ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀ ਪਿੰਡ ‘ਪਾਲਦੀ’

                                      ਬ੍ਰਿਟਿਸ਼ ਕੋਲੰਬੀਆ ਦਾ ਪੰਜਾਬੀ ਪਿੰਡ-‘ਪਾਲਦੀ’

ਪੰਜਾਬੀ ਅਜ਼ਲ ਤੋਂ ਅੱਥਰੇ ਸੁਭਾਅ ਦੇ ਨੇ। ਜਦੋਂ ਠ੍ਹਾਣ ਲੈਂਦੇ ਨੇ, ਤਾਂ ਕੰਡਿਆਲੀਆਂ ਰਾਹਾਂ ਤੇ ਵੀ ਫੁੱਲਾਂ ਦੀ ਵਰਖਾ ਹੁੰਦੀ ਐ। ਮੀਲ ਪੱਥਰ ਬੌਣੇ ਲੱਗਦੇ ਨੇ। ਇਹ ਤੁਰਦੇ ਨੇ ਤਾਂ ਰਾਹ ਬਣਦੇ ਨੇ। ਕਿਸੇ ਦੀ ਪੈੜ ਵਿੱਚ ਪੈਰ ਧਰਨਾ ਇਨ੍ਹਾਂ ਦੀ ਜ਼ਹਿਨੀਅਤ ਨੂੰ ਗਵਾਰਾ ਨਹੀਂ। ਕੁਆਰੀਆਂ ਧਰਤੀਆਂ ਦੀ ਖਿੱਚ ਬੇਚੈਨ ਕਰਦੀ ਰਹਿੰਦੀ ਆ। ਕੁਦਰਤ ਨੇ ਸਿਦਕ ਤੇ ਜੇਰਾ ਪਹਾੜ ਜਿੱਡਾ ਬਖ਼ਸ਼ਿਐ। ਕੋਈ ਐਰਾ-ਗੈਰਾ ਰੀਸ ਨਹੀਂ ਕਰ ਸਕਿਆ ਕਿਉਂਕਿ ਰੱਬ ਨੇ ਪੰਜਾਬੀਆਂ ਵਿੱਚ ਮਹਾਰਾਜਿਆਂ ਦੀ ਸਿਰਜਣਾ ਕੀਤੀ ਐ।

     ਸਦੀਆਂ ਤੋਂ ਪੰਜਾਬੀਆਂ ਦੇ ਸਿਰ ਤਾਜ ਸਜਦੇ ਆਏ ਨੇ। ਹਿੰਦੁਸਤਾਨ ਵਿਚਲੇ ਤਰਾਈ ਦੇ ਜੰਗਲ ਹੋਣ ਜਾਂ ਕੱਛ ਦੀ ਰੱਕੜ ਭੋਇੰ; ਪੰਜਾਬੀਆਂ ਨੇ ਆਪਣੇ ਤਰੱਦਦ ਨਾਲ ਸੈਰ ਸਪਾਟਾ ਕੇਂਦਰ ਬਣਾ ਧਰੇ ਨੇ। ਵਿਦੇਸ਼ਾਂ ਵਿੱਚ ਵੀ ਗੂੜ੍ਹੀਆਂ ਪੈੜਾਂ ਦੇ ਨਿਸ਼ਾਨ ਨੇ, ਇਨ੍ਹਾਂ ਧਰਤੀ ਪੁੱਤਾਂ ਦੇ! ਸੱਤ ਸਮੁੰਦਰੋਂ ਪਾਰ ਅੱਜ ਲੋਕਾਈ, ਜੇ ਦੀਦਾਰ ਸਿੰਘ ਬੈਂਸ ਨੂੰ ‘ਆੜੂਆਂ ਦੇ ਬਾਦਸ਼ਾਹ’  ਵਜੋਂ ਪਛਾਣਦੀ ਐ, ਤਾਂ ਚਰਨਜੀਤ ਸਿੰਘ ਬਾਠ ‘ਸੌਗੀ ਦਾ ਬਾਦਸ਼ਾਹ’ ਅਖਵਾਉਂਦੈ। ਇੱਕ ਸਦੀ ਤੋਂ ਜੇ ਕੈਨੇਡਾ ਦੀ ਧਰਤੀ ‘ਕਾਮਾਗਾਟਾ ਮਾਰੂ’ ਨੂੰ ਭੁਲਾ ਨਹੀਂ ਸਕੀ, ਤਾਂ ਬ੍ਰਿਟਿਸ਼ ਕੋਲੰਬੀਆ ਦਾ ‘ਪਿੰਡ ਪਾਲਦੀ’ ਅੱਜ ਵੀ ਮਾਯੋ ਸਿੰਘ ਅਤੇ ਕਪੂਰ ਸਿੰਘ ਸਿੱਧੂ ਦੀਆਂ ਨਿਸ਼ਾਨੀਆਂ ਸਾਂਭੀ ਬੈਠੈ। ਬਰਨਬੀ ਦੇ ਬਾਰਨਟ ਮੈਰੀਨ ਪਾਰਕ ਦੀ ਹਿੱਕ ´ਤੇ ਸਿੱਧੂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਨਜ਼ਰੀਂ ਪੈਂਦਾ।

     ਕਪੂਰ ਸਿੰਘ ਸਿੱਧੂ ਦਾ ਜਨਮ 1885 ਈ. ਨੂੰ ਪੰਜਾਬ ਦੇ ਪਿੰਡ ਖਰੌਦੀ ਵਿੱਚ ਹੋਇਆ। ਕਪੂਰ ਸਿੰਘ ਅਤੇ ਮਾਯੋ ਸਿੰਘ ਨੇ ਤਕਰੀਬਨ ਇਕੱਠਿਆਂ ਹੀ 1906 ਵਿੱਚ ਉੱਤਰੀ ਅਮਰੀਕਾ ਦੀ ਧਰਤੀ ਤੇ ਪੈਰ ਪਾਏ। ਮਾਯੋ ਸਿੰਘ ਨੇ ਵੈਨਕੂਵਰ ਟਾਪੂ ਅਤੇ ਕਪੂਰ ਸਿੰਘ ਨੇ ਸਾਨਫਰਾਂਸਿਸਕੋ ਤੋਂ ਟੋਰਾਂਟੋ ਹੁੰਦੇ ਹੋਏ, ਅੰਤ ਬ੍ਰਿਟਿਸ਼ ਕੋਲੰਬੀਆ ਆ ਡੇਰੇ ਲਾਏ। ਮਾਯੋ ਸਿੰਘ ਘੱਟ ਪੜ੍ਹਿਆ, ਪਰ ਦੂਰ ਦ੍ਰਿਸ਼ਟੀ ਵਾਲਾ ਸੂਝਵਾਨ ਕਾਰੋਬਾਰੀ ਸੀ, ਜਿਸਨੇ ਪਹਿਲਾਂ ਚਿੱਲੀਵਾਕ ਦੇ ਖੇਤਾਂ ਅਤੇ ਬਾਅਦ ਵਿੱਚ ਲੱਕੜੀ ਦੀਆਂ ਮਿੱਲਾਂ ਵਿੱਚ ਕੰਮ ਕੀਤਾ। ਇਸਦੇ ਉਲਟ ਕਪੂਰ ਸਿੰਘ ਸਿੱਧੂ ਚੰਗਾ ਪੜ੍ਹਿਆ ਲਿਖਿਆ ਅੰਗਰੇਜ਼ੀ ਦਾ ਬੁਲਾਰਾ, ਤਰਜਮਾਕਾਰ ਅਤੇ ਲੇਬਰ ਠੇਕੇਦਾਰ ਸੀ। ਦੋਹਾਂ ਦੇ ਮੇਲ ਨੇ ਲੱਕੜੀ ਦੇ ਕਾਰੋਬਾਰ ਵਿੱਚ ਪੰਜਾਬੀਆਂ ਦੀ ਤੂਤੀ ਬੋਲਣ ਲਾ ਦਿੱਤੀ। ਸਾਂਝੇ ਉੱਦਮ ਨਾਲ 1914 ਈ. ਵਿੱਚ ਇੱਕ ਫ਼ੇਲ੍ਹ ਹੋ ਚੁੱਕੀ ਮਿੱਲ ਨੂੰ ਨਿਊ ਵੈਸਟਮਿੰਸਟਰ ਵਿੱਚ ਖਰੀਦ ਲਿਆ। ਫਿਰ ਚੱਲ ਸੋ ਚੱਲ। ਇੱਕ ਨਵੀਂ ਸਾਅ ਮਿੱਲ ਵੈਨਕੂਵਰ ਟਾਪੂ ਤੇ 1916 ਵਿੱਚ ਚਾਲੂ ਕਰ ਦਿੱਤੀ।

     ਵੀਹਵੀਂ ਸਦੀ ਦੇ ਸੁਰੂਆਤੀ ਸਾਲਾਂ ਵਿੱਚ ਦੋਹਾਂ ਪੰਜਾਬੀਆਂ ਨੇ ਐਸੀਆਂ ਮੱਲਾਂ ਮਾਰੀਆਂ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਨਵਾਂ ਪੰਜਾਬੀ ਪਿੰਡ ਵਸਾ ਦਿੱਤਾ। ‘ਮਾਯੋ’ ਨਾਂ ਦਾ ਇਹ ਪਿੰਡ ਡੰਕਨ ਅਤੇ ਕੋਈਚਨ ਦੇ ਵਿਚਕਾਰ ਪੈਂਦਾ ਸੀ। ਇਸ ਨਾਂ ਤੇ ਕੁੱਝ ਉਲ਼ਝਣਾਂ ਪੈਣ ਪਿੱਛੋਂ ਇਸ ਦਾ ਨਵਾਂ ਨਾਂ ਮਾਯੋ ਸਿੰਘ ਦੇ ਆਪਣੇ ਪੰਜਾਬ ਵਿਚਲੇ ਪਿੰਡ ਦੇ ਨਾਂ ਤੇ ‘ਪਾਲਦੀ’ ਰੱਖ ਦਿੱਤਾ। ਪੇਂਡੂ ਸਿੱਖ ਅਤੇ ਦੱਖਣੀ ਏਸ਼ਿਆਈ ਦਿੱਖ ਵਾਲੇ ਇਸ ਨਗਰ ਵਿੱਚੋਂ ਪੂਰੀ ਪੰਜਾਬੀਅਤ ਝਲਕਦੀ ਸੀ। ਇਸ ਪਿੰਡ ਵਿੱਚ ਇੱਕ ਸਾਅ ਮਿੱਲ, ਕੰਪਨੀ ਸਟੋਰ, ਸਕੂਲ, ਡਾਕਖ਼ਾਨਾ ਅਤੇ ਪੂਜਾ ਸਥਾਨ ਬਣਾਏ ਗਏ। ਕਾਮਿਆਂ ਲਈ ਬਣਾਏ ਘਰਾਂ ਵਿੱਚ ਵੱਸਦੇ ਜਪਾਨੀ, ਚੀਨੀ, ਯੂਰਪੀ ਅਤੇ ਦੱਖਣ ਏਸ਼ਿਆਈ ਭਾਈਚਾਰੇ ਦੇ ਲੋਕ ਇੱਕ ਅਜਬ ਵਿਰਾਸਤ ਦੀ ਗਵਾਹੀ ਭਰਦੇ ਸਨ। ਪਹਿਲੇ ਵਿਸ਼ਵ ਯੁੱਧ ਦੇ ਖ਼ਾਤਮੇ ਤੱਕ, ਦੋ ਹਜ਼ਾਰ ਤੋਂ ਵੀ ਘੱਟ ਭਾਰਤੀ-ਜਿਹੜੇ ਬੀ.ਸੀ. ਦੀ ਕੁੱਲ ਵੱਸੋਂ ਦਾ ਅੱਧਾ ਫੀਸਦੀ ਹੀ ਸਨ-ਇਨ੍ਹਾਂ ਦੋਹਾਂ ਕਾਰੋਬਾਰੀਆਂ ਦੇ ਉੱਦਮ ਨਾਲ ਪਿੰਡ ਪਾਲਦੀ ਵਿੱਚ 1917 ਈ. ਨੂੰ ਸੁਸ਼ੋਭਿਤ ਗੁਰਦੁਆਰੇ ਵਿੱਚ ਨਤਮਸਤਕ ਹੁੰਦੇ ਸਨ। ਅੱਜ ਵੀ ਸੂਬਾਈ ਕਾਨੂੰਨ ਮੁਤਾਬਕ ਪਾਲਦੀ ਨੂੰ ਹੈਰੀਟੇਜ ਕੰਨਜ਼ਰਵੇਸ਼ਨ ਐਕਟ ਦੀ ਧਾਰਾ 18 ਤਹਿਤ ਵਿਰਾਸਤੀ ਪਿੰਡ ਦਾ ਦਰਜਾ ਮਿਲਿਆ ਹੋਇਐ।

     ਆਪਣੇ ਸਿਰੜ ਦੀ ਬਦੌਲਤ ਕਪੂਰ ਸਿੰਘ ਸਿੱਧੂ ਦੀ ਕਿਸਮਤ ਦਾ ਸਿਤਾਰਾ ਐਸਾ ਚਮਕਿਆ ਕਿ 1938 ਈ. ਵਿੱਚ ਉਸਨੇ ਬਰਨਬੀ ਵਿੱਚ ਬੰਦ ਪਈ ‘ਬਾਰਨਟ ਲੁੰਬਰ ਮਿੱਲ’ ਨੂੰ ਖਰੀਦ ਕੇ ਉੱਥੇ ‘ਕਪੂਰ ਸਾਅ ਮਿੱਲਜ਼’ ਦਾ ਝੰਡਾ ਝੁਲਾ ਦਿੱਤਾ। ਇਹ ਮਿੱਲ ਵੱਖੋ ਵੱਖਰੀਆਂ ਨਸਲਾਂ ਦੇ ਸਨਅਤੀ ਕਾਮਿਆਂ, ਜਿਨ੍ਹਾਂ ਵਿੱਚ ਸਿੱਖ, ਏਸ਼ੀਅਨ ਤੇ ਯੂਰਪੀਅਨ ਸਨ, ਲਈ ਰੁਜ਼ਗਾਰ ਦਾ ਵੱਡਾ ਸਾਧਨ ਬਣ ਗਈ। ਆਪਣੇ ਭਰਾਵਾਂ ਤਾਰਾ ਸਿੰਘ ਸਿੱਧੂ ਅਤੇ ਕਸ਼ਮੀਰ ਸਿੱਧੂ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਇਹ ਮਿੱਲ ਪੰਜਾਬੀਆਂ ਦੇ ਕੈਨੇਡਾ ਵਿੱਚ ਵਸੇਬੇ ਲਈ ਇੱਕ ਚਾਨਣ ਦੀ ਲੀਕ ਸੀ। ਕਪੂਰ ਸਿੰਘ ਸਿੱਧੂ ਇੱਕ ਸਫਲ ਕਾਰੋਬਾਰੀ ਜਾਂ ਸਨਅਤਕਾਰ ਹੀ ਨਹੀਂ, ਸਗੋਂ ਇੱਕ ਧੜੱਲੇਦਾਰ ਵਕੀਲ ਵੀ ਸੀ। ਉਸਨੇ ‘ਆਪਣਿਆਂ’ ਲਈ ਰੁਜ਼ਗਾਰ ਦੇ ਦਰਵਾਜ਼ੇ ਹੀ ਨਹੀਂ ਖੋਲ੍ਹੇ, ਬਲਕਿ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਸਿਰਲੱਥ ਯੋਧੇ ਦਾ ਕਾਰਜ ਵੀ ਨਿਭਾਇਆ। ਇਹ ਉਹ ਦਿਨ ਸਨ ਜਦੋਂ ਪੰਜਾਬੀਆਂ ਤੇ ਹੋਰ ਬਾਹਰਲੇ ਮਜ਼ਦੂਰਾਂ ਲਈ ਨਸਲੀ ਵਿਤਕਰੇ ਦਾ ਜ਼ਹਿਰ ਭਰਿਆ ਹੋਇਆ ਸੀ। ਉਨ੍ਹਾਂ ਨੂੰ ਘੱਟ ਮਜ਼ਦੂਰੀ ਤੇ, ਮਿਹਨਤ ਮੁਸ਼ੱਕਤ ਵਾਲੇ ਕੰਮਾਂ ਵਾਸਤੇ ਹੀ ਰੱਖਿਆ ਜਾਂਦਾ ਸੀ। ਸਖ਼ਤ ਕਾਨੂੰਨਾਂ ਕਰ ਕੇ ਕੈਨੇਡਾ ਵਿੱਚ ਦਾਖਲੇ ਤੇ ਪਾਬੰਦੀਆਂ ਸਨ। ਕਪੂਰ ਸਿੰਘ ਸਿੱਧੂ ਇਨ੍ਹਾਂ ਦੱਬੇ ਕੁਚਲੇ ਲੋਕਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਲਈ ਦਹਾਕਿਆਂ ਬੱਧੀ ਹਿੱਕ ਡਾਹ ਕੇ ਲੜਦਾ ਰਿਹਾ। ਉਸਨੇ ਦੂਸਰੀ ਵਿਸ਼ਵ ਜੰਗ ਮੌਕੇ ਹੋਰ ਸਿੱਖ ਕਾਰਕੁੰਨਾਂ ਨਾਲ ਮਿਲ ਕੇ ਅਜਿਹੀ ਲੋਕ ਰਾਇ ਬਣਾਈ ਕਿ ਦੱਖਣੀ ਏਸ਼ਿਆਈ ਮੂਲ ਦੇ ਲੋਕਾਂ ਨੂੰ ਪੂਰਨ ਨਾਗਰਿਕਤਾ ਅਤੇ ਵੋਟ ਦਾ ਹੱਕ ਮਿਲੇ। ਸਫਲਤਾ ਨੇ ਉਸਦੇ ਕਦਮ ਚੁੰਮੇ ਅਤੇ 1947 ਵਿੱਚ ਫੈਡਰਲ ਅਤੇ ਸੂਬਾਈ ਚੋਣਾਂ ਵਿੱਚ ਵੋਟ ਪਾਉਣ ਦੇ ਹੱਕ ਨੂੰ ਮਾਨਤਾ ਮਿਲ ਗਈ। ਮਨੁੱਖੀ ਹੱਕਾਂ ਦੇ ਇਸ ਰਹਿਬਰ ਨੂੰ ਲੋਕਾਈ ਅੱਜ ਵੀ ਨਮਨ ਕਰਦੀ ਹੈ।

     ਕਪੂਰ ਸਿੰਘ ਸਿੱਧੂ ਦੀ ਸ਼ਖ਼ਸੀਅਤ ਦਾ ਹੀ ਕ੍ਰਿਸ਼ਮਾ ਹੈ ਕਿ ਬਰਨਬੀ ਵਿਚਲਾ ਬਾਰਨਟ ਮੈਰੀਨ ਪਾਰਕ ਅੱਜ ਉਸਦੀ ਯਾਦ ਨੂੰ ਸਮਰਪਿਤ ਹੈ ਅਤੇ ਉਸਦੇ ਨਾਂ ਦਾ ਇਤਿਹਾਸ ਸੰਭਾਲ਼ੀ ਬੈਠਾ ਹੈ। ਕਪੂਰ ਸਾਅ ਮਿੱਲਜ਼ ਦੀ ਸੁਰੂਆਤ ਤੋਂ ਲੈ ਕੇ ਇਸਦਾ ਜ਼ਰ੍ਹਾ ਜ਼ਰ੍ਹਾ ਉਸ ਦੇ ਵਿਅਕਤਿਤਵ ਨੂੰ ਸਲਾਮ ਕਰਦਾ ਹੈ। 1959 ਈ. ਤੱਕ ਇਸ ਜਗ੍ਹਾ ਨੇ ਹਜ਼ਾਰਾਂ ਕਾਮਿਆਂ ਦੇ ਚੁੱਲ੍ਹਿਆਂ ਦੀ ਅੱਗ ਨੂੰ ਮੱਘਦਾ ਰੱਖਿਆ ਹੈ। ਮਿੱਲ ਬੰਦ ਹੋਣ ਬਾਅਦ ਇਹ ਸਥਾਨ ਸੁੰਨਸਾਨ ਰਿਹਾ ਅਤੇ  1972 ਵਿੱਚ ਇਹ ਸੰਪਤੀ ਬਰਨਬੀ ਦੀ ਮਿਊਂਸਪੈਲਿਟੀ ਨੂੰ ਦਿੱਤੀ ਗਈ, ਜਿਸਨੇ ਇਸ ਪਾਰਕ ਨੂੰ ਪ੍ਰਫੁੱਲਿਤ ਕਰ ਕੇ ਕਪੂਰ ਸਿੰਘ ਦੀ ਯਾਦ ਨੂੰ ਅਮਰ ਕਰ ਦਿੱਤਾ। ਸੂਕ ਨਦੀ ਦੇ ਕੰਢੇ ਬਣਿਆ ਕਪੂਰ ਰਿਜਨਲ ਪਾਰਕ ਵੀ ਸਿੱਧੂ ਦੀ ਵਿਲੱਖਣਤਾ ਦਾ ਚਸ਼ਮਦੀਦ ਗਵਾਹ ਹੈ। ਲੀਚਟਾਊਨ ਸ਼ਹਿਰ ਵਿੱਚ ਤੇਰਾਂ ਹੈਕਟੇਅਰ ਵਿੱਚ ਫੈਲਿਆ ਇਹ ਪਾਰਕ, ਗੈਲਪਿੰਗ ਗੂਜ਼ ਟਰੇਲ ਏਰੀਏ ਦਾ ਹੀ ਗੁਆਂਢੀ ਪੜਾਅ ਹੈ। 1999 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਕੈਪੀਟਲ ਰਿਜਨਲ ਡਿਸਟ੍ਰਿਕਟ ਵਿੱਚ ਸਥਾਪਿਤ ਇਹ ਪਾਰਕ ਕਪੂਰ ਖ਼ਾਨਦਾਨ ਦੁਆਰਾ ਦਾਨ ਕੀਤੀ ਜ਼ਮੀਨ ਤੇ ਹੀ ਬਣਾਇਆ ਗਿਆ ਹੈ। ਮਾਈਨਿੰਗ ਦੇ ਖੰਡਰਾਤ ਨੂੰ ਵਰਤੋਂ ਵਿੱਚ ਲਿਆ ਕੇ ਹੀ ਵੀਹਵੀਂ ਸਦੀ ਦੇ ਮੁਢਲੇ ਸਾਲਾਂ ਵਿੱਚ ਕਪੂਰ ਸਿੰਘ ਸਿੱਧੂ ਨੇ ਹੀ ਇਹ ਜਗ੍ਹਾ ਵਿਕਸਿਤ ਕੀਤੀ ਸੀ। ਅੱਜ ਵੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦਾ ਫਾਰੈਸਟਰੀ ਡਿਪਾਰਟਮੈਂਟ, 1967 ਵਿੱਚ ਸਥਾਪਿਤ ਕਪੂਰ ਸਿੰਘ ਸਿੱਧੂ ਫਾਊਂਡੇਸ਼ਨ ਵੱਲੋਂ ਆਪਣੇ ਸਿਖਿਆਰਥੀਆਂ ਨੂੰ ਵਜ਼ੀਫ਼ੇ ਦਿੰਦਾ ਹੈ।

     ਪੰਜਾਬ ਦੇ ਇਸ ਮਹਾਨ ਸਪੂਤ ਦੀ ਮੌਤ 1964 ਈ. ਵਿੱਚ ਹੋਈ, ਪਰ ਕਪੂਰ ਸਿੰਘ ਸਿੱਧੂ ਦੀ ਵਿਰਾਸਤ ਅਜੇ ਵੀ ਦਾਨਵੀਰਤਾ ਦੀ ਉੱਘੀ ਮਿਸਾਲ ਹੈ। ਆਪਣੀ ਮੌਤ ਤੋਂ ਪਹਿਲਾਂ ਕਪੂਰ ਸਿੰਘ ਤੇ ਉਸਦੀ ਪਤਨੀ ਬਸੰਤ ਕੌਰ ਨੇ ਪਿੰਡ ਔੜ (ਪੰਜਾਬ) ਵਿੱਚ ਕਪੂਰ ਸਿੰਘ ਕੈਨੇਡੀਅਨ ਚੈਰੀਟੇਬਲ ਹਸਪਤਾਲ ਦੀ ਸਥਾਪਨਾ ਕੀਤੀ ਅਤੇ ਇਸ ਸਿਹਤ ਸੰਸਥਾ ਦੀ ਜ਼ਿੰਮੇਵਾਰੀ ਉਨ੍ਹਾਂ ਦੀਆਂ ਪੁੱਤਰੀਆਂ ਸੁਰਜੀਤ ਕੌਰ ਅਤੇ ਜਗਦੀਸ਼ ਕੌਰ ਨੇ ਸੰਭਾਲ਼ੀ। ਕਪੂਰ ਸਿੰਘ ਸਿੱਧੂ ਦਾ ਇਹ ਫਾਊਂਡੇਸ਼ਨ ਭਾਰਤ ਵਿੱਚ ਹੀ ਨਹੀਂ, ਸਗੋਂ ਕੈਨੇਡਾ ਵਿੱਚ ਵੀ ਸਿੱਖਿਆ ਅਤੇ ਸਿਹਤ ਨਾਲ ਜੁੜੇ ਕਾਰਜਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ।

     ਸਲਾਮ ਕਰਨਾ ਬਣਦਾ ਹੈ, ਇਸ ਪੰਜਾਬੀ ਸਪੂਤ ਨੂੰ, ਜਿਸ ਨੇ ਆਪ ਝੱਖੜ ਝਾਗ ਕੇ ਸੈਂਕੜੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਰੌਸ਼ਨੀ ਕੀਤੀ। ਕਪੂਰ ਸਿੰਘ ਸਿੱਧੂ ਅੱਜ ਵੀ ਪੰਜਾਬੀਆਂ ਦਾ ਧਰੂ ਤਾਰਾ ਅਤੇ ਰੁਜ਼ਗਾਰ ਦਾ ਬਾਦਸ਼ਾਹ  ਕਹਾਉਂਦੈ!

ਜਗਜੀਤ ਸਿੰਘ ਲੋਹਟਬੱਦੀ

ਜਗਜੀਤ ਸਿੰਘ ਲੋਹਟਬੱਦੀ

+13068071099

Exit mobile version