ਪੰਜਾਬੀ ਸੰਗੀਤ ਦੇ ਮਹਾਨ ਸੰਗੀਤਕਾਰ ਚਰਨਜੀਤ ਆਹੂਜਾ ਨੂੰ ਆਖਰੀ ਪ੍ਰਣਾਮ

29 ਨਵੰਬਰ 1953 ਨੂੰ ਰੋਹਤਕ ਵਿਚ ਦੇਸ਼ ਵੰਡ ਵੇਲੇ ਲਹਿੰਦੇ ਪੰਜਾਬ ਦੇ ਝੰਗ ਇਲਾਕੇ ਤੋਂ ਪ੍ਰਵਾਸ ਕਰਕੇ ਆਏ ਪੰਜਾਬੀ ਪ੍ਰੀਵਾਰ ਵਿੱਚ ਚਰਨਜੀਤ ਦਾ ਜਨਮ ਹੋਇਆ। ਉਸਨੇ ਮੁੱਢਲੀ ਵਿੱਦਿਆ ਰੋਹਤਕ ਤੋਂ ਹੀ ਲਈ ਸਕੂਲ ਟਾਈਮ ਤੋਂ ਉਸਨੂੰ ਸੰਗੀਤ ਦਾ ਸ਼ੌਕ ਪੈ ਗਿਆ

ਦਿੱਲੀ ਆਕੇ ਉਹ ਉਸਤਾਦ ਜਸਵੰਤ ਜੌਲੀ ਦਾ ਸ਼ਾਗਿਰਦ ਬਣ ਗਿਆ। ਕਲਾਸੀਕਲ ਸੰਗੀਤ ਦੀ ਸਿੱਖਿਆ ਉਸਨੇ ਉਸਤਾਦ ਕੁੰਦਨ ਲਾਲ ਭੂਤ ਤੋਂ ਲਈ। ਜਸਵੰਤ ਜੌਲੀ ਜੀ ਦੇ ਲੜ ਲੱਗਕੇ ਉਸਨੇ ਮੈਂਡੋਲੀਅਨ ਵਜਾਉਣ ਵਿੱਚ ਮੁਹਾਰਤ ਹਾਸਲ ਕਰ ਲਈ

ਉਸ ਵੇਲੇ ਦਿੱਲੀ ਵਿੱਚ ਹਿਜ਼ ਮਾਸਟਰਜ਼ ਵਾਇਸ ਕੰਪਨੀ ਦਾ ਸਟੂਡੀਓ ਹੁੰਦਾ ਸੀ ਜਿੱਥੇ ਪੰਜਾਬੀ ਕਲਾਕਾਰਾਂ ਦੀਆਂ ਰਿਕਾਰਡਿੰਗਾਂ ਹੁੰਦੀਆਂ। ਉਸ ਵੇਲੇ ਦੇ ਮਸ਼ਹੂਰ ਸੰਗੀਤਕਾਰ ਪੰਨਾ ਲਾਲ ਕੱਥਕ ਜੀ, ਪੰਡਿਤ ਸ਼ਿਵ ਰਾਮ ਜੀ ,ਵੇਦ ਸੇਠੀ ਜੀ, ਸਤੀਸ਼ ਭਾਟੀਆ ਜੀ, ਕੇਸਰ ਸਿੰਘ ਨਰੂਲਾ ਜੀ ਨਾਲ ਚਰਨਜੀਤ ਆਹੂਜਾ ਬਤੋਰ ਮੈਂਡੋਲੀਅਨ ਪਲੇਅਰ ਕੰਮ ਕਰਦਾ ਰਿਹਾ। ਬਤੌਰ ਸਾਜ਼ਿੰਦੇ ਤੋਂ ਇਲਾਵਾ ਉਸਦਾ ਧਿਆਨ ਸੰਗੀਤ ਨਿਰਦੇਸ਼ਕ ਦੀਆਂ ਗਤੀਵਿਧੀਆਂ ਵੱਲ ਵਧੇਰੇ ਹੁੰਦਾ। ਨਿਰਦੇਸ਼ਕ ਨੇ ਕਿਹੜੇ ਸਾਜ਼ਿੰਦੇ ਨੂੰ ਕੀ ਕਿਹਾ, ਕਿੱਥੇ ਕੀ ਵਜਾਉਣਾ ਹੈ। ਕਈ ਵਾਰ ਸਾਥੀ ਸਾਜ਼ਿੰਦੇ ਭੁਲ ਜਾਂਦੇ ਤਾਂ ਚਰਨਜੀਤ ਉਹਨਾਂ ਨੂੰ ਯਾਦ ਕਰਵਾਉਂਦਾ। ਪੰਨਾ ਲਾਲ ਜੀ ਨੇ ਤਾਂ ਉਸਦਾ ਨਾਮ ਟੇਪ ਰਿਕਾਰਡ ਹੀ ਰੱਖ ਦਿੱਤਾ ਸੀ। ਉਸਦਾ ਕਾਰਣ ਇਹ ਸੀ ਕਿ ਉਹ ਕਦੇ ਵੀ ਭੁੱਲਦਾ ਨਹੀਂ ਸੀ।

ਬਤੌਰ ਸਾਜ਼ਿੰਦਾ ਕੰਮ ਕਰਦੇ ਕਰਦੇ 1977 ਦਾ ਉਹ ਸਮਾਂ ਆਇਆ ਜਦੋਂ ਪੰਜਾਬੀ ਦੇ ਸਿਰਮੌਰ ਗਾਇਕ ਹਰਚਰਨ ਗਰੇਵਾਲ ਅਤੇ ਬੀਬੀ ਸੁਰਿੰਦਰ ਕੌਰ ਦੇ ਛੇ ਗੀਤ ਐਚ ਐਮ ਵੀ ਕੰਪਨੀ ਵਿੱਚ ਪਹਿਲੀ ਵਾਰ ਬਤੌਰ ਸੰਗੀਤ ਨਿਰਦੇਸ਼ਕ ਚਰਨਜੀਤ ਆਹੂਜਾ ਨਾਲ ਰਿਕਾਰਡ ਹੋਏ

ਉਸਤੋਂ ਅਗਲੇ ਵਰ੍ਹੇ 1978 ਵਿੱਚ ਸੁਰਿੰਦਰ ਛਿੰਦੇ ਦਾ ਪਹਿਲਾ ਐਲ ਪੀ ਰਿਕਾਰਡ “ਨੈਣਾਂ ਦੇ ਵਣਜਾਰੇ” ਚਰਨਜੀਤ ਆਹੂਜਾ ਦੀ ਸੰਗੀਤ ਨਿਰਦੇਸ਼ਨਾ ਹੇਠ ਹੋਇਆ। 1979 ਵਿੱਚ ਕੁਲਦੀਪ ਮਾਣਕ ਦਾ ਐਲ ਪੀ ਰਿਕਾਰਡ “ਸਾਹਿਬਾਂ ਦਾ ਤਰਲਾ” ਆਹੂਜਾ ਸਾਹਿਬ ਦੀ ਹੀ ਨਿਰਦੇਸ਼ਨਾ ਸੀ ਇਸ ਵਿੱਚ ਤੇਰੀ ਆਂ ਮੈਂ ਤੇਰੀ ਰਾਂਝਾ ਕਮਾਲ ਦਾ ਸੰਗੀਤ ਐ। 1980 ਵਿੱਚ ਮਾਣਕ ਦਾ ਹੀ ਮਾਂ ਹੁੰਦੀ ਏ ਮਾਂ

1981 ਵਿੱਚ ਸੁਰਿੰਦਰ ਛਿੰਦੇ ਦੀ ਆਵਾਜ਼ ਉਪੇਰਾ “ਜਿਉਣਾ ਮੌੜ” ਸੰਗੀਤ ਦੀ ਸ਼ਾਹਕਾਰ ਮਿਸਾਲ ਹੈ।

1981 ਵਿੱਚ ਅਮਰ ਸਿੰਘ ਚਮਕੀਲਾ ਤੇ ਸੁਰਿੰਦਰ ਸੋਨੀਆ ਦਾ ਪਹਿਲਾ ਈ ਪੀ ਰਿਕਾਰਡ “ਟਕੂਏ ਤੇ ਟਕੂਆ ਖੜਕੇ” ਵੀ ਚਰਨਜੀਤ ਆਹੂਜਾ ਦੀ ਹੀ ਖੋਜ ਹੈ। 1981 ਵਿੱਚ ਹੀ ਮੁਹੰਮਦ ਸਦੀਕ ਰਣਜੀਤ ਕੌਰ ਦਾ ਪਹਿਲਾ ਅਖਾੜਾ ਵੀ ਆਹੂਜਾ ਸਾਹਿਬ ਦਾ ਹੀ ਹੈ। 1982 ਵਿੱਚ ਗੁਰਦਾਸ ਮਾਨ ਦਾ “ਮਸਤੀ” ਵੀ ਚਰਨਜੀਤ ਆਹੂਜਾ ਦਾ ਹੀ ਹੈ। ਸਥਾਪਿਤ ਕਲਾਕਾਰਾਂ ਵਿੱਚੋਂ ਲਾਲ ਚੰਦ ਯਮਲਾ ਜੱਟ ਦਾ ਇਕੋ ਇਕ ਐਲ ਪੀ ਰਿਕਾਰਡ “ਖੇਡਣ ਦੇ ਦਿਨ ਚਾਰ” ਅਤੇ ਸੁਰਿੰਦਰ ਕੌਰ ਦਾ ਵੇਹੜੇ ਸੱਜਣਾਂ ਦੇ ਵੀ ਆਹੂਜਾ ਸਾਹਿਬ ਦਾ ਹੀ ਸੰਗੀਤ ਹੈ

ਹੰਸ ਰਾਜ ਦਾ ਪਹਿਲਾ ਰਿਕਾਰਡ “ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ” ਸਰਦੂਲ ਸਿਕੰਦਰ ਦਾ “ਰੋਡਵੇਜ਼ ਦੀ ਲਾਰੀ” ਹਰਭਜਨ ਮਾਨ ਦਾ ਗਿੱਧਾ ਪੰਜਾਬਣਾਂ ਦਾ ਅਤੇ ਚਿੱਠੀਏ ਨੀ ਚਿੱਠੀਏ, ਕਮਲਜੀਤ ਨੀਰੂ ਦਾ ਭਿੱਜਗੀ ਕੁੜਤੀ ਲਾਲ, ਨਿਰਮਲਜੀਤ ਨਿੰਮਾਂ ਦੀ “ਛਾਵਾਂ ਠੰਢੀਆਂ ਬੋਹੜ ਦੀਆਂ” ਦੁਰਗਾ ਰੰਗੀਲਾ ਦੀ ਨੂਰ ਤੇਰੇ ਨੈਣਾਂ ਦਾ, ਵੀ ਆਹੂਜਾ ਸਾਹਿਬ ਦਾ ਹੀ ਸੰਗੀਤ ਹੈ

ਜੇਕਰ ਚਰਨਜੀਤ ਆਹੂਜਾ ਸਾਹਿਬ ਦੇ ਸੰਗੀਤਕ ਸਫ਼ਰ ਤੇ ਗੱਲ ਕਰਨੀ ਹੋਵੇ ਤਾਂ ਪੂਰੀ ਕਿਤਾਬ ਲਿਖੀ ਜਾ ਸਕਦੀ ਐ। ਚਰਨਜੀਤ ਆਹੂਜਾ ਇਕ ਸਾਜ਼ਿੰਦਾ, ਸੰਗੀਤਕਾਰ, ਗਾਇਕ, ਚੋਣਕਾਰ, ਸਾਊਂਡ ਇੰਜੀਨੀਅਰ ਤੇ ਦੂਰਦਰਸ਼ੀ ਪ੍ਰੋਡਿਊਸਰ ਸੀ । ਅੱਜ ਕੰਪਿਊਟਰ ਦਾ ਯੁੱਗ ਹੈ ਪਰ ਜਦੋਂ ਸਪੂਲਾਂ ਤੇ ਰਿਕਾਰਡਿੰਗ ਹੁੰਦੀ ਸੀ ਉਸ ਵੇਲੇ ਮੈਂ ਆਹੂਜਾ ਸਾਹਿਬ ਨੂੰ ਐਡਿਟਿੰਗ ਕਰਦੇ ਦੇਖਿਆ ਕਿਆ ਤਕਨੀਕ ਸੀ ਉਹਨਾਂ ਦੀ ਐਡਿਟਿੰਗ ਦੀ,

ਪੰਜਾਬੀ ਸੰਗੀਤ ਵਿੱਚ ਅੱਜ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਜੋ ਸਦੀਆਂ ਤੱਕ ਪੂਰਿਆ ਨਹੀਂ ਜਾ ਸਕਦਾ। ਪਰ ਅਮਰ ਗੀਤਾਂ ਦੀਆਂ ਅਮਰ ਧੁਨਾਂ ਦਾ ਸੰਗੀਤਕਾਰ ਚਰਨਜੀਤ ਅਹੂਜਾ ਹਮੇਸ਼ਾ ਅਮਰ ਰਹੇਗਾ

ਅਸ਼ੋਕ ਬਾਂਸਲ ਮਾਨਸਾ

ਅਸ਼ੋਕ ਬਾਂਸਲ ਮਾਨਸਾ

Exit mobile version