ਆਈ.ਐਸ.ਆਈ. ਦੇ ਖਾਲਿਸਤਾਨੀ ਨੈਰੇਟਿਵ ਨੂੰ ਪ੍ਰੋਸਣ ਵਾਲਿਆਂ ਨੂੰ ਪੰਜਾਬ ਕਦੇ ਕਬੂਲ ਨਹੀਂ ਕਰੇਗਾ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਲਈ ‘ਨੋਬਲ ਸ਼ਾਂਤੀ ਪੁਰਸਕਾਰ’ ਦੀ ਵਕਾਲਤ ਕਰਨਾ ਦੇਸ਼ ਅਤੇ ਪੰਜਾਬ ਦੇ ਉਹਨਾਂ ਬਹਾਦਰ ਫ਼ੌਜੀ ਜਵਾਨਾਂ ਦਾ ਅਪਮਾਨ ਹੈ, ਜਿਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਰਹੱਦਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਇਹ ਵਕਾਲਤ ਸਰਹੱਦਾਂ ‘ਤੇ ਡਟੇ ਜਵਾਨਾਂ, ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਹਜ਼ਾਰਾਂ ਪਰਿਵਾਰਾਂ ਅਤੇ ਪਾਕਿਸਤਾਨ ਪ੍ਰੇਰਿਤ ਅੱਤਵਾਦ ਤੇ ਨਸ਼ਿਆਂ ਨਾਲ ਲੜ ਰਹੇ ਪੰਜਾਬ ਦੇ ਲੋਕਾਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਦੇ ਬਰਾਬਰ ਹੈ। ਇਹ ਬਿਆਨ ਭਾਰਤ ਦੀ ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਦਾ ਵੀ ਘੋਰ ਅਪਮਾਨ ਹੈ ਅਤੇ ਭਾਰਤ ਵਿਰੋਧੀ ਤਾਕਤਾਂ ਨੂੰ ਮਜ਼ਬੂਤ ਕਰਨ ਵਾਲਾ ਹੈ, ਜੋ ਰਾਸ਼ਟਰਵਾਦੀ ਭਾਵਨਾਵਾਂ ‘ਤੇ ਗੰਭੀਰ ਚੋਟ ਮਾਰਦਾ ਹੈ।
ਸਵਾਲ ਇਹ ਹੈ ਕਿ ਜੇ ਮਾਨ ਨੂੰ ਭਾਰਤ ਨਾਲ ਇੰਨੀ ਹੀ ਨਫ਼ਰਤ ਹੈ, ਤਾਂ ਉਹ ਇੱਥੇ ਦੀ ਲੋਕਤੰਤਰਿਕ ਵਿਵਸਥਾ, ਚੋਣਾਂ ਅਤੇ ਸੰਵਿਧਾਨਕ ਅਧਿਕਾਰਾਂ ਦਾ ਲਾਭ ਕਿਉਂ ਲੈ ਰਹੇ ਹਨ? ਪਰ ਇੱਕ ਗੱਲ ਸਪਸ਼ਟ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਮਜ਼ਬੂਤ ਲੋਕਤੰਤਰ ਹੈ, ਕਿਉਂਕਿ ਇੱਥੇ ਸਿਮਰਨਜੀਤ ਸਿੰਘ ਮਾਨ ਵਰਗੇ ਲੋਕਾਂ ਨੂੰ ਵੀ ਆਪਣੀ ਮਰਜ਼ੀ ਨਾਲ ਬੋਲਣ, ਦੇਸ਼ ਵਿਰੋਧੀ ਵਿਚਾਰ ਰੱਖਣ ਅਤੇ ਭਾਰਤ ਦੀ ਸੰਪ੍ਰਭੁਤਾ ‘ਤੇ ਸਵਾਲ ਖੜ੍ਹੇ ਕਰਨ ਦੀ ਪੂਰੀ ਆਜ਼ਾਦੀ ਹੈ। ਜੇ ਮਾਨ ਦੇ ਕਹਿਣ ਮੁਤਾਬਕ ਭਾਰਤ ਵਾਕਈ ਹੀ ਤਾਨਾਸ਼ਾਹੀ ਹੁੰਦਾ, ਤਾਂ ਦੇਸ਼ ਦੀ ਫ਼ੌਜ, ਸ਼ਹੀਦਾਂ ਅਤੇ ਰਾਸ਼ਟਰੀ ਸੁਰੱਖਿਆ ਦੇ ਵਿਰੁੱਧ ਬਿਆਨ ਦੇਣ ਵਾਲੇ ਲੋਕ ਖੁੱਲ੍ਹੇਆਮ ਰਾਜਨੀਤੀ ਨਾ ਕਰ ਰਹੇ ਹੁੰਦੇ। ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਅਭਿਵਿਅਕਤੀ ਦੀ ਆਜ਼ਾਦੀ ਦਿੰਦਾ ਹੈ, ਪਰ ਇਹ ਆਜ਼ਾਦੀ ਰਾਸ਼ਟਰ ਵਿਰੋਧੀ ਤਾਕਤਾਂ ਦਾ ਨੈਰੇਟਿਵ ਅੱਗੇ ਵਧਾਉਣ ਲਈ ਤਾਂ ਬਿਲਕੁਲ ਨਹੀਂ ਹੈ।
ਸਾਬਕਾ ਆਈ.ਪੀ.ਐਸ. ਅਧਿਕਾਰੀ ਰਹੇ ਸਿਮਰਨਜੀਤ ਸਿੰਘ ਮਾਨ ਨੂੰ ਇਸ ਗੱਲ ‘ਤੇ ਮਾਣ ਹੈ ਕਿ ਉਹ ਖਾੜਕੂਆਂ ਨੂੰ ਵਿਦੇਸ਼ਾਂ ’ਚ ਸਿਆਸੀ ਪਨਾਹ ਦਿਵਾਉਣ ਲਈ ਵੈਰੀਫਿਕੇਸ਼ਨ ਲੈਟਰ ਜਾਰੀ ਕਰਦੇ ਰਹੇ। ਬੇਸ਼ੱਕ ਇਸ ਕੰਮ ਲਈ ਉਸ ਨੇ ਮੋਟੀਆਂ ਰਕਮਾਂ ਵੀ ਉਨ੍ਹਾਂ ਤੋਂ ਬਟੋਰੀਆਂ, ਇਹ ਗੱਲ ਉਸ ਦੀ ਸੋਚ ਅਤੇ ਦੇਸ਼- ਕੌਮ ਪ੍ਰਤੀ ਉਸ ਦੀ ਨਿਸ਼ਠਾ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਸਭ ਨੂੰ ਪਤਾ ਹੈ ਕਿ ਮਾਨ ਦਾ ਪਰਿਵਾਰਕ ਇਤਿਹਾਸ ਵੀ ਵਿਵਾਦਾਂ ਨਾਲ ਭਰਿਆ ਪਿਆ ਹੈ। ਉਹ ਜਥੇਦਾਰ ਅਰੂੜ੍ਹ ਸਿੰਘ ਦੇ ਪੋਤੇ ਹਨ, ਜਿਨ੍ਹਾਂ ਬਾਰੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬਰਾਹ ਹੁੰਦਿਆਂ ਜੱਲਿਆਂਵਾਲਾ ਬਾਗ ਕਤਲੇਆਮ ਦੇ ਜ਼ਿੰਮੇਵਾਰ ਜਨਰਲ ਡਾਇਰ ਨੂੰ ਸਿਰੋਪਾ ਭੇਟ ਕੀਤਾ ਸੀ। ਇਹ ਇਤਿਹਾਸਕ ਦਾਗ਼ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹੈ।
ਅੱਜ ਜਦੋਂ ਸਿਮਰਨਜੀਤ ਸਿੰਘ ਮਾਨ ਪਾਕਿਸਤਾਨ ਦੇ ਫ਼ੌਜ ਮੁਖੀ ਅਤੇ ਆਈ.ਐਸ.ਆਈ. ਦੇ ਸਾਬਕਾ ਮੁਖੀ ਰਹੇ ਜਨਰਲ ਅਸੀਮ ਮੁਨੀਰ ਵਰਗੇ ਵਿਅਕਤੀ ਲਈ ਨੋਬਲ ਸ਼ਾਂਤੀ ਪੁਰਸਕਾਰ ਦੀ ਵਕਾਲਤ ਕਰਦੇ ਹਨ, ਤਾਂ ਇਹ ਉਸੇ ਮਾਨਸਿਕਤਾ ਦੀ ਕੜੀ ਦਿਸਦੀ ਹੈ, ਜਿਸ ਵਿੱਚ ਦੇਸ਼ ਵਿਰੋਧੀ ਤੱਤਾਂ ਲਈ ਹਮਦਰਦੀ ਅਤੇ ਰਾਸ਼ਟਰਵਾਦੀ ਤਾਕਤਾਂ ਲਈ ਨਫ਼ਰਤ ਦਿਖਾਈ ਦਿੰਦੀ ਹੈ। ਪਰ ਪੰਜਾਬ ਅਤੇ ਦੇਸ਼ ਦੀ ਜਨਤਾ ਹੁਣ ਅਜਿਹੇ ਬਿਆਨਾਂ ਅਤੇ ਅਜਿਹੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਪੰਜਾਬ ਦੀ ਧਰਤੀ ‘ਤੇ ਆਈ.ਐਸ.ਆਈ., ਪਾਕਿਸਤਾਨੀ ਫ਼ੌਜ ਜਾਂ ਖਾਲਿਸਤਾਨੀ ਨੈਰੇਟਿਵ ਨੂੰ ਪ੍ਰੋਸ਼ਣ ਵਾਲਿਆਂ ਲਈ ਕੋਈ ਜਗ੍ਹਾ ਨਹੀਂ। ਨਾ ਹੀ ਦੇਸ਼ ਵਿਰੋਧੀ ਬਿਆਨ ਦੇ ਕੇ ਸਸਤੀ ਸੁਰਖ਼ੀਆਂ ਲੈਣ ਵਾਲਿਆਂ ਨੂੰ ਲੋਕਤੰਤਰ ਦੇ ਨਾਮ ‘ਤੇ ਦੇਸ਼ ਨੂੰ ਬਦਨਾਮ ਕਰਨ ਦਾ ਕੋਈ ਹੱਕ ਹੈ। ਭਾਰਤ ਦੀ ਏਕਤਾ, ਅਖੰਡਤਾ ਅਤੇ ਸ਼ਹੀਦਾਂ ਦੀ ਕੁਰਬਾਨੀ ‘ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਬੇਸ਼ੱਕ, ਭਾਰਤ ਮਜ਼ਬੂਤ ਸੀ, ਮਜ਼ਬੂਤ ਹੈ ਅਤੇ ਮਜ਼ਬੂਤ ਰਹੇਗਾ। ਜਿਹੜੇ ਲੋਕ ਭਾਰਤ ਵਿਰੋਧੀ ਤਾਕਤਾਂ ਦੀ ਬੋਲੀ ਬੋਲਦੇ ਹਨ, ਉਹ ਇਤਿਹਾਸ ਦੇ ਕੂੜੇਦਾਨ ਵਿੱਚ ਸੁੱਟੇ ਜਾਣਗੇ।
ਨੋਬਲ ਸ਼ਾਂਤੀ ਪੁਰਸਕਾਰ ਮਨੁੱਖਤਾ, ਅਮਨ ਅਤੇ ਵਿਸ਼ਵ ਭਲਾਈ ਲਈ ਹੁੰਦਾ ਹੈ—ਨਾ ਕਿ ਉਹਨਾਂ ਲਈ ਜਿਨ੍ਹਾਂ ਦੇ ਹੱਥ ਬੇਗੁਨਾਹਾਂ ਦੇ ਖ਼ੂਨ, ਦਹਿਸ਼ਤਗਰਦੀ, ਨਸ਼ਿਆਂ ਅਤੇ ਅਸਥਿਰਤਾ ਨਾਲ ਰੰਗੇ ਹੋਣ। ਕੌਣ ਨਹੀਂ ਜਾਣਦਾ ਕਿ ਪਾਕਿਸਤਾਨੀ ਫ਼ੌਜ ਅਤੇ ਆਈ.ਐਸ.ਆਈ. ਲੰਮੇ ਸਮੇਂ ਤੋਂ ਭਾਰਤ ਵਿੱਚ ਘੁਸਪੈਠ, ਦਹਿਸ਼ਤਗਰਦੀ, ਨਸ਼ਾ ਤਸਕਰੀ, ਹਥਿਆਰਾਂ ਦੀ ਸਪਲਾਈ ਅਤੇ ਡਰੋਨਾਂ ਰਾਹੀਂ ਹਥਿਆਰ ਤੇ ਗ੍ਰਨੇਡ ਭੇਜ ਕੇ ਪੰਜਾਬ ਅਤੇ ਕਸ਼ਮੀਰ ਵਿੱਚ ਅਸ਼ਾਂਤੀ ਫੈਲਾਉਣ ਲਈ ਜ਼ਿੰਮੇਵਾਰ ਰਹੇ ਹਨ।
ਅੱਜ ਵੀ ਆਈ.ਐਸ.ਆਈ. ਅਤੇ ਪਾਕਿਸਤਾਨੀ ਫ਼ੌਜ ਪੰਜਾਬ ਵਿੱਚ ਗੈਂਗਸਟਰ ਮਾਡਿਊਲ, ਖਾਲਿਸਤਾਨੀ ਨੈੱਟਵਰਕ, ਡਰੋਨ, ਹਥਿਆਰ ਅਤੇ ਸੋਸ਼ਲ ਮੀਡੀਆ ਪ੍ਰਚਾਰ ਰਾਹੀਂ “ਲੋ-ਕਾਸਟ ਵਾਰ” ਅਤੇ “ਪ੍ਰਾਕਸੀ ਵਾਰ” ਲੜ ਰਹੇ ਹਨ। ਪੰਜਾਬ ਸਰਹੱਦ ‘ਤੇ ਡਰੋਨਾਂ ਰਾਹੀਂ ਮਾਰੂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਵੱਲੋਂ ਕਈ ਵਾਰ ਪਾਕਿਸਤਾਨੀ ਡਰੋਨ ਮਾਰ ਗਿਰਾਏ ਗਏ ਹਨ।
ਇਹ ਸਿਰਫ਼ ਤਸਕਰੀ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਅਤੇ ਅਮਨ ਭੰਗ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਹੈ। ਇਹ ਸਿਰਫ਼ ਭਾਰਤ ਦੀ ਸੁਰੱਖਿਆ ਨੂੰ ਚੁਨੌਤੀ ਹੀ ਨਹੀਂ, ਸਗੋਂ ਪੰਜਾਬ ਦੀ ਸਮਾਜਕ ਸਾਂਝ ਅਤੇ ਨੌਜਵਾਨੀ ਲਈ ਵੀ ਵੱਡਾ ਖ਼ਤਰਾ ਹੈ। ਕੀ ਮਾਨ ਨੂੰ ਇਹ ਨਹੀਂ ਪਤਾ? ਅਜਿਹੇ ਤੱਤਾਂ ਦੇ ਮੁਖੀ ਨੂੰ “ਸ਼ਾਂਤੀ ਪੁਰਸਕਾਰ” ਦੇਣ ਦੀ ਵਕਾਲਤ ਕਰਨਾ ਰਾਸ਼ਟਰ ਵਿਰੋਧੀ ਅਤੇ ਮਨੁੱਖਤਾ ਵਿਰੋਧੀ ਸੋਚ ਦਾ ਸਪਸ਼ਟ ਸਬੂਤ ਨਹੀਂ?
ਗਲ ਇੱਥੇ ਹੀ ਨਹੀਂ ਮੁੱਕਦੀ, ਜਨਰਲ ਮੁਨੀਰ ਦੇ ਹੱਥ ਆਪਣੇ ਹੀ ਮੁਲਕ ਦੇ ਸੂਬੇ ਬਲੋਚਿਸਤਾਨ ਵਿੱਚ ਹੱਕ ਮੰਗਦੇ ਬਲੋਚਾਂ ਦੇ ਖ਼ੂਨ ਨਾਲ ਵੀ ਰੰਗੇ ਹੋਏ ਹਨ। ਜਿੱਥੇ ਮੁਨੀਰ ਦੇ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਖੁੱਲ੍ਹੀ ਉਲੰਘਣਾ, ਜਬਰ, ਗੁੰਮਸ਼ੁਦਗੀਆਂ ਅਤੇ ਫ਼ੌਜੀ ਜ਼ੁਲਮ ਵਧੇ ਹਨ। ਹੱਕ ਮੰਗਣ ਲਈ ਉਤਰੇ ਬਲੋਚਾਂ ਨੂੰ ਦਬਾਉਣ ਲਈ ਫ਼ੌਜ ਵੱਲੋਂ ਟੈਂਕਾਂ ਅਤੇ ਤੋਪਾਂ ਰਾਹੀਂ ਹੀ ਬੰਬਾਰੀ ਨਹੀਂ ਕੀਤੀ ਜਾ ਰਹੀ, ਸਗੋਂ ਹਵਾਈ ਹਮਲੇ ਕਰਕੇ ਲੱਖਾਂ ਲੋਕਾਂ ਨੂੰ ਖੱਪਾ ਦਿੱਤਾ ਜਾਣਾ ਇਹ ਸਾਬਤ ਕਰਦਾ ਹੈ ਕਿ ਪਾਕਿਸਤਾਨ ਦੀ ਫ਼ੌਜ “ਜੰਗ” ਨਹੀਂ, ਸਗੋਂ “ਦਹਿਸ਼ਤਗਰਦੀ” ਨੂੰ ਆਪਣੀ ਰਣਨੀਤੀ ਵਜੋਂ ਵਰਤਦੀ ਹੈ। ਜਿਹੜਾ ਆਪਣੇ ਹੀ ਲੋਕਾਂ ਨਾਲ ਅਮਨ ਤੇ ਨਿਆਂ ਨਹੀਂ ਕਰ ਸਕਦਾ, ਉਹ ਸ਼ਾਂਤੀ ਪੁਰਸਕਾਰ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ?
ਪਾਕਿਸਤਾਨ ਵਿੱਚ ਧਾਰਮਿਕ ਘੱਟ ਗਿਣਤੀਆਂ ਨਾਲ ਜੋ ਦੁਰਵਿਵਹਾਰ ਹੋ ਰਿਹਾ ਹੈ, ਉਸ ਬਾਰੇ ਕੌਣ ਨਹੀਂ ਜਾਣਦਾ? ਜਿਨ੍ਹਾਂ ਦੀ ਪਹਿਲਾਂ ਆਬਾਦੀ 16% ਸੀ, ਅੱਜ ਘਟ ਕੇ 4% ਰਹਿ ਗਈ ਹੈ। ਹਿੰਦੂ, ਸਿੱਖ ਅਤੇ ਇਸਾਈਆਂ ਦੀਆਂ ਬਹੂ-ਬੇਟੀਆਂ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਉਣਾ ਅਤੇ ਜਬਰੀ ਨਿਕਾਹ ਦੀਆਂ ਘਟਨਾਵਾਂ ਬਾਰੇ ਕੀ ਸ. ਮਾਨ ਨੂੰ ਨਹੀਂ ਪਤਾ? ਗੱਲ ਇੱਥੇ ਹੀ ਨਹੀਂ ਰੁਕਦੀ; ਉੱਥੇ ਤਾਂ ਅਹਿਮਦੀਆ ਅਤੇ ਸ਼ੀਆ ਫ਼ਿਰਕਾ ਵੀ ਬਹੁਗਿਣਤੀ ਸੁੰਨੀ ਫ਼ਿਰਕੇ ਦੀ ਮਾਰ ਤੋਂ ਨਹੀਂ ਬਚ ਸਕਿਆ।
ਪਾਕਿਸਤਾਨੀ ਫ਼ੌਜ ਦਾ ਇਤਿਹਾਸ 1947, 1965, 1971 ਅਤੇ ਕਾਰਗਿਲ ਵਰਗੀਆਂ ਜੰਗਾਂ ਤੋਂ ਲੈ ਕੇ ਕਸ਼ਮੀਰ ਅਤੇ ਪੰਜਾਬ ਵਿੱਚ ਪ੍ਰਾਕਸੀ ਵਾਰ ਤੱਕ ਭਰਿਆ ਪਿਆ ਹੈ। ਪਰ ਸਿਮਰਨਜੀਤ ਸਿੰਘ ਮਾਨ ਤੋਂ ਇਹ ਭੁੱਲਣ ਦੀ ਉਮੀਦ ਤਾਂ ਬਿਲਕੁਲ ਨਹੀਂ ਕੀਤੀ ਜਾ ਸਕਦੀ ਕਿ ਭਾਰਤ ਤੋਂ 1971 ਦੀ ਜੰਗ ਦੀ ਸ਼ਰਮਨਾਕ ਹਾਰ ਤੋਂ ਬਾਅਦ ਬਦਲਾ ਲੈਣ ਲਈ ਤਤਕਾਲੀ ਫ਼ੌਜ ਮੁਖੀ ਜਨਰਲ ਜ਼ਿਆ-ਉਲ-ਹੱਕ ਦੀ ਅਗਵਾਈ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਭਾਰਤ ਵਿਰੁੱਧ “ਹਜ਼ਾਰਾਂ ਕੱਟਾਂ ਨਾਲ ਭਾਰਤ ਦਾ ਖ਼ੂਨ ਵਹਾਉਣ” — “Bleed India through a thousand cuts” — ਦੀ ਜੋ ਨੀਤੀ ਅਪਣਾਈ ਗਈ ਸੀ, ਅੱਜ ਵੀ ਪਾਕਿਸਤਾਨ ਉਸੇ ਨੀਤੀ ‘ਤੇ ਕਾਇਮ ਹੈ।
ਅੱਜ ਜਨਰਲ ਅਸੀਮ ਮੁਨੀਰ, ਜੋ ਪਹਿਲਾਂ ਆਈ.ਐਸ.ਆਈ. ਦੇ ਮੁਖੀ ਰਹੇ ਅਤੇ ਹੁਣ ਪਾਕਿਸਤਾਨ ਦੇ ਆਰਮੀ ਚੀਫ਼ ਹਨ, ਉਸੇ “ਬਲੀਡ ਇੰਡੀਆ” ਸੋਚ ਦਾ ਨਵਾਂ ਚਿਹਰਾ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਵਿਰੁੱਧ ਹਾਈਬ੍ਰਿਡ ਵਾਰਫੇਅਰ ਹੋਰ ਤੇਜ਼ ਹੋਈ ਹੈ। ਕਸ਼ਮੀਰ ਵਿੱਚ ਪਹਿਲਗਾਮ ਸਮੇਤ ਹੋਰ ਹਿੱਸਿਆਂ ਵਿੱਚ ਟਾਰਗੈਟ ਕਿਲਿੰਗ, ਘੁਸਪੈਠ ਅਤੇ LOC ‘ਤੇ ਫਾਇਰਿੰਗ ਇਹ ਸਾਬਤ ਕਰਦੀ ਹੈ ਕਿ ਪਾਕਿਸਤਾਨ ਰਵਾਇਤੀ ਜੰਗ ਨਹੀਂ, ਸਗੋਂ ਦਹਿਸ਼ਤਗਰਦੀ ਨੂੰ ਆਪਣੀ ਰਣਨੀਤੀ ਵਜੋਂ ਵਰਤਦਾ ਹੈ।
ਕੀ ਮਾਨ ਦੀ ਯਾਦਦਾਸ਼ਤ ਇੰਨੀ ਕਮਜ਼ੋਰ ਹੋ ਗਈ ਹੈ ਕਿ ਉਸ ਨੂੰ ਪਾਕਿਸਤਾਨ ਸਮਰਥਿਤ ਆਤੰਕੀਆਂ ਵੱਲੋਂ ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਨਿਰਦੋਸ਼ ਸੈਲਾਨੀਆਂ ਦੇ ਕੀਤੇ ਗਏ ਕਤਲੇਆਮ ਵੀ ਯਾਦ ਨਹੀਂ ਰਿਹਾ? ਜਿਸ ਦੇ ਜਵਾਬ ਵਿੱਚ ਓਪਰੇਸ਼ਨ ਸਿੰਦੂਰ ਵਰਗੀਆਂ ਕਾਰਵਾਈਆਂ ਨੇ ਦੁਨੀਆ ਨੂੰ ਸੰਦੇਸ਼ ਦਿੱਤਾ ਹੈ ਕਿ ਨਵਾਂ ਭਾਰਤ ਹੁਣ ਸਿਰਫ਼ ਨਿੰਦਾ ਨਹੀਂ ਕਰਦਾ, ਸਗੋਂ ਅੱਤਵਾਦ ਅਤੇ ਉਸ ਦੇ ਪਾਲਣਹਾਰਾਂ-ਆਕਾਵਾਂ ਨੂੰ ਕਰਾਰਾ ਜਵਾਬ ਵੀ ਦਿੰਦਾ ਹੈ। ਇਸ ਤੋਂ ਪਹਿਲਾਂ ਉਰੀ ਹਮਲੇ ਤੋਂ ਬਾਅਦ ਸਰਜੀਕਲ ਸਟ੍ਰਾਈਕ ਅਤੇ ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਏਅਰ ਸਟ੍ਰਾਈਕ ਵੀ ਕੀ ਮਾਨ ਨੂੰ ਯਾਦ ਨਹੀਂ ਹਨ?
ਸਿਮਰਨਜੀਤ ਸਿੰਘ ਮਾਨ ਦੀ ਸਾਰੀ ਸਿਆਸਤ ਸਿਰਫ਼ ਉਕਸਾਵੇ, ਵਿਵਾਦ ਅਤੇ ਨੌਜਵਾਨਾਂ ਨੂੰ ਭਟਕਾਉਣ ‘ਤੇ ਟਿਕੀ ਰਹੀ ਹੈ। ਅੱਜ ਤੱਕ ਮਾਨ ਨੇ ਸਿੱਖ ਕੌਮ ਜਾਂ ਪੰਜਾਬ ਲਈ ਕੋਈ ਢੰਗ ਦੀ ਪ੍ਰਾਪਤੀ ਨਹੀਂ ਕੀਤੀ। ਉਹ ਸਿਰਫ਼ ਵਿਦੇਸ਼ੀ ਧਰਤੀ ‘ਤੇ ਬੈਠੇ ਰੈਡੀਕਲ ਤੱਤਾਂ ਦੇ ਇਸ਼ਾਰਿਆਂ ‘ਤੇ ਬਿਆਨਬਾਜ਼ੀ ਕਰਕੇ ਆਪਣੀ ਸਿਆਸੀ ਰੋਟੀ ਸੇਕਦੇ ਰਹੇ ਹਨ। ਮਾਨ ‘ਤੇ ਪਹਿਲਾਂ ਵੀ ਕਥਿਤ ਵਿਦੇਸ਼ੀ ਏਜੰਸੀਆਂ ਨਾਲ ਮਿਲ ਕੇ ਕੰਮ ਕਰਨ ਅਤੇ ਵਿਦੇਸ਼ੀ ਫੰਡਾਂ ਦੇ ਆਸਰੇ ਸਿਆਸਤ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਵਿਦੇਸ਼ਾਂ ਵਿੱਚ ਬੈਠੇ ਕੁਝ ਰੈਡੀਕਲ ਤੱਤਾਂ ਤੋਂ ਫੰਡ ਲੈ ਕੇ ਆਪਣੀਆਂ ਨਿੱਜੀ ਅਤੇ ਸਿਆਸੀ ਲੋੜਾਂ ਪੂਰੀਆਂ ਕਰਨ ਵਾਲੇ ਲੋਕ ਪੰਜਾਬ ਦਾ ਭਲਾ ਕੀ ਕਰ ਸਕਦੇ ਹਨ?
ਪੰਜਾਬ ਦੇ ਲੋਕ ਹੁਣ ਅਜਿਹੀ ਜ਼ਹਿਰੀਲੀ ਅਤੇ ਵੰਡ ਪੈਦਾ ਕਰਨ ਵਾਲੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਤੱਤਾਂ ਨੂੰ ਮੂੰਹ-ਤੋੜ ਜਵਾਬ ਦੇਣਗੇ। ਪੰਜਾਬ ਨੂੰ ਅੱਜ ਵਿਕਾਸ, ਨੌਜਵਾਨਾਂ ਲਈ ਰੋਜ਼ਗਾਰ, ਨਸ਼ੇ ਅਤੇ ਗੈਂਗਸਟਰਵਾਦ ਤੋਂ ਮੁਕਤੀ ਦੀ ਲੋੜ ਹੈ, ਨਾ ਕਿ ਮਾਨ ਵਰਗੇ ਲੋਕਾਂ ਦੇ ਭੜਕਾਊ ਬਿਆਨਾਂ ਦੀ। ਮਾਨ ਦੇ ਬਿਆਨ ਉਸ ਦੀ ਸੋਚ, ਇਤਿਹਾਸ ਅਤੇ ਰਾਸ਼ਟਰ ਵਿਰੋਧੀ ਰੁਝਾਨ ਨੂੰ ਬੇਨਕਾਬ ਕਰਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਤੋਂ ਹੀ ਸਪਸ਼ਟ ਕੀਤਾ ਹੈ ਕਿ ਭਾਰਤ ਅੱਤਵਾਦ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। ਮੋਦੀ ਸਰਕਾਰ ਦੀ ਨੀਤੀ ਰਹੀ ਹੈ ਕਿ “ਦਹਿਸ਼ਤਗਰਦੀ ਅਤੇ ਉਸ ਦੇ ਪੋਸ਼ਕਾਂ ਨੂੰ ਉਹਨਾਂ ਦੀ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ।” ਮੋਦੀ ਸਰਕਾਰ ਦਾ ਰਵੱਈਆ ਸਪਸ਼ਟ ਹੈ ਕਿ ਜਦ ਤੱਕ ਪਾਕਿਸਤਾਨ ਆਪਣੀ ਧਰਤੀ ਤੋਂ ਚੱਲ ਰਹੀ ਦਹਿਸ਼ਤਗਰਦੀ ਦੀ ਫੈਕਟਰੀ ਬੰਦ ਨਹੀਂ ਕਰਦਾ, ਤਦ ਤੱਕ ਉਸ ਨੂੰ ਵਿਸ਼ਵ ਮੰਚਾਂ ‘ਤੇ ਬੇਨਕਾਬ ਕੀਤਾ ਜਾਂਦਾ ਰਹੇਗਾ।
ਜੇ ਪਾਕਿਸਤਾਨ ਅਤੇ ਉਸ ਦੇ ਫ਼ੌਜੀ ਆਕਾ ਜਨਰਲ ਅਸੀਮ ਮੁਨੀਰ ਭਾਰਤ ਦੀ ਅਖੰਡਤਾ ਨਾਲ ਖੇਡਣ ਦੀ ਕੋਸ਼ਿਸ਼ ਕਰਨਗੇ, ਤਾਂ ਨਵਾਂ ਭਾਰਤ ਘਰ ਵਿੱਚ ਘੁੱਸ ਕੇ ਵੀ ਜਵਾਬ ਦੇਣ ਦੀ ਸਮਰੱਥਾ ਅਤੇ ਇਰਾਦਾ ਰੱਖਦਾ ਹੈ। ਸਿਮਰਨਜੀਤ ਸਿੰਘ ਮਾਨ ਵੱਲੋਂ ਅਸੀਮ ਮੁਨੀਰ ਜਿਹੇ ਵਿਅਕਤੀ ਦੀ ਹਿਮਾਇਤ ਕਰਨਾ ਪੰਜਾਬ, ਭਾਰਤ ਅਤੇ ਸ਼ਹੀਦਾਂ ਦੀ ਕੁਰਬਾਨੀ ਨਾਲ ਵਿਸ਼ਵਾਸਘਾਤ ਹੈ।
(ਪ੍ਰੋ. ਸਰਚਾਂਦ ਸਿੰਘ ਖਿਆਲਾ)
ਬੁਲਾਰਾ, ਭਾਰਤੀ ਜਨਤਾ ਪਾਰਟੀ, ਪੰਜਾਬ
�� 9781355522
