
001-408-915-1268
ਕਈ ਸਾਲ ਪਹਿਲਾਂ ਅਮਰੀਕਾ ਤੋਂ ਪਿੰਡ ਗਏ ਹੋਏ ਨੇ ਮੈਂ ਖਜੂਰ ਦੇ ਡੱਖੇ ਦਾ ਪੱਖਾ ਬਣਾ ਕੇ ਪੋਤਰੇ ਨੂਰ ਨੂੰ ਆਪਣਾ ‘ਹੁਨਰ’ ਦਿਖਾਇਆ ਸੀ ਕਿ ਬਚਪਨ ਵਿਚ ਕਿਵੇਂ ਅਸੀਂ ਬੇਟ ਵੱਲ੍ਹ ਪਸ਼ੂ ਚਰਾਉਣ ਗਏ ਹੋਏ ਅਜਿਹੇ ਪੱਖੇ ਬਣਾ ਲੈਂਦੇ ਹੁੰਦੇ ਸਾਂ।ਇਸੇ ਵਰ੍ਹੇ ਲੰਘੇ ਜੂਨ-ਜੁਲਾਈ ਵਿਚ ਮੈਂ ਪਿੰਡ ਗਿਆ ਹੋਇਆ ਸਾਂ।ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਮੈਂ ਬਾਹਰ ਵਿਹੜੇ ਵਿਚ ਬੈਠਾ ਇਹ ਪੱਖਾ ਝੱਲ ਰਿਹਾ ਸਾਂ।ਆਪ ਬਣਾਏ ਹੋਏ ਇਸ ਪੱਖੇ ਬਾਰੇ ਮੈਨੂੰ ਇਕ ਦਿਲਚਸਪ ਵਾਕਿਆ ਚੇਤੇ ਆ ਗਿਆ-
> ਇਕ ਵਾਰ ਭਾਦੋਂ ਦੇ ਕਹਿਰਾਂ ਵਾਲ਼ੇ ਹੁੰਮਸ ਵਿਚ ਪੰਦਰਾਂ ਵੀਹ ਮੀਲ ਸਾਈਕਲ ਚਲਾਉਂਦੇ ਹੋਏ ਸਾਡੇ ਭਾਈਆ ਜੀ ਗਏ ਸਾਡੀ ਭੂਆ ਦੇ ਘਰ।ਉਦੋਂ ਪਿੰਡਾਂ ‘ਚ ਹਾਲੇ ਬਿਜਲੀ ਨਹੀਂ ਸੀ ਆਈ।ਮੁੜ੍ਹਕੇ ਕਾਰਨ ਅੱਕਲ਼ਕਾਨ ਹੋਏ ਪਏ ਭਾਈਆ ਜੀ ਨੇ ਜਾਂਦਿਆਂ ਸਾਰ ਫੁੱਫੜ ਨੂੰ ਕਿਹਾ ਕਿ ਭਾਈਆ ਜਾਨ ਨਿਕਲ਼ਦੀ ਜਾਂਦੀ ਆ….ਪਹਿਲਾਂ ਪੱਖੀ ਜਾ ਪੱਖਾ ਫੜਾਈਂ ਜ਼ਰਾ ਮੈਨੂੰ !
> ਮਹਾਂ ਕੰਜੂਸ ਫੁੱਫੜ ਨੇ ਅੰਦਰੋਂ ਪਿੱਤਲ਼ ਦੇ ਪਤੀਲੇ ਦਾ ਥਾਲ਼ ਜਿਹਾ ਢੱਕਣ ਭਾਈਆ ਜੀ ਨੂੰ ਲਿਆ ਫੜਾਇਆ!ਚੜ੍ਹੀਆਂ ਹੋਈਆਂ ਚਰ੍ਹੀਆਂ ਮੱਕੀਆਂ ਵਿਚ ਕੱਚੇ ਰਾਹਾਂ ਉੱਤੇ ਸਾਈਕਲ ਚਲਾਉਂਦੇ,ਪਹਿਲੋਂ ਹੀ ਹਾਲੋਂ ਬੇਹਾਲ ਹੋਏ ਪਏ ਭਾਈਆ ਜੀ ਨੇ ਖਿਝ-ਭੁੱਜ ਕੇ ਫੁੱਫੜ ਨੂੰ ਬੁਰਾ ਭਲਾ ਕਹਿੰਦਿਆਂ ਚੰਗੀਆਂ ‘ਤੱਤੀਆਂ ਤੱਤੀਆਂ’ ਸੁਣਾਈਆਂ!ਪਰ ‘ਢੀਠਾਂ ਦਾ ਸਰਦਾਰ’ ਫੁੱਫੜ ਅੱਗਿਉਂ ‘ਹੀਂ….ਹੀਂ…ਹੀਂ’ ਕਰੀ ਗਿਆ!
> ਘਰੇ ਆ ਕੇ ਭਾਈਆ ਜੀ ਨੇ ਭੂਆ ਦੇ ਘਰ ਵਾਲ਼ੀ ਉਕਤ ਸਟੋਰੀ ਸੁਣਾ ਕੇ ਮੈਨੂੰ ਕਿਹਾ ਕਿ ਕਾਕਾ ਖਜੂਰ ਦੇ ਡੱਖੇ ਦੇ ਦੋ ਪੱਖੇ ਬਣਾ ਕੇ ਕੱਲ੍ਹ ਪਰਸੋਂ ਨੂੰ ਆਪਣੀ ਭੂਆ ਦੇ ਘਰੇ ਦੇ ਕੇ ਆ !
> ਲਉ ਜੀ ਦੂਜੇ ਤੀਜੇ ਦਿਨ ਮੈਂ ਬੇਟ ਵੱਲ ਪਸ਼ੂ ਚਰਾਉਣ ਗਿਆ ਹੋਇਆ ਦੋ ਪੱਖੇ ਬਣਾ ਲਿਆਇਆ ਅਤੇ ਭੂਆ ਦੇ ਘਰ ਦੇਣ ਚਲਾ ਗਿਆ!ਕਿਤੇ ‘ਦੋ ਘੁੱਟ’ ਪੀ ਕੇ ਜਾਂ ਵੈਸੇ ਈ ਖੁਸ਼ ਮੂਡ੍ਹ ਵਿਚ ਚਾਮ੍ਹਲ ਕੇ ਹਿੰਦੀ ‘ਚ ‘ਹਮਕੋ-ਤੁਮਕੋ’ ਕਰਨ ਵਾਲ਼ਾ ਵਾਲ਼ਾ ਫੁੱਫੜ,ਮੈਥੋਂ ਦੋਏ ਪੱਖੇ ਫੜ ਕੇ ਬੋਲਿਆ-
> ‘ਗਿਆਨੀ ਜੀ,ਇਸ ਕੇ ਜੈਸੇ ਦੋ ਪੱਖੇ ਹਮਕੋ ਔਰ ਬਨਾ ਕੇ ਭੇਜ ਦੇਣਾ !’
> ਫੁੱਫੜ ਦੀ ਇਹ ਗੱਲ ਜਦ ਮੈਂ ਵਾਪਸ ਘਰੇ ਆ ਕੇ ਦੱਸੀ ਤਾਂ ਭਾਈਆ ਜੀ ਨੇ ਲਾਲਚੀ ਫੁੱਫੜ ਨੂੰ ਗਰਮਾਂ ਗਰਮ ਵੀਹ ਗਾਲ਼ਾਂ ਹੋਰ ਕੱਢ’ਤੀਆਂ ਸਨ !
> -ਤਰਲੋਚਨ ਸਿੰਘ ਦੁਪਾਲ ਪੁਰ
> 001-408-915-1268
> tsdupalpuri@yahoo.com
