ਗਲਾਸਗੋ ‘ਚ ਪਹਿਲੀ ਵਾਰ ਸਜਾਇਆ ਗਿਆ ਗੁਰਪੁਰਬ ਨਗਰ ਕੀਰਤਨ 

ਹਜਾਰਾਂ ਦੀ ਤਾਦਾਦ ‘ਚ ਸੰਗਤਾਂ ਨੇ ਭਰੀ ਹਾਜ਼ਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਗਿਆ। ਐਲਬਰਟ ਡਰਾਈਵ ਗੁਰੂਘਰ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ, ਜਿਸਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਸੰਬੰਧੀ ਹੋਏ ਇਸ ਨਗਰ ਕੀਰਤਨ ਦੌਰਾਨ ਜਿੱਥੇ ਸਥਾਨਕ ਪੁਲਸ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਉੱਥੇ ਸੰਗਤਾਂ ਵੱਲੋਂ ਵੀ ਅਨੁਸਾਸ਼ਿਤ ਹੋਣ ਦਾ ਸਬੂਤ ਦਿੱਤਾ ਗਿਆ। ਨਗਾਰੇ ਦੀ ਚੋਟ ਦੂਰ ਦੂਰ ਤੱਕ ਸੁਣਾਈ ਦੇ ਰਹੀ ਸੀ।

ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਕੀਰਤਨੀਏ ਸਿੰਘ ਨਿਰੰਤਰ ਕੀਰਤਨ ਕਰ ਰਹੇ ਸਨ। ਪਿੱਛੇ ਚੱਲ ਰਹੀਆਂ ਸੰਗਤਾਂ ਕਿਧਰੇ ਜਾਪ ਕਰ ਰਹੀਆਂ ਸਨ, ਕਿਧਰੇ ਸ਼ਬਦ ਗਾਇਨ ਕਰ ਰਹੀਆਂ ਸਨ। ਬੇਸ਼ੱਕ ਮੌਸਮ ਦਾ ਮਿਜਾਜ ਕੁਝ ਬਾਹਲਾ ਵਧੀਆ ਨਹੀਂ ਸੀ, ਹੱਡ ਜੋੜਨ ਵਾਲੀ ਠੰਢ ਦਾ ਮਾਹੌਲ ਸੀ ਪਰ ਦੁੱਧ ਚੁੰਘਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਗਈ। ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ, ਕਾਰੋਬਾਰੀ ਰੇਸ਼ਮ ਸਿੰਘ ਕੂਨਰ, ਜਿੰਦਰ ਸਿੰਘ ਚਾਹਲ, ਲਖਵੀਰ ਸਿੰਘ ਸਿੱਧੂ, ਤਜਿੰਦਰ ਸਿੰਘ ਭੁੱਲਰ, ਦੀਪ ਗਿੱਲ, ਤਰਸੇਮ ਕੁਮਾਰ, ਸਰਦਾਰ ਲਾਲੀ, ਇਕਬਾਲ ਸਿੰਘ ਕਲੇਰ, ਕੁਲਬੀਰ ਸਿੰਘ ਚੱਬੇਵਾਲ ਆਦਿ ਨੇ ਸੰਗਤਾਂ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਜਿਹਨਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਨਗਰ ਕੀਰਤਨ ਸਜਾਉਣ ਦਾ ਮੁੱਢ ਬੰਨ੍ਹਿਆ ਗਿਆ ਹੈ।

Exit mobile version