ਪੋਹ ਦਾ ਮਹੀਨਾ, ਸੀਤ ਚੱਲਣ ਹਵਾਵਾਂ ਵੇ–

ਪੋਹ ਦਾ ਮਹੀਨਾ

ਪੋਹ ਦਾ ਮਹੀਨਾ, ਸੀਤ ਚੱਲਣ ਹਵਾਵਾਂ ਵੇ।
ਆਜਾ ਮੇਰੇ ਮਾਹੀ ਸੁਣ, ਮੇਰੀਆਂ ਸਦਾਵਾਂ ਵੇ।

ਕਹਿੰਦੇ ਨੇ ਸਿਆਣੇ,  ਮਹੀਨਾ ਚੜ੍ਹੇ ਜਦੋਂ ਪੋਹ ਵੇ।
ਜ਼ਰੂਰੀ ਹੈ ਜਤਾਉਣਾ, ਇੱਕ ਦੂਜੇ ਨਾਲ ਮੋਹ ਵੇ।
ਮੁੜ ਬੂਹੇ ਆਜਾ, ਦਿਨੇ ਰਾਤੀਂ ਮੈਂ ਪੁਕਾਰਾਂ ਵੇ।
ਆਜਾ ਮੇਰੇ ਮਾਹੀ ਸੁਣ, ਮੇਰੀਆਂ ਸਦਾਵਾਂ ਵੇ।
ਪੋਹ ਦਾ ਮਹੀਨਾ ……..

ਚਾਵਾਂ ਨਾਲ ਮੈਂ ਤੇ, ਸੋਹਣੀ ਸੇਜ ਵੀ ਸਜਾਈ ਵੇ।
ਕੂਲ਼ੀ ਜਿਹੀ ਰੇਸ਼ਮੀ, ਨਗੰਦੀ ਏ ਰਜਾਈ ਵੇ।
ਠੰਢੀਆਂ ਇਹ ਰਾਤਾਂ ਕਿੰਝ, ਕੱਲੀ ਮੈਂ ਗੁਜ਼ਾਰਾਂ ਵੇ।
ਆਜਾ ਮੇਰੇ ਮਾਹੀ ਸੁਣ, ਮੇਰੀਆਂ ਸਦਾਵਾਂ ਵੇ।
ਪੋਹ ਦਾ ਮਹੀਨਾ ……..

ਗਰੀਆਂ ਛੁਹਾਰੇ, ਨਾਲੇ ਪਿੰਨੀਆਂ ਬਣਾਈਆਂ ਨੇ।
ਹਾਰ ਤੇ ਸ਼ਿੰਗਾਰ ਉੱਤੇ, ਰੀਝਾਂ ਖੂਬ ਲਾਈਆਂ ਨੇ।
ਉਮੀਦਾਂ ਦੀਆਂ ਕਿਤੇ, ਟੁੱਟ ਜਾਣ ਨਾ ਤਣਾਵਾਂ ਵੇ।
ਆਜਾ ਮੇਰੇ ਮਾਹੀ ਸੁਣ, ਮੇਰੀਆਂ ਸਦਾਵਾਂ ਵੇ।

ਪਿਆਰਾਂ ਵਾਲੀ ਰੁੱਤ, ਰੋਜ਼ ਰੋਜ਼ ਨਹੀਓਂ ਆਉਂਦੀ ਵੇ।
ਤਾਲੋਂ ਘੁੱਥੀ ਡੂੰਮਣੀ, ਬੇਤਾਲ ਗੀਤ ਗਾਉਂਦੀ ਵੇ।
ਸੁਰੀਲਾ ਜ਼ਿੰਦਗੀ ਦਾ ਗੀਤ, ਤੇਰੇ ਨਾਲ ਗਾਵਾਂ ਵੇ।
ਆਜਾ ਮੇਰੇ ਮਾਹੀ ਸੁਣ, ਮੇਰੀਆਂ ਸਦਾਵਾਂ ਵੇ।

ਪੋਹ ਦਾ ਮਹੀਨਾ, ਸੀਤ ਚੱਲਣ ਹਵਾਵਾਂ ਵੇ।
ਆਜਾ ਮੇਰੇ ਮਾਹੀ ਸੁਣ, ਮੇਰੀਆਂ ਸਦਾਵਾਂ ਵੇ।

ਰਵਿੰਦਰ ਸਿੰਘ ਕੁੰਦਰਾ

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

Exit mobile version