ਮੈਂ ਔਰਤ ਹਾਂ

ਔਰਤ ਦਿਵਸ ਨੂੰ ਸਮਰਪਿਤ-

ਮੈਂ ਔਰਤ ਹਾਂ
ਮੈਂ ਔਰਤ ਹਾਂ ਅਤੇ
ਔਰਤ ਹੀ ਰਹਾਂਗੀ
ਪਰ ਮੈਂ ਤੇਰੇ ਪਿੱਛੇ ਨਹੀਂ
ਕਦਮਾਂ ਦੇ ਬਰਾਬਰ
ਕਦਮ ਧਰਾਂਗੀ।

ਮੈਂ ਸੀਤਾ ਨਹੀਂ-
ਜੋ ਆਪਣੇ ਸਤ ਲਈ
ਤੈਂਨੂੰ ਅਗਨ ਪ੍ਰੀਖਿਆ ਦਿਆਂਗੀ।

ਮੈਂ ਦਰੋਪਤੀ ਵੀ ਨਹੀਂ-
ਜੋ ਇਕ ਵਸਤੂ ਦੀ ਤਰ੍ਹਾਂ
ਤੇਰੇ ਹੱਥੋਂ, ਜੂਏ ‘ਚ ਜਾ ਹਰਾਂਗੀ।

ਮੈਂ ਸੱਸੀ ਵੀ ਨਹੀਂ-
ਜੋ ਤੇਰੀ ਡਾਚੀ ਦੀ
ਪੈੜ ਭਾਲਦੀ ਭਾਲਦੀ
ਰੇਗਿਸਤਾਨ ਦੀ ਤਪਦੀ
ਰੇਤ ‘ਚ ਸੜ ਮਰਾਂਗੀ।

ਮੈਂ ਸੋਹਣੀ ਵੀ ਨਹੀਂ-
ਜੋ ਕੱਚਿਆਂ ਤੇ ਤਰਦੀ ਤਰਦੀ
ਝਨਾਂ ਦੇ ਡੂੰਘੇ ਪਾਣੀਆਂ ‘ਚ
ਜਾ ਖਰਾਂਗੀ।

ਮੈਂ ਅਬਲਾ ਨਹੀਂ
ਸਬਲਾ ਬਣਾਂਗੀ।

ਮੈਂ ਤਾਂ ਮਾਈ ਭਾਗੋ ਬਣ-
ਭਟਕੇ ਹੋਏ ਵੀਰਾਂ ਨੂੰ ਰਾਹੇ ਪਾਉਣਾ ਹੈ
ਮੈਂ ਤਾਂ ਮਲਾਲਾ ਬਣ-
ਔਰਤ ਦੇ ਹੱਕ ‘ਚ ਖਲੋਣਾ ਹੈ
ਮੈਂ ਤਾਂ ਸ਼ਬਦਾਂ ਦੇ ਦੀਪ ਜਗਾ-
ਹਨ੍ਹੇਰੇ ਰਾਹਾਂ ਨੂੰ ਰੁਸ਼ਨਾਉਣਾ ਹੈ
ਮੈਂ ਤਾਂ ਗੋਬਿੰਦ ਦੀ ਸ਼ਮਸ਼ੀਰ ਬਣ-
ਜ਼ਾਲਿਮ ਨੂੰ ਸਬਕ ਸਿਖਾਉਣਾ ਹੈ
ਮੈਂ ਤਾਂ ਕਲਪਨਾ ਚਾਵਲਾ ਬਣ-
ਧਰਤੀ ਹੀ ਨਹੀਂ, ਅੰਬਰ ਵੀ ਗਾਹੁਣਾ ਹੈ।

ਮੈਂ ਅਜੇ ਕਈ ਸਾਗਰ ਤਰਨੇ ਨੇ
ਮੈਂ ਅਜੇ ਪਰਬਤ ਸਰ ਕਰਨੇ ਨੇ
ਬਹੁਤ ਕੱੁਝ ਹੈ ਅਜੇ
ਮੇਰੇ ਕਰਨ ਲਈ
‘ਦੀਸ਼’ ਕੋਲ ਵਿਹਲ ਨਹੀਂ
ਅਜੇ ਮਰਨ ਲਈ।

ਮੈਂ ਔਰਤ ਹਾਂ ਅਤੇ
ਔਰਤ ਹੀ ਰਹਾਂਗੀ
ਪਰ ਮੈਂ ਤੇਰੇ ਪਿੱਛੇ ਨਹੀਂ
ਕਦਮਾਂ ਦੇ ਬਰਾਬਰ
ਕਦਮ ਧਰਾਂਗੀ।

ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ
ਸੰਪਰਕ: +1 403 404 1450

Exit mobile version