ਤੀਆਂ ਤੇ ਚੱਲੀ ਆਂ—

ਘਰ ਵਾਲੀ ਕਹਿੰਦੀ !
ਮੈਂ ਤੀਆਂ ਤੇ ਚੱਲੀ ਹਾਂ
ਮੈਂ ਉਸ ਨੂੰ ਕਿਹਾ
ਯਾਰ ! ਤੀਆਂ ਤਾਂ ਸਾਲ਼ੀਆਂ ਹਰ ਸਾਲ
ਮਹਿੰਗੀਆਂ ਹੋਈ ਜਾਂਦੀਆਂ ਹਨ

ਪਹਿਲਾਂ ਤੂੰ ਨੌਹਾਂ ਨੂੰ ਧੁਆ ਕੇ
ਸਾਫ਼ ਕਰਾ ਕੇ
ਐਕਸ਼ਟੈਨ਼ਸਨ ਲੁਆ ਕੇ
ਨੇਲ ਪਾਲਸ਼ ਲਵਾ ਕੇ
ਸੌ ਡਾਲਰਾਂ ਨੂੰ ਹਵਾਂ ਵਿੱਚ ਉਡਾਇਆ

ਲੰਮੇ ਲੰਮੇ ਤਿੱਖੇ ਆਈਬਰੋ ਬਣਵਾਏ
ਲਿੱਪਸ ਨੂੰ ਸਾਫ਼ ਕਰਵਾਇਆ
ਸੌ ਡਾਲਰਾਂ ਨੂੰ ਹੋਰ ਮੇਰੀ ਜੇਬ ਵਿੱਚੋਂ ਕਢਾਇਆ

ਫੇਰ ਤੂੰ ਫੇਸ਼ੀਅਲ ਕਰਵਾਇਆ
ਪੰਜਾਹ ਡਾਲਰਾਂ ਦਾ ਦਾਨ ਕਰਵਾਇਆ

ਫੇਰ ਤੂੰ ‘ਗੋਰੇ’ ਕੋਲ਼ੋਂ ਫੁੱਲ ਬਾਡੀ ਮਸ਼ਾਜ
ਕਰਵਾਇਆ
ਡੇੜ ਸੌ ਨੂੰ ਉੱਥੇ ਕੂੜੇ ਵਿੱਚ ਪਾਇਆ

ਇੰਨੀ ਗਰਮੀ ਵਿੱਚ ਸਿਲਕ ਦਾ ਸੂਟ
ਤੇ ਬਿੰਦੀਆਂ, ਨਕਲੀ ਗਹਿਣਿਆਂ
ਨਾਲ ਲੱਦੀ ਨੇ
ਹੋਰ ਪੰਜ ਸੌ ਡਾਲਰਾਂ ਦਾ ਭੋਗ ਪਾਇਆ

ਪੱਚੀ ਡਾਲਰਾਂ ਦੀ ਟਿੱਕਟ ਖਰੀਦੀ
ਗਰੀਬਾਂ ਦੇ ਪਸੀਨਾ ਚੌਂਦੇ ਪੈਰਾਂ ਨਾਲ
ਗੁੰਨ੍ਹੇ ਮੈਦੇਂ ਤੋਂ ਬਣੇ
ਖੱਟੇ ਮਿੱਠੇ ਨੂੰ ਵੀ
ਤੂੰ ਆਪਣੇ ਢਿੱਡ ਵਿੱਚ ਪਾਵੇਗੀ
ਹੋਰ ਵੀਹ-ਪੰਚੀ ਨੂੰ ਥੁੱਕ ਲਵਾਕੇ
ਢਿੱਡ ਪੀੜ ਕਰਵਾਵੇਗੀ
ਲੂਜ਼ ਮੋਸ਼ਨ ਨੂੰ ਬੁਲਵਾਵੇਗੀ

ਕੀ ਫ਼ਾਇਦਾ ?

ਕਹਿੰਦੀ!
ਮੇਰੇ ਜਾਣ ਤੋਂ ਬਾਅਦ
ਤੂੰ ਵੀ
ਦਬਾ ਦਬਾ ਫ਼ੋਨ ਤੇ ਬੈਠ ਜਾਵੇਂਗਾ
“ਸੰਨੀ ਡੇਅ” ਮਨਾਉਣ ਲਈ
ਲੰਡਰ ਢਾਣੀ ਨੂੰ ਬੁਲਾਏਗਾ
ਮੱਝਾਂ, ਗਾਵਾਂ, ਸੂਰ, ਕੁੱਕੜ ‘ਤੇ ਕੁੱਕੜੀਆਂ
ਭੁੰਨ ਭੁੰਨ ਕੇ ਖਾਵੇਗਾ
ਨਾਲ ਸਭ ਤੋਂ ਮਹਿੰਗੀ, ਕੈਲਗਰੀ ਤੋਂ ਮੰਗਵਾਈਆਂ
ਬੋਤਲਾਂ ਦੇ ਢੱਕਣਾ ਦੀ ਸੰਘੀ ਮਰੋੜੇਗਾ
ਲੁੱਡੀਆਂ ਪਾਵੇਗਾ
ਭੰਗੜਾ ਪਾਵੇਗਾ
ਸੰਨੀ ਡੇਅ ਮਨਾਵੇਂਗਾ
ਉਠ ਜਾ ਬੈਠ ਜਾ ਕਰਵਾਵੇਂਗਾ
ਹੱਥ ਕੰਨ ‘ਤੇ ਰੱਖਕੇ
‘ਮਾਣਕ’ ਦੀਆਂ ਕਲੀਆਂ ਗਾਵੇਂਗਾ
ਮੇਰੇ ਖ਼ਰਚੇ ਡਾਲਰ ਇੱਕ ਮਿੰਟ ਵਿੱਚ ਭੁੱਲ ਜਾਵੇਂਗਾ
ਮੇਰੇ ਖ਼ਰਚੇ ਡਾਲਰ ਇੱਕ ਮਿੰਟ ਵਿੱਚ ਭੁੱਲ ਜਾਵੇਂਗਾ

ਸੰਨੀ ਧਾਲੀਵਾਲ
ਐਡਮਿੰਟਨ
Exit mobile version