
ਧਰਤੀ ਤੇ ਜਨਮ ਦੇਣ ਵਾਲਾ ਮਨੁੱਖ ਹੋਵੇ ਜਾਂ ਹੋਰ ਕੋਈ ਬਾਸ਼ਿੰਦਾ ਉਹ ਮਰਨਾ ਨਹੀਂ ਚਾਹੁੰਦਾ,ਲੰਮੀ ਉਮਰ ਦੀ ਕਾਮਨਾ ਕਰਦਾ ਹੋਇਆ ਉਹ ਬਹੁਤ ਓਹੜ ਪੋਹੜ ਵੱਲ ਭੱਜਦਾ ਹੈ ਪ੍ਰੰਤੂ ਲੰਮੀ ਉਮਰ ਦਾ ਰਾਜ਼ ਜਾਣਨਾ ਹੋਵੇ ਤਾਂ ਜਪਾਨ ਦੇ ਲੋਕ ਸਾਡੇ ਸਾਹਮਣੇ ਜਿਉਂਦੀ ਜਾਗਦੀ ਉਦਾਹਰਨ ਹਨ।ਤੰਦਰੁਸਤ ਜੀਵਨ ਅਤੇ ਲੰਮੀ ਉਮਰ ਜਿਉਣ ਲਈ ਬਹੁਤੀਆਂ ਵਸਤਾਂ ਦੀ ਜ਼ਰੂਰਤ ਨਹੀਂ ਪੈਂਦੀ,ਲੋੜ ਹੁੰਦੀ ਹੈ ਤਾਂ ਆਪਣਿਆਂ ਦੇ ਸਾਥ ਅਤੇ ਚੰਗੀਆਂ ਆਦਤਾਂ ਦੀ।ਜਪਾਨ ਦੇ ਲੋਕਾਂ ਦਾ ਸੌ ਸਾਲ ਦੀ ਉਮਰ ਤੋਂ ਵੱਧ ਉਮਰ ਤੱਕ ਤੰਦਰੁਸਤੀ ਜੀਵਨ ਬਤੀਤ ਕਰਨਾ ਸਾਡੀ ਰੌਚਿਕਤਾ ਵਿੱਚ ਵਾਧਾ ਕਰਦਾ ਹੈ ਕਿ ਆਖਿਰ ਜਪਾਨ ਦੇ ਲੋਕ ਕੀ ਕਰਦੇ ਹਨ? ਜ਼ੋ ਲੰਮੀ ਉਮਰ ਤੱਕ ਜਿਉਣ ਦਾ ਉਹਨਾਂ ਕੋਲ ਹੁਨਰ ਹੈ। ਸਿਆਣੇ ਕਹਿੰਦੇ ਹਨ ਕਿ ਲੋੜਾਂ ਤਾਂ ਗਰੀਬ ਤੋਂ ਗਰੀਬ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਹਨ ਪ੍ਰੰਤੂ ਇੱਛਾਵਾਂ ਧਨੀ ਤੋਂ ਧਨੀ ਦੀਆਂ ਵੀ ਪੂਰੀਆਂ ਨਹੀਂ ਹੋ ਸਕਦੀਆਂ। ਪੈਸਾ,ਸਿਹਤ ਸਹੂਲਤਾਂ ਜੀਵਨ ਜਿਉਣ ਲਈ ਜ਼ਰੂਰੀ ਹਨ ਪ੍ਰੰਤੂ ਕੇਵਲ ਪੈਸੇ ਅਤੇ ਡਾਕਟਰੀ ਇਲਾਜ਼ ਦੇ ਸਿਰ ਤੇ ਲੰਮੀ ਉਮਰ ਜਿਉਣ ਦਾ ਫੈਸਲਾ ਨਹੀਂ ਕੀਤਾ ਜਾ ਸਕਦਾ, ਕੁੱਝ ਸਾਡਾ ਵੀ ਫਰਜ਼ ਬਣਦਾ ਹੈ ਆਪਣੀ ਸਿਹਤ ਲਈ ਕੁੱਝ ਸਾਡੀਆਂ ਵੀ ਆਪਣੇ ਸ਼ਰੀਰ ਪ੍ਰਤੀ ਜ਼ਿੰਮੇਵਾਰੀਆਂ ਹਨ ਜ਼ੋ ਸਾਨੂੰ ਬਾਖੂਬੀ ਨਿਭਾਉਣੀਆਂ ਚਾਹੀਦੀਆਂ ਹਨ।ਜਪਾਨ ਦੇ ਲੋਕ ਰਿਵਾਇਤੀ ਭੋਜ਼ਨ ਨੂੰ ਤਰਜ਼ੀਹ ਦਿੰਦੇ ਹਨ ਜ਼ੋ ਪੌਸ਼ਟਿਕ ਤੱਤਾਂ ਭਰਪੂਰ ਸਿਹਤ ਲਈ ਫਾਇਦੇਮੰਦ ਹੈ। ਆਪਣੇ ਆਪ ਨੂੰ ਵਧਦੀ ਉਮਰ ਵਿੱਚ ਵੀ ਚਲਦਾ ਫਿਰਦਾ ਰੱਖਣ ਲਈ ਪੈਦਲ ਚੱਲਣ,ਸਾਈਕਲ ਚਲਾਉਣ ਅਤੇ ਯੋਗ ਵਿਗਿਆਨ ਨੂੰ ਤਰਜ਼ੀਹ ਦਿੰਦੇ ਹਨ। ਮਾਨਸਿਕ ਤੰਦਰੁਸਤੀ ਲਈ ਜਪਾਨ ਦੇ ਲੋਕ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ ਹਨ। ਦੂਜਿਆਂ ਦੀ ਮਦਦ ਕਰਕੇ ਖੁਸ਼ੀ ਪ੍ਰਾਪਤ ਕਰਨਾ ਉਹਨਾਂ ਦੇ ਸੁਭਾਅ ਵਿੱਚ ਸ਼ਾਮਿਲ ਹੈ। ਜਪਾਨੀਆਂ ਦੀ ਮਿੱਠੀ ਬੋਲ ਬਾਣੀ ਹਰੇਕ ਵਿਅਕਤੀ ਦਾ ਦਿਲ ਜਿੱਤ ਲੈਂਦੀ ਹੈ। ਥੋੜੇ ਵਿੱਚ ਹੀ ਖੁਸ਼ ਰਹਿ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਕਿਸੇ ਕਲਾ ਤੋਂ ਘੱਟ ਨਹੀਂ।
ਹੁਣ ਜਪਾਨ ਦੇ ਲੋਕਾਂ ਦੇ ਮੁਕਾਬਲੇ ਅਸੀਂ ਕਿੱਥੇ ਖੜ੍ਹੇ ਹਾਂ ਸਾਨੂੰ ਆਪਣੀ ਜੀਵਨਸ਼ੈਲੀ ਵੱਲ ਵੀ ਝਾਤੀ ਮਾਰਨ ਦੀ ਜ਼ਰੂਰਤ ਹੈ।ਬਦਲ ਰਹੀ ਜੀਵਨਸ਼ੈਲੀ ਨੇ ਸਿਹਤਮੰਦ ਜ਼ਿੰਦਗੀ ਵਿੱਚ ਨਿਘਾਰ ਲਿਆਂਦਾ ਹੈ।ਸਾਈਕਲ ਚਲਾਉਦਾ ਅਤੇ ਪੈਦਲ ਚੱਲਦਾ ਵਿਅਕਤੀ ਦੇਖਣਾ ਕਿਸੇ ਅਜੂਬਾ ਦੇਖਣ ਤੋਂ ਘੱਟ ਨਹੀਂ।ਰਵਾਇਤੀ ਪੌਸ਼ਟਿਕ ਭੋਜ਼ਨ ਦੀ ਬਜਾਏ ਚਰਬੀ ਨਾਲ ਲੱਦੇ ਮਸਾਲਿਆਂ ਭਰਪੂਰ ਭੋਜਨ ਸਾਡੀ ਥਾਲੀ ਦੀ ਸ਼ਾਨ ਵਧਾ ਰਹੇ ਹਨ।ਬਰਗਰ ਅਤੇ ਪੀਜ਼ੇ ਸਾਡੀਆਂ ਸੈਲਫੀਆ ਦੇ ਲਾਈਕ ਅਤੇ ਕੁਮੈਟ ਨੂੰ ਵਧਾ ਕੇ ਸਾਨੂੰ ਆਧੁਨਿਕਤਾ ਹੋਣ ਦਾ ਨਸ਼ਾ ਚੜ੍ਹਾ ਰਹੇ ਹਨ। ਕਿਤਾਬਾਂ ਤੇ ਪਈ ਹੋਈ ਧੂੜ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ।ਜਪਾਨ ਅਤੇ ਸਾਡੇ ਲੋਕਾਂ ਵਿਚਕਾਰ ਜ਼ਿਆਦਾ ਫ਼ਰਕ ਤਾਂ ਆਦਤਾਂ ਦਾ ਹੈ। ਜਪਾਨ ਦੀ ਤਰ੍ਹਾਂ ਚੰਗੀਆਂ ਆਦਤਾਂ ਅਪਣਾਕੇ ਅਸੀਂ ਵੀ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰ ਸਕਦੇ ਹਾਂ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜਿਲ੍ਹਾ ਬਠਿੰਡਾ