ਪੂਰੇ ਪੰਜਾਬ ’ਚ ਨਿਊਜ਼ੀਲੈਂਡ ਦੇ ਸਿਰਫ ਅੱਠ ਲਾਇਸੰਸ ਧਾਰਕ ਇਮੀਗ੍ਰੇਸ਼ਨ ਸਲਾਹਕਾਰ-ਏਜੰਟ ਕਈ ਹਜ਼ਾਰ

ਆਪਣੇ ਆਲੇ ਪਾਸੇ Licensed 1dvisers ਕਿੰਨੇ ਕੁ ਹਨ?
ਪੂਰੇ ਪੰਜਾਬ ’ਚ ਨਿਊਜ਼ੀਲੈਂਡ ਦੇ ਸਿਰਫ ਅੱਠ ਲਾਇਸੰਸ ਧਾਰਕ ਇਮੀਗ੍ਰੇਸ਼ਨ ਸਲਾਹਕਾਰ-ਏਜੰਟ ਕਈ ਹਜ਼ਾਰ
-ਅੰਮ੍ਰਿਤਸਰ-5, ਨਵਾਂਸ਼ਹਿਰ-1, ਬਠਿੰਡਾ-1, ਜਲੰਧਰ-1, ਚੰਡੀਗੜ੍ਹ-10 ਅਤੇ ਬਾਕੀ ਭਾਰਤ ਵਿਚ 16 ਹੋਰ। ਰੱਦ ਹੋ ਚੁੱਕੇ ਹਨ 18 ਲਾਇਸੰਸ ਧਾਰਕ


ਔਕਲੈਂਡ(,ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਬਹੁਤਾ ਕੰਮ ਭਾਵੇਂ ਆਨ ਲਾਈਨ ਹੋਣ ਲੱਗ ਪਿਆ ਹੈ, ਪਰ ਫਿਰ ਵੀ ਏਜੰਟਾਂ ਦਾ ਕਾਰੋਬਾਰ ਨਾਲੋ-ਨਾਲ ਚੱਲ ਰਿਹਾ ਹੈ। ਪਾਰਦਰਸ਼ੀ ਢੰਗ ਨਾਲ ਅਤੇ ਮੁਹਾਰਿਤ ਹਾਸਿਲ ਲੋਕਾਂ ਦੀ ਮਦਦ ਨਾਲ ਇਮੀਗ੍ਰੇਸ਼ਨ ਦਾ ਬਹੁਤਾ ਕੰਮ ਹੋਵੇ, ਇਸਦੇ ਲਈ ਨਿਊਜ਼ੀਲੈਂਡ ਸਰਕਾਰ ਵੱਲੋ ‘ਇਮੀਗ੍ਰੇਸ਼ਨ ਅਡਵਾਈਜਰਜ਼ ਲਾਇਸੈਂਸਿੰਗ ਐਕਟ-2007’ ਦੇ ਅਧੀਨ ਇਹ ਨਿਯਮ ਲਾਗੂ ਕੀਤਾ ਗਿਆ ਸੀ ਕਿ ਇਮੀਗ੍ਰੇਸ਼ਨ ਸਬੰਧੀ ਸਲਾਹ ਦੇਣ ਦੇ ਲਈ ਲਾਇਸੰਸ ਧਾਰਕ (ਇਮੀਗ੍ਰੇਸ਼ਨ ਸਲਾਹਕਾਰ) ਨੂੰ ਹੀ ਹੱਕ ਦਿੱਤਾ ਜਾਵੇ। ਅਜਿਹੀ ਸਲਾਹ ਵਾਸਤੇ ਕੁਝ ਅਧਿਕਾਰੀਆਂ ਜਿਵੇਂ ਨਿਊਜ਼ੀਲੈਂਡ ਦੇ ਵਕੀਲ, ਮੌਜੂਦਾ ਸਾਂਸਦ (ਸ਼ਰਤਾਂ ਲਾਗੂ) ਅਤੇ ਕੁਝ ਹੋਰ ਸ਼੍ਰੇਣੀਆਂ ਦੇ ਅਧਿਕਾਰੀ ਹਨ, ਜਿਨ੍ਹਾਂ ਨੂੰ ਲਾਇਸੰਸ ਦੀ ਛੋਟ ਵੀ ਮਿਲੀ ਹੋਈ ਹੈ।

ਇਮੀਗ੍ਰੇਸ਼ਨ ਅਡਵਾਈਜ਼ਰਜ਼ ਅਥਾਰਟੀ ਦੀ ਵੈਬਸਾਈਟ www.iaa.govt.nz ਉਤੇ ਵੇਖਿਆ ਜਾਵੇ ਤਾਂ ਪੰਜਾਬ ਦੇ ਵਿਚ ਸਿਰਫ 8 ਕੁ ਲਾਇਸੰਸ ਧਾਰਕ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਦੇ ਵਿਚ 5, ਨਵਾਂਸ਼ਹਿਰ 1, ਬਠਿੰਡਾ 1 ਅਤੇ ਜਲੰਧਰ 1 ਹੈ। ਚੰਡੀਗੜ੍ਹ ਦੇ ਵਿਚ 10 ਲਾਇਸੰਸ ਧਾਰਿਕ  ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਭਾਰਤ ਦੇ ਵਿਚ 16 ਦੇ ਕਰੀਬ ਹੋਰ ਲਾਇਸੰਸ ਧਾਰਕ ਹਨ। ਹੁਣ ਤੱਕ ਭਾਰਤ ਦੇ ਵਿਚ 18 ਲਾਇਸੰਸ ਧਾਰਕਾਂ ਦਾ ਲਾਇਸੰਸ ਰੱਦ ਹੋਇਆ ਹੈ ਜਾਂ ਮਿਆਦ ਪੁੱਗੇ ਨਜ਼ਰ ਆ ਰਹੇ ਹਨ। ਇਸਦੇ ਉਲਟ ਜੇਕਰ ਪੰਜਾਬ ਵਿਚ ਨਿਗ੍ਹਾ ਮਾਰੀ ਜਾਏ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਏਜੰਟਾਂ ਦੇ ਨਿਊਜ਼ੀਲੈਂਡ ਭੇਜਣ ਲਈ ਲੱਗੇ ਬੋਰਡ ਮਿਲਦੇ ਹਨ ਜਿਹੜੇ ਵਿਜ਼ਟਰ ਵੀਜਾ ਅਤੇ ਵਰਕ ਪਰਮਿਟ ਅਪਲਾਈ ਕਰਨ ਦਾ ਵੀ ਪ੍ਰਚਾਰ ਕਰਦੇ ਨਜ਼ਰ ਆਉਂਦੇ ਹਨ। ਨਿਊਜ਼ੀਲੈਂਡ ਆਉਣ ਵਾਲੇ ਵਿਦਿਆਰਥੀਆਂ ਦੇ ਲਈ ਸਲਾਹ ਦੇਣ ਵਾਸਤੇ ਕਿਸੇ ਵੀਜ਼ਾ ਏਜੰਟ ਦਾ ਲਾਇਸੰਸ ਧਾਰਕ ਹੋਣਾ ਜ਼ਰੂਰੀ ਨਹੀਂ ਹੈ, ਪਰ ਵਿਜ਼ਟਰ, ਵਰਕ ਅਤੇ ਗਾਰਡੀਅਨ ਵੀਜ਼ਾ ਆਦਿ ਦੇ ਵਾਸਤੇ ਲਾਇਸੰਸ ਹੋਣਾ ਜ਼ਰੂਰੀ ਹੈ। ਨਿਊਜ਼ੀਲੈਂਡ ਆਉਣ ਦੀ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਜਾਣਕਾਰੀ ਵਾਸਤੇ ਹੈ ਕਿ ਵੈਬਸਾਈਟ https://iaa.ewr.govt.nz/PublicRegister/Search.aspx  ਉਤੇ ਜਾ ਕੇ ਲਾਇਸੰਸ ਧਾਰਕ ਸਲਾਹਕਾਰ (ਇਮੀਗ੍ਰੇਸ਼ਨ ਅਡਵਾਈਜ਼ਰ) ਨੂੰ ਆਪਣੇ ਖੇਤਰ ਵਿਚ ਲੱਭਿਆ ਜਾ ਸਕਦਾ ਹੈ ਅਤੇ ਉਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਵਿਦਿਆਰਥੀ ਵੀਜ਼ੇ ਦੀ ਸਲਾਹ ਲੈਣੀ ਹੈ ਤਾਂ ਲਾਇਸੰਸ ਰਹਿਤ ਵੀਜ਼ਾ ਏਜੰਟ ਵੀ ਮਦਦ ਕਰ ਸਕਦੇ ਹਨ। ਸੋ ਨਿਊਜ਼ੀਲੈਂਡ ਆਉਣ ਦੀ ਦਿਲਚਸਪੀ ਰੱਖਣ ਵਾਲੇ ਥੋੜ੍ਹਾ ਖਿਆਲ ਰੱਖਣ ਤਾਂ ਕਿ ਜਾਅਲੀ ਏਜੰਟਾਂ ਕੋਲੋਂ ਬਚ ਸਕਣ। ਅੱਜਕੱਲ੍ਹ ਕਈ ਏਜੰਟ ਪੰਜਾਬੀ ਲੋਕਾਂ ਨੂੰ ਫੀਜ਼ੀ ਜੋ ਕਿ ਵੀਜ਼ਾ ਰਹਿਤ ਦੇਸ਼ ਹੈ ਉਥੇ ਵੀ ਪੈਸੇ ਲੈ ਕੇ ਭੇਜ ਰਹੇ ਹਨ ਅਤੇ ਕਹਿ ਰਹੇ ਹਨ ਕਿ ਫੀਜ਼ੀ ਤੋਂ ਨਿਊਜ਼ੀਲੈਂਡ ਜਾਣਾ ਸੌਖਾ ਹੈ। ਕਈਆਂ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਫੀਜ਼ੀ ਤੋਂ ਟ੍ਰੇਨ ਫੜਕੇ ਨਿਊਜ਼ੀਲੈਂਡ ਜਾਇਆ ਜਾ ਸਕਦਾ ਹੈ। ਜਦ ਕਿ ਅਜਿਹਾ ਸੱਚ ਨਹੀਂ ਹੈ।

Exit mobile version