ਭੱਠੀ ਵਾਲੀਏ ਚੰਬੇ ਦੀ ਡਾਲੀਏ ……..

                   ਪੁਰਾਤਨ ਪੰਜਾਬ ਸਿਰਫ਼ ਇੱਕ ਭੂਗੋਲਿਕ ਧਰਤੀ ਦਾ ਨਾਮ ਨਹੀਂ ਸੀ; ਇਹ ਇੱਕ ਜਿਉਂਦੀ ਜਾਗਦੀ ਰੂਹ ਸੀ  ਮੋਹ, ਸਾਂਝ, ਸਾਦਗੀ, ਇਮਾਨਦਾਰੀ ਅਤੇ ਆਪਣੇਪਣ ਦੀ। ਇਸ ਧਰਤੀ ਦੇ ਪਿੰਡਾਂ ਵਿੱਚ ਸਵੇਰ ਕੁੱਕੜ ਦੀ ਬਾਂਗ ਨਾਲ ਹੁੰਦੀ ਸੀ ਅਤੇ ਦਿਨ ਦੀ ਪਹਿਲੀ ਕਿਰਨ ਨਾਲ ਘਰਾਂ ਦੇ ਵਿਹੜਿਆਂ ਵਿੱਚ ਸੁਆਣੀਆਂ ਚਾਟੀਆਂ ਰਿੜਕਣ ਲੱਗ ਪੈਂਦੀਆਂ ਸਨ। ਮਧਾਣੀ ਦੀ ਘਰਰ-ਘਰਰ, ਬਲਦਾਂ ਦੇ ਗਲਾਂ ਵਿੱਚ ਪਈਆਂ ਟੱਲੀਆਂ ਦੀ ਛਣਕਾਰ ਅਤੇ ਖੇਤਾਂ ਵੱਲ ਜਾਂਦੇ ਸਿੱਧੇ-ਸਾਦੇ ਕਿਸਾਨ ਇਹ ਸਭ ਮਿਲ ਕੇ ਪੰਜਾਬੀ ਜੀਵਨ ਦੀ ਉਹ ਤਸਵੀਰ ਸਿਰਜਦੇ ਸਨ ਜਿਸ ਵਿੱਚ ਨਾ ਕੋਈ ਵਿੰਗ ਸੀ, ਨਾ ਵਲ।
                            ਪਿੰਡ ਸਾਂਝ ਦੀ ਰਾਜਧਾਨੀ ਹੁੰਦੇ ਸਨ। ਇੱਕ ਘਰ ਦੀ ਚਾਟੀ ਵਿੱਚੋਂ ਪੰਜ-ਸੱਤ ਘਰਾਂ ਲਈ ਲੱਸੀ ਨਿਕਲ ਆਉਂਦੀ ਸੀ। ਦਾਲ, ਸਬਜ਼ੀ ਅਤੇ ਸਾਗ ਦਾ ਸੁਆਦ ਵੀ ਸਿਰਫ਼ ਇੱਕ ਘਰ ਦੀ ਰਸੋਈ ਤੱਕ ਸੀਮਤ ਨਹੀਂ ਸੀ। ਕਿਸੇ ਘਰ ਵਿੱਚ ਕੁਝ ਵੱਧ ਬਣ ਜਾਂਦਾ ਤਾਂ ਗੁਆਂਢੀ ਦਾ ਹਿੱਸਾ ਆਪਣੇ ਆਪ ਬਣ ਜਾਂਦਾ। ਸੱਥਾਂ ਅਤੇ ਤ੍ਰਿੰਜਣ ਸਿਰਫ਼ ਬੈਠਣ ਦੀਆਂ ਥਾਵਾਂ ਨਹੀਂ ਸਨ; ਉਹ ਪਿੰਡ ਦੀ ਰੂਹ ਦੇ ਮਿਲਣ-ਜੁਲਣ ਦੇ ਅੱਡੇ ਸਨ।
                 ਤੀਆਂ ਆਉਂਦੀਆਂ ਤਾਂ ਪਿੰਡਾਂ ਦੀ ਹਵਾ ਵਿੱਚ ਗਿੱਧੇ ਦੀ ਤਾਲ ਅਤੇ ਬੋਲੀਆਂ ਦੀ ਗੂੰਜ ਉਤਰ ਆਉਂਦੀ। ਕੁੜੀਆਂ ਬਾਬਲ ਦੇ ਵਿਹੜੇ ਦੀ ਖੈਰ ਮੰਗਦੀਆਂ, ਹੱਸਦੀਆਂ, ਨੱਚਦੀਆਂ ਅਤੇ ਗਾਉਂਦੀਆਂ। ਰਿਸ਼ਤਿਆਂ ਵਿੱਚ ਮੋਹ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਉਸ ਵੇਲੇ ਜ਼ੁਬਾਨ ਦੀ ਕਦਰ ਸੀ; ਬੰਦੇ ਦੀ ਪਛਾਣ ਉਸਦੇ ਬੋਲ ਨਾਲ ਹੁੰਦੀ ਸੀ। ਇਮਾਨਦਾਰੀ ਕੋਈ ਉਪਦੇਸ਼ ਨਹੀਂ, ਜੀਵਨ ਦਾ ਸੁਭਾਅ ਸੀ। ਬੇਈਮਾਨ ਅਤੇ ਝੋਲੀਚੁੱਕ ਮਨੁੱਖ ਦੀ ਪਿੰਡ ਵਿੱਚ ਕੋਈ  ਬੁੱਕਤ ਨਹੀਂ ਸੀ।
                     ਸਾਦਾ ਖਾਣਾ, ਖੁੱਲ੍ਹੀ ਹਵਾ, ਮਿਹਨਤ ਭਰਿਆ ਜੀਵਨ ਅਤੇ ਕੁਦਰਤ ਦੇ ਨੇੜੇ ਰਹਿਣਾ ਹੀ ਚੰਗੀ ਸਿਹਤ ਦਾ ਰਾਜ ਸੀ। ਸੌ ਸਾਲਾਂ ਦੇ ਬਾਬਿਆਂ ਦੀ ਨਿਗਾਹ ਨੌਂ-ਬਰ-ਨੌਂ ਹੁੰਦੀ ਅਤੇ ਦੰਦ ਅਜੇ ਵੀ ਟਣ-ਟਣ ਕਰਦੇ ਸਨ। ਉਨ੍ਹਾਂ ਦੀ ਲੰਮੀ ਉਮਰ ਵਿੱਚ ਦਵਾਈਆਂ ਨਾਲੋਂ ਵੱਧ ਕੁਦਰਤੀ ਜੀਵਨ ਕੁਦਰਤੀ ਖਾਣੇ ਦਾਣੇ ਦਾ ਹੱਥ ਸੀ।ਇਸੇ ਪੁਰਾਣੇ ਪੰਜਾਬੀ ਜੀਵਨ ਦੀ ਇੱਕ ਅਹਿਮ ਨਿਸ਼ਾਨੀ ਸੀ—ਪਿੰਡ ਦੀ ਭੱਠੀ।


                        ਇੱਕ ਸਮਾਂ ਸੀ ਜਦੋਂ ਲਗਭਗ ਹਰ ਪਿੰਡ ਵਿੱਚ ਦਾਣੇ ਭੁੰਨਣ ਲਈ ਭੱਠੀ ਹੁੰਦੀ ਸੀ। ਪਿੰਡ ਦੇ ਝਿਉਰ ਪਰਿਵਾਰ ਇਸ ਕੰਮ ਨਾਲ ਜੁੜੇ ਹੁੰਦੇ। ਸ਼ਾਮ ਪੈਂਦਿਆਂ ਹੀ ਭੱਠੀ ਤਪਾਈ ਜਾਂਦੀ ਅਤੇ ਆਲੇ-ਦੁਆਲੇ ਦੇ ਘਰਾਂ ਵਿੱਚੋਂ ਮੱਕੀ, ਛੋਲੇ, ਕਣਕ, ਬਾਜਰਾ ਅਤੇ ਜੌ ਦੇ ਦਾਣੇ ਲੈ ਕੇ ਲੋਕ ਭੱਠੀ ਤੇ ਆਉਣ ਲੱਗਦੇ। ਲੋਹੜੀ ਦੇ ਦਿਨਾਂ ਵਿੱਚ ਤਾਂ ਭੱਠੀ ਦਾ ਰੰਗ ਹੀ ਵੱਖਰਾ ਹੁੰਦਾ। ਸਵੇਰ ਤੋਂ ਹੀ ਭੀੜ ਲੱਗ ਜਾਂਦੀ ਅਤੇ ਕਈ ਵਾਰ ਵਾਰੀ ਸ਼ਾਮ ਤੱਕ ਆਉਂਦੀ। ਭੱਠੀ ਸਿਰਫ਼ ਦਾਣੇ ਭੁੰਨਣ ਦੀ ਥਾਂ ਨਹੀਂ ਰਹਿੰਦੀ ਸੀ , ਉਹ ਪਿੰਡ ਦੀ ਸਾਂਝ ਦਾ ਚੁੱਲ੍ਹਾ ਬਣ ਜਾਂਦੀ ਸੀ। ਬਜ਼ੁਰਗ, ਅੱਧਖੜ, ਜਵਾਨ ਅਤੇ ਬੱਚੇ ਸਭ ਉਸ ਭੱਠੀ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ।
                                 ਭੱਠੀ ਵਾਲੇ ਦਾਣੇ ਭੁੰਨਣ ਦੀ ਮਿਹਨਤ ਦੇ ਬਦਲੇ ਕਣਕ ਦੀ ਚੁੰਗ ਲੈਂਦੇ। ਇਹ ਚੁੰਗ ਹੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਸਹਾਇਕ ਹੁੰਦੀ। ਭੱਠੀ ਲਈ ਬਾਲਣ ਵੀ ਆਮ ਕਰਕੇ ਪਿੰਡ ਵਿੱਚੋਂ ਹੀ ਮਿਲ ਜਾਂਦਾ। ਪਿੰਡ ਦੀ ਅਰਥ-ਵਿਵਸਥਾ ਵਿੱਚ ਇਹ ਨਿੱਕੀ ਜਿਹੀ ਭੱਠੀ ਆਪਣਾ ਵੱਡਾ ਹਿੱਸਾ ਪਾਉਂਦੀ ਸੀ। ਗਾਰੇ ਨਾਲ ਬਣੀ ਭੱਠੀ ਵਿੱਚ ਇੱਕ ਡੂੰਘੀ ਚੁਰ ਹੁੰਦੀ ਸੀ, ਜਿਸ ਵਿੱਚ ਬਾਲਣ ਪਾ ਕੇ ਅੱਗ ਮਚਾਈ ਜਾਂਦੀ। ਉੱਪਰ ਗਾਰੇ ਵਿੱਚ ਇੱਕ ਬੱਠਲ ਫਿੱਟ ਕੀਤਾ ਜਾਂਦਾ। ਬੱਠਲ ਵਿੱਚ ਰੇਤ ਪਾਈ ਜਾਂਦੀ ਅਤੇ ਉਸ ਵਿੱਚ ਦਾਣੇ ਸੁੱਟ ਕੇ ਦਾਤੀ ਨਾਲ ਲਗਾਤਾਰ ਹਿਲਾਏ ਜਾਂਦੇ। ਜਦੋਂ ਦਾਣੇ ਤਪਦੀ ਰੇਤ ਵਿੱਚ ਭੁੱਜਦੇ ਤਾਂ ਉਨ੍ਹਾਂ ਵਿੱਚੋਂ ਨਿਕਲਦੀ ਕੜਕ-ਕੜਕ ਦੀ ਆਵਾਜ਼ ਦਾ ਆਪਣਾ ਇੱਕ ਸੰਗੀਤ ਸੀ। ਕੁਝ ਦਾਣੇ ਤਿੜਕ ਕੇ ਬੱਠਲ ਵਿੱਚੋਂ ਬਾਹਰ ਨਿਕਲ ਜਾਂਦੇ ਅਤੇ ਭੱਠੀ ਦੇ ਕਿਨਾਰਿਆਂ ਦੁਆਲੇ ਖਿੱਲਰ ਜਾਂਦੇ। ਭੁੰਨੇ ਦਾਣਿਆਂ ਨੂੰ ਇਕੱਠਾ ਕਰਕੇ ਪੋਣੇ ਵਿੱਚ ਬੰਨ੍ਹ ਲਿਆ ਜਾਂਦਾ। ਉਹਨਾਂ ਭੁੰਨੇ ਦਾਣਿਆਂ ਦੀ ਖੁਸ਼ਬੂ ਵਿੱਚ ਮਿੱਟੀ ਦੀ ਮਹਿਕ ਸੀ, ਮਿਹਨਤ ਦੀ ਮਿਠਾਸ ਸੀ ਅਤੇ ਪੰਜਾਬ ਦੇ ਘਰਾਂ ਦੀ ਸਾਦਗੀ ਸੀ।
                          ਲੋਹੜੀ ਵੇਲੇ ਤਾਂ ਇਹ ਦਾਣੇ ਇੱਕ ਹੋਰ ਹੀ ਰੂਪ ਧਾਰ ਲੈਂਦੇ। ਗੁੜ ਪਾ ਕੇ ਬਣਾਏ ਜਾਂਦੇ ਮਰਿੰਡੇ ਕਿਸੇ ਸ਼ਾਹੀ ਭੋਜ ਤੋਂ ਘੱਟ ਨਹੀਂ ਸਨ। ਨਾ ਕੋਈ ਮਹਿੰਗਾ ਪੈਕਟ, ਨਾ ਕੋਈ ਬਣਾਵਟੀ ਸੁਆਦ , ਸਿਰਫ਼ ਭੁੰਨੇ ਦਾਣੇ, ਗੁੜ ਅਤੇ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਸੁਆਦ।ਉਸ ਵੇਲੇ ਦਾ ਅਨਾਜ ਵੀ ਅੱਜ ਵਾਂਗ ਰੇਹਾਂ-ਸਪਰੇਆਂ ਦੀ ਮਾਰ ਹੇਠ ਨਹੀਂ ਸੀ। ਕੁਦਰਤੀ ਦਾਣੇ ਸਨ, ਮਿਹਨਤ ਦੀ ਰੋਟੀ ਸੀ ਅਤੇ ਜੀਵਨ ਵਿੱਚ ਖਾਣੇ ਦਾ ਸੁਆਦ ਵੀ ਸੀ ਤੇ ਉਸ ਨਾਲ ਜੁੜੀ ਸਿਹਤ ਸੀ।
                        ਸਾਡੇ ਪਿੰਡ ਵਿੱਚ ਉਸ ਸਮੇਂ ਤਿੰਨ ਭੱਠੀਆਂ ਚੱਲਦੀਆਂ ਸਨ , ਤੇਜੋ ਦੀ ਭੱਠੀ, ਮਾਘੀ ਦੀ ਭੱਠੀ ਅਤੇ ਸਾਈ ਦੀ ਭੱਠੀ। ਤਿੰਨਾਂ ਭੱਠੀਆਂ ਉੱਤੇ ਸ਼ਾਮ ਵੇਲੇ ਪੂਰਾ ਇਕੱਠ ਹੁੰਦਾ। ਭੱਠੀ ਵਿੱਚ ਝੋਕਾ ਲਾਉਣ ਲਈ ਕਦੇ ਉਸ ਪਰਿਵਾਰ ਦਾ ਕੋਈ ਮੈਂਬਰ ਅੱਗੇ ਹੁੰਦਾ ਅਤੇ ਕਦੇ ਦਾਣੇ ਭੁੰਨਾਉਣ ਆਇਆ ਕੋਈ ਬੰਦਾ ਆਪ ਹੀ ਅੱਗ ਨੂੰ ਮਘਾਈ ਰੱਖਦਾ।ਇਹ ਭੱਠੀਆਂ ਅੱਗ ਨਾਲੋਂ ਵੱਧ ਰਿਸ਼ਤਿਆਂ ਨੂੰ ਤਪਾਉਂਦੀਆਂ ਸਨ , ਉਨ੍ਹਾਂ ਨੂੰ ਮਜ਼ਬੂਤ ਕਰਦੀਆਂ ਸਨ। ਇਹਨਾਂ ਭੱਠੀਆਂ ਦੀ ਅੱਗ ਵਿੱਚ ਸਿਰਫ਼ ਦਾਣੇ ਨਹੀਂ ਭੁੱਜਦੇ ਸਨ; ਇੱਥੇ ਪਿੰਡ ਦੀਆਂ ਯਾਦਾਂ, ਰਿਸ਼ਤੇ ਅਤੇ ਸਾਂਝ ਵੀ ਪੱਕੀ ਹੁੰਦੀ ਸੀ।
                       ਪਰ ਸਮਾਂ ਇੱਕ ਥਾਂ ਕਦੇ ਨਹੀਂ ਰੁਕਦਾ। ਬਾਜ਼ਾਰ ਹੌਲੀ-ਹੌਲੀ ਪਿੰਡ ਵਿੱਚ ਆ ਵੜਿਆ। ਮਸ਼ੀਨਾਂ ਆਈਆਂ, ਪੈਕਟ ਆਏ, ਤਿਆਰ ਖਾਣੇ ਆਏ ਅਤੇ ਜੀਵਨ ਦੀ ਰਫ਼ਤਾਰ ਤੇਜ਼ ਹੋ ਗਈ। ਜਿਸ ਮੱਕੀ ਦੇ ਦਾਣੇ ਨੂੰ ਕਦੇ ਪਿੰਡ ਦੀ ਭੱਠੀ ਉੱਤੇ ਰੇਤ ਵਿੱਚ ਭੁੰਨਿਆ ਜਾਂਦਾ ਸੀ, ਉਹੀ ਦਾਣਾ ਅੱਜ ਪੌਪਕਾਰਨ ਬਣ ਕੇ ਵੱਡੇ-ਵੱਡੇ ਮਾਲਾਂ ਵਿੱਚ ਮਹਿੰਗੇ ਭਾਅ ਵਿਕਦਾ ਹੈ। ਪੌਪਕਾਰਨ ਤਾਂ ਮਿਲ ਜਾਂਦਾ ਹੈ ਪਰ ਭੱਠੀ ਦੀ ਕੜਕ ਨਹੀਂ ਮਿਲਦੀ।
                ਸ਼ਾਇਦ ਇਸੇ ਲਈ ਜਦੋਂ ਸ਼ਿਵ ਕੁਮਾਰ ਬਟਾਲਵੀ ਦੀ ਆਵਾਜ਼ ਵਿੱਚ ਇਹ ਬੋਲ ਗੂੰਜਦੇ ਹਨ।
      “ਭੱਠੀ ਵਾਲੀਏ ਚੰਬੇ ਦੀ ਡਾਲੀਏ ਨੀ,
           ਪੀੜਾਂ ਦਾ ਪਰਾਗਾ ਭੁੰਨਦੇ।”
ਇਹ ਸਿਰਫ਼ ਇੱਕ ਭੱਠੀ ਵਾਲੀ ਨੂੰ ਕੀਤਾ ਸੰਬੋਧਨ ਨਹੀਂ ਜਾਪਦਾ। ਇਸ ਵਿੱਚ ਇੱਕ ਪੂਰਾ ਯੁੱਗ ਬੋਲਦਾ ਮਹਿਸੂਸ ਹੁੰਦਾ ਹੈ।ਭੱਠੀ ਇੱਥੇ ਸਿਰਫ਼ ਅੱਗ ਨਹੀਂ ਰਹਿੰਦੀ; ਇਹ ਮਨੁੱਖ ਦੇ ਅੰਦਰ ਦੀਆਂ ਪੀੜਾਂ ਨੂੰ ਵੀ ਭੁੰਨਣ ਦੀ ਪ੍ਰਤੀਕ ਬਣ ਜਾਂਦੀ ਹੈ। ਚੰਬੇ ਦੀ ਡਾਲੀ ਵਰਗੀ ਭੱਠੀ ਵਾਲੀ ਦੇ ਸਾਹਮਣੇ ਬੈਠ ਕੇ ਮਨੁੱਖ ਆਪਣਾ ਦੁੱਖ ਵੀ ਦੱਸ ਸਕਦਾ ਸੀ ਅਤੇ ਆਪਣਾ ਸੁੱਖ ਵੀ।
                      ਅੱਜ ਪਿੰਡ ਬਦਲ ਗਏ ਹਨ। ਘਰ ਵੱਡੇ ਹੋ ਗਏ, ਪਰ ਵਿਹੜੇ ਛੋਟੇ। ਸਾਧਨ ਵਧ ਗਏ, ਪਰ ਸਾਂਝ ਘਟ ਗਈ। ਖਾਣੇ ਦੀਆਂ ਕਿਸਮਾਂ ਵਧ ਗਈਆਂ, ਪਰ ਸੁਆਦ ਦੀ ਯਾਦ ਕਿਤੇ ਪਿੱਛੇ ਰਹਿ ਗਈ। ਗੱਲ ਕਰਨ ਲਈ ਮੋਬਾਈਲ ਹਨ, ਪਰ ਸੱਥਾਂ ਦੀਆਂ ਗੱਲਾਂ ਨਹੀਂ। ਮਨੋਰੰਜਨ ਦੇ ਅਣਗਿਣਤ ਸਾਧਨ ਹਨ, ਪਰ ਤ੍ਰਿੰਜਣ ਦੀ ਰੌਣਕ ਨਹੀਂ।
ਅਤੇ ਉਹ ਭੱਠੀਆਂ? ਉਹ ਤਾਂ ਕਦੋਂ ਦੀਆਂ ਬੁੱਝ ਚੁੱਕੀਆਂ ਹਨ।ਅੱਜ ਨਾ ਤੇਜੋ ਦੀ ਭੱਠੀ ਦੀ ਅੱਗ ਦਿਸਦੀ ਹੈ, ਨਾ ਮਾਘੀ ਦੀ, ਨਾ ਸਾਈ ਦੀ। ਨਾ ਦਾਣਿਆਂ ਦੀ ਕੜਕ ਸੁਣਾਈ ਦਿੰਦੀ ਹੈ, ਨਾ ਬੱਚਿਆਂ ਦੀਆਂ ਖੁਸ਼ੀਆਂ ਭਰੀਆਂ ਆਵਾਜ਼ਾਂ। ਨਾ ਕੋਈ ਪੋਣੇ ਵਿੱਚ ਭੁੰਨੇ ਦਾਣੇ ਬੰਨ੍ਹ ਕੇ ਘਰ ਲੈ ਕੇ ਜਾਂਦਾ ਹੈ।
               ਸ਼ਿਵ ਕੁਮਾਰ ਨਹੀਂ ਰਿਹਾ । ਅੱਜ ਜਦੋਂ ਅਸੀਂ “ਭੱਠੀ ਵਾਲੀਏ ਚੰਬੇ ਦੀ ਡਾਲੀਏ” ਸੁਣਦੇ ਹਾਂ ਤਾਂ ਸਾਡੇ ਸਾਹਮਣੇ ਸਿਰਫ਼ ਇੱਕ ਭੱਠੀ ਨਹੀਂ ਆਉਂਦੀ। ਸਾਹਮਣੇ ਆ ਜਾਂਦਾ ਹੈ ਇੱਕ ਪੂਰਾ ਪੰਜਾਬ , ਕੁੱਕੜ ਦੀ ਬਾਂਗ ਨਾਲ ਜਾਗਦਾ ਪੰਜਾਬ, ਮਧਾਣੀ ਦੀ ਘਰਰ-ਘਰਰ ਨਾਲ ਧੜਕਦਾ ਪੰਜਾਬ, ਬਲਦਾਂ ਦੀਆਂ ਟੱਲੀਆਂ ਨਾਲ ਤੁਰਦਾ ਪੰਜਾਬ, ਸੱਥਾਂ ਵਿੱਚ ਹੱਸਦਾ ਪੰਜਾਬ, ਤੀਆਂ ਵਿੱਚ ਗਾਉਂਦਾ ਪੰਜਾਬ ਅਤੇ ਭੱਠੀ ਦੀ ਅੱਗ ਦੁਆਲੇ  ਕਵਿਤਾ ਦੀ ਸਿਰਜਣਾ ਕਰਦਾ ਸ਼ਿਵ ਕੁਮਾਰ। ਉਹ ਪੰਜਾਬ ਹੁਣ ਇਤਿਹਾਸ ਹੈ। ਪਰ ਉਸ ਦੀ ਮਹਿਕ ਅਜੇ ਵੀ ਸਾਡੀ ਯਾਦ ਵਿੱਚ ਵੱਸਦੀ ਹੈ।
ਕਿਉਂਕਿ ਕੁਝ ਭੱਠੀਆਂ ਬੁੱਝ ਜਾਂਦੀਆਂ ਹਨ , ਕੁਝ ਪਿੰਡ ਬਦਲ ਜਾਂਦੇ ਹਨ, ਕੁਝ ਲੋਕ ਚਲੇ ਜਾਂਦੇ ਹਨ
ਪਰ ਮਿੱਟੀ ਨਾਲ ਜੁੜੀਆਂ ਯਾਦਾਂ ਦੀ ਅੱਗ ਸਦਾ ਧੁਖਦੀ ਰਹਿੰਦੀ ਹੈ ਅਤੇ ਕਦੇ-ਕਦੇ ਬਟਾਲਵੀ ਦੇ ਬੋਲਾਂ ਵਾਂਗ ਸਾਨੂੰ ਮੁੜ ਆਵਾਜ਼ ਮਾਰਦੀ ਹੈ : –
“ਭੱਠੀ ਵਾਲੀਏ ਚੰਬੇ ਦੀ ਡਾਲੀਏ ਨੀ…”

ਪਿਆਰਾ ਸਿੰਘ ਗੁਰਨੇ ਕਲਾਂ
ਪਿੰਡ ਤੇ ਡਾਕਖਾਨਾ – ਗੁਰਨੇ ਕਲਾਂ
ਤਹਿਸੀਲ – ਬੁਢਲਾਡਾ
ਜਿਲਾ –  ਮਾਨਸਾ
ਮੋਬਾਈਲ 9915621188

Exit mobile version