ਜਦੋਂ  ਮਾਂ ਨੇ ਕੀਤੀ ਕਿਤਾਬ  ਰਿਲੀਜ 

ਨਿੰਦਰ ਘੁਗਿਆਣਵੀ 

 ***

ਬਹੁਤ ਛੋਟੀ ਉਮਰੇ ਹੀ ਮੈਂ ਪੰਜਾਬੀ ਸਾਹਿਤ ਸਭਾਵਾਂ ਵਿਚ ਜਾਣ ਲੱਗ ਪਿਆ ਸੀ। ਲੇਖਕ ਇਕੱਠੇ ਹੋਕੇ ਕਵਿਤਾਵਾਂ- ਗ਼ਜ਼ਲਾਂ ਤੇ ਕਹਾਣੀਆਂ  ਪੜ੍ਹਿਆ ਕਰਦੇ। ਚਾਹ ਪਾਣੀ  ਪੀਂਦੇ ਤੇ ਆਪੋ ਆਪਣੇ ਘਰਾਂ ਨੂੰ ਤੁਰ ਜਾਂਦੇ। ਸਾਲਾਨਾ ਸਾਹਿਤਕ ਸਮਾਰੋਹਾਂ ਵਿਚ ਵੀ ਵਾਹਵਾ ਲੇਖਕ ਇੱਕਠੇ ਹੁੰਦੇ, ਕੁਝ ਇੱਕ ਦੀਆਂ ਪਤਨੀਆਂ ਵੀ ਨਾਲ ਆਉਂਦੀਆਂ ਪਰ  ਲੇਖਕਾਂ  ਦੀਆਂ ਮਾਵਾਂ ਹਰ ਥਾਂ ਗੈਰ ਹਾਜ਼ਰ ਹੀ ਰਹਿੰਦੀਆਂ। 

ਲੇਖਕ ਆਪੋ ਵਿੱਚ ਹੀ ਕਿਤਾਬਾਂ ਲੋਕ ਅਰਪਣ  ਕਰਦੇ ਦਿਸਦੇ। ਕਿਤਾਬਾਂ ਦੀ ਭੇਟਾ-ਭੇਟਾਈ  ਹੁੰਦੀ ਤੇ ਫਿਰ ਅਗਲੀ ਮੀਟਿੰਗ ਵਿੱਚ ਮਿਲਣ ਦਾ ਵਾਅਦਾ ਕਰਕੇ ਵਿੱਛੜ   ਜਾਂਦੇ।

ਮੇਰੀ ਮਾਂ  ਕਦੀ ਵੀ ਮੇਰੇ ਨਾਲ ਕਿਸੇ ਸਾਹਿਤਕ ਸਮਾਗਮ ਵਿਚ ਨਹੀਂ ਗਈ, ਨਾ ਹੀ ਮੈਂ ਲੈ ਕੇ ਗਿਆ।  ਮੇਰੀ ਪਹਿਲੀ ਕਿਤਾਬ “ਤੂੰਬੀ ਦੇ ਵਾਰਿਸ” 1994 ਦੇ ਨਵੰਬਰ ਮਹੀਨੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ  ਨੇ ਫਰੀਦਕੋਟ ਸਰਕਟ ਹਾਊਸ ਵਿਚ ਲੋਕ ਅਰਪਣ  ਕੀਤੀ ਸੀ, ਫਿਰ ਤਾਂ ਬਹੁਤ ਵਾਰ, ਬਹੁਤ ਥਾਈਂ ਕਿਤਾਬਾਂ ਲੋਕ ਅਰਪਣ ਹੋਈ ਗਈਆਂ। 

ਮੇਰੇ ਮਨ ਦੀ ਚਾਹਤ ਬਣਦੀ ਢਠਦੀ ਰਹਿੰਦੀ ਕਿ ਮੈਨੂੰ ਜਨਮ ਦੇਣ ਵਾਲੀ ਤੇ ਮੈਨੂੰ ਮੇਰੀ ਮਾਂ ਬੋਲੀ ਸਿਖਾਉਣ ਵਾਲੀ, ਜਿਸ ਕਰਕੇ ਮੈਂ ਕਲਮ ਹੱਥ ਫੜੀ ਸੀ, ਮੇਰੀ ਮਾਂ ਮੇਰੀ ਕਿਤਾਬ ਰਿਲੀਜ ਕਰੇ! ਪਰ ਸਬੱਬ ਨਾ ਬਣਦਾ। ਹੁਣ ਜਦ  ‘ਮੇਰੇ ਆਪਣੇ ਲੋਕ’ ਨਾਂ ਹੇਠ ਸ਼ਬਦ ਚਿੱਤਰਾਂ ਦੀ ਵੱਡ ਅਕਾਰੀ ਲਗਪਗ ਛੇ ਸੌ ਪੰਨਿਆਂ ਦੀ ਮੇਰੀ 68-ਵੀਂ ਪੋਥੀ ਛਪ ਕੇ ਆਈ, ਤਾਂ ਝੋਲੇ ‘ਚੋਂ ਕੱਢਕੇ ਪਹਿਲੀ ਕਾਪੀ ਮਾਂ ਨੂੰ ਫੜਾਈ, ਮੱਥੇ ਨੂੰ ਕਿਤਾਬ ਛੁਹਾਕੇ ਮਾਂ ਬੋਲੀ, ” ਵਾਹਿਗੁਰੂ ਤੈਨੂੰ ਰਾਜੀ-ਬਾਜੀ ਰੱਖੇ, ਐਹੋ ਜਿਹੀਆਂ ਹੋਰ ਕਿਤਾਬਾਂ ਲਿਖੇਂ ਤੂੰ, ਜਿਊਂਦਾ ਰਹਿ ਪੁੱਤ ਵੇ।” ਨਾਲ ਹੀ ਉਹਨੇ ਪੁੱਛਿਆ ਕਿ ਹੁਣ ਏਹ ਕਿਥੇ ਰਿਲੀਜ ਹੋਊਗੀ? ਮੈਂ ਬਿਨਾਂ ਕੁਝ ਵਿਊਂਤੇ -ਸੋਚੇ ਬੋਲਿਆ, ” ਬੀਬੀ, ਏਹ ਕਿਤਾਬ ਆਪਣੇ ਘਰੇ ਰਿਲੀਜ ਹੋਊ ਤੇ  ਤੇਰੇ ਸ਼ੁਭ ਹੱਥੋਂ ਰਿਲੀਜ ਕਰਵਾਉਣੀ ਐਂ।”  ਇਹ ਸੁਣ ਮਾਂ ਦੇ ਚਿਹਰੇ ਉਤੇ ਚਮਕ ਆ ਗਈ ਤੇ ਉਹ ਬਾਗੋਬਾਗ ਹੋ ਗਈ। ਅਗਲੇ ਦਿਨ ਪਿੰਡ ਦੀ ਪੰਚਾਇਤ ਨਾਲ ਰਲ ਕੇ ਪ੍ਰੋਗਰਾਮ ਬਣਾਇਆ। ਮੁਹੰਮਦ ਸਦੀਕ ਸਾਹਿਬ ਪ੍ਰੋਗਰਾਮ ਦੇ ਮੁੱਖ ਮਹਿਮਾਨ ਬਣਾਏ। ਪਿੰਡ ਦੇ ਲਗਪਗ ਡੇਢ ਸੌ ਲੋਕਾਂ ਦੇ ਇਕੱਠ ਵਿਚ ਮਾਂ ਨੇ ਕਿਤਾਬ ਰਿਲੀਜ ਕੀਤੀ ਤੇ ਸਭ ਨੂੰ ਭੁਜੀਆ-ਬਦਾਨਾ ਖੁਵਾਇਆ। ਪਿੰਡ ਦੇ ਪੰਜਾਹ ਤੋਂ ਵੱਧ ਲੋਕਾਂ ਮੌਕੇ ਉਤੇ ਕਿਤਾਬ ਦੀ ਖਰੀਦ ਵੀ ਕੀਤੀ।  ਏਸੇ ਬਹਾਨੇ  ਪਿੰਡ ਦੇ ਪੰਜਾਹ ਘਰਾਂ ਵਿਚ  ਤਾਂ ਕਿਤਾਬ ਅੱਪੜੀ! ਮਾਂ ਨੇ ਫਿਰ ਅਸੀਸਾਂ  ਦੀ ਝੜੀ ਲਗਾ ਦਿੱਤੀ  ਤੇ ਅਗਲੇ ਸਾਲ ਫਿਰ ਏਡੀ ਹੀ ਕਿਤਾਬ ਲਿਖਣ ਲਈ ਆਸ਼ੀਰਵਾਦ ਵੀ ਦਿੱਤਾ। ਕਿਤਾਬ ਰਿਲੀਜ ਕਰਨ ਬਾਅਦ ਮਾਂ ਨੂੰ ਇਕ ਨਵੀਂ ਊਰਜਾ ਮਿਲੀ ਦਿਸੀ ਤੇ ਮੈਨੂੰ ਅੰਦਰੋਂ ਇਕ ਤਸੱਲੀ ਜਿਹੀ ਦਾ ਅਹਿਸਾਸ ਹੋਇਆ ਜਾਪਿਆ। ਪਾਠਕਾਂ ਨੇ ਵੀ ਇਸ ਕਦਮ ਦੀ ਸ਼ੋਸ਼ਲ ਮੀਡੀਆ ਰਾਹੀਂ ਸ਼ਲਾਘਾ ਕੀਤੀ। ਜਿੰਨ੍ਹਾ ਲੇਖਕਾਂ ਦੀਆਂ ਮਾਵਾਂ ਸਿਰਾਂ ਉਤੇ ਛਾਂ ਬਣ ਬੈਠੀਆਂ ਨੇ, ਉਹ ਜਰੂਰ ਆਪੋ ਆਪਣੀਆਂ ਮਾਵਾਂ ਤੋਂ ਕਿਤਾਬਾਂ ਰਿਲੀਜ ਕਰਵਾਉਣ, ਜਿੰਨਾ ਸਦਕੇ ਉਹ ਲਿਖਣ ਜੋਕਰੇ ਹੋਏ ਹਨ। ਮਾਂ ਧੀਮੀ ਗਤੀ ਨਾਲ ਪੰਜਾਬੀ ਪੜ੍ਹ  ਲੈਂਦੀ ਹੈ ਤੇ ਕਿਤਾਬ ਆਪਣੇ ਸਿਰਹਾਣੇ ਰੱਖੀ ਹੋਈ ਹੈ ਮਾਂ ਨੇ। ਮੈਂ ਬੜਾ ਖੁਸ਼ ਹਾਂ।

9417421700 

Exit mobile version