ਪੁੰਗਰਦੇ ਹਰਫ, ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਮਹਿਫ਼ਿਲ-ਏ-ਸੰਗੀਤ

ਸਿਆਟਲ (ਪੰਜਾਬੀ ਅਖ਼ਬਾਰ ਬਿਊਰੋ)ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਆਪਣੀ ਸੁਹਿਰਦਤਾ ਦਾ ਸਬੂਤ ਦਿੰਦਿਆਂ, ਪੁੰਗਰਦੇ ਹਰਫ (ਵਿਸ਼ਵ ਸਾਹਿਤਕ ਮੰਚ) ਦੇ ਪੰਬੰਧਕਾਂ ਬਲਿਹਾਰ ਸਿੰਘ ਲੇਹਲ ਚੇਅਰਮੈਨ,ਰਮਨਦੀਪ ਕੌਰ ਰੰਮੀ ਸੰਸਥਾਪਿਕਾ ਅਤੇ ਅਮਨਬੀਰ ਸਿੰਘ ਧਾਮੀ ਪ੍ਰਧਾਨ ਵੱਲੋਂ ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਦੇ ਸਹਿਯੋਗ ਨਾਲ ਇਕ ਮਹਿਿਫ਼ਲ-ਏ-ਸੰਗੀਤ ਪ੍ਰੋਗਰਾਮ ਨੂੰ ਇਸ ਮਹੀਨੇ ਜ਼ੂਮ ਰਾਹੀ ਅੰਜ਼ਾਮ ਦਿੱਤਾ ਗਿਆ।ਲਹਿੰਦੇ ਪੰਜਾਬ(ਪਾਕਿਸਤਾਨ) ਅਤੇ ਚੜ੍ਹਦੇ ਪੰਜਾਬ(ਭਾਰਤ),ਸਾਊਥ ਕੋਰੀਆ, ਅਮਰੀਕਾ,ਇਟਲੀ ਅਤੇ ਇੰਗਲੈਂਡ ਵੱਸਦੇ ਸਾਹਿਤਕਾਰਾਂ ਨੇ, ਸੁਰਾਂ ਨੂੰ ਵੱਖ ਵੱਖ ਰੰਗਾਂ *ਚ ਰੰਗ ਕੇ ਪੰਜਾਬੀ ਗਾਇਕੀ ਦੇ ਰੰਗ ਬਿਖੇਰੇ।ਗਰੁੱਪ ਦੀ ਸੰਸਥਾਪਿਕਾ ਰਮਨਦੀਪ ਕੌਰ ਰੰਮੀ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਸਾਊਥ ਕੋਰੀਆ ਵੱਸਦੇ ਇਸ ਗਰੁੱਪ ਦੇ ਪ੍ਰਧਾਨ ਅਮਨਬੀਰ ਸਿੰਘ ਧਾਮੀ ਨੇ ਸਪਤ-ਸੁਰਾਂ ਵਰਗੇ ਸ਼ਬਦਾਂ ਨਾਲ, ਪ੍ਰੋਗਰਾਮ ਦਾ ਆਗਾਜ਼ ਕੀਤਾ।

ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਕਈ ਭਾਸ਼ਾਵਾਂ ਦੇ ਵਿਦਵਾਨ ਅਤੇ ਲੇਖਕ ਡਾ.ਹਰਜੀਤ ਸਿੰਘ ਸੱਧਰ ਨੇ ਆਪਣੀ ਗ਼ਜ਼ਲ ‘ਆ ਉਏ ਵੈਰੀ ਵਰਗਿਆ ਮਿੱਤਰਾ,ਐਵੇਂ ਨਾ ਹੁਣ ਸਮਾਂ ਗਵਾਈਏ….ਉਹ ਜਿੱਥੇ ਫੱਟ ਲਾਉਂਦੇ ਨੇ ਆਪਾਂ ਉਥੇ ਮੱਲ੍ਹਮ ਲਾਈਏ,’ ਅਤੇ ਆਪਣੀ ਇਕ ਹੋਰ ਚਰਚਿਤ ਗ਼ਜ਼ਲ-‘ਭਾਵੇਂ ਖਾਸ ਹਾਂ, ਭਾਵੇਂ ਆਮ ਹਾਂ, ਆਪਣੇ ਸੁਭਾਅ ਦਾ ਮੈਂ ਗੁਲਾਮ ਹਾਂ,……ਦੁੱਖ ਸੁੱਖ ਭੋਗਦਾ ਮੈਂ ਆਵਾਮ ਹਾਂ।’ ਨੂੰ ਤਰੰਨਮ *ਚ ਗਾ ਕੇ ਅੱਜ ਦੀ ਮਹਿਫ਼ਿਲ ਦੀ ਸਾਰਥਿਕਤਾ ਸਿੱਧ ਕਰ ਦਿੱਤੀ।ਹਾਜ਼ਰ ਵਿਸ਼ੇਸ਼ ਮਹਿਮਾਨਾਂ ਅਤੇ ਅਹੁਦੇਦਾਰਾਂ-ਪ੍ਰਸਿੱਧ ਕੰਮਪੋਜ਼ਰ ਗਾਇਕ ਮੁਬਾਰਕ, ਲਹਿੰਦੇ ਪੰਜਾਬ ਤੋਂ ਇਸ ਮਹਿਿਫਲ ਦੀ ਸ਼ਾਨ ਬਣੀ ਨੌਸ਼ੀਨ ਨੌਸ਼ੀ (ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ), ਮਿਊਜ਼ਿਕ ਨੂੰ ਸਮਰਪਿਤ ਡਾ.ਅਮਨਪ੍ਰੀਤ ਕੌਰ ਕੰਗ, ਸੁਰੀਲੀ ਆਵਾਜ਼ ਦੀ ਮਾਲਕ ਸਤਿੰਦਰਜੀਤ ਕੌਰ,ਮਿਠਾਸ ਭਰੀ ਆਵਾਜ਼ ਅਤੇ ਨਵੀਆਂ ਰਾਹਾਂ ਦੇ ਨਕਸ਼ ਉਲੀਕਣ ਵਾਲੀ ਕਲਮ-ਕਵਿੱਤਰੀ ਹਰਮੀਤ ਕੌਰ ਮੀਤ,ਕਵੀਸ਼ਰੀ ਦੀਆਂ ਸੁਰਾਂ ਦੇ ਸੰਗ ਵਿਚਰਣ ਵਾਲਾ ਗਾਇਕ ਕਸ਼ਮੀਰ ਸਿੰਘ ਸਰਾਵਾਂ (ਮੁੱਖ ਮਹਿਮਾਨ), ਕੰਵਲਜੀਤ ਕੌਰ, ਜਸ ਇਮਰਾਨ, ਮੰਚ ਦੀ ਸਕੱਤਰ ਮਨਦੀਪ ਕੌਰ ਭਦੌੜ (ਤਰੰਨਮ ਵਿੱਚ ਗ਼ਜ਼ਲ),ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰੈਸ ਸਕੱਤਰ ਵਿਅੰਗਕਾਰ ਮੰਗਤ ਕੁਲਜਿੰਦ (ਕਾਵਿ-ਹਾਸ ਤੇ ਸੱਭਿਆਚਾਰਕ ਗੀਤ),ਸਫਲ ਪ੍ਰਬੰਧਕ ਦੇ ਤੌਰ ਤੇ ਜਾਣੀ ਜਾਂਦੀ ਕਵਿੱਤਰੀ ਰਮਨਦੀਪ ਕੌਰ ਰੰਮੀ (ਗੀਤ) ਆਦਿ ਨੇ ਗੀਤ ਪੇਸ਼ ਕਰਦਿਆਂ ਸੰਗੀਤ ਅਤੇ ਤਰੰਨਮ ਨਾਲ ਸਮਾਂ ਬੰਨ੍ਹੀ ਰੱਖਿਆ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਅਮਨਬੀਰ ਧਾਮੀ ਨੇ ਆਪਣੇ ਇਸ ਗੀਤ -ਇਹ ਖੇਡ ਸਾਰੀ ਤਕਦੀਰ ਦੀ ਏ, ਕਦੇ ਜਿੱਤ ਜਾਵੇ ਕਦੇ ਹਾਰ ਜਾਵੇ। ਡੁੱਬ ਜਾਂਦੀ ਕਦੇ ਕਿਨਾਰੇ ਤੇ, ਕਦੇ ਸੱਤ ਸਮੁੰਦਰੋਂ ਪਾਰ ਜਾਵੇ।’ ਨਾਲ ਜ਼ਿੰਦਗੀ ਦੇ ਸੱਚ ਦੀ ਤਸਵੀਰਕਸ਼ੀ ਕੀਤੀ। ਮੰਚ ਉਪਰ, ਆਪਣੀਆਂ ਸ਼ੁਭ ਇਛਾਵਾਂ ਦਾ ਸਿਰ ਤੇ ਹੱਥ ਰੱਖੀ ਰੱਖਣ ਵਾਲੇ ਇਟਲੀ ਵੱਸਦੇ ਸ਼ਬਦ-ਭੰਡਾਰੀ ਵਿਦਵਾਨ ਦਲਜਿੰਦਰ ਰੀਹਲ ਨੇ ਸਾਹਿਤਕ ਸੰਸਥਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਦਾ ਹੀ ‘ਵੱਡੇ ਸੰਨੇਹੇ’ ਸਮਾਜ ਨੂੰ ਦਿੰਦੀਆਂ ਹਨ ਅਤੇ ਅੱਜ ਵੀ ਆਪਣੀ ਕਲਾ ਨਾਲ ਬਹੁਤ ਵੱਡਾ ਸੰਨੇਹਾ ਦਿੱਤਾ ਗਿਆ ਹੈ।ਸਾਹਿਤਕਾਰਾਂ ਦੀ, ‘ਭੂਆ ਦੇ ਰਿਸ਼ਤੇ’ ਨਾਲ ਨਿਵਾਜ਼ੀ, ਯੂਕੇ *ਚ ਵੱਸਦੀ, ਬੀਬਾ ਕੁਲਵੰਤ ਕੌਰ ਢਿਲੋਂ ਦਾ ਬੋਲਿਆ ਇਕ ਇਕ ਸ਼ਬਦ ਸੱਭ ਦਾ ਹੌਸਲਾਂ ਵਧਾ ਰਿਹਾ ਸੀ ਉਥੇ ਉਸਤਾਦ ਸਾਦਿਕ ਫ਼ਿਜ਼ਾਂ ਸਾਹਿਬ ਦਾ ਸ਼ਾਬਦਿਕ-ਅਸ਼ੀਰਵਾਦ ਫ਼ਿਜ਼ਾ ਨੂੰ ਤਾਕਤ ਬਖ਼ਸ਼ ਰਿਹਾ ਸੀ। ਇਸ ਪ੍ਰੋਗਰਾਮ ਦਾ ਫੇਸਬੁੱਕ ਪੇਜ ਉੱਤੇ ਅਤੇ ਯੂ-ਟਿਊਬ ਉਤੇ ਸਿੱਧਾ ਪ੍ਰਸਾਰਣ ਵੀ ਚੱਲਿਆ ਜੋ ਕਿ ਹੁਣ ਵੀ ਵੇਖਿਆ ਜਾ ਸਕਦਾ ਹੈ।

Exit mobile version