ਭਾਣੇ ਵਾਲੇ ਫੌਜੀ ਦੀ ਹੂਕ—

ਮੇਰਾ ਕੋਨਾ/ ਨਿੰਦਰ ਘੁਗਿਆਣਵੀ
ਭਾਣੇ ਵਾਲੇ ਫੌਜੀ ਦੀ ਹੂਕ—

ਪਿਛਲੇ ਦਿਨੀਂ ਇੰਸਟਾਗਰਾਮ ਉਤੇ ਇੱਕ ਵੀਡੀਓ ਦੇਖੀ, ਤੇ ਦੇਖਦਾ ਈ ਰਿਹਾ। ਇੱਕ ਮਹਿਫ਼ਲ ਸਜੀ ਹੋਈ ਹੈ। ਸ਼ਾਇਦ ਬਦੇਸ਼ ਤੋਂ ਆਏ ਦੋਸਤ ਇਕੱਠੇ ਬੈਠੇ ਦੁੱਖ-ਸੁਖ ਫੋਲ ਰਹੇ ਨੇ। ਇੱਕ ਮੁੰਡਾ ਸਤਨਾਮ ਫਰੀਦਕੋਟ ਨੇੜੇ ਪਿੰਡ ਭਾਣੇ ਤੋਂ ਆਪਣੀ ਰਚਨਾ ਸੁਣਾ ਰਿਹਾ ਹੈ, ਸੁਣ ਕੇ ਮੈਂ ਭਾਵੁਕ ਹੋ ਗਿਆ। ਉਸ ਕਾਵਿ ਰਚਨਾ ਦਾ ਪੂਰਾ ਨਹੀ, ਕੁੱਝ ਕੁ ਹਿੱਸਾ ਤੁਸੀਂ ਵੀ ਪੜੋ, ਜੋ ਇੰਝ ਹੈ:
ਜੇ  ਹੋਗੀਆਂ ਕੁੱਝ ਕਮਾਈਆਂ ਯਾਰੋ,
ਆਓ ਵਤਨੀਂ ਫੇਰਾ ਪਾ ਲਈਏ
ਹਾਲੇ ਕੁੱਝ ਨੀ ਵਿਗੜਿਆ ਯਾਰੋ,
ਡੁਬਦਾ ਪੰਜਾਬ ਬਚਾ ਲਈਏ

ਬੈਠਾ ਬਾਬਾ ਜਾਗਰ ਸਿੰਓ, ਨਾਜਰ ਸਿੰਓ ਨੂੰ ਕਹਿੰਦਾ ਏ
ਨਾਜਰਾ, ਆਪਣਾ ਪਿੰਡ ਲਗਦਾ ਹੁਣ  ਮੁੰਡਾ ਕੋਈ ਨੀ ਰਹਿੰਦਾ ਏ
ਦਲੀਪੋ ਬੇਬੇ ਬੈਠੀ ਕੱਲੀ ਲੋਕ ਗੀਤ ਕੋਈ   ਗਾਈ ਜਾਂਦੀ
ਪਿੰਡ ‘ਚ  ਨਾ ਕੋਈ ਮੁਟਿਆਰ ਹੈ ਰਹਿਗੀ
ਬੇਬੇ ਦੁੱਖ ਸੁਣਾਈ ਜਾਂਦੀ
ਜਾਂਦਾ -ਜਾਂਦਾ ਤਾਇਆ ਬਲਕਾਰਾ,
ਕਿੱਸਾ ਇੱਕ ਸਾਂਝਾ ਕਰ ਗਿਆ ਸੀ
ਰਹਿੰਦੀ ਸੀ ਇੱਕ ਕੁੜੀ ਕੈਨੇਡਾ
ਬਾਪੂ ਪਿੱਛੋਂ  ਮਰ ਗਿਆ ਸੀ
ਸੀਰੀ ਨੂੰ ਸੀ ਪਾਤੇ ਪੈਸੇ
ਤੇ ਸਸਕਾਰ ਵੀ ਉਹੀਓ ਕਰ ਗਿਆ ਸੀ
ਅੱਗ ਲਾਉਣੀਆਂ  ਇਹੋ ਜਿਹੀਆਂ ਕਮਾਈਆਂ
ਤੇ ਮਨ ਆਪਣਾ ਸਮਝਾ ਲਈਏ
ਜੇ ਹੋ ਗਈਆਂ ਬਹੁਤ ਕਮਾਈਆਂ

ਆਓ, ਵਤਨੀ ਫੇਰਾ ਪਾ ਲਈਏ

ਤੇ ਡੁਬਦਾ ਪੰਜਾਬ ਬਚਾ ਲਈਏ—

ਸਤਨਾਮ ਭਾਣਾ


ਸਤਨਾਮ ਭਾਣਾ ਦੀ ਇਹ ਕਾਵਿ ਰਚਨਾ ਉਦੋਂ ਜਨਮੀਂ, ਜਦੋਂ ਉਹਦੇ ਨਾਲ ਦੇ ਸਾਰੇ ਦੋਸਤ- ਬੇਲੀ ਬਦੇਸ਼ਾਂ ਵੱਲ ਵਹੀਰਾਂ ਘੱਤ ਗਏ। ਜਦ ਉਹ ਸਤਨਾਮ ਨੂੰ  ਫੋਨ ਕਰਦੇ, ਦੁੱਖੜੇ ਰੋਂਦੇ, ਮਨ ਹੌਲਾ ਕਰਦੇ, ਤਾਂ ਸਤਨਾਮ ਨੂੰ ਵੀ ਹੌਲ ਪੈਂਦੇ। ਉਹਦੀ ਕਲਮ ਅੰਗੜਾਈ ਲੈਣ ਲਗਦੀ। ਉਸਨੇ ਹੋਰ ਵੀ ਕਾਫੀ ਕੁੱਝ ਲਿਖਿਆ ਹੋਇਆ ਹੈ ਪਰ ਇਹ ਕਾਵਿ- ਰਚਨਾ ਉਸਦੀ ਸਮੇਂ ਦਾ ਸੱਚ ਬਿਆਨ ਕਰਦੀ ਹੈ। ਇਹ ਕੋਰਾ ਸੱਚ ਹੈ ਤੇ ਰਤਾ ਝੂਠ ਨਹੀਂ ਹੈ। ਸਤਨਾਮ ਖੁਦ ਫੌਜੀ ਹੈ ਤੇ ਆਰਮੀ ਦਾ ਜੁਆਨ ਹੈ। ਕਲਮ ਨਾਲ ਮੋਹ ਹੈ ਉਹਦਾ। ਮੈਨੂੰ ਇਹ ਗੱਲ ਚੰਗੀ ਲੱਗੀ ਤੇ ਮੇਰੇ ਕੋਨੇ ਵਿੱਚ ਆ ਬੈਠੀ। ਸਤਨਾਮ ਦੇਸ ਵਿੱਚ ਬੈਠਾ ਹੋਇਆ ਹੱਦਾਂ ਸਰਹੱਦਾਂ ਦੀ ਰਾਖੀ ਕਰਦਾ ਪਰਦੇਸਾਂ ਦੇ ਦੁੱਖ ਦਰਦ ਲਿਖ ਰਿਹਾ ਹੈ ਇਹ ਵੀ ਕੁਦਰਤੀ ਦਾਤ ਤੇ ਉਹਦੀ ਡੂੰਘੀ ਸਮਝ ਦਾ ਪ੍ਰਮਾਣ ਹੈ।

ਸ਼ੁਭ ਇਛਾਵਾਂ ਸਤਨਾਮ। ਲਿਖਦਾ ਰਹਿ।
9056485695

Exit mobile version