ਪਰਵਾਸੀ ਪੰਜਾਬੀਆਂ ਬਾਰੇ ਫ਼ਿਲਮ ਲੈ ਕੇ ਆਇਆ, ਨਿਰਦੇਸ਼ਕ ਸਿਮਰਨ ਸਿੰਘ

ਪਰਵਾਸੀ ਪੰਜਾਬੀਆਂ ਬਾਰੇ ਫ਼ਿਲਮ ਲੈ ਕੇ ਆਇਆ
ਨਿਰਦੇਸ਼ਕ ਸਿਮਰਨ ਸਿੰਘ

ਸਿਮਰਨ ਸਿੰਘ ਯੂ. ਐੱਸ. ਐ. ਪੰਜਾਬ ਦੀ ਧਰਾਤਨ ਨਾਲ ਜੁੜਿਆ ਇੱਕ ਉਹ ਲੇਖਕ ਨਿਰਦੇਸ਼ਕ ਹੈ,ਜਿਸਨੇ
ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਆਪਣੀ ਵਿਰਾਸਤ ਨੂੰ ਨਹੀਂ ਵਿਸਾਰਿਆ। ਆਪਣੇ ਗੀਤਾਂ, ਕਹਾਣੀਆਂ ਅਤੇ
ਫ਼ਿਲਮਾਂ ਜ਼ਰਿਏ ਉਸਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ, ਕਲਚਰ ਦੀ ਗੱਲ ਕੀਤੀ ਹੈ। ਪਿਛਲੇ 25 ਸਾਲਾਂ ਫ਼ਿਲਮ
ਕਲਾ ਨਾਲ ਜੁੜੇ ਲੇਖਕ, ਨਿਰਦੇਸ਼ਕ, ਸੰਗੀਤ ਨਿਰਦੇਸ਼ਕ ਸਿਮਰਨ ਸਿੰਘ ਯੂ. ਐਸ. ਏ ਇਸ ਤੋਂ ਪਹਿਲਾਂ
ਫ਼ਿਲਮ ‘ਪੁੰਨਿਆ ਦੀ ਰਾਤ, ਦਿੱਲੀ ਤੋਂ ਲਾਹੌਰ’ ਅਤੇ ‘ਪੱਗੜੀ ਸਿੰਘ ਦਾ ਤਾਜ਼’ ਬਤੌਰ ਸੰਗੀਤ ਨਿਰਦੇਸ਼ਕ ਕਰ
ਚੁੱਕੇ ਹਨ। ਲੇਖਕ ਅਤੇ ਡਾਇਰੈਕਟਰ ਵਜੋਂ ਉਸਨੇ ਅਨੇਕਾਂ ਧਾਰਮਿਕ ਡਾਕੂਮੈਂਟਰੀ ਅਤੇ ਸੰਗੀਤਕ ਐਲਬਮਾਂ
ਪੰਜਾਬੀ ਲੋਕਾਂ ਨੂੰ ਦਿੱਤੀਆਂ ਹਨ। ਇਨ੍ਹੀਂ ਦਿਨੀਂ ਸਿਮਰਨ ਸਿੰਘ ਲੇਖਕ-ਨਿਰਦੇਸ਼ਕ ਵਜੋਂ ਆਪਣੀ ਇੱਕ ਵੱਡੀ
ਪੰਜਾਬੀ ਫ਼ੀਚਰ ਫ਼ਿਲਮ ਪਿੰਡ ਅਮਰੀਕਾ ਲੈ ਕੇ ਆਇਆ ਹੈ । ਇਹ ਫ਼ਿਲਮ ਜਿੱਥੇ ਪੰਜਾਬ ਦੇ ਕਲਚਰ ਅਤੇ
ਚੜ੍ਹਦੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਸਾਂਝ ਦੀ ਗੱਲ ਕਰੇਗੀ, ਉੱਥੇ ਡਾਲਰਾਂ ਦੀ ਚਮਕ ਵਿੱਚ ਫਿੱਕੇ ਪੈਂਦੇ ਜਾ ਰਹੇ
ਖੂਨ ਦੇ ਰਿਸ਼ਤਿਆਂ ਦਾ ਜ਼ਿਕਰ ਵੀ ਕਰੇਗੀ। ਵਿਦੇਸ਼ਾਂ ਵਿੱਚ ਵਸਦੇ ਪੰਜਾਬ ਦੇ ਅਨੇਕਾਂ ਰੰਗ ਹਨ ਜੋ ਇਸ
ਫ਼ਿਲਮ ਰਾਹੀਂ ਦਰਸ਼ਕਾਂ ਦੇ ਸਨਮੁੱਖ ਕੀਤੇ ਜਾਣਗੇ। ਅਮੈਰਿਕਾ ਦੇ ਸਿਆਟਲ ਸ਼ਹਿਰ ਦੇ ਵਸਨੀਕ ਸਿਮਰਨ
ਸਿੰਘ ਵਧਾਈ ਦਾ ਪਾਤਰ ਹੈ ਜਿਸਨੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੀ ਮਨੋਦਿਸ਼ਾਂ ਨੂੰ ਟੋਹਦਿਆਂ ਇਸ
ਫ਼ਿਲਮ ਦਾ ਨਿਰਮਾਣ ਕੀਤਾ ਹੈ। ਪੰਜਾਬੀਆਂ ਦੀ ਸੋਚ ਸੁਭਾਅ ਅਤੇ ਰੋਜ਼ਾਨਾ ਦੇ ਕੰਮ ਕਾਜ਼ਾਂ ਬਾਰੇ ਖੁੱਲ੍ਹ ਕੇ ਗੱਲ
ਕਰਦੀ ਇਸ ਫ਼ਿਲਮ ਵਿੱਚ ਪੰਜਾਬੀ ਦੀ ਨਾਮਵਰ ਅਦਾਕਾਰਾ ਅਤੇ ਗਾਇਕਾ ਅਮਰ ਨੂਰੀ ਲੰਮੇ ਸਮੇਂ ਬਾਅਦ
ਪੰਜਾਬੀ ਪਰਦੇ ਤੇ ਨਜ਼ਰ ਆਵੇਗੀ । ਇਸ ਫ਼ਿਲਮ ਵਿੱਚ ਉਸਨੇ ਅਦਾਕਾਰੀ ਦੇ ਨਾਲ-ਨਾਲ ਪਿੱਠਵਰਤੀ
ਗਾਇਕਾ ਵਜੋਂ ਵੀ ਗਾਇਆ ਹੈ। ਖਾਸ ਗੱਲ ਕਿ ਉਸਦੇ ਦੋਵੇਂ ਬੇਟੇ ‘ਸਾਰੰਗ ਅਤੇ ‘ਅਲਾਪ ’ ਵੀ ਇਸ ਫ਼ਿਲਮ
ਦਾ ਹਿੱਸਾ ਬਣੇ ਹਨ।

ਲਾਇਨਜ਼ ਫ਼ਿਲਮਜ਼ ਪ੍ਰੋਡਕਸ਼ਨ ਹਾਊਸ ਅਤੇ ਸਿਮਰਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ “ਪਿੰਡ
ਅਮਰੀਕਾ” ਦੇ ਨਿਰਮਾਤਾ ਡਾ. ਹਰਚੰਦ ਸਿੰਘ ਯੂ. ਐਸ. ਏ. ਹਨ। ਫ਼ਿਲਮ ਵਿਚ ਅਮਰ ਨੂਰੀ, ਬੀ. ਕੇ ਸਿੰਘ
ਰੱਖੜਾ, ਭਿੰਦਾ ਔਜਲਾ, ਪ੍ਰੀਤੋ ਸਾਹਵਨੀ, ਮਾਸਟਰ ਸੁਹੇਲ ਸਿੱਧੂ, ਕਮਲਜੀਤ ਨੀਰੂ, ਅਸ਼ੋਕ ਟਾਗਰੀ, ਮਲਕੀਤ
ਮੀਤ, ਜਸਵੀਰ ਨਿੱਝਰ ਸਿੱਧੂ, ਡਾ. ਹਰਚੰਦ ਸਿੰਘ, ਪ੍ਰੀਤੀ ਰਾਏ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ
ਨਿਭਾਏ ਹਨ।
ਸਿਮਰਨ ਸਿੰਘ ਨੇ ਦੱਸਿਆ ਕਿ ਫ਼ਿਲਮ “ਪਿੰਡ ਅਮਰੀਕਾ” ਵਿਦੇਸ਼ਾਂ ਵਿੱਚ ਰਹਿੰਦੇ ਉਨ੍ਹਾਂ ਲੋਕਾਂ ਦੀ ਕਹਾਣੀ ਹੈ
ਜੋ ਆਪਣੀ ਰੋਜ਼ੀ ਰੋਟੀ ਲਈ ਪਿੰਡ ਛੱਡ ਆਏ ਪਰੰਤੂ ਪਿੰਡ ਨੇ ਉਨ੍ਹਾਂ ਨੂੰ ਨਹੀਂ ਛੱਡਿਆ। ਭਾਵੇਕਿ ਜੁੰਮੇਵਾਰੀਆਂ
ਦਾ ਬੋਝ ਢੋਹਦੇ ਬੁੱਢੇ ਹੋ ਗਏ ਪਰ ਆਪਣੀ ਵਿਰਾਸਤ, ਸੱਭਿਆਚਾਰ ਨਾਲੋਂ ਟੁੱਟੇ ਨਹੀਂ। ਜਿਸ ਵਿਰਾਸਤ ਨੂੰ
ਅਸਲ ਪੰਜਾਬ ਦੇ ਲੋਕ ਭੁਲਦੇ ਜਾ ਰਹੇ ਹਨ, ਇੰਨ੍ਹਾਂ ਨੇ ਵਿਦੇਸ਼ਾਂ ਵਿਚ ਰਹਿ ਕੇ ਵੀ ਸਾਂਭਣ ਦਾ ਯਤਨ ਕੀਤਾ ਹੈ
। ਇਹ ਫ਼ਿਲਮ ਇੱਕ ਪਰਿਵਾਰਕ ਕਹਾਣੀ ਹੈ ਜਿਸ ਵਿਚ ਦਾਦਾ ਪੋਤਾ ਦਾ ਪਿਆਰ, ਨੂੰਹ ਸੱਸ ਦੀ ਨੋਕ ਝੋਕ ਹੈ,
ਅੱਲ੍ਹੜ ਦਿਲਾਂ ਦੀ ਮੁਹੱਬਤੀ ਬਾਤ ਹੈ, ਇਸ ਤੋਂ ਇਲਾਵਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਸਾਂਝ

ਦਿਖਾਈ ਗਈ ਹੈ। ਹਨ। ਇਸ ਫ਼ਿਲਮ ਨੂੰ ਬਣਾਉਣ ਦਾ ਖਿਆਲ ਉਸਨੂੰ ਤਦ ਆਇਆ ਜਦ ਉਹ ਅਮਰੀਕਾ
ਰਹਿੰਦੇ ਇੱਕ ਬੁਜ਼ਰਗ ਮਾਤਾ ਪੁਸ਼ਪਾ ਜੀ ਦੇ ਘਰ ਵਿਚ ਪੁਰਾਤਨ ਵਿਰਸੇ ਦੀ ਨਿਸ਼ਾਨੀ ਪਿੱਤਲ, ਕਾਂਸੀ ਦੇ
ਬਰਤਨਾਂ ਸਮੇਤ ਪੰਜਾਬ ਦੇ ਰਵਾਇਤੀ ਭਾਂਡੇ ਛੱਜ, ਮਧਾਣੀਆਂ ਆਦਿ ਨੂੰ ਇੱਕ ਵਿਰਾਸਤੀ ਅਜਾਇਬ ਘਰ ਵਜੋਂ
ਵੇਖਿਆ। ਮੈਂ ਸੋਚਿਆ ਕਿ ਪੰਜਾਬ ਤੋਂ ਦੂਰ ਆ ਕੇ ਵੀ ਪੰਜਾਬ ਦਾ ਕਲਚਰ ਇਨ੍ਹਾਂ ਲੋਕਾਂ ਤੋਂ ਵੱਖ ਨਹੀਂ ਹੋਇਆ,
ਜਦ ਮੈਂ ਇਸ ਕਲਚਰ ਦੀ ਇੱਕ ਫੋਟੋ ਅਮਰੀਕਾ ਵਿਚ ਵਸਿਆ ਪਿੰਡ ਕੈਪਸ਼ਨ ਲਿਖ ਕੇ ਫੇਸਬੁਕ ਤੇ ਪਾਈ ਤਾਂ
ਲੋਕਾਂ ਨੇ ਬਹੁਤ ਪਸੰਦ ਕੀਤੀ ਤੇ ਇਸ ਬਾਰੇ ਫ਼ਿਲਮ ਬਣਾਉਣ ਦੀ ਸਲਾਹ ਦਿੱਤੀ। ਫ਼ਿਲਮ ਦੇ ਗੀਤ ਫਿਰੋਜ਼
ਖਾਨ, ਅਮਰ ਨੂਰੀ, ਅਲਾਪ ਸਿਕੰਦਰ, ਸ਼ਾਰੰਗ ਸਿਕੰਦਰ ਤੇ ਰਵੀ ਥਿੰਦ ਨੇ ਗਾਏ ਹਨ। ਇਨ੍ਹਾਂ ਗੀਤਾਂ ਨੂੰ ਬਾਬਾ
ਨਜ਼ਮੀ, ਪ੍ਰੀਤ ਸੋਹਲ, ਮਲਕੀਤ ਮੀਤ ਅਤੇ ਜੀਤਾ ਉਪਲ ਨੇ ਲਿਖਿਆ ਹੈ। ਸੰਗੀਤ ਅਹਿਮਦ ਅਲੀ ਅਤੇ
ਸ਼ਾਰੰਗ ਸਿਕੰਦਰ ਨੇ ਦਿੱਤਾ ਹੈ। 6 ਅਕਤੂਬਰ ਨੂੰ ਰਿਲੀਜ ਹੋ ਰਹੀ ਦੁਨੀਆਂ ਭਰ ਚ ਰਿਲੀਜ਼ ਹੋ ਰਹੀ ਫ਼ਿਲਮ
ਪਿੰਡ ਅਮਰੀਕਾ ਪੰਜਾਬੀ ਫ਼ਿਲਮ ਜਗਤ ਵਿੱਚ ਇਹ ਇੱਕ ਵਿਲੱਖਣ ਪੇਸ਼ਕਾਰੀ ਹੋਵੇਗੀ।

-ਸੁਰਜੀਤ ਜੱਸਲ

Exit mobile version