ਗੁਰਮੀਤ ਕੜਿਆਲਵੀ ਦੀ ਪੁਸਤਕ “ਸ਼ੇਰ ਸ਼ਾਹ ਸੂਰੀ” ਨੂੰ ਭਾਸ਼ਾ ਵਿਭਾਗ ਵੱਲੋਂ ਰਾਜ ਪੱਧਰ ਦਾ ਪੁਰਸਕਾਰ 

ਮੋਗਾ (ਪੰਜਾਬੀ ਅਖ਼ਬਾਰ ਬਿਊਰੋ) ਪੰਜਾਬ ਦੇ ਨਾਮਵਰ ਕਹਾਣੀਕਾਰ ਤੇ ਬਹੁ ਵਿਧਾਈ ਸਾਹਿਤਕਾਰ ਗੁਰਮੀਤ ਕੜਿਆਲਵੀ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ (ਬਾਲ ਸਾਹਿਤ) ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਭਾਸ਼ਾ ਵਿਭਾਗ ਵੱਲੋਂ 25000/- ਰੁਪਏ ਦਾ ਇਹ ਪੁਰਸਕਾਰ 30 ਨਵੰਬਰ ਨੂੰ ਪਟਿਆਲਾ ਵਿਖੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਦਫਤਰ ਵਿਖੇ ਕਰਵਾਏ ਜਾਣ ਵਾਲੇ ਸਮਾਗਮ ਸਮੇ ਦਿੱਤਾ ਜਾਵੇਗਾ। 

ਗੁਰਮੀਤ ਕੜਿਆਲਵੀ

ਵਰਨਣਯੋਗ ਯੋਗ ਹੈ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਗੁਰਮੀਤ ਕੜਿਆਲਵੀ ਨੂੰ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਬਾਲ ਸਾਹਿਤ ਦਾ ਰਾਸ਼ਟਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਜਿਲ੍ਹਾ ਮੋਗਾ ਦੇ ਪਿੰਡ ਕੜਿਆਲ ਨਾਲ ਸਬੰਧਿਤ ਗੁਰਮੀਤ ਕੜਿਆਲਵੀ ਹੁਣ ਤੱਕ 23 ਕਿਤਾਬਾਂ ਲਿਖ ਚੁੱਕਾ ਹੈ ਜਿੰਨਾ ‘ਚੋਂ ਆਤੂ ਖੋਜੀ, ਹਾਰੀਂ ਨਾ ਬਚਨਿਆ, ਮੋਰ ਪੈਲ਼ ਕਿਉਂ ਨੀ ਪਾਉਂਦੇ, ਉਹ ਇੱਕੀ ਦਿਨ, ਖਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ, ਦਹਿਸ਼ਤ ਭਰੇ ਦਿਨਾਂ ‘ਚ ਬਹੁਤ ਚਰਚਿਤ ਹੋਈਆਂ ਹਨ। ਕੜਿਆਲਵੀ ਨੇ ਬਾਲ ਸਾਹਿਤ ਦੀਆਂ 8 ਕਿਤਾਬਾਂ ਲਿਖੀਆਂ ਹਨ ਜਿੰਨਾਂ ‘ਚੋਂ ਪੰਜ ਬਾਲ ਨਾਟਕ ਹਨ। ਕੜਿਆਲਵੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਹਿੰਦੀ, ਅੰਗਰੇਜੀ, ਗੁਜਰਾਤੀ ਅਤੇ ਦੇਸ਼ ਦੀਆਂ ਹੋਰ ਭਾਸ਼ਾਵਾਂ ‘ਚ ਅਨੁਵਾਦ ਹੋਈਆਂ ਹਨ। ਇਸ ਲੇਖਕ ਦੀਆਂ ਰਚਨਾਵਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸਿਲੇਬਸ ਦਾ ਵੀ ਹਿਸਾ ਬਣੀਆਂ ਹਨ।

    ਗੁਰਮੀਤ ਕੜਿਆਲਵੀ ਨੂੰ ਭਾਸ਼ਾ ਵਿਭਾਗ ਦਾ ਪੁਰਸਕਾਰ ਮਿਲਣ ਦੇ ਐਲਾਨ ‘ਤੇ ਮੋਗੇ ਦੇ ਸਾਹਿਤਕਾਰਾਂ ਕੇ ਐਲ ਗਰਗ, ਜਿਲ੍ਹਾ ਭਾਸ਼ਾ ਅਫਸਰ ਮੋਗਾ ਡਾ ਅਜੀਤਪਾਲ ਸਿੰਘ, ਰਣਜੀਤ ਸਰਾਂਵਾਲੀ, ਸੁਰਜੀਤ ਕਾਉਂਕੇ, ਪਰਮਜੀਤ ਚੂਹੜਚੱਕ, ਡਾ ਸੁਰਜੀਤ ਬਰਾੜ, ਪਵਿਤਰ ਕੌਰ ਮਾਟੀ, ਅਮਰਪ੍ਰੀਤ ਕੌਰ ਸੰਘਾ , ਪ੍ਰੋ ਕਰਮਜੀਤ ਕੌਰ, ਡਾ ਗੁਰਜੀਤ ਸਿੰਘ ਸੰਧੂ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। 

Exit mobile version