ਪੁਲਿਸ ਵੱਲੋਂ ਗਿ੍ਰਫਤਾਰ ਵਿਅਕਤੀ ਨੇ ਅਦਾਲਤੀ ਪੇਸ਼ੀ ਦੌਰਾਨ ਕਿਹਾ ‘‘ਮੈਂ ਦੋਸ਼ੀ ਨਹੀਂ।’’

ਨਿਊਜ਼ੀਲੈਂਡ: ਗੁਰਜੀਤ ਸਿੰਘ ਕਤਲ ਕੇਸ
ਪੁਲਿਸ ਵੱਲੋਂ ਗਿ੍ਰਫਤਾਰ ਵਿਅਕਤੀ ਨੇ ਅਦਾਲਤੀ ਪੇਸ਼ੀ ਦੌਰਾਨ ਕਿਹਾ ‘‘ਮੈਂ ਦੋਸ਼ੀ ਨਹੀਂ।’’

-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 27 ਫਰਵਰੀ 2024:-ਬੀਤੀ 29 ਜਨਵਰੀ ਨੂੰ ਦੱਖਣੀ ਟਾਪੂ ਦੇ ਦੂਜੇ ਵੱਡੇ ਸ਼ਹਿਰ ਡੁਨੀਡਨ ਵਿਖੇ 27 ਸਾਲਾ ਪੰਜਾਬੀ ਨੌਜਵਾਨ ਸ. ਗੁਰਜੀਤ ਸਿੰਘ ਮੱਲ੍ਹੀ ਪਿੰਡ ਪਮਾਲ ਜ਼ਿਲ੍ਹਾ ਲੁਧਿਆਣਾ ਦਾ ਉਸਦੇ ਕਿਰਾਏ ਵਾਲੇ ਘਰ ਦੇ ਵਿਚ ਹੀ ਕਤਲ ਕਰ ਦਿੱਤਾ ਗਿਆ ਸੀ। ਉਸਦੀ ਮਿ੍ਰਤਕ ਦੇਹ ਘਰ ਦੇ ਬਾਹਰ ਪ੍ਰਾਪਤ ਹੋਈ ਸੀ, ਜੋ ਕਿ ਖੂਨ ਨਾਲ ਲੱਥਪਥ ਸੀ ਅਤੇ ਟੁੱਟਿਆ ਕੱਚ ਆਦਿ ਉਸ ਉਤੇ ਡਿੱਗਿਆ ਹੋਇ ਸੀ। ਇਸ ਤੋਂ ਕੁਝ ਦਿਨ ਬਾਅਦ 5 ਫਰਵਰੀ ਨੂੰ ਪੁਲਿਸ ਨੇ ਇਕ 33 ਸਾਲਾ ਵਿਅਕਤੀ ਨੂੰ ਇਸ ਜ਼ੁਰਮ ਦੇ ਦੋਸ਼ ਅਧੀਨ ਗਿ੍ਰਫਤਾਰ ਕੀਤਾ ਸੀ ਤੇ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਸੀ। ਅੱਜ ਉਸਦੀ ਵੀਡੀਓ ਲਿੰਕ ਰਾਹੀਂ ਡੁਨੀਡਨ ਹਾਈ ਕੋਰਟ ਦੇ ਵਿਚ ਪੇਸ਼ੀ ਹੋਈ ਜਿਸ ਦੇ ਵਿਚ ਉਸਨੇ ਕਿਹਾ ਕਿ ‘ਮੈਂ ਦੋਸ਼ੀ ਨਹੀਂ ਹਾਂ’’।
ਅਦਾਲਤ ਵੱਲੋਂ ਅਜੇ ਉਸਦਾ ਨਾਂਅ ਗੁਪਤ ਰੱਖਿਆ ਜਾ ਰਿਹਾ ਹੈ ਅਤੇ 30 ਅਪ੍ਰੈਲ ਤੱਕ ਹਿਰਾਸਤ ਦੇ ਵਿਚ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਜੇਕਰ ਇਹ ਦੋਸ਼ ਸਾਬਿਤ ਹੁੰਦਾ ਹੈ ਤਾਂ ਉਸਨੂੰ ਉਮਰ ਕੈਦ ਹੋ ਸਕਦੀ ਹੈ।
ਵਰਨਣਯੋਗ ਹੈ ਕਿ ਉਸਦੇ ਸਤਿਕਾਰਯੋਗ ਪਿਤਾ ਸ. ਨਿਸ਼ਾਨ ਸਿੰਘ (ਗ੍ਰੰਥੀ ਸਿੰਘ) ਇੰਡੀਆ ਤੋਂ ਇਥੇ ਆਏ ਸਨ ਅਤੇ 10 ਫਰਵਰੀ ਨੂੰ ਉਸਦਾ ਮਿ੍ਰਤਕ ਸਰੀਰ ਇੰਡੀਆ ਭੇਜਿਆ ਗਿਆ ਸੀ। ਪਰਿਵਾਰ ਦੀ ਮਾਲੀ ਮਦਦ ਲਈ ਗਿਵ ਏ ਲਿਟਲ ਵੈਬਸਾਈਟ ਉਤੇ ਹੁਣ ਤੱਕ 45 ਹਜ਼ਾਰ ਡਾਲਰ ਤੋਂ ਵੱਧ ਦੀ ਸਹਾਇਤਾ ਇਕਤਰ ਹੋ ਚੁੱਕੀ ਹੈ। ਇਹ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ ਅਤੇ 6 ਕੁ ਮਹੀਨੇ ਪਹਿਲਾਂ ਉਸਦਾ ਵਿਆਹ ਹੋਇਆ ਸੀ।

Exit mobile version