ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਮਲਟੀਕਲਚਰਲ ਸੀਨੀਅਰ ਸੁਸਾਇਟੀ ਵਿੱਚ ਸ: ਜੋਗਿੰਦਰ ਸਿੰਘ ਜੌੜਾ ਦੀ ਪ੍ਰਧਾਨਗੀ ਹੇਠ ਦੀਵਾਲੀ ਅਤੇ ਬੰਦੀ ਛੋਟ ਦਿਵਸ ਮਨਾਇਆ ਗਿਆ। ਸਾਰਿਆ ਨੂੰ ਜੀ ਆਇਆ ਕਹਿਣ ਤੋ ਬਾਅਦ , ਉਹਨਾਂ ਨੇ ਦਸਿਆ ਕਿ ਇਸ ਮੌਕੇ ਮੁੱਖ ਤੌਰ ਉਪਰ ਹਿੰਦੂ ਦਿਵਾਲੀ ਤਿਉਹਾਰ ਦੀਆਂ ਭਿੰਨਤਾਵਾਂ ਨੂੰ ਮਨਾਉਂਦੇ ਹਨ ਪਰ ਨਾਲ ਹੋਰ ਧਰਮਾਂ ਵੱਲੋਂ ਵੀ ਇਸ ਦਿਵਸ ਨੂੰ ਮਨਾਇਆ ਜਾਂਦਾ ਹੈ । ਸੁਸਾਇਟੀ ਦੇ ਉਪ ਪ੍ਰਧਾਨ ਇੰਜ: ਸੁਖਦੇਵ ਸਿੰਘ ਕੰਬੋ ਨੇ ਦੱਸਿਆ ਕਿ ਜੈਨ ਧਰਮ ਭਗਵਾਨ ਸ਼੍ਰੀ ਮਹਾਂਵੀਰ ਦੀ ਮੁਕਤੀ ਨਾਲ ਜੋੜ ਕੇ ਮਨਾਉਂਦੇ ਹਨ ਅਤੇ ਸਿੱਖ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਦੀ 52 ਰਾਜਿਆਂ ਦੀ ਮੁਗਲ ਜੇਲ੍ਹ ਵਿੱਚੋ ਰਿਹਾਈ ਨੂੰ ਜੋੜ ਕੇ ਮਨਾਉਂਦੇ ਹਨ ।
ਸ ਗੁਰਬਖਸ਼ ਸਿੰਘ ਜੱਸਲ ਨੇ ਦੱਸਿਆ ਕਿ ਨਵੇਂ ਬੋਧੀ ਲਕਸ਼ਦੀਪ ਜਾ ਕੇ ਦਿਵਾਲੀ ਮਨਾਉਂਦੇ ਹਨ ਅਤੇ ਭਾਰਤੀ ਅਤੇ ਬੰਗਲਾਦੇਸ਼ੀ ਹਿੰਦੂ ਕਾਲੀ ਦੇਵੀ ਦੀ ਪੂਜਾ ਕਰਕੇ ਦੀਵਾਲੀ ਮਨਾਉਂਦੇ ਹਨ। ਸ ਗੁਰਬਚਨ ਸਿੰਘ ਬਰਾੜ ਵੱਲੋਂ ਦੀਵਾਲੀ ਨੂੰ ਹਨੇਰੇ ਉਪਰ ਰੌਸ਼ਨੀ,ਬੁਰਾਈ ਉਪਰ ਚੰਗਿਆਈ ਅਤੇ ਅਗਿਆਨਤਾ ਉਪਰ ਗਿਆਨ ਦੀ ਜਿੱਤ ਦੇ ਪ੍ਰਤੀਕ ਵੱਜੋਂ ਮਨਾਇਆ ਜਾਂਦਾ ਹੈ । ਨਾਲ ਨਾਲ ਬੰਦੀ-ਛੋੜ ਦਿਵਸ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ।
ਇੰਜ: ਜੀਰ ਸਿੰਘ ਬਰਾੜ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਬਾਰੇ ਦੱਸਦਿਆਂ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਨੂੰ ਯਾਦ ਕੀਤਾ। ਸ: ਬਿਕਰ ਸਿੰਘ ਸੰਧੂ ਵੱਲੋਂ ਦਸਿਆ ਗਿਆ ਕਿ ਦੋਵਾਂ ਤਿਉਹਾਰਾਂ ਨੂੰ ਰੋਸ਼ਨੀ ਦੇ ਪ੍ਰਤੀਕ ਮੰਨਿਆ ਜਾਂਦਾ ਹੈ ।ਇਹਨਾਂ ਦੋਵਾਂ ਫਲਸਫਿਆ ਦਾ ਨਤੀਜਾ ਹੈ ਕਿ ਕਿਸੇ ਨਾ ਕਿਸੇ ਦੇ ਜਰੂਰ ਕੰਮ ਆਉਣਾਂ ਚਾਹੀਦਾ ਹੈ । ਆਪਸੀ ਮੇਲ ਜੋਲ ਦਾ ਵੀ ਇਹ ਤਿਉਹਾਰ ਜ਼ਰੀਆ ਬਣਦੇ ਹਨ । ਸ਼੍ਰੀ ਸਤਪਾਲ ਕੌਸਲ ਵੱਲੋ ਸਾਰਿਆਂ ਨੂੰ ਇਹਨਾਂ ਤਿਉਹਾਰਾਂ ਦੀਆ ਵਧਾਈਆ ਦਿਤੀਆਂ ਗਈਆਂ । ਸ: ਮੇਜਰ ਸਿੰਘ ਧਾਲੀਵਾਲ ਨੇ ਬਚਪਨ ਦੀ ਦਿਵਾਲੀ ਦਾ ਜ਼ਿਕਰ ਕਰਦਿਆ ਦਸਿਆਂ ਕਿ ਕਿੰਨਾਂ ਚਾਅ ਹੁੰਦਾ ਹੈ ਇਹਨਾਂ ਤਿਉਹਾਰਾਂ ਦੀ ਯਾਦ ਤਾਜਾ ਕਰਦਿਆਂ ।
ਅੰਤ ਵਿੱਚ ਕਵੀਸ਼ਰੀ ਦੇ ਮਾਹਿਰ ਮਾਸਟਰ ਬਚਿਤ੍ਰ ਸਿੰਘ ਗਿੱਲ ਨੇ ਕਵੀਸ਼ਰੀ ਗਾ ਕੇ ਰੰਗ ਬੰਨਿਆ। ਉਪਰੰਤ ਸਾਰਿਆ ਨੂੰ ਚਾਹ ਪਾਣੀ ਦਾ ਸੱਦਾ ਦਿੱਤਾ ਗਿਆ ਤੇ ਸਭ ਨੇ ਖੁਸ਼ੀ ਖੁਸ਼ੀ ਮਠਿਆਈਆਂ ਦਾ ਆਨੰਦ ਮਾਣਿਆ ।
