ਫੁਕਰਪੁਣੇ ਵਿੱਚ ਐਵੇਂ ਪੂਛ ਤੁੜਾ ਬੈਠੇ–

ਉੱਤਰੀ ਅਮਰੀਕਾ ਦੇ ਮੂਲ ਵਾਸੀਆਂ ਦੀ ਇੱਕ ਲੋਕ-ਕਥਾ

ਫੁਕਰਪੁਣੇ ਵਿੱਚ ਐਵੇਂ ਪੂਛ ਤੁੜਾ ਬੈਠੇ

ਗੁਰਮੇਲ ਬੀਰੋਕੇ

ਬਹੁਤ ਸਮਾਂ ਪਹਿਲਾਂ ਧਰਤੀ ‘ਤੇ ਸਿਰਫ਼ ਜੀਵ ਹੀ ਸਨ। ਪੰਛੀ, ਰਿੱਛ, ਹਿਰਨ, ਚੂਹੇ ਤੇ ਹੋਰ ਜੀਵ ਜੰਤ ਸਨ, ਪਰ ਇਨਸਾਨ ਨਹੀਂ ਸਨ। ਓਸ ਪੁਰਾਣੇ ਸਮੇਂ ਵਿੱਚ, ਸਾਰੇ ਜਾਨਵਰ ਇੱਕੋ ਭਾਸ਼ਾ ਬੋਲਦੇ ਸਨ। ਅੱਜ ਕੱਲ੍ਹ ਦੇ ਕੁਝ ਲੋਕਾਂ ਵਾਂਗ, ਉਹ ਇੱਕ ਦੂਜੇ ਨਾਲ ਚਾਲਾਂ ਵੀ ਖੇਡਦੇ ਸਨ। ਕਈ ਇੱਲਤੀ ਇੱਕ ਦੂਜੇ ਨੂੰ ਮਖੌਲ ਵੀ ਕਰਦੇ ਸਨ ਤੇ ਕਈ ਪੁੱਠੇ ਵੀ ਸਨ, ਇੱਕ ਦੂਜੇ ਨੂੰ ਤੰਗ ਵੀ ਕਰਦੇ ਸਨ। ਕਈ ਚੰਗੇ ਵੀ ਸਨ, ਉਹ ਇੱਕ ਦੂਜੇ ਦੀ ਮਦਦ ਵੀ ਕਰਦੇ ਸਨ।
ਇੱਕ ਵਾਰ ਸਰਦੀਆਂ ਦੀ ਗੱਲ ਹੈ ਜਦੋਂ ਝੀਲਾਂ ਜੰਮੀਆਂ ਪਈਆਂ ਸਨ, ਇੱਕ ਰਿੱਛ ਸਰਦੀਆਂ ਦੀ ਨੀਂਦ ਤੋਂ ਪਹਿਲਾਂ ਹੀ ਜਾਗ ਕੇ ਝੀਲ ਦੇ ਕਿਨਾਰੇ ਤੁਰ ਰਿਹਾ ਸੀ। ਤੁਰੇ ਜਾਂਦੇ ਓਸ ਦੀ ਨਿਗਾਹ ਇੱਕ ਓਟਰ ‘ਤੇ ਪਈ। ਓਟਰ ਜੰਮੀ ਝੀਲ ਵਿੱਚੋਂ ਮੱਛੀਆਂ ਫੜ ਰਿਹਾ ਸੀ। ਉਸ ਨੇ ਬਰਫ਼ ਵਿੱਚ ਇੱਕ ਗਲ਼ੀ ਕਰੀ ਹੋਈ ਸੀ।
ਉਸ ਨੇ ਹਾਲੇ ਦੋ ਕੁ ਮੱਛੀਆਂ ਹੀ ਫੜੀਆਂ ਸਨ।
“ਤੁਹਾਡੇ ਵਾਸਤੇ ਤਾਂ ਇਹ ਮੱਛੀਆਂ ਬਹੁਤ ਹੋਣਗੀਆਂ ਕਿ ਨਹੀਂ?” ਰਿੱਛ ਨੇ ਪੁੱਛਦਿਆਂ, “ਤੁਸੀਂ ਇਹ ਫੜੀਆਂ ਕਿਵੇਂ ਨੇ?”
ਉਹਨਾਂ ਸਮਿਆਂ ਵਿੱਚ ਰਿੱਛ ਦੇ ਬਹੁਤ ਲੰਮੀ ਪੂਛ ਹੁੰਦੀ ਸੀ। ਰਿੱਛ ਹੋਰਾਂ ਜਾਨਵਰਾਂ ਨੂੰ ਓਸ ਪੂਛ ਨਾਲ ਤੰਗ ਬਹੁਤ ਕਰਦਾ ਸੀ ਤੇ ਆਪਣੀ ਲੰਮੀ ਪੂਛ ਦੀਆਂ ਫੁਕਰੀਆਂ ਬਹੁਤ ਮਾਰਦਾ ਹੁੰਦਾ।

ਓਟਰ ਨੇ ਸੱਚ ਦੱਸਣ ਦੀ ਬਜਾਏ ਕਿ ਉਹ ਪਾਣੀ ਵਿੱਚ ਕਿਵੇਂ ਮੋਰੀ ਕਰਕੇ ਟੁੱਭੀ ਮਾਰਕੇ ਮੱਛੀ ਫੜਦਾ ਹੈ, ਉਸ ਨੇ ਕੋਈ ਪੁਰਾਣਾ ਬਦਲਾ ਲੈਣ ਦੀ ਸੋਚੀ ਤੇ ਰਿੱਛ ਦਾ ਫੁਕਰਪੁਣਾ ਕੱਢਣ ਦਾ ਫੈਸਲਾ ਕੀਤਾ।
“ਮੇਰਾ ਮੱਛੀ ਫੜਨ ਦਾ ਤਰੀਕਾ ਇਹ ਹੈ ਕਿ ਮੈਂ ਬਰਫ਼ ਦੇ ਟੋਏ ਵਿੱਚ ਆਪਣੀ ਪੂਛ ਪਾ ਕੇ ਫੜਦਾ ਹਾਂ,” ਓਟਰ ਨੇ ਰਿੱਛ ਨੂੰ ਸਮਝਾਇਆ, “ਮੈਂ ਇਸਨੂੰ ਕਦੇ-ਕਦੇ ਘੁੰਮਾਉਂਦਾ ਹਾਂ ਤਾਂ ਜੋ ਮੱਛੀ ਇਸਨੂੰ ਦੇਖ ਸਕੇ। ਜਦੋਂ ਕੋਈ ਮੱਛੀ ਮੇਰੀ ਪੂਛ ਨੂੰ ਕੱਟਦੀ ਹੈ, ਤਾਂ ਮੈਂ ਇਸਨੂੰ ਜਲਦੀ ਨਾਲ ਪਾਣੀ ਤੋਂ ਉੱਪਰ ਖਿੱਚਦਾ ਹਾਂ ਤੇ ਫੜ ਲੈਂਦਾ ਹਾਂ। ਬਹੁਤ ਸੌਖਾ ਕੰਮ ਹੈ।”
ਰਿੱਛ ਕਹਿਣ ਲੱਗਾ, “ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕੀ ਮੈਂ ਤੁਹਾਡੇ ਮੱਛੀ ਫੜਨ ਵਾਲੇ ਟੋਏ ਦੀ ਵਰਤੋਂ ਲਵਾਂ ਪਲੀਜ?”
ਰਿੱਛ ਦੀ ਪਿੱਠ ਪਿੱਛੇ ਹੱਸਦੇ ਹੋਏ ਓਟਰ ਨੇ ਕਿਹਾ, “ਮੇਰੇ ਕੋਲ ਕਾਫ਼ੀ ਮੱਛੀਆਂ ਹਨ। ਜਿੰਨਾ ਚਿਰ ਤੁਸੀਂ ਚਾਹੋ ਮੇਰੇ ਮੱਛੀ ਫੜਨ ਵਾਲੇ ਟੋਏ ਦੀ ਵਰਤੋਂ ਕਰ ਸਕਦੇ ਹੋ।”
ਫਿਰ ਓਟਰ ਆਪਣੀਆਂ ਮੱਛੀਆਂ ਚੁੱਕ ਕੇ ਬੁੱਲ੍ਹੀਆਂ ਵਿੱਚ ਮੁਸਕਰਾਉਂਦਾ ਹੋਇਆ ਚਲਾ ਗਿਆ।
ਰਿੱਛ ਨੇ ਸੋਚਿਆ ਕਿ ਓਟਰ ਤਾਂ ਲੰਡਾ ਜਿਹਾ ਹੈ ਮੇਰੀ ਪੂਛ ਤਾਂ ਕਿੰਨੀ ਹੀ ਲੰਮੀ ਹੈ, ਮੈਂ ਤਾਂ ਮੱਛੀਆਂ ਦਾ ਢੇਰ ਲਾ ਦੇਵਾਂਗਾ…। ਫੇਰ ਅਰਾਮ ਨਾਲ ਪੂਛ ਬਰਫ਼ ਦੇ ਟੋਏ ਵਿੱਚ ਧੱਕ ਕੇ ਬੈਠ ਗਿਆ। ਮੱਛੀ ਦੀ ਉਡੀਕ ਕਰਨ ਲੱਗਾ। ਉਹ ਲਗਾਤਾਰ ਇੰਤਜ਼ਾਰ ਕਰਦਾ ਰਿਹਾ ਤੇ ਕਦੇ-ਕਦੇ ਉਹ ਆਪਣੀ ਪੂਛ ਨੂੰ ਏਧਰ ਓਧਰ ਹਿਲਾਉਂਦਾ ਵੀ ਰਿਹਾ ਤਾਂ ਜੋ ਪੂਛ ਮੱਛੀ ਨੂੰ ਦਿਖ ਜਾਵੇ।
ਰਿੱਛ ਸੂਰਜ ਡੁੱਬਣ ਤੱਕ ਇੰਤਜ਼ਾਰ ਕਰਦਾ ਰਿਹਾ, ਪਰ ਇੱਕ ਵੀ ਮੱਛੀ ਨੇ ਉਸਦੀ ਪੂਛ ਨੂੰ ਨਾ ਕੱਟਿਆ ਤੇ ਅੱਕ ਕੇ ਅਖੀਰ ਨੂੰ ਉਸਨੇ ਘਰ ਜਾਣ ਦਾ ਫੈਸਲਾ ਕੀਤਾ। ਜਦੋਂ ਉਸ ਨੇ ਖੜ੍ਹੇ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਿੱਲ ਨਾ ਸਕਿਆ ਕਿਉਂਕਿ ਪੂਛ ਬਰਫ਼ ਵਿੱਚ ਜੰਮ ਗਈ ਸੀ। ਉਸਨੇ ਪੂਛ ਨੂੰ ਪਹਿਲਾਂ ਹੌਲੀ ਹੌਲੀ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਨਿਕਲੀ।
…ਤੇ ਕੁਛ ਨਾ ਬਣਦਾ ਦੇਖ ਕੁਛ ਸਮੇਂ ਬਾਅਦ ਉਸ ਨੇ ਆਪਣੀ ਸਾਰੀ ਤਾਕਤ ਵਰਤ ਲਈ ਤੇ ਕੜਾਕ ਕਰਕੇ ਆਵਾਜ ਆਈ। ਉਹ ਇੱਕ ਪਾਸੇ ਡਿੱਗ ਪਿਆ। ਜਦ ਖੜ੍ਹਾ ਹੋਕੇ ਉਸ ਨੇ ਪਿੱਛੇ ਨੂੰ ਦੇਖਿਆ ਤਾਂ ਅੱਧੀ ਤੋਂ ਵੱਧ ਪੂਛ ਤਾਂ ਬਰਫ਼ ਦੇ ਵਿੱਚ ਹੀ ਟੁੱਟ ਚੁੱਕੀ ਸੀ।
…ਤੇ ਫੇਰ ਉਹ ਪਛਤਾਉਂਦਾ ਹੋਇਆ, ਅੱਧ ਲੰਡਾ ਹੋਕੇ ਘਰ ਨੂੰ ਤੁਰ ਪਿਆ।
ਉਹ ਦਿਨ ਗਿਆ ਤੇ ਇਹ ਦਿਨ ਆਏ, ਰਿੱਛ ਉਸੇ ਨਿੱਕੀ ਜਿਹੀ ਪੂਛ ਨਾਲ ਹੀ ਕੰਮ ਸਾਰਦਾ ਆ ਰਿਹਾ ਹੈ ਤੇ ਫੁਕਰੀ ਮਾਰਨੀ ਵੀ ਛੱਡ ਚੁੱਕਾ ਹੈ।


ਪੇਸ਼ਕਸ਼ਃ ਗੁਰਮੇਲ ਬੀਰੋਕੇ

Exit mobile version