ਪੌਡਕਾਸਟ ਦੇ ਦੌਰ ਵਿੱਚ ਡਿੱਗ ਰਿਹਾ ਪੱਤਰਕਾਰੀ ਦਾ ਮਿਆਰ

ਪੌਡਕਾਸਟ ਕਲਚਰ: ਮਿਆਰੀ ਪੱਤਰਕਾਰੀ ਤੋਂ ਸਸਤੇ ਵਿਊਜ਼ ਦੀ ਦੌੜ ਤੱਕ ਦਾ ਸਫ਼ਰ

   ਅੱਜਕਲ੍ਹ ਸੋਸ਼ਲ ਮੀਡੀਆ ’ਤੇ ਪੌਡਕਾਸਟ ਯਾਨੀ ਵੀਡੀਓ ਇੰਟਰਵਿਊ ਦੇਖਣ ਦਾ ਬਹੁਤ ਰਿਵਾਜ ਚੱਲ ਪਿਆ ਹੈ। ਪਰ ਇਸ ਦੇ ਨਾਂ ’ਤੇ ਪੱਤਰਕਾਰੀ ਦਾ ਪੱਧਰ ਬਹੁਤ ਹੇਠਾਂ ਡਿੱਗ ਚੁੱਕਾ ਹੈ, ਜੋ ਕਿ ਇੱਕ ਚਿੰਤਾ ਦੀ ਗੱਲ ਹੈ। ਅੱਜ ਦੇ ਸਮੇਂ ਵਿੱਚ ਹਰ ਇਨਸਾਨ ਕੋਲ ਮੋਬਾਈਲ ਅਤੇ ਇੰਟਰਨੈੱਟ ਹੈ, ਜਿਸ ਕਰਕੇ ਕੋਈ ਵੀ ਆਪਣਾ ਚੈਨਲ ਖੋਲ੍ਹ ਕੇ ਬੈਠ ਜਾਂਦਾ ਹੈ। ਜਦੋਂ ਇਹ ਪੌਡਕਾਸਟ ਸ਼ੁਰੂ ਹੋਏ ਸਨ, ਉਦੋਂ ਲੱਗਦਾ ਸੀ ਕਿ ਇਨ੍ਹਾਂ ਰਾਹੀਂ ਲੋਕਾਂ ਨੂੰ ਚੰਗੀਆਂ ਅਤੇ ਸਿੱਖਣ ਵਾਲੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ। ਪਰ ਅੱਜਕਲ੍ਹ ਇਨ੍ਹਾਂ ਵਿੱਚ ਜ਼ਿਆਦਾਤਰ ਗੰਦ ਹੀ ਪਰੋਸਿਆ ਜਾ ਰਿਹਾ ਹੈ।

  ਜੇ ਅਸੀਂ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ, ਤਾਂ ਟੀਵੀ ਜਾਂ ਅਖ਼ਬਾਰਾਂ ਵਿੱਚ ਇੰਟਰਵਿਊ ਸਿਰਫ਼ ਉਨ੍ਹਾਂ ਲੋਕਾਂ ਦੀ ਹੁੰਦੀ ਸੀ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕੋਈ ਵੱਡੀ ਮਿਹਨਤ ਕੀਤੀ ਹੁੰਦੀ ਸੀ। ਖੇਡਾਂ, ਪੜ੍ਹਾਈ, ਕਲਾ, ਰਾਜਨੀਤੀ ਜਾਂ ਸਮਾਜ ਸੇਵਾ ਵਿੱਚ ਵੱਡਾ ਨਾਮ ਕਮਾਉਣ ਵਾਲੇ ਲੋਕਾਂ ਨੂੰ ਹੀ ਕੈਮਰੇ ਸਾਹਮਣੇ ਬਿਠਾਇਆ ਜਾਂਦਾ ਸੀ। ਇੰਟਰਵਿਊ ਲੈਣ ਵਾਲੇ ਪੱਤਰਕਾਰ ਵੀ ਬਹੁਤ ਪੜ੍ਹੇ-ਲਿਖੇ ਅਤੇ ਸੂਝਵਾਨ ਹੁੰਦੇ ਸਨ। ਉਹ ਬੜੀ ਇੱਜ਼ਤ ਨਾਲ ਅਜਿਹੇ ਸਵਾਲ ਪੁੱਛਦੇ ਸਨ, ਜਿਨ੍ਹਾਂ ਨੂੰ ਸੁਣ ਕੇ ਲੋਕਾਂ ਨੂੰ ਕੁਝ ਚੰਗਾ ਸਿੱਖਣ ਨੂੰ ਮਿਲੇ ਅਤੇ ਨੌਜਵਾਨਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲੇ।

  ਪਰ ਅੱਜ ਇਹ ਸਭ ਕੁਝ ਬਦਲ ਗਿਆ ਹੈ। ਅੱਜ ਦੇ ਪੌਡਕਾਸਟਾਂ ਵਿੱਚ ਕਿਸੇ ਨੂੰ ਵੀ ਚੁੱਕ ਕੇ ਬਿਠਾ ਲਿਆ ਜਾਂਦਾ ਹੈ। ਚਾਹੇ ਉਸ ਬੰਦੇ ਨੇ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਨਾ ਕੀਤਾ ਹੋਵੇ, ਬੱਸ ਉਹ ਸੋਸ਼ਲ ਮੀਡੀਆ ’ਤੇ ਕਿਸੇ ਪੁੱਠੀ-ਸਿੱਧੀ ਹਰਕਤ ਕਰਕੇ ਮਸ਼ਹੂਰ ਹੋਇਆ ਹੋਣਾ ਚਾਹੀਦਾ ਹੈ। ਅੱਜ ਦੇ ਬਹੁਤੇ ਇੰਟਰਵਿਊ ਲੈਣ ਵਾਲਿਆਂ ਦਾ ਮਕਸਦ ਸਿਰਫ਼ ਇਹ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੀ ਵੀਡੀਓ ’ਤੇ ਬਹੁਤ ਸਾਰੇ ਵਿਊਜ਼ ਆ ਜਾਣ, ਵੀਡੀਓ ਵਾਇਰਲ ਹੋ ਜਾਵੇ ਅਤੇ ਉਹ ਪੈਸਾ ਕਮਾ ਸਕਣ। ਇਸ ਚੱਕਰ ਵਿੱਚ ਉਹ ਪੱਤਰਕਾਰੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਹਨ।

  ਵੀਡੀਓ ਨੂੰ ਵਾਇਰਲ ਕਰਨ ਲਈ ਮਹਿਮਾਨ ਨੂੰ ਬਹੁਤ ਹੀ ਘਟੀਆ ਅਤੇ ਨਿੱਜੀ ਸਵਾਲ ਪੁੱਛੇ ਜਾਂਦੇ ਹਨ। ਜਾਣਬੁੱਝ ਕੇ ਅਜਿਹੀਆਂ ਗੱਲਾਂ ਛੇੜੀਆਂ ਜਾਂਦੀਆਂ ਹਨ ਜਿਸ ਨਾਲ ਕੋਈ ਝਗੜਾ ਖੜ੍ਹਾ ਹੋਵੇ, ਕੋਈ ਵਿਵਾਦ ਹੋਵੇ ਜਾਂ ਸਾਹਮਣੇ ਵਾਲਾ ਗੁੱਸੇ ਵਿੱਚ ਆ ਕੇ ਕੋਈ ਭੜਕਾਊ ਬਿਆਨ ਦੇ ਦੇਵੇ। ਫਿਰ ਉਸ ਲੜਾਈ ਵਾਲੇ ਹਿੱਸੇ ਦੀ ਛੋਟੀ ਜਿਹੀ ਕਲਿੱਪ ਬਣਾ ਕੇ ਇੰਸਟਾਗ੍ਰਾਮ ਜਾਂ ਯੂਟਿਊਬ ’ਤੇ ਪਾ ਦਿੱਤੀ ਜਾਂਦੀ ਹੈ। ਕਈ ਵਾਰ ਤਾਂ ਕਿਸੇ ਦੇ ਘਰ ਦੇ ਕਲੇਸ਼ ਜਾਂ ਦੁੱਖ ਨੂੰ ਵੀ ਸਿਰਫ਼ ਵਿਊਜ਼ ਵਧਾਉਣ ਲਈ ਤਮਾਸ਼ਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਜੋ ਕਿ ਬਹੁਤ ਸ਼ਰਮਨਾਕ ਹੈ।

ਇਸ ਸਭ ਦਾ ਸਾਡੇ ਨੌਜਵਾਨਾਂ ਅਤੇ ਬੱਚਿਆਂ ’ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਜਦੋਂ ਉਹ ਰੋਜ਼ਾਨਾ ਇੰਟਰਨੈੱਟ ’ਤੇ ਅਜਿਹੇ ਵਿਵਾਦਿਤ ਲੋਕਾਂ ਨੂੰ ਵੱਡੇ ਬਣਦੇ ਦੇਖਦੇ ਹਨ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਪੜ੍ਹਨ-ਲਿਖਣ ਜਾਂ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਹੈ। ਉਹ ਸੋਚਦੇ ਹਨ ਕਿ ਕੋਈ ਵੀ ਗਲਤ ਜਾਂ ਹਾਸੋਹੀਣੀ ਹਰਕਤ ਕਰਕੇ ਰਾਤੋ-ਰਾਤ ਮਸ਼ਹੂਰ ਹੋਣਾ ਹੀ ਅਸਲ ਕਾਮਯਾਬੀ ਹੈ। ਇਸ ਨਾਲ ਸਾਡੇ ਸਮਾਜ ਦੀ ਬੋਲਚਾਲ ਅਤੇ ਭਾਸ਼ਾ ਵੀ ਖ਼ਰਾਬ ਹੋ ਰਹੀ ਹੈ।

  ਇੰਟਰਨੈੱਟ ਨੇ ਸਭ ਨੂੰ ਬੋਲਣ ਦੀ ਆਜ਼ਾਦੀ ਦਿੱਤੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਵੀ ਦਿਖਾਉਣਾ ਸ਼ੁਰੂ ਕਰ ਦੇਈਏ। ਮੀਡੀਆ ਦੀ ਇੱਕ ਇੱਜ਼ਤ ਹੁੰਦੀ ਹੈ ਅਤੇ ਇਸ ਇੱਜ਼ਤ ਨੂੰ ਬਚਾ ਕੇ ਰੱਖਣਾ ਪੌਡਕਾਸਟ ਬਣਾਉਣ ਵਾਲਿਆਂ ਦੀ ਜ਼ਿੰਮੇਵਾਰੀ ਹੈ। ਇਸ ਗਿਰਾਵਟ ਨੂੰ ਰੋਕਣ ਲਈ ਜਿੱਥੇ ਵੀਡੀਓ ਬਣਾਉਣ ਵਾਲਿਆਂ ਨੂੰ ਆਪਣੀ ਸੋਚ ਬਦਲਣੀ ਪਵੇਗੀ, ਉੱਥੇ ਹੀ ਸਾਨੂੰ ਯਾਨੀ ਦਰਸ਼ਕਾਂ ਨੂੰ ਵੀ ਸੁਧਰਨਾ ਪਵੇਗਾ। ਸਾਨੂੰ ਅਜਿਹੀਆਂ ਫ਼ਾਲਤੂ ਅਤੇ ਲੜਾਈ-ਝਗੜੇ ਵਾਲੀਆਂ ਵੀਡੀਓਜ਼ ਦੇਖਣੀਆਂ ਅਤੇ ਸ਼ੇਅਰ ਕਰਨੀਆਂ ਬੰਦ ਕਰਨੀਆਂ ਪੈਣਗੀਆਂ। ਜਦੋਂ ਤੱਕ ਅਸੀਂ ਖੁਦ ਚੰਗੀਆਂ ਗੱਲਾਂ ਨੂੰ ਪਸੰਦ ਨਹੀਂ ਕਰਾਂਗੇ, ਉਦੋਂ ਤੱਕ ਇਹ ਗੰਦ ਇਵੇਂ ਹੀ ਵਿਕਦਾ ਰਹੇਗਾ।

ਪੌਡਕਾਸਟ ਦੇ ਦੌਰ ਵਿੱਚ ਡਿੱਗ ਰਿਹਾ ਪੱਤਰਕਾਰੀ ਦਾ ਮਿਆਰ ਪਿੰਡ ਗੁਰਨੇ ਖ਼ੁਰਦ (ਮਾਨਸਾ), ਸੰਪਰਕ 9876888177

Exit mobile version