ਖੋਰਾ (ਨਾਵਲ)—ਰੀਵਿਊ

ਖੋਰਾ (ਨਾਵਲ)
ਰੀਵਿਊਕਾਰ: ਬਲਜਿੰਦਰ ਮਾਨ 98150-18947
ਨਾਵਲਕਾਰ: ਧਰਮਪਾਲ ਸਾਹਿਲ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ ਲੁਧਿਆਣਾ, ਪੰਨੇ: 216 ,ਮੁੱਲ: 350 ਰੁਪਏ
     ਪੰਜਾਬੀ ਅਤੇ ਹਿੰਦੀ ਸਾਹਿਤ ਦੇ ਖੇਤਰ ਵਿੱਚ ਡਾਕਟਰ ਧਰਮਪਾਲ ਸਾਹਿਲ ਦਾ ਨਾਂ ਉੱਘਾ ਤੇ ਨਿੱਘਾ ਹੈ। ਉਹਨਾਂ ਆਪਣੇ ਜੀਵਨ ਵਿੱਚ ਦਰਜਨਾਂ ਪੁਸਤਕਾਂ ਦੀ ਸਿਰਜਣਾ ਕਰਕੇ ਸਾਹਿਤ ਜਗਤ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ। ਨਾਵਲ, ਕਹਾਣੀ, ਮਿੰਨੀ ਕਹਾਣੀ, ਯਾਤਰਾ ਸੰਸਮਰਣ ,ਸਮਾਨ ਕੰਢੀ ਨਾਲ ਸੰਬੰਧਿਤ ਖੋਜਕਾਰੀ, ਕਵਿਤਾ ਅਤੇ ਬਾਲ ਸਾਹਿਤ ਦੇ ਖੇਤਰ ਵਿੱਚ ਉਹਨਾਂ ਵੱਲੋਂ ਕੀਤਾ ਕਾਰਜ ਕਾਬਲੇ ਗੌਰ ਅਤੇ ਕਾਬਲੇ ਤਾਰੀਫ਼ ਹੈ। ਨਾਵਲਕਾਰੀ ਦੇ ਖੇਤਰ ਵਿੱਚ ਤਾਂ ਉਹਨਾਂ ਕਮਾਲ ਦੀ ਸਿਰਜਣਾ ਕੀਤੀ ਹੈ। ਕੰਢੀ ਇਲਾਕੇ ਬਾਰੇ ਇਹ ਉਹਨਾਂ ਦਾ ਸੱਤਵਾਂ ਨਾਵਲ ਹੈ ਇਸ ਤੋਂ ਪਹਿਲਾਂ ਉਹਨਾਂ ਦੇ ਨਾਵਲ ਧੀਆਂ ਮਰ ਜਾਣੀਆਂ ਨੂੰ ਅਤੇ ਕੁਝ ਹੋਰ ਪੁਸਤਕਾਂ ਨੂੰ ਕੌਮੀ ਪੱਧਰ ਦੇ ਪੁਰਸਕਾਰ ਮਿਲ ਚੁੱਕੇ ਹਨ। ਧੀਆਂ ਮਰ ਜਾਣੀਆਂ, ਪਥਰਾਟ, ਕੁਆਰ ਝਾਤ, ਖਿੜਨ ਤੋਂ ਪਹਿਲਾਂ, ਮਣ੍ਹੇ ,ਕਸਕ ਅਤੇ ਹੁਣ ਇਹ ਸੱਤਵਾਂ ਨਾਵਲ ਖੋਰਾ ਉਹਨਾਂ ਵੱਲੋਂ ਸਿਰਜਿਆ ਗਿਆ ਹੈ। ਨਾਵਲ ਦੇ ਪਹਿਲੇ ਕਾਂਡ ਦੀ ਪਹਿਲੀ ਸਤਰ ਹੀ ਪਾਠਕਾਂ ਨੂੰ ਸੁਚੇਤ ਕਰ ਦਿੰਦੀ ਹੈ ਕਿ ਇਹ ਨਾਵਲ ਪਿਛਲੇ 40-50 ਸਾਲ ਦੇ ਇਤਿਹਾਸ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਗੁਆਚੀਆਂ ਪੈੜਾਂ ਦੀ ਤਲਾਸ਼ ਅਨੁਵਾਨ ਹੇਠ ਪਹਿਲੀ ਸਤਰ ਇੰਜ ਸ਼ੁਰੂ ਹੁੰਦੀ ਹੈ:- ‘ਲਗਭਗ 40 ਕੁ ਵਰ੍ਹੇ ਬਾਅਦ ਉਸ ਨੂੰ ਆਪਣੀ ਜੰਮਣ ਭੋਂਇ ਤੇ ਪੈਰ ਰੱਖੇ ਸਨ’। ਇਹ ਸਤਰ ਸਾਨੂੰ ਆਪਣੀ ਅਮੀਰ ਵਿਰਾਸਤ ਅਤੇ ਵਿਰਸੇ ਦੀਆਂ ਵੰਨ ਸੁਵਨੀਆ ਸੁਗਾਤਾਂ ਬਾਰੇ ਸੁਚੇਤ ਕਰਦੀ ਹੈ। ਕੰਡੀ ਦੇ ਖੇਤਰ ਬਾਰੇ ਨਾਵਲਕਾਰ ਵੱਲੋਂ ਕੀਤਾ ਖੋਜ ਕਾਰਜ ਇੰਨਾ ਮਸ਼ਹੂਰ ਹੋਇਆ ਹੈ ਕਿ ਉਹਨਾਂ ਨੇ ਇਸ ਖੇਤਰ ਬਾਰੇ ਦਰਜਨ ਤੱਕ ਕਿਤਾਬਾਂ ਦੀ ਸਿਰਜਣਾ ਅਤੇ ਕੋਸ਼ਕਾਰੀ ਕੀਤੀ ਹੈ।
         ਨਾਵਲ ‘ਖੋਰਾ’ ਸਾਨੂੰ ਕੰਢੀ ਦੀ ਸੁੰਦਰਤਾ, ਜੀਵਨ ਸ਼ੈਲੀ, ਸੱਭਿਆਚਾਰ, ਦੁੱਖ ਦਰਦ, ਰਹਿਣ ਸਹਿਣ, ਧਾਰਮਿਕ ਭਾਵਨਾ, ਰੀਤੀ ਰਿਵਾਜ ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਪੇਸ਼ ਕਰਦਾ ਹੈ। ਇਥੋਂ ਦੇ ਪਹਾੜ, ਜੰਗਲ ਬੇਲੇ ,ਬੂਟੇ ਅਤੇ ਲੋਕ ਸਭ ਇਸ ਦੁਨੀਆ ਨਾਲੋਂ ਅਲੱਗ ਜਾਪਦੇ ਹਨ। ਜਦੋਂ ਇਸ ਖੇਤਰ ਵਿੱਚ ਤਰੱਕੀ ਨਾਂ ਦੀ ਕੋਈ ਚੀਜ਼ ਨਹੀਂ ਸੀ ਉਦੋਂ ਸਾਰੇ ਲੋਕ ਇੱਕਮਿਕ ਹੋ ਕੇ, ਪਿਆਰ ਮੁਹੱਬਤ ਅਤੇ ਸਬਰ ਸੰਤੋਖ ਵਾਲਾ ਜੀਵਨ  ਜਿਉਂਦੇ ਸਨ। ਜਿਵੇਂ ਜਿਵੇਂ ਸੜਕਾਂ ਦਾ ਜਾਲ ਵਿਛਿਆ ਅਤੇ ਸਹੂਲਤਾਂ ਦੀ ਭਰਮਾਰ ਹੋਈ ਉਵੇਂ ਉਵੇਂ ਲੋਕਾਂ ਦੇ ਮਨਾਂ ਅੰਦਰ ਮੈਲਾਂ ਨੇ ਘਰ ਕਰ ਲਿਆ। ਇਹਨਾਂ ਮੈਲਾਂ ਦਾ ਇਹ ਸਿੱਟਾ ਨਿਕਲਿਆ ਕਿ ਇਥੋਂ ਦੀ ਸੁੰਦਰਤਾ, ਇਥੋਂ ਦਾ ਕੀਮਤੀ ਅਤੇ ਮਨਮੋਹਕ ਸਰਮਾਇਆ ਵੱਡੇ ਵੱਡੇ ਠੇਕੇਦਾਰ ਲੁੱਟ ਕੇ ਲੈ ਗਏ। ਜਦੋਂ ਕੋਈ ਸਹੂਲਤ ਨਹੀਂ ਸੀ ਉਦੋਂ ਇਹ ਪਿੰਡ ਘੁੱਗ ਵਸਦੇ ਸਨ ਖੁਸ਼ ਸਨ ਅਤੇ ਪਰਮਾਤਮਾ ਦਾ ਸ਼ੁਕਰ ਕਰਦੇ ਸਨ। ਜਦੋਂ ਤਰੱਕੀ ਹੋਈ ਤਾਂ ਪਿੰਡਾਂ ਦੇ ਪਿੰਡ ਉੱਜੜ ਗਏ ਅਤੇ ਇਧਰ ਉਧਰ ਜਾ ਵਸੇ। ਜਿਸ ਕਾਰਨ ਇਥੋਂ ਦੀ ਮਨੁੱਖੀ ਵਿਰਾਸਤ ਅਤੇ ਕੀਮਤੀ ਸਰਮਾਇਆ ਖੁਰਦਾ ਖੁਰਦਾ ਖਤਮ ਹੋ ਗਿਆ।

ਨਾਵਲਕਾਰ ਨੇ ਇਸ ਧਰਤੀ ਦੀ ਮਹਾਨਤਾ ਨੂੰ ਉਜਾਗਰ ਕਰਨ ਦੇ ਮਨੋਰਥ ਨਾਲ ਇਸ ਨਾਵਲ ਦੀ ਸਿਰਜਣਾ ਕੀਤੀ ਹੈ। ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਮੇਂ ਦੇ ਨਾਲ ਨਾਲ ਆਈ ਤਬਦੀਲੀ ਨੇ ਇਸ ਇਲਾਕੇ ਨੂੰ ਕਿਵੇਂ ਬਰਬਾਦ ਕੀਤਾ। ਸੁੰਦਰ ਬਣ ,ਰੁੱਖ, ਪੱਥਰ, ਰੇਤਾ ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਇਸ ਧਰਤੀ ਤੋਂ  ਲੁੱਟਿਆ ਗਿਆ। ਨਰੋਤਮ ਵਰਗੇ ਪਾਤਰ ਇਹ ਸਿੱਧ ਕਰਦੇ ਹਨ ਕਿ ਜੇਕਰ ਤੁਸੀਂ ਸੱਚ ਤੇ ਖੜਕੇ ਕੋਈ ਵੀ ਜੰਗ ਲੜੋ ਤਾਂ ਉਹ ਜ਼ਰੂਰ ਜਿੱਤੋਗੇ। ਬਿਰਜੂ ਅਤੇ ਬਾਲੋ ਦਾ ਰੂਹਾਨੀ ਪਿਆਰ ਇਸ ਨਾਵਲ ਦੀ ਕਮਾਲ ਦੀ ਪ੍ਰਾਪਤੀ ਹੈ ਜਿਸ ਨੂੰ ਕਿਸੇ ਰਿਸ਼ਤਾ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਪਰੰਤੂ ਉਹ ਅੰਤਲੇ ਸਾਹਾਂ ਤੱਕ ਨਿਭਦਾ ਹੈ। ਭਾਵੇਂ ਉਹ ਜਿਸਮਾਨੀ ਤੌਰ ਤੇ ਦਹਾਕਿਆਂ ਤੱਕ ਦੂਰ ਵੀ ਰਹਿੰਦੇ ਹਨ। ਕੰਢੀ ਦੀ ਬੋਲੀ ਇਸ ਨਾਵਲ ਵਿੱਚੋਂ ਆਪ ਮੁਹਾਰੇ ਪੇਸ਼ ਹੁੰਦੀ ਹੈ। ਵਾਰਤਾਲਾਪ ਐਨੀ ਚੁਸਤ ਤੇ ਦਰੁਸਤ ਹੈ ਕਿ ਪਾਠਕ ਅੱਗੇ ਤੋਂ ਅਗੇਰੇ ਪੜ੍ਹਦਾ ਹੀ ਚੱਲਿਆ ਜਾਂਦਾ ਹੈ। ਸੱਚੇ ਸੁੱਚੇ, ਖੁੱਲੇ ਖਲਾਸੇ, ਮਿਲਣਸਾਰ , ਇੱਜਤ ਨਾਲ ਜੀਉਣ ਵਾਲੇ ਸੁਭਾਅ ਦੇ ਮਾਲਕ ਇਹ ਲੋਕ ਹਰ ਕਿਸੇ ਦੇ ਦੁੱਖ ਸੁੱਖ ਦੇ ਭਾਈਵਾਲ ਬਣਦੇ ਹਨ। ਬਿਰਜੂ ਦੇ ਜਨਮ ਦਾ ਦ੍ਰਿਸ਼ ਹਸਪਤਾਲ ਵਿੱਚ ਦਾਈ ਪੂਰਨਾ ਵੱਲੋਂ ਨਿਭਾਈ ਭੂਮਿਕਾ ਕਮਾਲ ਦੀ ਹੈ। ਨਾਵਲ ਤੇ ਹਰ ਕਾਂਡ ਦਾ ਦਿੱਤਾ ਸਿਰਲੇਖ ਪਾਠਕ ਅੰਦਰ ਹੋਰ ਅੱਗੇ ਪੜ੍ਹਨ ਦੀ ਜਗਿਆਸਾ ਪੈਦਾ ਕਰਦਾ ਹੈ।
     ਮੈਨੂੰ ਤਾਂ ਇੰਝ ਵੀ ਮਹਿਸੂਸ ਹੁੰਦਾ ਹੈ ਕਿ ਇਹ ਨਾਵਲ ਨਾਲੋਂ ਵੱਧ ਇੱਕ ਸਫ਼ਰਨਾਮਾ ਹੈ ਜੋ ਸਾਨੂੰ ਕੰਢੀ ਦੀ ਯਾਤਰਾ ਕਰਵਾਉਂਦਾ ਹੈ।  ਪੱਥਰਾਂ ,ਰੇਤਾ, ਕੂਲਾਂ , ਪਹਾੜਾਂ, ਜੰਗਲਾਂ ਅਤੇ ਵਗਦੇ ਸੀਰਾਂ ਵਿੱਚ ਤੁਰਨ ਦਾ ਆਪਣਾ ਹੀ ਆਨੰਦ ਹੈ। ਪਿੰਡ ਤੁੰਗ ਤੋਂ ਬਡਲਾ ਵਾਇਆ ਨੇਕਨਾਵਾਂ ਦਾ ਬਾਲੋ, ਦੇਵਕੀ ਅਤੇ ਬਿਰਜੂ ਦੁਆਰਾ ਕੀਤਾ ਜਾਂਦਾ ਸਫ਼ਰ ਇਸ ਗੱਲ ਦੀ ਗਵਾਹੀ ਭਰਦਾ ਹੈ। ਇਸ ਨਾਵਲ ਦੇ ਬਹੁਤੇ ਕਾਂਡਾਂ ਵਿੱਚੋਂ ਨਾਵਲਕਾਰ ਦੀ ਸਵੈ ਜੀਵਨੀ ਦਾ ਝਾਉਲਾ ਵੀ ਪੈਂਦਾ ਹੈ। ਨਰੋਤਮ ਦੇ ਦਰਦ ਭਰੇ ਬੋਲ ਇਹ ਸਿੱਧ ਕਰਦੇ ਹਨ ਕਿ ਤਰੱਕੀ ਦੇ ਨਾਂ ਤੇ ਕੀ ਕੁਝ ਖਤਮ ਹੋਇਆ ਤੇ ਕਿਸ ਕਿਸ ਗੁਣ ਨੂੰ ਖੋਰਾ ਲੱਗਾ।
    ‘ ਬੇਸ਼ੱਕ ਬਰੂਦ ਦੇ ਧਮਾਕਿਆਂ ਨਾਲ ਪਹਾੜ ਟੁੱਟ ਗਏ ਸਨ। ਦਰੱਖਤ ਉਖੜ ਗਏ ਸਨ। ਫਿਜ਼ਾ ਪਲੀਤ ਹੋ ਗਈ ਸੀ ਪਰ ਇਹ ਹਨੇਰੀ ਨਰੋਤਮ ਤੇ ਪੂਰਨ ਬਿਰਜੂ ਦੇਵਕੀ ਤੇ ਬਾਲੋ ਦੇ ਪਿਆਰ ਦੀਆਂ ਕੱਚੀਆਂ ਤੰਦਾਂ ਦਾ ਕੁਝ ਨਹੀਂ ਸੀ ਵਿਗਾੜ ਸਕੀ। ਇਸ ਅਖੌਤੀ ਵਿਕਾਸ ਦੇ ਅਹਿਸਾਨ ਦਾ ਮਾਰਿਆ ਪਿੰਡ ਅੰਦਰੋਂ ਅੰਦਰੀਂ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਉਸ ਲਈ ਆਪਣੀਆਂ ਧੀਆਂ ਭੈਣਾਂ ਔਰਤਾਂ ਦੀ ਰਾਖੀ ਕਰਨਾ ਮੁਸ਼ਕਿਲ ਹੋ ਗਿਆ ਸੀ। ਵਿਕਾਸ ਦੇ ਮਸੀਹੇ ਪਹਾੜ ਦਾ ਰਸ ਚੂਸ ਕੇ ਲੈ ਗਏ ਸਨ। ਪਹਾੜ ਸ਼ਹਿਦ ਦੀ ਮੱਖੀਆਂ ਦੇ ਖਾਲੀ ਖੱਖਰ ਵਾਂਗ ਰਹਿ ਗਿਆ ਸੀ ਅੰਦਰੋਂ ਪੋਲਾ ਤੇ ਖੋਖਲਾ ਜਿਹਾ। ਇੱਥੇ ਹੀ ਬੱਸ ਨਹੀਂ ਸੀ ਕੀਤੀ ਵਿਕਾਸ ਦੇ ਮਸੀਹਾ ਨੇ ਇਲਾਕੇ ਦੇ ਪਿੰਡ ਪਿੰਡ, ਘਰ ਘਰ, ਬੰਦੇ ਬੰਦੇ ਵਿਚਕਾਰ ਇੱਕ ਅਜਿਹੀ ਲਕੀਰ ਖਿੱਚ ਦਿੱਤੀ ਸੀ ਜਿਹੜੀ ਜਾਪਦੀ ਨਹੀਂ ਸੀ ਪਰ ਉਹ ਦਿਲੋਂ ਦਿਮਾਗ ਤੇ ਖਿੱਚੀ ਗਈ ਸੀ। ਉਹ ਪਹਾੜੀ ਖੇਤਰ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਇੱਥੇ ਚੋਰ ਨੂੰ ਇਸ ਗੱਲ ਦਾ ਮਾਣ ਕੇ ਉਹ ਲੁਟੇਰਾ ਨਹੀਂ, ਲੁਟੇਰੇ ਨੂੰ ਇਸ ਗੱਲ ਦਾ ਮਾਣ ਕੇ ਡਾਕੂ ਨਹੀਂ, ਤੇ ਡਾਕੂ ਨੂੰ ਇਸ ਗੱਲ ਤੇ ਮਾਣ ਕਿ ਉਹ ਮੰਤਰੀ ਨਹੀਂ …’।
      ਮਾਸਟਰ ਅਮਰ ਸਿੰਘ ਦਾ ਯੋਗਦਾਨ ਸਾਨੂੰ ਆਦਰਸ਼ ਅਧਿਆਪਕ ਬਣਨ ਲਈ ਪ੍ਰੇਰਿਤ ਕਰਦਾ ਹੈ। ਨਾਵਲ ਪੜ੍ਹਦਿਆਂ ਪਾਠਕ ਇੰਝ ਮਹਿਸੂਸ ਕਰਦਾ ਹੈ ਜਿਵੇਂ ਉਹ ਕੁੱਲੂ ਮਨਾਲੀ ਦੀਆਂ ਵਾਦੀਆਂ ਦੀ ਸੈਰ ਕਰਦਾ ਹੋਵੇ ਅਤੇ ਉਥੋਂ ਦੇ ਵਸਦੇ ਲੋਕਾਂ ਦਾ ਮਾਣ ਸਤਿਕਾਰ ਪ੍ਰਾਪਤ ਕਰ ਰਿਹਾ ਹੋਵੇ। ਕਿਰਤੀ ਕਾਮੇ ਆਪਣੀ ਮਿਹਨਤ ਨਾਲ ਜੀਉਣ ਵਾਲੇ ਇਹ ਸੰਘਰਸ਼ੀ ਯੋਧੇ ਦੇਸ਼ ਦੇ ਹੋਰ ਕੋਨਿਆਂ ਵਿੱਚ ਸ਼ਾਇਦ ਹੀ ਕਿਤੇ ਮਿਲਦੇ ਹੋਣਗੇ। ਉਹਨਾਂ ਅੰਦਰ ਰੱਬ ਦਾ ਖੌਫ ਅਤੇ ਇਨਸਾਨੀਅਤ ਹਰ ਪਲ ਠਾਠਾ ਮਾਰਦੇ ਸਮੁੰਦਰ ਵਾਂਗ ਵਗ ਰਹੀ ਹੁੰਦੀ ਹੈ। ਇਹ ਨਾਵਲ ਜਿੱਥੇ ਸਾਨੂੰ ਕੰਢੀ ਦੀ ਸੁੰਦਰ ਤਸਵੀਰ  ਪੇਸ਼ ਕਰਦਾ ਹੈ ਉੱਥੇ ਇਸ ਇਲਾਕੇ ਵਿੱਚ ਵੱਸਦੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਵਿੱਚ ਵੀ ਸਹਾਇਕ ਸਿੱਧ ਹੁੰਦਾ ਹੈ। ਨਾਵਲਕਾਰ ਦੀ ਇਹ ਜੰਮਣ ਭੋਇੰ ਹੋਣ ਕਰਕੇ ਉਹ ਇਥੋਂ ਦੇ ਸੱਭਿਆਚਾਰ ਦੀਆਂ ਤਹਿਆਂ ਵਿੱਚ ਲੁਕੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਪਰਿਵਾਰਕ ਰਹੱਸਾਂ ਤੋਂ ਪਰਦਾ ਚੁੱਕਦਾ ਹੈ। ਦੁਖਾਂਤਿਕ ਅਤੇ ਸੁਖਾਂਤਿਕ ਘਟਨਾਵਾਂ ਦਾ ਅਨੂਠਾ ਸੰਗਮ ਕੀਤਾ ਗਿਆ ਹੈ। ਮਨਮੋਹਕ ਦ੍ਰਿਸ਼ਾਂ ਦਾ ਵਰਣਨ ਜਿੱਥੇ ਪਾਠਕ ਮਨ ਨੂੰ ਅਨੰਦਿਤ ਕਰਦਾ ਹੈ ਉੱਥੇ ਉਜੜ ਰਹੇ ਪਹਾੜਾਂ, ਜੰਗਲਾਂ ਅਤੇ ਲੋਕਾਂ ਦੇ ਦਰਦ ਨੂੰ ਦੇਖ ਕੇ ਕੁਰਲਾ ਵੀ ਉਠਦਾ ਹੈ। ਨਾਵਲਕਾਰ ਦੀ ਪੁਰਾਤਨ ਅਤੇ ਆਧੁਨਿਕ ਤਸਵੀਰਕਸ਼ੀ ਪੜ੍ਹ ਕੇ ਪਾਠਕ ਮਨ ਇਸ ਇਲਾਕੇ ਦੀ ਖੁਦ ਯਾਤਰਾ ਕਰਨ ਲਈ ਪ੍ਰੇਰਿਤ ਹੁੰਦਾ ਹੈ।
     ਨਾਵਲ ਦਾ 33ਵਾਂ ਕਾਂਡ ਸਿਮਰਤੀਆਂ ਦੀ ਪੈੜ ਬ੍ਰਿਜ ਮੋਹਨ ਨੂੰ ਉਜੜੇ ਪਿੰਡ ਦੇ ਰੂਬਰੂ ਕਰਦਾ ਹੈ। ਜਿਸ ਵਿੱਚ ਉਸ ਦੀ ਸਭ ਤੋਂ ਪ੍ਰੇਮੀ ਸ਼ਖਸ਼ੀਅਤ ਬਾਲੋ ਵਸਦੀ ਹੈ ਅਤੇ ਉਹ ਵੀ ਬ੍ਰੈਸਟ ਕੈਂਸਰ ਨਾਲ ਪੀੜਿਤ ਹੋਣ ਕਰਕੇ ਉਸ ਨੂੰ ਮਿਲਦੇ ਸਾਰ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੰਦੀ ਹੈ। ਇਸ ਤਰ੍ਹਾਂ ਨਾਵਲ ਦਾ ਦੁਖਾਂਤਿਕ ਅੰਤ ਪਾਠਕ ਦੇ ਮਨ ਵਿੱਚ ਅਨੇਕਾਂ ਸਵਾਲ ਛੱਡ ਜਾਂਦਾ ਹੈ। ਇਹ ਸਵਾਲ ਨੇ ਕੁਦਰਤ ਦੇ ਖਿਲਾਫ ਹੁੰਦਾ ਵਿਕਾਸ, ਮਨੁੱਖ ‘ਚੋਂ ਖਤਮ ਹੋ ਰਹੀ ਮਨੁੱਖਤਾ, ਕੁਦਰਤ ਦੀ ਸੁੰਦਰਤਾ ਨਾਲ ਛੇੜਛਾੜ, ਮੰਤਰੀਆਂ ਦੀ ਲੁੱਟਣ ਦੀ ਨੀਤੀ, ਸਰਕਾਰਾਂ ਦਾ ਗੈਰ ਵਿਗਿਆਨਕ ਵਿਕਾਸ, ਸਮਾਜ ਵਿੱਚ ਫੈਲੇ ਮਾਇਆ ਦੇ ਮੋਹ ਕਾਰਨ ਹੁੰਦਾ ਰਿਸ਼ਤਿਆਂ ਦਾ ਨਿਘਾਰ ਆਦਿ। ਇਹ ਨਾਵਲ ਨਰੋਆ , ਨਿਵੇਕਲਾ ,ਮਨੋਰੰਜਕ ਅਤੇ ਸਭ ਲਈ ਪ੍ਰੇਰਨਾਦਾਇਕ ਹੈ।
***
ਸੰਪਾਦਕ ਨਿੱਕੀਆਂ ਕਰੂੰਬਲਾਂ
ਮਾਹਿਲਪੁਰ (ਹੁਸ਼ਿਆਰਪੁਰ) 

Exit mobile version