ਚੰਚਲ ੳਰਫ ਲੁਤਰੋ    

ਹਾਸ ਵਿਅੰਗ                 ਚੰਚਲ ੳਰਫ ਲੁਤਰੋ            ਮੰਗਤ ਕੁਲਜਿੰਦ
“ਕੀ ਚੌਵੀਂ ਘੰਟੇ ਅੱਚਵੀ ਲੱਗੀ ਰਹਿੰਦੀ ਹੈ ਤੈਨੂੰ,ਘੜੀ-ਪਲ ਚੁੱਪ ਨ੍ਹੀ ਰਹਿ ਸਕਦੀ?” ਆਪਣੇ ਸੋਚਾਂ ਦੇ ਸਮੁੰਦਰ *ਚ ਗੋਤੇ ਲਾ ਰਹੇ ਚੰਚਲ ਨੇ ਗੁੱਸਾ ਲੁਤਰੋ ਤੇ ਕੱਢਦਿਆਂ ਰੋਅਬ ਜਿਹਾ ਮਾਰਿਆ।ਉਧਰੋਂ ਲੁਤਰੋ ਵੀ ਮੜਿਕਣ *ਚ ਘੌਲ ਨਹੀਂ ਸੀ ਕਰਦੀ,“ਢਕਿਆ ਰਹਿ ਵੇ ਵਿਹਲੜਾ, ਸਾਰੀ ਦਿਹਾੜੀ ਸਿਰ ਤੇ ਬੈਠਾ ਸੀ ਆਈ ਡੀ ਕਰਦਾ ਰਹਿਣੈ।”
“ਬਾਹਲੀ ਚਬਰ ਚਬਰ ਨਾ ਕਰ… ਜੇ ਕਰਤੀ ਨਾ ਕਾਰਵਾਈ….. ਹੁਣੇ ਬੋਲਤੀ ਬੰਦ ਹੋਜੂ।” ਚੰਚਲ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਕੋਈ ਉਸ ਦੀ ਸੁਪਰਮੈਸੀ ਨੂੰ ਲਲਕਾਰੇ।ਪਰ ਲੁਤਰੋ ਦੀ ਹੱਥ *ਚ ਨਸ ਵੀ ਸੀ, “ਵੇਖ ਲੀਂ ਮੇਰੀ ਬੋਲਤੀ ਬੰਦ ਕਰਕੇ`ਮੈਂ ਤਾਂ ਔਖੀ ਸੌਖੀ ਟਾਈਮ ਟਪਾ ਲਊਂ ਪਰ ਤੇਰਾ ਆਹ ਮੂੰਹ ਨਹੀਂ ਰਹਿਣਾ, ਸਾਰੇ ਪੇਚ ਇੰਨੇ ਕਸੇ ਜਾਣਗੇ ਕਿ ਤੜਪਦਾ ਫਿਰੇਂਗਾ…….. ਆਂਢ ਗੁਆਂਢ ਨੂੰ ਫਾਹੇ ਚੜ੍ਹਾਉਂਦਾ।”
“ਮੈਂ ਕਿਸੇ ਨੂੰ ਫਾਹੇ ਕਿਉਂ ਚੜਾਊ,ਆਹ ਤੇਰੀ ਚੀਂ ਚੀਂ ਬੰਦ ਹੋਣ ਨਾਲ ਹੀ ਸੁੱਖ ਸ਼ਾਤੀ ਹੋ ਜੂ, ਚਾਰ ਘੜੀਆਂ ਆਰਾਮ ਦੀਆਂ ਮਿਲ ਜਾਣਗੀਆਂ ਸੱਭ ਨੂੰ।”
“ਭੁੱਲ ਜਾ ……ਆਰਾਮ ਨਾਲ ਬਹਿ ਜੇ ਗਾਂ` ਚੌਵੀਂ ਘੰਟੇ ਸੋਚਾਂ *ਚ ਪਿਆ ਹੀ ਪਾਗਲ ਹੋਜੇਂਗਾ।”
“ਵਾਹ ਨੀ ਤੇਰੇ……….. ਮੈਂ ਕਿਉਂ ਪਾਗਲ ਹੋਜੂੰ! ਤਾਲਾ ਤਾਂ ਤੈਨੂੰ ਲੱਗਣੈ`”
“ਚੱਲ ਚੰਗਾ…….`”  ਲੱਗਦਾ ਸੀ ਲੁਤਰੋ ਹਥਿਆਰ ਸੁੱਟਣ ਦੇ ਰੌਂਅ *ਚ ਆ ਗਈ ਪਰ ਅਗਲੇ ਨੂੰ ਆਪਣੀ ਪਾਵਰ ਦਾ ਅਹਿਸਾਸ ਕਰਵਾਉਣਾ ਜ਼ਰੂਰੀ ਸੀ,“ਪਤਾ ਮੈਨੂੰ ਵੀ ਐ…….ਤੇਰੇ ਬਿਨਾਂ ਸਾਡਾ ਕੋਈ ਵਜੂਦ ਨਹੀਂ ਪਰ ਯਾਦ ਰੱਖੀਂ ਅਸੀਂ ਵੀ ਜੇ ਕੁਝ ਕਰਨ ਤੇ ਆ ਗਈਆਂ ਤਾਂ ਬੜਾ ਕੁਝ ਕਰ ਸਕਦੀਆਂ। ਆਹ ਵੇਖ ਮੇਰੀ ਭੈਣ ਹੀ ਹੈ ਜੀਹਦੀ ਆਗਿਆ ਬਿਨ੍ਹਾਂ ਤੂੰ ਸੱਜੇ ਖੱਬੇ ਮੁੜ ਵੀ ਨਹੀਂ ਸਕਦਾ।”
“ਉਏ ਉਹ ਤਾ ਮੇਰੀ ਅਰਧੰਗਣੀ ਐ…..ਯੁੱਗਾਂ ਯੁੱਗਾਂ ਦਾ ਸਾਥ ਹੈ ਸਾਡਾ ਉਹਦਾ ਆਖਾਂ ਮੰਨਣਾ, ਉਹਨੂੰ ਮਾਨ ਸਨਮਾਨ ਦੇਣਾ ਮੇਰਾ ਫਰਜ਼ ਹੈ।”  ਜਾਣਦਾ ਸੀ ਚੰਚਲ- ਕਈ ਮਜਬੂਰੀਆਂ ਨੇ` ਪਰ ਫਿਰ ਵੀ ਆਪਣੀ ਤੇ ਉਸਦੀ ਹੇਠੀ ਕਿਉਂ ਹੋਣ ਦਿੱਤੀ ਜਾਵੇ!
“ਢਕਿਆ ਰਹਿ……ਜਾਣਦੀ ਆਂ ਮੈਂ ਤੇਰੀ ਮਰਦ-ਜਾਤ ਨੂੰ`  ਔਰਤ ਨੂੰ ਆਦਿ ਤੋਂ ਲੈਕੇ ਹੁਣ ਤੱਕ ਤੁਸੀਂ ਪੈਰ ਦੀ ਜੁੱਤੀ ਹੀ ਸਮਝਿਆ ਹੈ…….।” ਲੁਤਰੋ ਵੀ ਜਾਣਦੀ ਸੀ,ਮਰਦ ਦੇ ਇਤਿਹਾਸ ਨੂੰ,“ਜਦੋਂ ਕੋਈ ਗਰਜ ਹੁੰਦੀ ਐ ਉਦੋਂ ਹੀ ਪੂਛ ਪੂਛ ਕਰਦੇ ਓ,ਆਹ ਵੇਖ ਲੈ ਤੇਰਾ ਭਾਰਤ ਦੇਸ਼ ਜੀਹਨੂੰ ਦੇਵੀ ਦੇਵਤਿਆਂ ਦਾ ਦੇਸ਼ ਕਹਿੰਦੇ ਹੋ, ਉਥੇ ਔਰਤਾਂ ਦੀ ਕੀ ਦਸ਼ਾ ਕਰ ਛੱਡੀ ਐ,ਉਹ ਤਾਂ ਹੁਣ ਕੁਝ ਵੀਰਾਂਗਣਾਂ ਸੀਸ ਤਲੀ ਕੇ ਧਰ ਕੇ ਅੱਗੇ ਆਈਆਂ ਨੇ…………।”
ਚੰਚਲ ਦਾ ਮਨ ਵੀ ਕਰ ਆਇਆ ਕਿ ਮਾਹੌਲ ਨੂੰ ਹਾਸਿਆਂ ਭਰਿਆ ਬਣਾਇਆ ਜਾਵੇ, “ਤੇ ਉਹ ਵੀ ਬਿਊਟੀ-ਪਾਰਲਰਾਂ ਤੋਂ ਮੇਕ ਅੱਪ ਕਰਾਕੇ…….।”
“ਉਹ ਤਾਂ ਕਰਾਉਣਾ ਹੀ ਪੈਂਦਾ…….ਕੈਮਰਿਆਂ ਦੀਆਂ ਅੱਖਾਂ ਦਾ ਸਾਹਮਣਾ ਵੀ ਤਾਂ ਕਰਨੈ ਹੁੰਦੈ।ਤੁਸੀਂ ਨ੍ਹੀ ਕਰਦੇ ਕੀ?”
ਅਸਲ ਵਿੱਚ ਚੰਚਲ ਤਾਂ ਆਉਣ ਵਾਲੇ ਸਮੇਂ ਵਿੱਚ ਆ ਰਹੇ ਖਤਰੇ ਤੋਂ ਲੁਤਰੋ ਨੂੰ ਅਗਾਹ ਕਰ ਦੇਣਾ ਚਾਹੁੰਦਾ ਸੀ, “ਤੂੰ ਤਾਂ ਇਕ ਗੱਲ ਖਤਮ ਨੀਂ੍ਹ ਹੋਣ ਦਿੰਦੀ ਦੂਜੀ ਪਹਿਲਾਂ ਸ਼ੁਰੂ ਕਰ ਦਿੰਨੀ ਐਂ ਪਰ ਯਾਦ ਰੱਖੀਂ ਆਹ ਆਉਣ ਵਾਲੀ ਜਨਰੇਸ਼ਨ ਨੇ ਤੈਨੂੰ ਖੂੰਜੇ ਲਾ ਦੇਣੈ……..ਸਾਇੰਸਦਾਨਾਂ ਨੇ  ਅਜਿਹੇ ਯੰਤਰ ਬਣਾ ਤੇ, ਜਿੰਨਾਂ ਰਾਹੀਂ ਹਰ ਇਕ ਗੱਲ, ਸੁੱਖ ਸੰਨੇਹੇ ਅੱਖ ਝਪਕਦਿਆਂ ਇਕ ਦੂਜੇ ਕੋਲ,ਤੇਰੀ ਚਬਰ ਚਬਰ ਤੋਂ ਬਿਨਾਂ ਹੀ ਪਹੁੰਚ ਜਾਇਆ ਕਰਨਗੇ,ਸਾਰਾ ਕੰਮ ਉਂਗਲਾਂ ਹੀ ਸਾਰ ਦਿਆ ਕਰਨਗੀਆਂ। ਤੂੰ ਬਣਜੇਂਗੀ  ਮਿਊਜੀਅਮਾਂ ਦਾ ਸ਼ਿੰਗਾਰ।”
ਲੁਤਰੋ ਕੋਲ ਤਾਂ ਹੁਣ ਮੌਕਾ ਸੀ ਚੰਚਲ ਦੀਆਂ ਅੱਗ ਲਾਊ ਕੰਧ ਤੇ ਜਾ ਬੈਠਣ ਵਾਲੇ ਡੱਬੂ ਵਾਲੀਆਂ ਚਾਂਲਾ ਦਾ ਉਲਾਭਾਂ ਦੇਣ ਦਾ, “ਸੱਭ ਤੇਰੇ ਪਾਏ ਪੁਆੜੇ ਨੇ, ਵਿਹਲਾ ਬੈਠਾ ਉੱਘ ਦੀਆਂ ਪਾਤਾਲ ਸੋਚੀ ਜਾਣੈ ਤੇ ਆਦਮੀ ਕਮਲਾ ਹੋਇਆ ਤੇਰੇ ਮਗਰ ਲੱਗਿਆ ਰਹਿੰਦੈ।ਜਿਹੜਾ ਤੂੰ ਮੇਰੀਆਂ ਜੜ੍ਹਾਂ ਪੁੱਟਣ ਤੇ ਲੱਗਿਐਂ,  ਤੈਨੂੰ ਹੀ ਉਸਦਾ ਸੱਭ ਤੋਂ ਜ਼ਿਆਦਾ ਖ਼ਮਿਆਜਾ ਭੁਗਤਣਾ ਪਊ………. ਤੇਰੇ *ਚ ਪੈਦਾ ਹੁੰਦੇ ਕੂੜ ਕਬਾੜ ਨੂੰ ਮੈਂ ਹੀ ਬਾਹਰ ਕੱਢਦੀ ਆਂ ਤਾਂ ਕਿ ਤੈਨੂੰ ਹਲਕਾ ਮਹਿਸੂਸ ਹੋਵੇ ਪਰ ਯਾਦ ਰੱਖੀਂ ਮੇਰੀ ਚੁੱਪ-ਸਮਾਧੀ ਨਾਲ ਤੇਰੇ ਅੰਦਰ ਹੀ ਇਸ ਕੂੜ ਕਬਾੜ ਦੇ ਢੇਰ ਲੱਗ ਜਾਣਗੇ………..ਪਾਗਲ ਹੋ ਜੇਂ ਗਾ ਪਾਗਲ!  ਕਿਸੇ ਤੇਰੀ ਬਾਤ ਨਹੀਂ ਪੁਛਣੀ।”  ਲੁਤਰੋ ਨੇ ਆਪਣੀ ਮਹਾਨਤਾ ਦਾ ਅਹਿਸਾਸ ਕਰਾਉਣਾ ਜਰੂਰੀ ਸਮਝਿਆ,
“ਮੈਂ ਕੋਈ ਝੂਠ ਨਹੀਂ ਬੋਲਦੀ, ਕਦੇ ਸੋਚਦੀ ਹਾਂ ਇਕ ਵਾਰ ਧਾਰ ਹੀ ਲਵਾਂ ਚੁੱਪ ਤੇ ਤੈਨੂੰ ਵਿਖਾਵਾਂ ਪੰਜੀ ਦਾ ਭੌਣ ਪਰ ਫਿਰ ਤਰਸ ਆ ਜਾਂਦੈ–ਤੂੰ ਹੋ ਜਾਣੇ ਪਾਗਲ……. ਦਿਮਾਗੀ-ਡਾਕਟਰਾਂ ਦੇ ਵੱਸ ਪੈ ਜਾਣੈ ਤੂੰ` ਪਰ ਸੂਈਆਂ ਨਾਲ ਸਰੀਰ ਪਾੜੇ ਜਾਣਗੇ ਮੇਰੇ ਦੂਜੇ ਭੈਣ ਭਰਾਵਾਂ ਦੇ ਜਾਂ ਕੈਮੀਕਲਾਂ ਨੇ ਭੁਚਾਲ ਪਾਈ ਰੱਖਣੈ, ਵਿਚਾਰੇ ਫਾਹੇ ਚੜੇ ਰਹਿਣਗੇ।” ਲੁਤਰੋ ਨੇ ਹਾਉਂਕਾ ਲਿਆ।
“ਵਾਹ ਨੀ ਲੁਤਰੋ` ਤੂੰ ਵੀ ਇਸ ਸਰੀਰ ਦੇ ਸਾਰੇ ਅੰਗਾਂ ਵਾਂਗ ਮਹੱਤਵ ਪੂਰਨ ਅੰਗ ਹੈ ਮੇਰੀ ਪਿਆਰੀਏ ਜੀਭਾ ਤੇ ਗੱਲਾਂ ਵੀ ਕਦੇ ਕਦੇ ਖ਼ਰੀਆ ਕਰਦੀ ਹੈ ਆਹ ਹੁਣ ਵੀ ਕੀਤੀ ਹੈ ਪਰ ਰੱਬ ਦੇ ਵਾਸਤੇ ਹੁਣ ਚੁੱਪ ਦਾ ਦਾਨ ਬਖ਼ਸ਼ ਤਾਂ ਕਿ ਕੁਝ ਨਵਾਂ ਸੋਚ ਸਕਾਂ….. ਕੋਈ ਨਵੀਂ ਸਹੂਲਤ ਦੇਈਏ ਮਾਨਵ ਜਾਤੀ ਨੂੰ।”
“ਦੇਦੇ ਦੇਦੇ…………ਕੁਝ ਵੀ ਦੇ ਦੇ ਨਵਾਂ ਇਨਸਾਨ ਨੂੰ ਪਰ ਅਖੀਰ ਉਹਨੇ ਵਰਤਣਾ ਤਾਂ ਸਾਰਾ ਕੁਝ ਆਪਣੀ ਬਰਬਾਦੀ ਲਈ ਹੀ ਐ ਜਿਵੇਂ ਮੁੱਢ ਤੋਂ ਕਰਦਾ ਆ ਰਿਹਾ ਹੈ। ਮੈਂ ਤਾਂ ਬੱਸ ਭੌਂਕਦੀ ਰਹਿ ਜਾਣੈ,ਕੀਹਨੇ ਪੁਛਣੈ ਮੈਨੂੰ?”
“ ਚੱਲ ਓਹ ਜਾਣੇ, ਉਹ ਤਾਂ ਕੁੱਝ ਵੀ ਕਰੇ`ਪਰ ਆਪਾਂ ਤਾਂ ਨ੍ਹੀਂ ਪਿੱਛੇ ਹੱਟ ਸਕਦੇ……..ਆਪਣੇ ਫ਼ਰਜ਼ਾਂ ਤੋਂ।”
        ਮੋ. +91 94177-53892,  +1(425) 286 0163

Exit mobile version