ਚੁਗਲੀ ਤੇ ਆਪਣੀ ਚਾਪਲੂਸੀ, ਦੋਹਾਂ ਕੰਨਾਂ ਨਾਲ ਧਿਆਨ ਦੇ ਕੇ ਸੁਣੀ ਜਾਂਦੀ ਹੈ

ਪਿਆਰ ਦੀ ਪਰਿਭਾਸ਼ਾ ਰਿਸ਼ਤਿਆਂ ਅਨੁਸਾਰ ਵੱਖਰੀ-ਵੱਖਰੀ ਹੁੰਦੀ ਹੈ। ਪਰ ਇਕ ਅਹਿਸਾਸ ਸਭ ਰਿਸ਼ਤਿਆਂ ਤੇ ਲਾਗੂ ਹੁੰਦਾ ਹੈ, ਓਹ ਹੈ ਵਿਸ਼ਵਾਸ, ਜੇ ਇਹ ਨਹੀਂ ਤਾਂ ਕੁਝ ਵੀ ਰਸ ਨਹੀਂ।
ਆਪਣੀ ਕੋਸ਼ਿਸ ਰਹਿਣੀ ਚਾਹੀਦੀ ਹੈ ਕਿ ਕਿਸੇ ਦਾ ਵਿਸ਼ਵਾਸ ਨਾ ਹੀ ਤੋੜਿਆ ਜਾਵੇ। ਪਰ ਕੁੱਝ ਬੰਦਿਆਂ ਨੂੰ ਆਦਤ ਹੁੰਦੀ ਐ, ਦੂਜਿਆਂ ਦੇ ਬੂਹਿਆਂ ‘ਚ ਕੰਨ ਲਾ ਕੇ ਰੱਖਣ ਦੀ, ਫਿਰ ਉਨ੍ਹਾਂ ਨੂੰ ਕਈ ਵਾਰ ਅਣ-ਚਾਹਿਆ ਵੀ ਸੁਣਨਾ ਪੈ ਸਕਦਾ ਹੈ।
ਅੱਜ-ਕੱਲ੍ਹ ਦੂਜੇ ਦੀ ਚੁਗਲੀ ਤੇ ਆਪਣੀ ਚਾਪਲੂਸੀ, ਦੋਹਾਂ ਕੰਨਾਂ ਨਾਲ ਧਿਆਨ ਦੇ ਕੇ ਸੁਣੀ ਜਾਂਦੀ ਹੈ, ਤੇ ਦੁੱਖ ਹੈ ਸੱਚ ਸੁਣਨ ਲਈ ਕੋਈ ਆਪਣਾ ਅੱਧਾ ਕੰਨ ਵੀ ਨਹੀਂ ਵਰਤਦਾ!

ਆਪਾਂ ਨੂੰ ਕੁਦਰਤ ਦਾ ਸ਼ੁਕਰ ਕਰਨਾ ਚਾਹੀਦਾ ਹੈ, ਕਿ ਉਸ ਨੇ ਸਾਡੀਆਂ ਗ਼ਲਤੀਆਂ ਸਾਡੇ ਚਿਹਰਿਆਂ ਤੇ ਨਹੀਂ ਉਕਰੀਆਂ ਹੋਈਆਂ, ਨਹੀਂ ਤਾਂ ਕੀ ਬਣਦਾ ਸਾਡਾ? ਸੋਚਕੇ ਤਰੇਲੀਆਂ ਆਉਂਦੀਆਂ ਨੇ।
ਗੱਲ ਇਹ ਵੀ ਪੱਕੀ ਐ ਕਿ, ਝੂਠ ਦੀ ਚਾਂਦਰ ਕਿੰਨੀ ਵੀ ਲੰਮੀ ਕਿਉਂ ਨਾ ਹੋਵੇ ਪਰ ਉਹ ਸੱਚ ਦੇ ਅਰਥਾਂ ਨੂੰ ਨਹੀਂ ਲੁਕਾ ਸਕਦੀ।
ਦਿਲ ਵਾਲਿਆਂ ਕੋਲ ਸੱਚ ਹੁੰਦਾ ਹੈ ਤਾਂਹੀ ਤਾਂ ਉਹ ਮਰ ਕੇ ਵੀ ਜਿਉਂਦੇ ਨੇ, ‘ਤੇ ਜ਼ਿਆਦਾ ਦਿਮਾਗਾਂ ਵਾਲੇ ਜਿਉਂਦੇ ਹੀ ਮਰਿਆਂ ਵਰਗੇ ਹੁੰਦੇ ਨੇ।
ਆਪਾ ਤੋਂ ਤਾਂ ਇਹ ਸਭ ਹੁੰਦਾ ਨਹੀਂ ਸੁਰਜੀਤ ਸਿਆਂ, ਕਿ ਆਪਣੀ ਵਜ਼ਾ ਨਾਲ, ਕਿਸੇ ਦੂਜੇ ਦੀਆਂ ਅੱਖਾਂ ਵਿੱਚ ਹੰਝੂ ਹੋਣ, ਤੇ ਆਪਣੇ ਚਿਹਰੇ ਤੇ ਖੁਸ਼ੀ ਹੋਵੇ।
ਪਰ ਪਤਾ ਨਹੀਂ ਇਹ ਸਭ ਆਪਣੇ ਨਾਲ ਕਿਵੇਂ ਕਰ ਜਾਂਦੇ ਨੇ ਲੋਕ! ਓਨ੍ਹਾਂ ਦਾ ਵੀ ਭਲਾ ਹੋਵੇ। ਕਿਉਂਕਿ ਕਈ ਵਾਰ ਸਾਨੂੰ ਦੂਸਰਿਆਂ ਨਾਲ ਨਹੀਂ, ਸਗੋਂ ਖੁਦ ਪ੍ਰਤੀ ਸਖ਼ਤੀ ਵਰਤਣ ਦੀ ਲੋੜ ਹੁੰਦੀ ਹੈ!

ਹਰਫੂਲ ਭੁੱਲਰ ਮੰਡੀ ਕਲਾਂ 9876870157

Exit mobile version