ਗੋਗੇ ਕਰਦੇ ਚਾਹ ਜੋਗੇ –

ਗੋਗਾ ਚਾਹ ਵਾਲਾ

ਮੋਗਾ ਕੋਟਕਪੂਰਾ ਰੋਡ ਤੇ ਮਸ਼ਹੂਰ ਜੀ.ਟੀ.ਬੀ ਗੜ੍ਹ (ਰੋਡੇ) ਸਕੂਲ ਅਤੇ ਕਾਲਜ ਦੇ ਨੇੜੇ ਪਿਛਲੇ ਚਾਰ ਦਹਾਕਿਆਂ ਦੇ ਸਮੇਂ ਦਾ ਅੱਜ ਇੱਕੋ- ਇੱਕ ਗਵਾਹ “ਮੇਜਰ ਸਿੰਘ ਉਰਫ ਗੋਗਾ ਚਾਹ ਵਾਲਾ ” ਜੋ ਸੰਨ 1977 ਤੋ ਇੱਥੇ ਚਾਹ ਦੀ ਕੰਟੀਨ ਚਲਾਉਂਦਾ ਹੈ । ਉਸਦਾ ਪਿੰਡ ਨਾਲ ਲੱਗਦਾ ਵੈਰੋਕੇ ਹੈ ।

ਇਸ ਸਕੂਲ , ਕਾਲਜ ਤੋ ਹਜਾਰਾਂ ਹੀ ਵਿਦਿਆਰਥੀ ਪੜ੍ਹ ਕੇ ਅਤੇ ਅਧਿਆਪਕ , ਪ੍ਰੋਫੈਸਰ ਸੇਵਾ ਨਿਭਾ ਕੇ ਗਏ ਹਨ ਅਜਿਹਾ ਕੋਈ ਨਹੀ ਜਿਸਨੇ ਗੋਗੇ ਦੀ ਚਾਹ , ਚੌਲਾਂ ,ਵੇਸਣ ਦੀਆਂ ਪਿੰਨੀਆਂ ਨਾ ਖਾਦੀਆਂ ਹੋਣ ।

ਗੋਗਾ ਨਿਆਣੀ ਉਮਰੇ ਇੱਥੇ ਆਇਆ ਸੀ । ਅੱਜ ਵੀ ਜੇ ਏਥੇ ਨਹੀ ਕੁਝ ਬਦਲਿਆ ਤਾਂ ਉਹ ਹੈ ਗੋਗੇ ਦੀ ਕੰਟੀਨ ।
ਗੋਗਾ ਦਸਦਾ ਹੈ ਕਿ ਕੁਝ ਵਿਦਿਆਰਥੀ ਅਜਿਹੇ ਹਨ ਜਿਨ੍ਹਾ ਨੇ ਅਧਿਆਪਕ ਬਣਕੇ ਦੇ ਪਹਿਲੇ ਦਿਨ ਏਥੇ ਜੋਇਨ ਕੀਤਾ ਤਾਂ ਆਪਣੀ ਚਾਹ ਨਾਲ ਹੀ ਪਾਰਟੀ ਹੋਈ ਸੀ । ਅਤੇ ਰੀਟਾਇਰ ਵੀ ਇੱਥੋ ਹੀ ਹੋਏ ਤੇ ਉਸ ਦਿਨ ਵੀ ਗੋਗੇ ਦੀ ਚਾਹ ਮੰਗਵਾ ਕੇ ਹੀ ਪਾਰਟੀ ਕੀਤੀ ।

ਗੋਗੇ ਨੇ ਕਈ ਦੌਰ ਦੇਖੇ । ਇਸ ਸਕੂਲ, ਕਾਲਜ ਦਾ ਇੱਕ ਸੁਨਿਹਰੀ ਦੌਰ ਵੀ ਸੀ ਜਦੋ ਦੂਰ- ਦੂਰ ਦੇ ਵਿਦਿਆਰਥੀ ਏਥੇ ਦਾਖਲੇ ਲਈ ਜੱਦੋ-ਜਹਿਦ ਕਰਦੇ ਸਨ । ਫਿਰ ਕਾਮਰੇਂਡਾਂ ਦਾ ਦੌਰ , 84 ਦਾ ਦੌਰ ਅਦਿ । ਉਹ ਵੀ ਸਮਾਂ ਸੀ ਜਦੋ ਇਸੇ ਸਕੂਲ , ਕਾਲਜ ਨੇ ਬੱਸ ਪਾਸ ਦੀ ਸ਼ੁਰੂਆਤ ਕਰਵਾਈ ਸੀ ।

ਗੋਗੇ ਨੇ ਬਹੁਤ ਕੁਝ ਦੇਖਿਆ ਪਰ ਆਪਣੇ ਵਧੀਆ ਸੁਭਾਅ ਕਰਕੇ ਏਥੋਂ ਆਪਣਾ ਟਿਕਾਣਾ ਨਹੀ ਬਦਲਿਆ ਗੋਗਾ ਕਹਿੰਦਾ ਹੈ ਸਭ ਤੋ ਵਧੀਆ ਉਦੋਂ ਲਗਦਾ ਹੈ ਜਦੋ ਕੋਈ ਇੱਥੋਂ ਪੜ੍ਹ ਕੇ ਗਿਆ ਅਫਸਰ ਆ ਕੇ ਰੁਕਦਾ ਹੈ ਅਤੇ ਚਾਹ ਪੀ ਕੇ ਆਪਣੀ ਪੁਰਾਣੀ ਯਾਦ ਤਾਜਾ ਕਰਕੇ ਜਾਦਾ ਹੈ ।

ਜਦ ਅਸੀ ਪਚਾਸੀ ਵਿੱਚ ਰੋਡੇ ਸਕੂਲ ਵਿੱਚ ਪੜ੍ਹਦੇ ਸੀ ਤਾਂ ਬਾਘੇਪੁਰਾਣੇ ਵਾਲ਼ੇ ਜਮਾਤੀ ਜ਼ੈਲਦਾਰ ਨੇ ਕਹਿਣਾ “ ਗੋਗੇ ਕਰਦੇ ਚਾਹ ਜੋਗੇ” ਨਾਲ ਵੇਸ਼ਣ ਦੀ ਬਰਫੀ ਤੇ ਮੈਸ਼ੂ ਦਾ ਜ਼ਾਇਕਾ ਅੱਜ ਵੀ ਯਾਦ ਹੈ ।
ਸੱਜਣੋ ਹੋ ਸਕੇ ਤਾਂ ਉਸ ਦੇ ਕੋਲ ਖੜ ਜਾਇਆ ਕਰੋ । ਕਿਉਂਕਿ ਜਦੋ ਵੀ ਮੈ ਉਥੇ ਕਦੇ ਰੁਕ ਕੇ ਜਾਦਾਂ ਹਾਂ ਤਾਂ ਇੰਜ ਪ੍ਰਤੀਤ ਹੁੰਦਾ ਹੈ ਜਿਵੇ ਚਾਹ ਪੀ ਕੇ ਹੁਣੇ ਕਾਮਰੇਡ ਪ੍ਰੋ.ਮਲਕੀਤ ਸਿੰਘ ਦੀ ਕਲਾਸ ਲਾਉਣ ਜਾਣਾ ਹੋਵੇ ।

ਡਾ. ਰਾਜਦੁਲਾਰ ਸਿੰਘ
9417505141

Exit mobile version