ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲਨਸਕੀ ਨੇ ਮਿਨਰਲ ਡੀਲ ‘ਤੇ ਦਸਖਤ ਕੀਤੇ
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲਨਸਕੀ ਵਿਚਾਲੇ ਫਰਵਰੀ ਮਹੀਨੇ ਦੌਰਾਨ ਹੋਈ ਤਿੱਖੀ ਬਹਿਸ ਤੋਂ ਦੋ ਮਹੀਨੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਯੂਕਰੇਨ ਦੇ ਮਿਨਰਲਜ਼ ਨੂੰ ਲੈ ਕੇ ਸਮਝੌਤਾ ਨੇਪਰੇ ਚੜ ਗਿਆ ਹੈ। ਅਮਰੀਕਾ ਨੇ ਯੂਕਰੇਨ ਨੂੰ ਰੂਸ ਦੇ ਖਿਲਾਫ ਜੰਗ ਵਿੱਚ 350 ਬਿਲੀਅਨ ਡਾਲਰ ਦੀ ਮਦਦ ਕੀਤੀ ਹੈ ਇਸ ਦੇ ਬਦਲੇ ਵਿੱਚ ਉਸ ਨੂੰ ਯੂਕਰੇਨ ਦੇ ਦੁਰਲਭ ਖਣਿਜ ਮਿਲਣਗੇ ।
ਵਰਨਣਯੋਗ ਹੈ ਕਿ ਮਿਨਰਲ ਡੀਲ ਤੇ ਸਾਈਨ ਕਰਨ ਲਈ ਜੈਲਸਕੀ ਫਰਵਰੀ ਦੇ ਅੰਤ ਵਿੱਚ ਅਮਰੀਕਾ ਗਏ ਸਨ। ਉਸ ਮੌਕੇ ਉੱਥੇ ਵਾਈਟ ਹਾਊਸ ਵਿੱਚ ਦੋਹਾਂ ਆਗੂਆਂ ਵਿਚਾਲੇ ਤਿਖੀ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਜਲੈਂਸਕੀ ਸਮਝੌਤੇ ਤੇ ਦਸਤਖਤ ਕੀਤੇ ਬਿਨਾਂ ਹੀ ਅਮਰੀਕਾ ਤੋਂ ਵਾਪਸ ਪਰਤ ਆਏ ਸਨ। ਹੁਣ ਇਸ ਡੀਲ ਦੇ ਨੇਪਰੇ ਚੜਨ ਨਾਲ ਅਮਰੀਕਾ ਨੂੰ ਯੂਕਰੇਨ ਦੇ ਖਣਿਜ ਮਿਲਣਗੇ । ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਯੂਕਰੇਨ ਵਿੱਚ 100 ਤੋਂ ਵੀ ਜਿਆਦਾ ਦੁਰਲਭ ਖਣਿਜਾਂ ਦਾ ਭੰਡਾਰ ਹੈ। ਇਹ ਭੰਡਾਰ ਅਜਿਹੇ ਹਨ ਜੋ ਅਮਰੀਕਾ ਵਾਸਤੇ ਬੇਹਦ ਜਰੂਰੀ ਦੱਸੇ ਗਏ ਹਨ । ਯੂਕਰੇਨ ਚ ਮਿਲਣ ਵਾਲੇ ਖਣਿਜਾਂ ਵਿੱਚ ਪ੍ਰਮੁੱਖ ਤੌਰ ਤੇ ਟਾਈਟੇਨੀਅਮ ,ਲੀਥੀਅਮ ਅਤੇ ਯੂਰੇਨੀਅਮ ਤੋਂ ਇਲਾਵਾ ਰੇਅਰ ਮਿਨਰਲਸ ਜੋ ਕਿ 17 ਖਣਿਜਾਂ ਦਾ ਇੱਕ ਗਰੁੱਪ ਹੈ, ਜੋ ਕੰਜੂਮਰ ਇਲੈਕਟਰੋਨਿਕਸ ਤੋਂ ਲੈ ਕੇ ਮਿਲਟਰੀ ਦਾ ਸਾਜੋ ਸਮਾਨ ਬਣਾਉਣ ਵਿੱਚ ਇਸਤੇਮਾਲ ਹੁੰਦੇ ਹਨ, ਵੀ ਮਿਲਦੇ ਹਨ । ਇਸ ਤੋਂ ਇਲਾਵਾ ਯੂਕਰੇਨ ਵਿੱਚ ਗਰੇਫਾਈਟ ਦਾ ਵੀ ਵੱਡਾ ਭੰਡਾਰ ਮੌਜੂਦ ਹੈ ਜੋ ਇਲੈਕਟਰੀਕਲ ਵਹੀਕਲ ਬਣਾਉਣ ਵਿੱਚ ਇਸਤੇਮਾਲ ਹੁੰਦਾ ਹੈ।