
ਜੇ ਇਸ ਨੂੰ ਕਹਿਣ ਅਜ਼ਾਦੀ ਤਾਂ ਗੁਲਾਮੀ ਚੰਗੀ ਸੀ
ਯੋਧਿਆਂ ਬਖ਼ਸ਼ੀ ਨਹੀਂ ਗੋਰੀ ਸਰਕਾਰ ਜੋ ਖੰਗੀ ਸੀ
ਅੱਤ ਜੇ ਨਾ ਕਰਾਉਂਦੇ ਵੈਰੀ ਦਸ ਸਾਨੂੰ ਵੀ ਕੀ ਤੰਗੀ ਸੀ
ਕੌੜਾ ਘੁੱਟ ਕੁਰਬਾਨੀ ਵਾਲਾ ਪੀ ਫੇਰ ਖੜਨਾ ਪੈਣਾ ਏ
ਮਿੱਤਰਾ ਘੋਲ਼ ਅਜ਼ਾਦੀ ਵਾਲਾ ਮੁੜ ਕੇ ਲੜਨਾ ਪੈਣਾ ਏ
ਜਿੰਨ੍ਹਾਂ ਲਈ ਬੰਦ ਬੰਦ ਕਟਵਾਏ ਖੋਪਰ ਵੀ ਲਹਾਏ ਸੀ
ਨਿੱਕੇ ਬਾਲਾਂ ਖੜ ਨੀਹਾਂ ਵਿੱਚ ਜਿਨ੍ਹਾਂ ਦੇ ਲਾਲ ਬਚਾਏ ਸੀ
ਰੱਸਾ ਜਿਨ੍ਹਾਂ ਚੁੰਮ ਫਾਂਸੀ ਦਾ ਬਸੰਤੀ ਚੋਲ਼ੇ ਪਾਏ ਸੀ
ਆਖਰ ਮੇਹਣਾ ਅਤਵਾਦੀ ਵਾਲਾ ਓਹਨਾ ਨੂੰ ਹੀ ਸੁਣਨਾ ਪੈਣਾ ਏ
ਮਿੱਤਰਾ ਘੋਲ਼ ਅਜ਼ਾਦੀ ਵਾਲਾ ਮੁੜ ਕੇ ਲੜਨਾ ਪੈਣਾ ਏ
ਕਾਲੇ ਹੋਗੇ ਪੰਜ ਦਰਿਆ ਅੰਮ੍ਰਿਤ ਜਿਨ੍ਹਾਂ ਚ ਵਹਿੰਦਾ ਸੀ
ਚਿੱਟਾ ਪੀ ਪੀ ਫਾਡੀ ਹੋ ਗਿਆ ਜੋ ਮੂਹਰੇ ਹੋ ਹੋ ਬਹਿੰਦਾ ਸੀ
ਪੈੜ ਹੀਰ ਦੀ ਨੱਪ ਰਹੀਆਂ, ਨਾ ਮਾਈ ਭਾਗੋ ਚੇਤਿਆਂ ਵਿੱਚ ਕਿਸੇ
ਵੱਡੀ ਨਿਕੜੀ ਇੱਕ ਦੂਜੀ ਤੋਂ ਅੱਗੇ ਨਾ ਲਾਜ ਸ਼ਰਮ ਕਿਸੇ ਵਿੱਚ ਦਿਸੇ
ਪੱਗ ਬਣਨੀ ਨਾ ਭੁੱਲ ਜਾਏ ਪੰਜਾਬੀ ਦੀਪ ਹੀਲਾ ਕਰਨਾ ਪੈਣਾ ਏ
ਮਿੱਤਰਾ ਘੋਲ਼ ਅਜ਼ਾਦੀ ਵਾਲਾ ਮੁੜ ਕੇ ਲੜਨਾ ਪੈਣਾ ਏ
ਪ੍ਰਿੰਸੀਪਲ ਚਰਨਦੀਪ ਕੌਰ ਕੈਲਗਰੀ
