
ਪਿਛਲੇ 18 ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ। ਇੱਕ ਅਨੁਮਾਨ ਅਨੁਸਾਰ ਹੁਣ ਤੱਕ 3000 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਿਆ ਹੈ। ਮੀਂਹ ਕੁਦਰਤੀ ਆਫ਼ਤ ਹੈ ਜਾਂ ਇਸ ਵਿੱਚ ਮਨੁੱਖੀ ਗਤੀਵਿਧੀਆਂ ਦਾ ਰੋਲ ਹੈ ਇਸ ਸਵਾਲ ਨੂੰ ਵੱਖਰੇ ਪਰਿਖੇਪ ਵਿੱਚ ਸਮਝਣਾ ਪਵੇਗਾ। ਪਹਾੜਾਂ ਤੇ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਡੈਮਾਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਤੇ ਫਲੱਡ ਗੇਟ ਖੋਲ੍ਹਣੇ ਪਏ ਤੇ ਕੁੱਝ ਕੀਮਤੀ ਮਨੁੱਖੀ ਜ਼ਿੰਦਗੀਆਂ ਹੜ੍ਹ ਦੀ ਭੇਂਟ ਚੜ੍ਹ ਗਈਆਂ। ਸੈਂਕੜੇ ਬੇਜ਼ੁਬਾਨ ਪਸ਼ੂਆਂ ਨੂੰ ਪਾਣੀ ਦਾ ਤੇਜ਼ ਵਹਾਅ ਆਪਣੇ ਨਾਲ ਵਹਾਅ ਕਿ ਲੈ ਗਿਆ। ਪੁੱਤਾਂ ਵਾਂਗੂ ਪਾਲੀਆਂ ਲਹਿ ਲਹਿਰਾਉਂਦੀਆਂ ਫ਼ਸਲਾਂ ਪਾਣੀ ਦੇ ਕਹਿਰ ਦਾ ਸ਼ਿਕਾਰ ਹੋ ਗਈਆਂ। ਕਰੋੜਾਂ ਰੁਪਏ ਦੀ ਮਸ਼ੀਨਰੀ ਹੜ੍ਹਾਂ ਦੇ ਪਾਣੀ ਨਾਲ਼ ਨੁਕਸਾਨੀ ਗਈ। ਪੰਜਾਬ ਵਿੱਚ ਹੜ੍ਹਾਂ ਕਾਰਨ ਇਹ ਨੁਕਸਾਨ ਪਹਿਲੀ ਵਾਰ ਨਹੀਂ ਹੋਇਆ ਸੰਨ 1988 ਵਿੱਚ ਬਹੁਤ ਜ਼ਿਆਦਾ ਨੁਕਸਾਨ ਪੰਜਾਬ ਦੇ ਜੰਮਿਆਂ ਨੇ ਝੱਲਿਆ। ਸੰਨ 2023 ਵਿੱਚ ਵੀ ਹੜ੍ਹਾਂ ਨੇ ਕੁੱਝ ਜ਼ਿਲਿਆਂ ਵਿੱਚ ਤਬਾਹੀ ਮਚਾਈ ਸੀ। ਪਿਛਲੇ ਹੜ੍ਹਾਂ ਦੌਰਾਨ ਵੀ ਲੋਕਾਂ ਨੇ ਲੋਕਾਂ ਦੀ ਬਾਂਹ ਫੜਦਿਆਂ ਹਰ ਤਰ੍ਹਾਂ ਦੀ ਮਦਦ ਪਹੁੰਚਾਈ ਜਿਸਦਾ ਕਿ ਮੈਂ ਚਸ਼ਮਦੀਦ ਗਵਾਹ ਹਾਂ ਕਿਉਂਕਿ ਅਸੀਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕਲੱਬ ਬਣਾ ਕੇ ਅਸਲੀ ਪੀੜਤਾਂ ਤੱਕ ਰਾਸ਼ਨ, ਹਰਾ ਚਾਰਾ ਤੇ ਮੱਕੀ ਦੇ ਅਚਾਰ ਦੀਆਂ ਗੰਢਾਂ ਭੇਜੀਆਂ। ਇਸੇ ਤਰ੍ਹਾਂ ਲੋਕਾਂ ਨੇ ਦੂਰੋਂ ਦੂਰੋਂ ਜਾਕੇ ਪੀੜਤਾਂ ਨੂੰ ਰਾਹਤ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਹੁਣ ਫਿਰ ਆਮ ਲੋਕ ਹੜ੍ਹ ਮਾਰੇ ਇਲਾਕਿਆਂ ਦੇ ਧੁਰ ਅੰਦਰ ਜਾ ਕੇ ਜਾਨ ਜੋਖ਼ਮ ਵਿੱਚ ਪਾ ਕੇ ਲੋਕਾਂ ਲਈ ਢੋਈ ਬਣ ਰਹੇ ਹਨ। ਪਿੰਡਾਂ ਵਿੱਚੋਂ ਤਿਆਰ ਕੀਤੇ ਲੰਗਰ, ਸੁੱਕੇ ਰਾਸ਼ਨ, ਹਰਾ ਚਾਰਾ ਤੇ ਹੋਰ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਲੋਕਾਂ ਨਾਲ ਜੁੜੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ, ਸਿੱਖ ਜਥੇਬੰਦੀਆਂ,ਧਾਰਮਿਕ ਸੰਸਥਾਵਾਂ, ਮਲੇਰਕੋਟਲੇ ਜਾਂ ਮੁਸਲਿਮ ਭਾਈਚਾਰਾ, ਖ਼ਾਲਸਾ ਏਡ ਨਾਲ ਸਬੰਧਤ ਲੋਕ ਤੇ ਪਿੰਡਾਂ ਦੀਆਂ ਕਲੱਬਾਂ ਆਦਿ ਗਰਾਊਂਡ ,ਤੇ ਕੰਮ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਲਾਕਾਰਾਂ ਵਿੱਚੋਂ ਜੱਸੀ ਹੋਣੀ ਗਰਾਊਂਡ ਜੀਰੋ ਤੇ ਕੰਮ ਕਰ ਰਹੇ ਤੇ ਹੋਰ ਕਲਾਕਾਰਾਂ ਐਕਟਰਾਂ ਨੂੰ ਪੰਜਾਬ ਦੇ ਡੁੱਬਦੇ ਲੋਕਾਂ ਦਾ ਸਹਾਰਾ ਬਣਨ ਲਈ ਪ੍ਰੇਰਿਤ ਪ੍ਰੇਰਿਤ ਕਰ ਰਹੇ ਹਨ। ਦਲਜੀਤ ਵੱਲੋਂ 10 ਪਿੰਡਾਂ ਨੂੰ ਗੋਦ ਲੈਣ ਦੇ ਐਲਾਨ ਹੋਏ ਹਨ। ਬਦੇਸੀਂ ਵਸਦੇ ਭਾਈਚਾਰੇ ਵੱਲੋਂ ਆਪਣੇ ਆਪਣੇ ਪਿੰਡਾਂ ਨਾਲ ਜੁੜਕੇ ਹਿੱਸਾ ਪਾਇਆ ਜਾ ਰਿਹਾ ਹੈ। ਹਰਿਆਣਾ, ਰਾਜਸਥਾਨ ਅਤੇ ਯੂਪੀ ਦੇ ਕਿਸਾਨ ਬਿਪਤਾ ਦੀ ਇਸ ਘੜੀ ਵਿੱਚ ਪੰਜਾਬ ਦੇ ਲੋਕਾਂ ਦੀ ਬਾਂਹ ਫੜ੍ਹਨ ਲਈ ਅੱਗੇ ਆਏ ਹਨ। ਲਹਿੰਦੇ ਪੰਜਾਬ (ਪਾਕਿਸਤਾਨ) ਦੇ ਲੋਕਾਂ ਵੱਲੋਂ ਵੀ ਹੜ੍ਹ ਰੋਕਣ ਲਈ ਯੋਗਦਾਨ ਪਾਉਣਾ ਬੇਹੱਦ ਸਕੂਨ ਦੇਣ ਵਾਲੀ ਗੱਲ ਹੈ।ਹੁਣ ਗੱਲ ਆਉਂਦੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੇ ਸਾਜ਼ਿਸ਼ੀ ਚੁੱਪਚਾਪ ਬੈਠੀ ਮੋਦੀ ਦੀ ਕੇਂਦਰੀ ਹਕੂਮਤ ਦੀ। ਆਓ ਪਹਿਲਾਂ ਪੰਜਾਬ ਸਰਕਾਰ ਨੂੰ ਹੀ ਲੈ ਲਈਏ ਕਿ ਕਿਵੇਂ ਪਿਛਲੇ ਹੜ੍ਹਾਂ ਵੇਲੇ ਭੇਡ, ਬੱਕਰੀ ਤੋਂ ਲੈਕੇ ਮੁਰਗੀਆਂ ਤੱਕ ਦੇ ਮੁਆਵਜ਼ੇ ਦੇਣ ਦੇ ਐਲਾਨ ਕਰਨ ਵਾਲੇ ਮੁੱਖ ਮੰਤਰੀ ਹੁਣ ਲੋਕਾਂ ਵਿੱਚ ਜਾ ਪਾਉਣਗੇ। ਕੀ ਪਿਛਲੇ ਮੁਆਵਜ਼ਿਆਂ ਦੀ ਝਾਕ ਵਿੱਚ ਬੈਠੇ ਲੋਕ ਜੋ ਕਿ ਊਠ ਦੇ ਬੁੱਲ੍ਹ ਨੂੰ ਡਿੱਗਣ ਨੂੰ ਤਰਸਦੇ ਰਹੇ ਹਨ ਭਗਵੰਤ ਮਾਨ ਦੇ ਗਲ ਨਹੀਂ ਪੈਣਗੇ। ਜਾਂ ਇੰਝ ਕਹਿ ਲਵੋ ਕਿ ਹੁਣ ਭਗਵੰਤ ਮਾਨ ਵੱਲੋਂ ਕੀਤੇ ਐਲਾਨਾਂ ਤੇ ਵਾਅਦਿਆਂ ਤੇ ਵਿਸ਼ਵਾਸ ਕਰ ਪਾਉਣਗੇ। ਕੀ ਪੰਜਾਬ ਸਰਕਾਰ ਦੀ ਅਫ਼ਸਰਸ਼ਾਹੀ ਲਾਬੀ ਨੇ ਤੇ ਹੋਰ ਜੁੰਮੇਵਾਰ ਮਹਿਕਮਿਆਂ ਨੂੰ ਹੜ੍ਹ ਆਉਣ ਤੋਂ ਪਹਿਲਾਂ ਤਿਆਰ ਬਰ ਤਿਆਰ ਕੀਤਾ ਗਿਆ ਸੀ। ਕੀ ਸਮੇਂ ਸਿਰ ਡਰੇਨਾਂ, ਸੂਇਆਂ ਤੇ ਨਹਿਰਾਂ ਦੀ ਸਫ਼ਾਈ ਕਰਨ ਦੀ ਜ਼ਰੂਰਤ ਨਹੀਂ ਸੀ।
ਕੀ ਇਸ ਵਾਰ ਮੀਂਹ ਕਿੰਨੇ ਪੈਣੇ ਹਨ ਵਾਤਾਵਰਣ ਵਿਗਿਆਨੀਆਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਦਮ ਚੁੱਕਣ ਦਾ ਤਰੱਦਦ ਕੀਤਾ ਗਿਆ। ਕੀ ਡੈਮਾਂ ਦਾ ਪਾਣੀ ਥੋੜ੍ਹਾ ਥੋੜਾ ਕਰਕੇ ਛੱਡਣ ਦੀਆਂ ਹਦਾਇਤਾਂ ਨਹੀਂ ਦਿੱਤੀਆਂ ਜਾ ਸਕਦੀਆਂ ਸਨ ਤਾਂ ਕਿ ਇਕੱਠੇ ਛੱਡੇ ਪਾਣੀ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਪਾਣੀ ਦੇਣ ਲਈ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਤੋਂ ਪਹਿਲਾਂ ਪਾਣੀ ਨਾ ਛੱਡ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਨਹੀਂ ਕੀਤਾ ਜਾ ਰਿਹਾ ।ਚੱਲੋ ਹੁਣ ਕੇਂਦਰ ਸਰਕਾਰ ਵੱਲ ਰੁਖ਼ ਕਰਦੇ ਹਾਂ ਕੀ ਸਾਡੇ ਪੰਜਾਬ ਦੇ ਲੋਕਾਂ ਨੂੰ ਮੋਦੀ ਸਰਕਾਰ ਦੇਸ਼ ਦੇ ਬਾਸ਼ਿੰਦੇ ਨਹੀਂ ਮੰਨਦੀ। ਕੀ ਚੀਨ ਦਾ ਦੌਰਾ ਪੰਜਾਬ ਦੇ ਹੜ੍ਹ ਵਿੱਚ ਡੁੱਬ ਰਹੇ ਬਹਾਦਰ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਤੋਂ ਜ਼ਿਆਦਾ ਜ਼ਰੂਰੀ ਸੀ। ਕੀ ਪ੍ਰਧਾਨ ਮੰਤਰੀ ਤੋਂ ਬਾਅਦ ਅਮਿੱਤ ਸ਼ਾਹ ਵਰਗੇ ਕੇਂਦਰੀ ਵਜ਼ੀਰਾਂ ਦੀ ਕੋਈ ਡਿਊਟੀ ਨਹੀਂ ਬਣਦੀ। ਡੀਜਾਸਟਰ ਮਨੇਜਮੈਂਟ ਫੰਡ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਵਾਲੇ ਪੰਜਾਬੀਆਂ ਲਈ ਫੰਡ ਮਹੱਈਆ ਕਰਵਾਉਣ ਦਾ ਫ਼ੈਸਲਾ ਕਿਉਂ ਨਹੀਂ ਕੀਤਾ ਜਾ ਰਿਹਾ। ਕਿਉਂ ਪੰਜਾਬ ਦੇ ਅੰਨਦਾਤੇ ਅਤੇ ਪਿੰਡਾਂ ਵਿੱਚ ਰਹਿੰਦੇ ਹੋਰ ਕਿੱਤਿਆਂ ਨਾਲ ਜੁੜੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਵਤੀਰਾ ਅਪਣਾਇਆ ਜਾ ਰਿਹਾ ਹੈ। ਬਾਕੀ ਵਿਰੋਧੀ ਪਾਰਟੀਆਂ ਦੇ ਵੱਡੇ ਅਮੀਰਾਂ ਵੱਲੋਂ ਆਪਣੇ ਵੋਟਰਾਂ ਦੀ ਬਾਂਹ ਫੜਨ ਲਈ ਅੱਗੇ ਆਉਣ ਤੋਂ ਕਿਉਂ ਟਾਲਾ ਵੱਟਿਆ ਜਾ ਰਿਹਾ ਹੈ। ਦੇਸ਼ ਦੇ ਉਹ ਸਾਰੇ ਅਮੀਰ ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਦੀ ਕਿਰਤ ਅਤੇ ਖ਼ੂਨ ਪਸੀਨੇ ਨਾਲ ਕੀਤੀ ਕਮਾਈ ਨੂੰ ਲੁੱਟ ਕੇ ਹੀ ਕਰੋੜਪਤੀ, ਅਰਬਪਤੀ ਬਣੇ ਹਨ ਕਿਉਂ ਨਹੀਂ ਆਪਣੀ ਤਿਜੌਰੀਆਂ ਵਿੱਚੋਂ ਦਸਵੇਂ ਦਸੌਂਦ ਕੱਢ ਰਹੇ। ਜਿੱਥੇ ਮੈਂ ਪੰਜਾਬ ਦੇ ਉਹ ਸਾਰੇ ਲੋਕ ਜਿਹੜੇ ਸੰਕਟ ਦੇ ਸਮੇਂ ਲੋਕਾਂ ਦੇ ਨਾਲ ਖੜ੍ਹੇ ਹਨ, ਉਨ੍ਹਾਂ ਨੂੰ ਸਲਾਮ ਕਹਿੰਦਾ ਹਾਂ। ਡੈਮੋਕਰੈਟਿਕ ਟੀਚਰ ਫਰੰਟ ਦੇ ਜੁਝਾਰੂ ਆਗੂਆਂ ਵੱਲੋਂ ਇਕੱਤਰ ਕੀਤੇ ਲੱਖਾਂ ਰੁਪਏ ਨਾਲ ਲੋੜਵੰਦ ਪਰਿਵਾਰਾਂ ਦੇ ਜ਼ਖ਼ਮਾਂ ਤੇ ਮੱਲਮ ਲਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਸ਼ਾਬਾਸ਼ ਕਹਿੰਦੇ ਹੋਏ ਲੋਕਾਂ ਦੇ ਅਸਲੀ ਪੁੱਤਾਂ ਦਾ ਸਨਮਾਨ ਦਿੰਦਾ ਹਾਂ। ਅਖੀਰ ਵਿੱਚ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੇ ਡੁੱਲੇ ਬੇਰ ਚੁਗਣੇ ਚਾਹੁੰਦੇ ਹੋ ਤਾਂ ਸਾਰੀ ਸਟੇਟ ਮਸ਼ੀਨਰੀ ਨੂੰ ਗਰਾਂਊਂਡ ਜੀਰੋ ਤੇ ਭੇਜ ਕੇ ਨੁਕਸਾਨ ਦਾ ਸਹੀ ਸਰਵੇ ਕਰਵਾ ਕੇ ਲੋੜਵੰਦਾਂ ਦੀ ਬਾਂਹ ਫੜੋ। ਹੜ੍ਹਾਂ ਦੇ ਸੰਕਟ ਦਾ ਫ਼ਾਇਦਾ ਲੈਣ ਵਾਲਿਆਂ ਤੇ ਬਾਜ਼ ਅੱਖ ਰੱਖਕੇ ਅਸਲੀ ਹੱਕਦਾਰਾਂ ਤੱਕ ਪਹੁੰਚਣ ਦੇ ਯਤਨ ਕਰਨੇ ਪੈਣਗੇ। ਹੜ੍ਹਾਂ ਤੋਂ ਬਾਅਦ ਕਿਸਾਨਾਂ ਨੂੰ ਬੀਜ, ਖਾਦਾਂ ਤੇ ਬਿਜਾਈ ਲਈ ਡੀਜ਼ਲ ਤੇ ਹੋਰ ਹੋਰ ਮਸ਼ੀਨਰੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਨੂੰ ਵਿਸ਼ੇਸ਼ ਸਿਹਤ ਪ੍ਰਬੰਧਾਂ ਰਾਹੀਂ ਕੰਟਰੋਲ ਕਰਨਾ ਯਕੀਨੀ ਬਣਾਇਆ ਜਾਵੇ। ਜਦੋਂ ਸਰਕਾਰਾਂ ਅੱਗੇ ਨਾ ਆਉਂਦੀਆਂ ਤਾਂ ਲੋਕ ਹੀ ਲੋਕਾਂ ਦੀ ਬਾਂਹ ਫੜਨਗੇ ਅਤੇ ਸੇਵਾ ਅਤੇ ਸੰਘਰਸ਼ ਦਾ ਇਹ ਨਾਹਰਾ ਬੁਲੰਦ ਕਰਨਗੇ ਕਿ
“ਸਰਕਾਰਾਂ ਤੋਂ ਨਾਂ ਝਾਕ ਕਰੋ,
ਆਪਣੀ ਰਾਖ਼ੀ ਆਪ ਕਰੋ”
“ਆਪਣੀ ਰਾਖ਼ੀ ਦੀ ਕਰੋ ਤਿਆਰੀ,
ਇਕੱਠੀ ਕਰਕੇ ਖ਼ਲਕਤ ਸਾਰੀ”।
ਵਲੋਂ:-ਗੁਰਮੀਤ ਸੁਖਪੁਰ
+91 9465915763
