ਤਰਕਸ਼ੀਲ ਮੇਲੇ ਵਿੱਚ “ਛਿਪਣ ਤੋਂ ਪਹਿਲਾਂ” ਨਾਟਕ ਦੀ ਪੇਸ਼ਕਾਰੀ ਨੇ ਦਰਸ਼ਕ ਕੀਲ ਲਏ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਬੀਤੀ 16 ਅਗਸਤ ਦਿਨ ਸ਼ਨੀਵਾਰ ਨੂੰ ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਇਕਾਈ ਕੈਲਗਰੀ ਵੱਲੋ ਚੈਸਟਰਮੀਅਰ ਦੇ ਕਮਿਊਨਿਟੀ ਹਾਲ ਵਿੱਚ ਤਰਕਸ਼ੀਲ ਮੇਲਾ ਕਰਵਾਇਆ ਗਿਆ। ਜਿਸ ਵਿੱਚ ਡਾ: ਸੁਰਿੰਦਰ ਸ਼ਰਮਾ ਵੱਲੋ ਨਿਰਦੇਸ਼ ਕੀਤਾ ਗਿਆ ਨਾਟਕ “ਛਿਪਣ ਤੋਂ ਪਹਿਲਾਂ” ਕੈਲਗਿਰੀ ਦੇ ਸਥਾਨਕ ਕਲਾਕਾਰਾ ਵੱਲੋ ਖੇਡਿਆ ਗਿਆ। ਖਚਾਖਚ ਭਰੇ ਹਾਲ ਵਿੱਚ ਹਰ ਅੱਖ ਵਿੱਚੋ ਹੰਝੂ ਕਿਰੇ। ਸੁਰਿੰਦਰ ਸ਼ਰਮਾ ਨੇ ਕਮਾਲ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੈਡਾ ਦੇ ਪ੍ਰਧਾਨ ਬਲਦੇਵ ਰੈਹਿਪਾ ਜੀ ਬਰੈਂਪਟਨ ਤੋਂ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਿਰ ਹੋਏ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਇਹ ਮੇਲਾ ਡਾ:ਬਲਜਿੰਦਰ ਸੇਖੋਂ ਮੀਡੀਆ ਸਕੱਤਰ ਤਰਕਸ਼ੀਲ ਸੁਸਾਇਟੀ ਕਨੇਡਾ ਨੂੰ ਸਮਰਪਿਤ ਸੀ।ਤਰਕਸ਼ੀਲ ਸੁਸਾਇਟੀ ਐਬਟਸਫੋਰਡ ਦੀ ਟੀਮ ਵੀ ਇਸ ਮੇਲੇ ਦਾ ਹਿੱਸਾ ਬਣੀ। ਬੀਰਬਲ ਭਦੌੜ, ਗੁਰਪ੍ਰੀਤ ਭਦੌੜ, ਬਲਦੇਵ ਭਦੌੜ ਦੁਆਰਾ ਕੀਤੇ ਜਾਦੂ ਦੇ ਟਰਿੱਕ ਵੀ ਖਿੱਚ ਦਾ ਕੇਂਦਰ ਰਹੇ। ਗੁਰਪ੍ਰੀਤ ਨੇ ਟਰਿੱਕਾਂ ਦੇ ਨਾਲ-ਨਾਲ ਦਰਸ਼ਕਾਂ ਨੂੰ ਹਸਾ ਹਸਾਕੇ ਢਿੱਡੀ ਪੀੜਾਂ ਪਾ ਦਿੱਤੀਆਂ। ਇਸ ਮੌਕੇ ਚੈਸਟਰਮੀਅਰ ਦੀ ਕੌਂਸਲਰ ਕਿਰਨ ਰੰਧਾਵਾ ਨੇ ਵੀ ਆਪਣੇ ਵਿਚਾਰ ਰੱਖੇ। ਮੇਲੇ ਵਿੱਚ ਸੰਤ ਰਾਮ ਉਦਾਸੀ ਦੇ ਗੀਤਾਂ ਨੁੰ ਸਿਮਰਿਤਾ ਦੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਧਾਨ ਦਰਸ਼ਨ ਔਜਲਾ ਨੇ ਆਏ ਮਹਿਮਾਨਾ, ਦਰਸ਼ਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸਟੇਜ ਸੰਚਾਲਨ ਬੀਰਬਲ ਭਦੌੜ ਜਨਰਲ ਸੱਕਤਰ ਤਰਕਸ਼ੀਲ (ਰੈਸ਼ਨਲਿਸਟ)ਸੁਸਾਇਟੀ ਕਨੇਡਾ ਨੇ ਬਾਖੂਬੀ ਨਿਭਾਇਆ।

Exit mobile version