ਜਸਟਿਨ ਟਰੂਡੋ ਨੂੰ ਮਿਲਿਆ ਨਵਾਂ ਉਡਣ ਖਟੋਲਾ

ਨਵੀਂ ਏਅਰਬੱਸ ਵਿੱਚ ਐਪੇਕ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਅੱਜ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਨਫਰਾਂਸਿਸਕੋ ਜਾਣਗੇ

ਔਟਵਾ (ਪੰਜਾਬੀ ਅਖ਼ਬਾਰ ਬਿਊਰੋ) ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਨੂੰ ਨਵਾਂ ਜਹਾਜ ਮਿਲ ਗਿਆ ਹੈ । ਇਸ ਲਈ ਉਹ ਅੱਜ ਬੁੱਧਵਾਰ 15 ਨਵੰਬਰ 2023 ਵਾਲੇ ਦਿਨ ਨੂੰ ਏਸ਼ੀਆ ਪੈਸੇਫਿਕ ਇਕਨੌਮਿਕ ਕੋਆਪਰੇਸ਼ਨ (ਐਪੇਕ) ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਸੈਨ ਫਰਾਂਸਿਸਕੋ ਜਾਣ ਸਮੇਂ ਨਵੀਂ ਏਅਰਬੱਸ ਏ 330 ਵਿੱਚ ਸਫਰ ਕਰਨਗੇ। ਅੱਜ ਦੇ ਦਿਨ ਦੀ ਇਹ ਵੀ ਵਿਸੇਸਤਾ ਹੈ ਕਿ ਇਸ ਨਵੀਂ ਸਰਕਾਰੀ ਏਅਰਬੱਸ ਦੀ ਇਹ ਪਹਿਲੀ ਉਦਘਾਟਨੀ ਉਡਾਨ ਹੋਵੇਗੀ।
ਕੈਨੇਡਾ ਦੇ ਆਪਣੀ ਉਮਰ ਵਿਹਾਅ ਚੁੱਕੇ ਪੋਲਾਰਿਸ ਫਲੀਟ ਦੀ ਥਾਂ ਲੈਣ ਲਈ ਨੌਂ ਜਹਾਜ਼ਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਦਾ ਹੀ ਇਹ ਏ 330 ਏਅਰਬੱਸ ਵੀ ਹਿੱਸਾ ਹੈ। ਉਮਰ ਵਿਹਾਅ ਚੁੱਕੇ ਪੋਲਾਰਿਸ ਫਲੀਟ ਵੱਲੋਂ ਟਰੂਡੋ ਨੂੰ ਕਈ ਸਾਲਾਂ ਤੋਂ ਟਰੈਵਲ ਸਬੰਧੀ ਸਿਰਦਰਦੀ ਦਿੱਤੀ ਜਾ ਰਹੀ ਹੈ ਤੇ ਇਸ ਤਰ੍ਹਾਂ ਦੀ ਇੱਕ ਤਾਜ਼ਾ ਮਿਸਾਲ ਭਾਰਤ ਵਿੱਚ ਜੀ-20 ਸਿਖਰ ਵਾਰਤਾ ਵਿੱਚ ਉਦੋਂ ਵੇਖਣ ਨੂੰ ਮਿਲੀ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਜਹਾਜ਼ ਨਵੀਂ ਦਿੱਲੀ ਤੋਂ ਕਨੇਡਾ ਵੱਲ ਆਉਣ ਸਮੇਂ ਖਰਾਬ ਹੋ ਗਿਆ ਸੀ ਅਤੇ ਟਰੂਡੋ ਸਾਹਿਬ ਨੂੰ ਦਿੱਲੀ ਠਹਿਰਕੇ ਹੀ ਆਪਣੀ ਅਗਲੀ ਫਲਾਈਟ ਦੀ ਇੰਤਜ਼ਾਰ ਕਰਨੀ ਪਈ ਸੀ।

Photo Credit :(Judy Trinh / CTV National News)

ਇਸ ਨਵੇਂ ਫਲੀਟ ਉੱਤੇ 3·6 ਬਿਲੀਅਨ ਡਾਲਰ ਦਾ ਖਰਚਾ ਆਇਆ ਦੱਸਿਆ ਜਾਂਦਾ ਹੈ ਤੇ ਇਸ ਨੂੰ ਸੀਸੀ-330 ਹਸਕੀ ਦਾ ਨਾਂ ਦਿੱਤਾ ਗਿਆ ਹੈ। ਇਸ ਫਲੀਟ ਵਿੱਚ ਚਾਰ ਨਵੇਂ ਜਹਾਜ਼ ਤੇ ਪੰਜ ਵਰਤੇ ਜਾ ਚੁੱਕੇ ਜਹਾਜ਼ ਸ਼ਾਮਿਲ ਹਨ, ਜਿਨ੍ਹਾਂ ਨੂੰ ਕੁਵੈਤ ਦੀ ਕੰਪਨੀ ਤੋਂ ਖਰੀਦਿਆ ਗਿਆ ਹੈ। ਇਨ੍ਹਾਂ ਵਿੱਚੋਂ ਘੱਟੋ ਘੱਟ ਇੱਕ ਜਹਾਜ਼ ਨੂੰ ਤਾਂ ਵੀਆਈਪੀਜ਼ ਨੂੰ ਲਿਆਉਣ ਲਿਜਾਣ ਲਈ ਵਰਤਿਆ ਜਾਵੇਗਾ ਜਦਕਿ ਬਾਕੀਆਂ ਨੂੰ ਮਿਲਟਰੀ ਟਰਾਂਸਪੋਰਟ ਤੇ ਹਵਾ ਤੋਂ ਹਵਾ ਵਿੱਚ ਨਾਟੋ ਏਅਰਕ੍ਰਾਫਟਸ ਨੂੰ ਰੀਫਿਊਲ ਕਰਨ ਲਈ ਵਰਤਿਆ ਜਾਵੇਗਾ

Exit mobile version