ਫੂਕ ਫੂਕ ਪੱਬ ਧਰਦੀ ਹੈ

ਜਦ ਫੂਕ ਨਿਕਲ ਜਾਏ ਜ਼ਿੰਦਗੀ ਦੀ,
ਤਦ ਫੂਕ ਫੂਕ ਪੱਬ ਧਰਦੀ ਹੈ,
ਰਹਿੰਦੇ ਸਾਹਾਂ ਨੂੰ ਜੀਵਣ ਲਈ,
ਪਲ ਪਲ ਤਰਲੇ ਕਰਦੀ ਹੈ।

ਕਦੀ ਫੂਕਾਂ ਦਿੱਤੀਆਂ ਹੋਰਾਂ ਨੂੰ,
‘ਤੇ ਖ਼ੁਦ ਵੀ ਫੂਕਾਂ ਛਕੀਆਂ ਸਨ,
ਅੰਤ ਕੌੜੀਆਂ ਮਿੱਠੀਆਂ ਯਾਦਾਂ ਦੀ,
ਕੰਧ ਜਿਹੀ ਆ ਖੜ੍ਹਦੀ ਹੈ।

ਕਦੀ ਅੱਲੇ ਜ਼ਖ਼ਮਾਂ ਦੇ ਉੱਤੇ,
ਫੂਕਾਂ ਦੇ ਫੈਹੇ ਮਰਹਮ ਬਣੇਂ,
ਕਦੀ ਜ਼ਖ਼ਮਾਂ ਤੋਂ ਨਾਸੂਰਾਂ ਤੱਕ,
ਨਾ ਮਿਲਿਆ ਕੋਈ ਵੀ ਦਰਦੀ ਹੈ।

ਕਈ ਵਲਵਲੇ ਪਣਪੇ ਦਿਨ ਰਾਤੀ,
ਕਈ ਪਣਪਦਿਆਂ ਹੀ ਫੂਕੇ ਗਏ,
ਕਦੀ ਵਿਲਕਦੇ ਵਲਵਲਿਆਂ ਦੇ ਉੱਤੇ,
ਹਾਲੇ ਵੀ ਟੇਕਾਂ ਧਰਦੀ ਹੈ।

ਕਈ ਬੁਝਦੇ ਹੋਏ ਅੰਗਿਆਰਾਂ ਨੂੰ,
ਫੂਕਾਂ ਹੀ ਫੂਕਾਂ ਦਿੰਦੀਆਂ ਨੇ,
ਪਰ ਅੰਤ ਬੇਚਾਰੀ ਰਾਖ਼ ਜਿਹੀ,
ਜ਼ਰਾ ਵੀ ਫੂਕ ਨਾ ਜਰਦੀ ਹੈ।

ਸਰਾਪੀ ਫੂਕਾਂ ਦੇ ਵਾਰਾਂ ਨਾਲ਼,
ਕਦੀ ਲੋਹਾ ਲੈਣਾ ਪੈਂਦਾ ਹੈ,
ਪਰ ਕਦੀ ਨਿਮਾਣੀ ਜਿੰਦ ਕੋਈ,
ਝਿੜਕਾਂ ਨਾਲ਼ ਵੀ ਮਰਦੀ ਹੈ।

ਬੱਸ ਖਿੰਡ ਜਾਵੇ ‘ਤੇ ਪੁੰਡ ਜਾਵੇ,
ਫੂਕ ਦਾ ਕੋਈ ਵਜੂਦ ਨਹੀਂ,
ਪਰ ਟਿਕਾਣੇ ਲੱਗੀ ਫੂਕ ਕਦੀ,
ਅੰਮ੍ਰਿਤ ਬਣ ਕੇ ਵੀ ਵਰ੍ਹਦੀ ਹੈ।

ਰਵਿੰਦਰ ਸਿੰਘ ਕੁੰਦਰਾ

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

Exit mobile version