ਤੈਂ ਕੀ ਲੈਣੈ, ਵੱਡਿਆਂ ਦੀਆਂ ਗੱਲਾਂ ਨੀਂ ਸੁਣੀਦੀਆਂ ਹੁੰਦੀਆਂ

                     

    ਓਹ  ਵੇਲਾ  ਯਾਦ  ਕਰ                           ਡਾ. ਬਲਵਿੰਦਰ ਕੌਰ ਬਰਾੜ

ਬੇ-ਪਨਾਹ ਮਾਸੂਮੀਅਤ, ਪਾਕੀਜ਼ਗੀ ਕਿਧਰ ਗਈ

ਬਾਂਸ ਦੇ ਜੰਗਲ ਖੜ੍ਹੇ ਹਾਂ ਬੰਸਰੀ ਕਿਧਰ ਗਈ।

ਆਪਣੇਪਣ ਦੀ ਚਿਖਾ ਚੌਰਾਹਿਆਂ ਵਿਚ ਬਾਲ਼ ਕੇ

ਸ਼ਹਿਰ ਦੀ ਇਸ ਭੀੜ ਵਿੱਚੋਂ ਦੋਸਤੀ ਕਿਧਰ ਗਈ।    —ਕਵਿੰਦਰ ਚਾਂਦ

ਬਹੁਤ ਸਮੇ ਦੀ ਗੱਲ ਹੈ ਜਦ ਮਾਪੇ ਆਪਣੀ ਔਲਾਦ ਤੋਂ ਵਿੱਥ ਸਿਰਜ ਕੇ ਰਖਦੇ ਸੀ। ਸ਼ਾਇਦ ਇਸ ਦਾ ਕਾਰਣ ਬੱਚੇ ਦੀ ਮਾਸੂਮੀਅਤ ਨੂੰ ਬਰਕਰਾਰ ਰੱਖਣਾ ਹੋਵੇ। ਮੇਰੀ ਉਮਰ ਉਂਗਲ ਦੇ ਪਹਿਲੇ ਪੋਟਿਆਂ ਤਕ ਹੀ ਮਸਾਂ ਹੋਵੇਗੀ। ਮੇਰੇ ਮਾਂ ਜੀ (ਦਾਦੀ ਜੀ) ਮੈਨੂੰ ਉੁਂਗਲ ਲਾ ਕੇ ਪਿੰਡ ਦੇ ਦੂਜੇ ਸਿਰੇ ਲੈ ਕੇ ਗਏ, ਜਿੱਥੇ ਉਨ੍ਹਾਂ ਦੀ ਭੈਣ ਬੀਮਾਰ ਸੀ। ਮੈਨੂੰ ਕੋਲ ਹੀ ਮੰਜੇ ਤੇ ਬਿਠਾ ਕੇ ਉਹ ਦੋਵੇਂ ਭੈਣਾਂ ਦੁਖ-ਸੁਖ ਕਰਨ ਲੱਗੀਆਂ। ਮੈਂ ਦੁਆਲੇ ਪਈਆਂ ਸਭ ਵਸਤਾਂ ਨੂੰ ਆਪਣੀਆਂ ਸੋਚਾਂ ਦੇ ਮੇਚ ਕਰ ਰਹੀ ਸੀ। ਮੇਰਾ ਗੱਲਾਂ ਸੁਨਣ ਵੱਲ ਪਹਿਲਾਂ ਕੋਈ ਧਿਆਨ ਨਹੀਂ ਸੀ। ਜਦ ਮੇਰਾ ਧਿਆਨ ਗਿਆ ਮਾਂ ਜੀ ਦੀ ਭੈਣ ਚੁਗਲੀ ਕਰਨ ਵਾਂਗ ਕੋਲ ਨੂੰ ਮੂੰਹ ਕਰ ਕੇ ਧੀਮੀ ਸੁਰ ਵਿਚ ਕਹਿ ਰਹੀ ਸੀ,`ਇਹਨੇ ਤਾਂ ਭਾਂਡੇ ਮਾਂਜਣ ਵਾਲੀਆਂ ਵੀ ਨੀਂ ਛੱਡੀਆਂ ਜਿੰਨ੍ਹਾਂ ਤੋਂ ਕੱਚਾ ਬੇਰ ਲੈ ਕੇ ਖਾਣ ਨੂੰ ਜੀਅ ਨਹੀਂ ਕਰਦਾ।` ਇਸ ਦੇ ਜਵਾਬ ਵਿਚ ਮਾਂ ਜੀ ਆਪਣੇ ਦੋਵੇਂ ਹੱਥ ਮਲ਼ਦੇ ਹੈਰਾਨ ਹੋ ਕੇ ਵਾਹਿਗੁਰੂ ਵਾਗਿਗੁਰੂ ਕਰਨ ਲੱਗੇ। ਮੈਂ ਪੂਰੀ ਗਹੁ ਨਾਲ ਵਿਹੜੇ ਵਿਚ ਭਾਂਡੇ ਮਾਂਜਦੀ ਅਮਰੋ ਵੱਲ ਵੇਖਿਆ। ਉਹ ਤਾਂ ਚੰਗੀ ਭਲੀ ਬੈਠੀ ਸੀ। ਮੇਰੀ ਸਮਝ ਦੇ ਖਾਨੇ ਕੁੱਝ ਨਾ ਪਿਆ। ਮੇਰੇ ਅੰਦਰ ਸਵਾਲ-ਦਰ-ਸਵਾਲ ਇਕ ਦੂਜੇ ਵਿਚ ਵੱਜਣ ਲੱਗੇ। ਕਾਫ਼ੀ ਅਰਸਾ ਆਪਣੇ ਆਪ ਨਾਲ ਖੌਝਲਦੀ ਰਹੀ। ਘਰ ਵਾਪਸੀ ਸਮੇ ਮੈਂ ਪੁੱਛਿਆ ਕਿ `ਇਹ ਮਾਂ ਜੀ ਨੂੰ ਕੀ ਹੋ ਗਿਆ।`ਮੈਨੂੰ ਘੂਰ ਕੇ ਚੁੱਪ ਕਰਾ ਦਿੱਤਾ ਗਿਆ -` ਤੈਂ ਕੀ ਲੈਣੈ, ਵੱਡਿਆਂ ਦੀਆਂ ਗੱਲਾਂ ਨੀਂ ਸੁਣੀਦੀਆਂ ਹੁੰਦੀਆਂ`। ਮੇਰੇ ਤਾਂ ਸਿੱਧੇ ਸਵਾਲ ਦਾ ਜਵਾਬ ਵੀ ਪੁੱਠਾ ਪੈ ਰਿਹਾ ਸੀ। ਅੱਜ ਉਸ ਥਾਂ ਤੇ ਖੜ੍ਹ ਕੇ ਸੋਚਦੀ ਹਾਂ ਇਹ ਵਿੱਥ ਠੀਕ ਨਹੀਂ ਸੀ। ਬਾਲ-ਮਨ ਨੂੰ ਸੋਚਾਂ ਦੇ ਵਣਾਂ ਵਿਚ ਭਟਕਣ ਲਾ ਦੇਣਾ ਕਿੱਥੋਂ ਦੀ ਸਿਆਣਪ ਹੋਈ। ਪਰ ਇਸ ਤੋਂ ਉਲਟ ਹੁਣ ਮਾਪਿਆਂ ਨੇ ਇਸ ਵਿੱਥ ਨੂੰ ਮੇਟ ਕੇ ਚਾਰੇ ਕੰਨੀਆਂ ਹੀ ਚੱਕ ਧਰੀਆਂ ਹਨ। ਮੈਨੂੰ ਹੁਣ ਇਹ ਵੀ ਠੀਕ ਨਹੀਂ ਲਗਦਾ। ਖਾਸ ਕਰ ਕੇ ਜਦ ਮੈਂ ਕਿਸੇ ਦੰਪਤੀ ਜੀਵਨ ਵਿਚਲੇ ਕਲੇਸ਼ ਵਿਚਕਾਰ ਸਹਿਮੇ ਹੋਏ ਬੱਚੇ ਪਲਦੇ ਵੇਖਦੀ ਹਾਂ। ਇਸ ਔਲਾਦ ਵਿਚ ਦੀ ਮਾਪੇ ਸਾਹ ਲੈਣ ਤੱਕ ਅਪੜਦੇ ਰਹੇ ਹੋਣ। ਦੁਨੀਆਂ ਦੀਆਂ ਕੁੱਝ ਨਿਆਮਤਾਂ ਉਨ੍ਹਾਂ ਲਈ ਬਟੋਰਦੇ ਆਪ ਤੰਗੀਆਂ ਤੁਰਸ਼ੀਆਂ ਤੇ ਕੰਜੂਸੀਆਂ ਵਾਲੀ ਜੂਨ ਭੋਗਦੇ ਹੋਏ ਵੀ ਆਪੋ ਵਿਚ ਉਲਝਦੇ ਉਨ੍ਹਾਂ ਦੀ ਮਾਸੂਮੀਅਤ ਹੀ ਮਧੋਲ ਧਰਦੇ ਹਨ। ਉਨ੍ਹਾਂ ਮਾਸੂਮਾਂ ਦੀਆਂ ਜ਼ਖ਼ਮੀ ਸੋਚਾਂ, ਵਲੂੰਧਰੇ ਸੁਪਨੇ, ਪੱਛੀਆਂ ਭਾਵਨਾਵਾਂ ਉੱਤੇ ਮਲ੍ਹਮ ਲਾਉਣ ਦੀ ਥਾਂ ਫੂਹੀ-ਫੂਹੀ ਕਰ ਕੇ ਜੋੜੇ ਘਰ ਦੀਆਂ ਛੱਤਾਂ ਹੀ ਉਡਾ ਲੈਂਦੇ ਹਨ। ਰਿਸ਼ਤਿਆਂ ਵਿਚਲਾ ਕਾਨੂੰਨੀ ਦਖਲ ਘਰ ਦੀਆਂ ਸਭ ਹੋਈਆਂ ਬੀਤੀਆਂ ਚੁਰਾਹੇ ਖਲ੍ਹਾਰ ਕੇ ਬਚਪਨ ਨੂੰ ਖਾਰਜ ਕਰਦਾ ਹੈ। ਇੱਕ ਹਿੰਦੀ ਕਵੀ ਦੇ ਸ਼ਬਦ ਗੌਲਣਯੋਗ ਹਨ –

 `ਬੜੋਂ ਕੀ ਦੇਖ ਕੇ ਦੁਨੀਆਂ ਮੇਰੇ ਅੰਦਰ ਕਾ ਬੱਚਾ ਬੜਾ ਹੋਨੇ ਸੇ ਡਰਤਾ ਹੈ।`

 ਸਾਡੀਆਂ ਮਾਵਾਂ ਹੋ ਰਹੀ ਲੜਾਈ ਵਿਚ ਆਪਾ ਡਾਹ ਕੇ ਵੱਖਰੀ ਹੀ ਪਿਰਤ ਪਾ ਗਈਆਂ, ਇਸ ਦੀ ਆਂਚ ਵੀ ਸਾਡੇ ਤੱਕ ਨਾ ਅਪੜਦੀ। ਅੱਜ ਬੱਚੇ ਹਥਿਆਰ ਬਣੇ ਹੋਏ ਹਨ, ਪਰਾਪਰਟੀ ਦੀਆਂ ਹੋਰਨਾਂ ਵਸਤਾਂ ਵਾਂਗ ਵੰਡ-ਵੰਡਾਈ ਦੀ ਵਸਤ ਬਣ ਰਹੇ ਹਨ। ਹੁਣ ਮਾਪੇ ਬੱਚਿਆਂ ਨੂੰ ਵਧੀਆ ਇਨਸਾਨ ਬਨਣ ਦੀ ਥਾਂ ਆਲਮੀ ਮੰਡੀ ਦੀ ਵਧੀਆ ਵਸਤ ਬਨਾਉਣ ਵੱਲ ਰੁੱਝੇ ਹਨ। ਫੇਰ ਉਹ ਸਾਨੂੰ ਵੀ ਵਸਤ ਹੀ ਜਾਨਣਗੇ। ਏਥੋਂ ਹੀ ਉਮਰ ਦਾ ਸਤਿਕਾਰ ਕਿਰ ਜਾਂਦਾ ਹੋਣਾ, ਇਹੋ ਜਿਹੇ ਮਾਪੇ ਔਲਾਦ ਲਈ ਰੋਲ ਮਾਡਲ ਨਹੀਂ ਬਣ ਸਕਦੇ। ਕਈ ਘਰਾਂ ਵਿਚ ਮਾਵਾਂ ਡਿੱਗ ਰਹੀਆਂ ਦੀਵਾਰਾਂ ਓਹਲੇ ਬੈਠੀਆਂ ਤਸੀਹੇ ਭਰੀ ਜੂਨ ਨਿਭਾ ਰਹੀਆਂ ਹਨ। ਟੁਟਦੇ ਬਿਖਰਦੇ ਇਹੋ ਜਿਹੇ ਘਰਾਂ ਵਿਚ ਪਲ਼ਦੇ ਇਹ ਮਾਸੂਮ ਕਦੇ ਮਾਂ ਦੀ ਉੱਗਲ ਫੜਦੇ ਹਨ, ਕਦੇ ਪਿਓ ਦੇ ਮੋਢੇ ਜਾ ਲਗਦੇ ਹਨ। ਕਦੇ ਆਪਣੇ ਆਪ ਨੂੰ ਫਾਲਤੂ ਹੋਣ ਦਾ ਅਹਿਸਾਸ ਜਰਦੇ ਬਿਨਾ ਖ਼ਤਮ ਹੋਣ ਵਾਲੀ ਇਸ ਜ਼ਿੰਦਗੀ ਦੀਆਂ ਝਰੀਟਾਂ ਆਪਣੀ ਰੂਹ ਤੇ ਜਰਦੇ ਹਨ। ਇਹੋ ਜਿਹੇ ਜੋੜੇ ਆਪੋ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਇਸ ਸਾਂਝੇ ਪਿਆਰ ਦੀ ਨਿਸ਼ਾਨੀ ਦੇ ਸਭ ਅਰਮਾਨ ਕੁਰਬਾਨ ਕਰਦੇ ਹਨ। ਬਹੁਤੇ ਫ਼ੀ ਸਦੀ ਇਸ ਪੀੜ੍ਹੀ ਦੇ ਮਾਪੇ ਦੁਹਰਾ ਲੈਣ ਵਾਲੇ ਪੂਰਨੇ ਨਹੀਂ ਪਾ ਸਕੇ। ਫਲ ਸਰੂਪ ਉਸਰ ਰਹੀ ਪਨੀਰੀ ਵਿਆਹ ਜਿਹੀ ਸੰਸਥਾ ਤੋਂ ਮੁਨਕਰ ਹੋ ਰਹੀ ਹੈ। ਇਹ ਅਸੀਂ ਕਿਸ ਤਰ੍ਹਾਂ ਦੀ ਤਰੱਕੀ ਕਰ ਰਹੇ ਹਾਂ, ਜਿੱਥੇ ਰਸਤਾ ਸੜਕਾਂ ਦੀ ਥਾਂ ਜੰਗਲ ਵੱਲ ਨੂੰ ਹੀ ਵਾਪਸ ਜਾਂਦਾ ਹੈ, ਜਿੱਥੋਂ ਇਹ ਅੱਜ ਤੱਕ ਦਾ ਸਫਰ ਅਰੰਭਿਆ ਸੀ। ਪਾਕਿਸਤਾਨੀ ਕਵੀ ਦੀ ਸਲਾਹ ਹੈ –

ਤੂੰ ਚਾਹੁਨੈਂ ਇਹ ਤੇਰੀ ਛਾਂ ਵਿਚ ਉਮਰ ਗੁਜ਼ਾਰ ਲਵੇ

ਆਪਣੇ ਪੱਤਿਆਂ ਨੂੰ ਹਰਿਆ ਰੱਖ, ਕੀ ਰੱਖ ਪਾਵੇਂਗਾ।

ਜਾਂ ਤਾਂ ਇਹ ਦੀ ਉੱਗਲ ਫੜ ਲੈ ਜਾਂ ਫਿਰ ਮੂਹਰੇ ਤੋਰ

ਬੱਚਾ ਹੈ ਇਹ ਨੇ ਮਗਰ ਨੀ ਆਉਣਾ, ਫੇਰ ਪਛਤਾਵੇਂਗਾ।      (ਅਕਰਮ)

Exit mobile version