਹਨ। ਜੇ ਇਹ ਪੈਸਟ ਨਾਂ ਹੋਣ ਤਾਂ ਜੰਗਲਾਂ ਦੀ ਰੀਸਾਈਕਲ ਪ੍ਰਕਿਰਿਆ ਧੀਮੀ ਹੋ ਜਾਵੇਗੀ, ਆਕਸੀਜਨ ਘਟ ਜਾਵੇਗੀ, ਦੁਨੀਆਂ ਖਾਤਮੇ ਵੱਲ ਜਾਵੇਗੀ। ਕੋਈ ਵੀ ਨਹੀਂ ਬਚੇਗਾ। ਹਿੱਟ ਵੀ ਨਹੀਂ । ਸਿਸਟਮ ਖਰਾਬ ਕਰਨ ਵਾਲੇ ਕੌਕਰੋਚ ਵੀ ਨਹੀਂ, ਵਿਸਲ ਬਲੋਅਰ ਵੀ ਨਹੀਂ ਤੇ ਕੁਮਾਰ ਵਿਸ਼ਵਾਸ ਜੀ ਤੁਸੀਂ ਜਾਂ ਤੁਹਾਡੀ ਅਗਲੀ ਪੀੜ੍ਹੀ ਵੀ ਨਹੀਂ।
