ਫਿਰ ਮੈਂ ਵੀ RSS ਵਿਚ ਸ਼ਾਮਲ ਹੋ ਜਾਵਾਂ ?

ਤਰਲੋਚਨ ਸਿੰਘ ਦੁਪਾਲ ਪੁਰ
001-408-905-5517
 tsdupalpuri@yahoo.com

ਨਾਮਵਰ ਵਕੀਲ ਸਰਦਾਰ ਫੂਲਕਾ ਜੀ ਨੇ ਭਾਜਪਾ ‘ਚ ਸ਼ਾਮਲ ਹੋਣ ਦਾ ਕਾਰਨ ਇਹ ਦੱਸਿਆ ਐ ਕਿ ਨਵੰਬਰ ਚੁਰਾਸੀ ਦੇ ਦਿੱਲੀ ਸਿੱਖ ਕਤਲੇਆਮ ਵੇਲੇ ਸਾਡੇ ਪ੍ਰਵਾਰ ਨੂੰ ਇਕ ‘ਭਾਜਪਈ ਅੰਟੀ’ ਨੇ ਬਚਾਇਆ ਸੀ !ਉਨ੍ਹਾਂ ਦਾ ਇਹ ਕਾਰਨ ਪੜ੍ਹ ਕੇ ਮੈਨੂੰ ਵੀ ‘ਆਪਣਾ ਕਾਰਨ’ ਚੇਤੇ ਆ ਗਿਆ!
   ਵੈਸੇ ਮੇਰੇ ਵਾਲ਼ਾ ਕਾਰਨ ਮੇਰੀ ‘ਗਰਭਵਤੀ ਪਤਨੀ’ ਨਾਲ ਸਬੰਧਿਤ ਨਹੀਂ ਕਿਉਂ ਕਿ ਮੈਂ ਉਦੋਂ ਹਾਲੇ ਕੁਆਰਾ ਹੀ ਸਾਂ!
      ਸੰਨ 71-72 ਵੇਲੇ ਮੈਂ ਅੱਠਵੀਂ ਜਮਾਤ ਵਿੱਚ ਪੜ੍ਹਦਾ ਸਾਂ।ਸਾਇੰਸ ਪੜ੍ਹਾਉਣ ਵਾਲ਼ਾ ਟੀਚਰ ਦੂਸਰਾ ਜਲਾਦ ਹੀ ਸਮਝੋ।ਉਸਨੇ ਸਾਰੀ ਜਮਾਤ ਨੂੰ ‘ਸਵੈਨ’ ਨਾਮ ਵਾਲ਼ੀ ਸਫਲਤਾ ਦੀ ਕੁੰਜੀ(ਗਾਈਡ)ਲਿਆਉਣ ਨੂੰ ਕਿਹਾ।ਗਰੀਬੀ ਕਾਰਨ ਘਰ ਦੇ ਸਾਨੂੰ ਕਿਤਾਬਾਂ ਹੀ ਮਸਾਂ ਲੈ ਕੇ ਦਿੰਦੇ ਸਨ,ਕੁੰਜੀਆਂ ਕਿੱਥੋਂ ਲਿਆਉਣੀਆਂ ਸਨ।
       ਮਾਸਟਰ ਜੀ ਜਦ ਉਹ ਦੂਜੇ ਤੀਜੇ ਸਵੈਨ ਦਿਖਾਉਣ ਲਈ ਕਹਿੰਦੇ ਤਾਂ ਬਿਨਾਂ ਕਿਤਾਬ ਤੋਂ ਆਏ ਹੋਰ ਕਈ ਨਿਆਣਿਆਂ ਵਾਂਗ ਮੈਂ ਵੀ ਕੋਈ ਨਾ ਕੋਈ ਬਹਾਨਾ ਲਾ ਦਿੰਦਾ।ਫਿਰ ਬਹਾਨੇ ਮੁੱਕਣ ‘ਤੇ ਸਾਡੇ ਕੁੱਟ ਪੈਣੀ ਸ਼ੁਰੂ ਹੋ ਗਈ।
      ਸਾਡੀ ਕਲਾਸ ਵਿਚ ਜਾਡਲੇ ਵਾਲ਼ਾ ਬੀਰਬਲ ਪੰਡਤਾਂ ਦਾ ਮੁੰਡਾ ਵੀ ਪੜ੍ਹਦਾ ਸੀ ਜੋ ਰੱਜ ਕੇ ਇਲਤੀ ਸ਼ਰਾਰਤੀ ਹੁੰਦਾ ਸੀ।ਸਾਇੰਸ ਦੇ ਪੀਰੀਅਡ ਵਿਚ ਉਹ ਰੋਜ ਮੇਰੇ ਕੁੱਟ ਪੈਂਦੀ ਦੇਖਦਾ ਰਿਹਾ।
      ਇਕ ਦਿਨ ਉਹਦੇ ਮਨ ਵਿਚ ਪਤਾ ਨੀ ਕੀ ਆਇਆ।ਮੈਥੋਂ ਤੀਜੇ ਥਾਂਹ ਮੋਹਰੇ ਬੈਠੇ ਨੇ ਉਸਨੇ ਮਾਸਟਰ ਤੋਂ ਅੱਖ ਜਿਹੀ ਬਚਾ ਕੇ ਆਪਣੀ ‘ਸਵੈਨ’ ਮੇਰੇ ਝੋਲ਼ੇ ਉੱਤੇ ਸੁੱਟ ਦਿੱਤੀ ਨਾਲ਼ੇ ਅੱਖ ਦੱਬ ਕੇ ਮੈਨੂੰ ‘ਇਸ਼ਾਰਾ’ ਕਰ ਦਿੱਤਾ।
     ਸਾਇੰਸ ਮਾਸਟਰ ਜੀ ਗਾਈਡਾਂ ਚੈੱਕ ਕਰਦੇ ਜਦ ਬੀਰਬਲ ਕੋਲ ਆਏ ਤਾਂ ਉਸਨੇ ਝੂਠ ਬੋਲ ਦਿੱਤਾ ਕਿ ਮੇਰੇ ਕੋਲ ਗਾਈਡ ਹੈ ਨੀ ਜੀ।ਲਉ ਜੀ,ਖੌਰੇ ਮਾਸਟਰ ਜੀ ਨੂੰ ਉਹਦੀਆਂ ਵੰਨ ਸੁਵੰਨੀਆਂ ਸ਼ਰਾਰਤਾਂ ਤੋਂ ਵੀ ਗੁੱਸਾ ਚੜ੍ਹਿਆ ਹੋਇਆ ਸੀ,ਦੂਜਾ ਗਾਈਡ ਦਾ ਨਾ ਹੋਣਾ ! ਮਾਸਟਰ ਜੀ ਲੱਗ ਪਏ ਉਹਨੂੰ ਫੈਂਟਾ ਚਾੜ੍ਹਨ !!ਉਸਨੂੰ ਆਮ ਨਾਲ਼ੋਂ ਵੀ ਕਿਤੇ ਵੱਧ ਕੁੱਟ ਖਾਂਦਾ ਦੇਖ ਕੇ ਮੈਂ ਡਰਿਆ ਸਹਿਮਿਆਂ ਪਿੱਛੇ ਬੈਠਾ ਸੋਚ ਰਿਹਾ ਸਾਂ ਕਿ ਦਰਦ ਨਾਲ ਕਰਾਹੁੰਦਾ ਬੀਰਬਲ ਕਿਤੇ ਆਪਣੀ ਕਿਤਾਬ ਹੀ ਨਾ ਚੁੱਕ ਲਵੇ ਮੇਰੇ ਮੋਹਰਿਉਂ !ਪਰ ਓਦਣ ਉਸਨੇ ਆਪ ਤਾਂ ਛਿੱਲ ਲੁਹਾ ਲਈ ਪਰ ਮੈਨੂੰ ਕੁੱਟ ਤੋਂ ਬਚਾ ਲਿਆ।
      ਵੱਡਾ ਹੋਇਆ ਉਹ RSS ਦਾ ਸਰਗਰਮ ਮੈਂਬਰ ਬਣ ਗਿਆ ਤੇ ਬਕਾਇਦਾ ‘ਸ਼ਾਖਾ’ ਵਿਚ ਸ਼ਾਮਲ ਹੁੰਦਾ ਸੀ।ਗਾਹੇ-ਬਗਾਹੇ ਜਦ ਉਹ ਮਿਲ਼ ਪੈਂਦਾ ਤਾਂ ਉਹਦੀ ਕੁੱਟ ਖਾਣ ਵਾਲ਼ੀ ਗੱਲ ਚੇਤੇ ਕਰਕੇ ਅਸੀਂ ਦੋਵੇਂ ਹੱਸਦੇ ਰਹਿੰਦੇ!

Screenshot

ਹੁਣ ਫੂਲਕਾ ਸਾਹਬ ਵਾਂਗ ‘ਪੁਰਾਣੀ ਨੇਕੀ’ ਦਾ ‘ਰਿਣ ਚੁਕਾੳਣ’ ਲਈ ਮੈਨੂੰ ਵੀ RSS ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਐ ਦੋਸਤੋ ?
ਤਰਲੋਚਨ ਸਿੰਘ ਦੁਪਾਲ ਪੁਰ
001-408-905-5517
tsdupalpuri@yahoo.com

Exit mobile version