ਨਸ਼ਾ,ਕਣਕ ਗਾਹਣ ਵਾਲੀਆਂ ਮਸ਼ੀਨਾਂ ਦੇ ਵਿੱਚ ਭਰਿਆ ਸੀ

ਨਸ਼ਾ ਤਸਕਰੀ: ਥਰੈਸ਼ਰ ਮਸ਼ੀਨਾ ਜਾਂ ਨਸ਼ਾ ਮਸ਼ੀਨਾਂ
ਪਟਮੂਹੋਈ ਵਿਖੇ ਕਣਕ ਗਾਹਣ ਵਾਲੀਆਂ ਮਸ਼ੀਨਾਂ ਨੇ ਪਾਇਆ ਗਾਹ-ਐਂਗਲਾਂ ਵਿਚ ਭਰਿਆ ਸੀ ਨਸ਼ਾ
-ਪੁਲਿਸ ਨੇ ਨਸ਼ਾ ਜ਼ਬਤ ਕਰਕੇ ਮਾਮਲਾ ਰੱਖਿਆ ਗੁਪਤ, ਮਾਲਕਾਂ ਨੂੰ ਦਿੱਤੀਆਂ ਮਸ਼ੀਨਾਂ ਅਤੇ ਰੰਗੀ ਹੱਥੀਂ ਫੜਨ ਲਈ ਰੱਖੀ ਨਿਗ੍ਹਾ ਕੇ ਕਦੋਂ ਐਂਗਲ ਖੋਲ੍ਹ ਕੱਢਦੇ ਨੇ ਨਸ਼ਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 29 ਸਤੰਬਰ :-ਨਿਊਜ਼ੀਲੈਂਡ ਪੁਲਿਸ ਨੇ ਹੁਸ਼ਿਆਰੀ ਦੀ ਇਕ ਹੋਰ ਮਿਸਾਲ ਕਾਇਮ ਕਰਦਿਆਂ ਡੁਬਈ ਤੋਂ ਪਟਮੂਹੋਈ (ਨੇੜੇ ਪੁੱਕੀਕੋਹੀ-ਵਾਇਕੂ) ਆਈਆਂ ਕਣਕ ਗਾਹਣ ਵਾਲੀਆਂ ਮਸ਼ੀਨਾਂ ਨੂੰ ਲੱਗੇ ਲੋਹੇ ਦੇ ਐਂਗਲਾਂ (ਚੌਰਸ ਪਾਈਪਾਂ) ਦੇ ਵਿਚ 70 ਮਿਲੀਅਨ ਦਾ ਚਿੱਟਾ ਜ਼ਬਤ ਕੀਤਾ ਹੈ। ਇਸ ਖੇਪ ਦੇ ਨਾਲ ਪਟਮੂਹੋਈ ਅਤੇ ਆਸ ਪਾਸ ਦੇ ਖੇਤਰਾਂ ਵਿਚ ਨਸ਼ਿਆ ਦਾ ਗਾਹ ਪੈ ਸਕਦਾ ਸੀ, ਜਿਸ ਉਤੇ ਪੁਲਿਸ ਦੀ ਕਾਰਵਾਈ ਨਾਲ ਰੋਕ ਲੱਗ ਗਈ ਹੈ। ਪੁਲਿਸ ਨੇ ਕਿਹਾ ਕਿ ਔਕਲੈਂਡ ਦੀ ਬੰਦਰਗਾਹ ਦੇ ਉਤੇ ਇਹ ਨਸ਼ਾ ਫੜਿਆ ਗਿਆ ਸੀ। ਇਸ ਦਾ ਭਾਰ 200 ਕਿਲੋਗ੍ਰਾਮ ਤੋਂ ਥੋੜ੍ਹਾ ਘੱਟ ਸੀ ਅਤੇ ਅੰਦਾਜ਼ਨ  ਇਸ ਨਸ਼ੇ ਨਾਲ 10 ਮਿਲੀਅਨ ਨਸ਼ਾ ਖੁਰਾਕਾਂ ਤਿਆਰ ਹੋ ਜਾਣੀਆਂ ਸਨ। ਨਸ਼ਾ ਫੜ੍ਹਨ ਦੀ ਕਾਰਵਾਈ ਪੁਲਿਸ ਅਤੇ ਕਸਟਮ ਵਿਭਾਗ ਦੀ ਸਾਂਝੀ ਕਾਰਵਾਈ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਨਸ਼ੀਲੇ ਪਦਾਰਥ ਦੁਬਈ ਤੋਂ ਭੇਜੇ ਗਏ ਸਨ। ਪੁਲਿਸ ਦਾ ਮੰਨਣਾ ਹੈ ਕਿ ਮੇਥਾਮਫੇਟਾਮਾਈਨ (ਚਿੱਟਾ) ਦੀ ਇਹ ਢੋਆ-ਢੁਆਈ ਨਿਊਜ਼ੀਲੈਂਡ ਦੀ ਮੰਡੀ ਲਈ ਨਿਰਧਾਰਤ ਕੀਤੀ ਗਈ ਸੀ ਅਤੇ ਜੇਕਰ ਇਸ ਨੂੰ ਰੋਕਿਆ ਨਾ ਗਿਆ ਹੁੰਦਾ ਤਾਂ ਇਸ ਦੇ ਨਤੀਜੇ ਵਜੋਂ ਬਹੁਤ ਸਾਰੇ ਭਾਈਚਾਰਿਆਂ ਵਿੱਚ 200 ਮਿਲੀਅਨ ਡਾਲਰ (ਬਾਜ਼ਾਰੂ ਕੀਮਤ) ਦੀ ਇਸ ਖੇਪ ਨਾਲ ਵੱਡਾ ਸਮਾਜਿਕ ਨੁਕਸਾਨ ਹੋ ਸਕਦਾ ਸੀ। ਨਸ਼ਾ ਜ਼ਬਤ ਕੀਤੇ ਜਾਣ ਤੋਂ ਬਾਅਦ, ਕਣਕ ਵਾਲੀਆਂ ਮਸ਼ੀਨਾਂ ਨੂੰ 4 ਜੁਲਾਈ, 2023 ਨੂੰ ਪਟਮੂਹੋਈ ਵਿਖੇ ਮਾਲਕਾਂ ਦੀ ਜਾਇਦਾਦ ਉਤੇ ਸੌਂਪਿਆ ਗਿਆ। ਹੁਸ਼ਿਆਰ ਪੁਲਿਸ ਨੇ ਸੋਚਿਆ ਸੀ ਕਿ ਨਸ਼ੇ ਦੇ ਵਪਾਰੀ ਮਸ਼ੀਨਾਂ ਤੋੜ ਕੇ ਨਸ਼ਾ ਬਾਹਰ ਜ਼ਰੂਰ ਕੱਢਣਗੇ। ਇਸ ਲਈ ਇਸ ਪਤੇ ’ਤੇ ਇੱਕ ਤਲਾਸ਼ੀ ਵਾਰੰਟ ਲੈ ਲਿਆ ਗਿਆ। ਚਾਰ ਆਦਮੀ, ਜਿਨ੍ਹਾਂ ਦੀ ਉਮਰ 18 ਤੋਂ 28 ਦੇ ਵਿਚਕਾਰ ਸੀ, ਨੂੰ ਉਸ ਜਾਇਦਾਦ ’ਤੇ ਹਿਰਾਸਤ ਵਿੱਚ ਲਿਆ ਗਿਆ, ਜਦੋਂ ਉਹ ਨਸ਼ਾ ਕੱਢਣ ਦੀ ਤਰਕੀਬ ਵਿਚ ਸਨ ਅਤੇ ਉਹ ਮੈਥਾਮਫੇਟਾਮਾਈਨ ਤੱਕ ਪਹੁੰਚਣ ਲਈ ਥਰੈਸ਼ਿੰਗ ਮਸ਼ੀਨਾਂ ਨੂੰ ਤੋੜ ਰਹੇ ਸਨ। ਅਗਲੇ ਕੁਝ ਦਿਨਾਂ ਵਿੱਚ ਆਯਾਤ ਦੇ ਸਬੰਧ ਵਿੱਚ ਦੋ ਹੋਰ ਆਦਮੀ  27 ਅਤੇ 36 ਸਾਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
ਛੇ ਵਿਅਕਤੀਆਂ ਨੂੰ ਹੁਣ ਮੈਥਾਮਫੇਟਾਮਾਈਨ ਦੀ ਸਪਲਾਈ ਲਈ ਆਯਾਤ ਅਤੇ ਕਬਜ਼ੇ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰਨਾ ਪਏਗਾ ਅਤੇ ਉਨ੍ਹਾਂ ਉਤੇ ਇੱਕ ਸੰਗਠਿਤ ਅਪਰਾਧ ਸਮੂਹ ਵਿੱਚ ਹਿੱਸਾ ਲੈਣ ਦੇ ਦੋਸ਼ ਹਨ। ਉਨ੍ਹਾਂ ਵਿੱਚੋਂ ਕੁਝ ਚਿੱਟੇ ਦੀ ਸਪਲਾਈ, ਕੋਕੀਨ ਦੀ ਸਪਲਾਈ ਅਤੇ ਹਥਿਆਰ ਰੱਖਣ ਦੇ ਸਬੰਧ ਵਿੱਚ ਦੋਸ਼ਾਂ ਦਾ ਸਾਹਮਣਾ ਕਰਨਗੇ। ਪਰ ਇਨ੍ਹਾਂ ਦੋਸ਼ੀਆ ਨੇ ਆਪਣਾ ਦੋਸ਼ ਅਜੇ ਨਹੀਂ ਕਬੂਲਿਆ ਹੈ। ਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦੇ ਜਾਸੂਸਾਂ ਅਤੇ ਭਾਈਵਾਲਾਂ ਦੁਆਰਾ ਹੋਰ ਪੁੱਛਗਿੱਛ ਅਤੇ ਬਕਾਇਆ ਜਾਂਚ ਦੇ ਕੰਮ ਨੇ ਤਿੰਨ ਹੋਰ ਵਿਅਕਤੀਆਂ ਦੀ ਵੀ ਪਛਾਣ ਕੀਤੀ, ਜੋ ਕਥਿਤ ਤੌਰ ’ਤੇ ਆਯਾਤ ਦੇ ਆਯੋਜਕ ਅਤੇ ਸਹੂਲਤ ਦੇਣ ਵਾਲੇ ਸਨ। ਨਤੀਜੇ ਵਜੋਂ ਗਰੋਹ ਦੇ ਤਿੰਨ ਸੀਨੀਅਰ ਮੈਂਬਰਾਂ ’ਤੇ ਇਸ ਦਰਾਮਦ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਲਗਾਏ ਗਏ ਹਨ। ਗਰੋਹ ਦੇ ਮੈਂਬਰਾਂ ਦੀ ਉਮਰ 27 ਤੋਂ 36 ਸਾਲ ਦਰਮਿਆਨ ਹੈ।

Exit mobile version