ਮੈਂ ਘੁੱਟੀਂ ਬਾਟੀਂ ਪੀ ਲਈ ਜੁਦਾਈ ਸੱਜਣਾ।

ਦਰਦ ਹਲਕਾ ਹੈ, ਸਾਂਸ ਭਾਰੀ ਹੈ,

ਜੀਏ ਜਾਨੇ ਕੀ ਰਸਮ ਜਾਰੀ ਹੈ।

ਆਪ ਕੇ ਬਾਅਦ ਹਰ ਘੜੀ,

ਹਮਨੇ ਆਪ ਕੇ ਸਾਥ ਗੁਜ਼ਾਰੀ ਹੈ।

ਜੰਮਣ-ਭੋਂ ਦੁਨੀਆਂ ਦੇ ਨਕਸ਼ੇ ਤੇ ਅਜਿਹੀ ਥਾਂ ਹੁੰਦੀ ਹੈ ਜਿੱਥੇ ਵਾਰ ਵਾਰ ਜਾਣ ਨੂੰ ਜੀਅ ਕਰਦਾ ਹੈ। ਕੁੱਝ ਅਰਸਾ ਨਾ ਜਾਈਏ ਤਾਂ ਇੱਕ ਕਸਕ ਤੁਹਾਡੀਆਂ ਆਂਦਰਾਂ ਨੂੰ ਖਿੱਚ ਪਾਉਂਦੀ ਹੈ।ਜਿੰਨ੍ਹਾਂ ਰਾਹਾਂ ਤੇ ਕਦੇ ਪੈੜਾਂ ਕੀਤੀਆਂ ਸਨ, ਉਨ੍ਹਾਂ ਵਿੱਚ ਦੁਬਾਰਾ ਪੈਰ ਧਰ ਕੇ ਤੁਰਨ ਨੂੰ ਮਨ ਲੋਚਦਾ ਹੈ। ਓਥੇ ਬਿਤਾਏ ਕਿਲਕਾਰੀਆਂ ਵਰਗੇ ਦਿਨ ਯਾਦਾਂ ਵਿੱਚ ਪੈਲਾਂ ਪਾਉਂਦੇ ਨਜ਼ਰ ਆਉਂਦੇ ਹਨ। ਏਥੇ ਪਰਦੇਸ ਬੈਠਿਆਂ ਨੂੰ ਕਈ ਵਾਰ ਲਗਦਾ ਹੈ ਜਿਵੇਂ ਸਾਰੇ ਪੰਜਾਬ ਦਾ ਮਾਹੌਲ ਆਸਾ ਦੀ ਵਾਰ ਤੋਂ ਚੰਡੀ ਦੀ ਵਾਰ ਵਾਲ਼ੀ ਤਰਜ਼ ਤੇ ਢਲ ਰਿਹਾ ਹੋਵੇ। ਵਸਤਾਂ, ਜਾਇਦਾਤਾਂ ਜਾਂ ਥਾਵਾਂ ਦੀ ਕਬਜ਼ਾ-ਬਿਰਤੀ ਨੇ ਰਿਸ਼ਤਿਆਂ ਵਿਚ ਟੇਢਾਂ ਬੀਜ ਧਰੀਆਂ ਹੋਣ। ਪਰ ਸਾਡੀ ਪੀੜ੍ਹੀ ਨੂੰ ਇਹ ਸਭ ਨਜ਼ਰਅੰਦਾਜ਼ ਕਰ ਕੇ ਸੁਹਿਰਦ ਮਨ ਨਾਲ ਮੋਹ-ਮੁਹੱਬਤ ਵਾਲੀ ਸੁਰ ਸਾਂਭਦਿਆਂ ਸਭ ਨੂੰ ਮਿਲਣਾ ਬਣਦਾ ਹੈ। ਪਤਾ ਨਹੀਂ ਕਿਸ ਮੋੜ ਤੇ ਸਾਹਾਂ ਦੀ ਪੂੰਜੀ ਮੁੱਕ ਜਾਵੇ, ਇਹ ਸੋਚ ਕੇ ਹਰ ਯਾਤਰਾ ਨੂੰ ਆਖਰੀ ਹੀ ਮੰਨਣਾ ਚਾਹੀਦਾ ਹੈ। ਸਾਡੀ ਉਠਦੀ ਪਨੀਰੀ ਨੂੰ ਓਥੇ ਵਸਦੇ ਲੋਕਾਂ ਨਾਲ ਜਾਂ ਮਘਦੇ ਜੀਵਨ ਤੇ ਹਾਲਾਤ ਨਾਲ ਰਾਬਤਾ ਹੋਰ ਵੀ ਜ਼ਰੂਰੀ ਹੈ। ਇਸ ਨਾਲ ਉਨ੍ਹਾਂ ਦਾ ਵਜੂਦ ਵਧੀਆ ਉਸਰਦਾ ਹੈ। ਕੰਮ ਕਰਦੇ ਲੋਕਾਂ ਲਈ ਜਾਣਾ ਇਸ ਲਈ ਜ਼ਰੂਰੀ ਹੈ ਕਿ ਕੋਹਲੂ ਬੈਲ ਵਾਲੀ ਦੌੜ ਦਾ ਅਕੇਵਾਂ ਤੇ ਥਕੇਵਾਂ ਲਾਹ ਕੇ ਭਰਵਾਂ ਸਾਹ ਲੈ ਸਕਣ ਤੇ ਜ਼ਿੰਦਗੀ ਦਾ ਪਾਸਾ ਥੱਲਿਆ ਜਾਵੇ। ਸੋ ਜ਼ਰੂਰ ਜਾਓ ਚਾਹੇ ਥੋੜੇ ਸਮੇਂ ਲਈ ਹੀ ਜਾ ਸਕੋ। ਓਥੇ ਪੁੱਜ ਕੇ ਬੀਤੇ ਪਲ ਸੱਜਰੇ ਹੋ ਜਾਂਦੇ ਹਨ। ਬਨੇਰੇ ਧਰੇ ਦੀਵਿਆਂ ਦੀ ਲੋਅ ਵਰਗੇ ਪਲ ਮੁਸਕਰਾ ਕੇ ਗਲਵੱਕੜੀ ਪਾਉਂਦੇ ਸਾਨੂੰ ਤਰੋ ਤਾਜ਼ਾ ਕਰਦੇ ਹਨ। ਅਸੀਂ ਪੋਹਲ਼ੀ ਤੋਂ ਗੁਲਾਬ ਹੋ ਜਾਂਦੇ ਹਾਂ। ਉਨ੍ਹਾਂ ਸਭ ਕੰਧਾਂ, ਰੁੱਖਾਂ ਤੇ ਥਾਵਾਂ ਦੇ ਗਲ਼ ਲੱਗਣ ਨੂੰ ਜੀਅ ਕਰਦੈ ਜਿੱਥੇ ਕਦੇ ਸਾਡੇ ਸੁਪਨੇ ਸੈਹ ਲੈਂਦੇ ਸੀ, ਜਿੱਥੇ ਸਾਡੇ ਅੱਖਰਾਂ ਨੇ ਅੱਖਾਂ ਖੋਹਲੀਆਂ ਹੋਣ, ਜਿੱਥੇ ਸੀਨੇ ਅੰਦਰ ਪੁੰਗਰਦੇ ਅੱਖਰਾਂ ਨੂੰ ਸੁਲਘਾ ਲੈਣ ਜਿਹੀ ਊਰਜਾ ਮਿਲੀ, ਜਾਚ ਮਿਲੀ। ਜਿੱਥੇ ਜ਼ਿੰਦਗੀ ਦਾ ਤੱਤਾ ਠੰਢਾ ਸਮੋਣ ਦਾ ਵੱਲ ਸਿੱਖਿਆ। ਅੱਗੇ ਕੁੱਝ ਕਰਨ ਦੀ ਰੀਝ ਜਾਗੀ।

ਇਸ ਵਾਰ ਪੰਜਾਬ ਵੱਲ ਜਾਂਦਿਆਂ ਸੋਚਾਂ ਦੀ ਲੱਦ-ਪਲੱਦ ਕਰਦੀ ਮੈਂ ਸੋਚਦੀ ਰਹੀ ਸ਼ਾਇਦ ਵਕਤ ਦੀ ਤਖ਼ਤੀ ਤੋਂ ਮੇਰੀ ਹੋਂਦ ਮਨਫ਼ੀ ਹੋ ਗਈ ਹੋਵੇ। ਆਪਣਿਆਂ ਦੀ ਸੂਚੀ ਵਿੱਚੋਂ ਖਾਰਜ ਹੁੰਦਿਆਂ ਕਿਹੜਾ ਵਕਤ ਲਗਦੈ, ਜਦ ਉਪਰੋਥਲੀ ਹੁੰਦੀਆਂ ਹੋਣੀਆਂ ਪਲੋ ਪਲੀ ਬਦਲਾਅ ਲਿਆ ਰਹੀਆਂ ਹੋਣ। ਪਰ ਚਿਰਾਂ ਤੋਂ ਵਿੱਛੜੀਆਂ ਕਈ ਸਾਂਝਾਂ ਬਾਹਾਂ ਖਿਲਾਰ ਕੇ ਜਦ ਮੈਨੂੰ ਕਲਾਵੇ ਭਰ ਮਿਲੀਆਂ ਤੇ ਮੇਰੇ ਮੋਢਿਆਂ ਤੇ ਵੈਰਾਗ ਦੇ ਹੰਝੂ ਵਰਸਾ ਰਹੀਆਂ ਅੱਖਾਂ ਨਾਲ ਕੋਈ ਆ ਮਿਲਿਆ ਤਾਂ ਕਾਲ਼ਜਾ ਠਾਰਨ ਵਰਗਾ ਅਹਿਸਾਸ ਕਰਵਟਾਂ ਲੈਂਦਾ ਰਿਹਾ। ਖਰਚੀ ਟਿਕਟ ਦੇ ਪੈਸੇ ਵਿਆਜ ਸਮੇਤ ਵਸੂਲ ਹੁੰਦੇ ਲੱਗੇ। ਰਿਸ਼ਤੇ ਵਿਚਲੇ ਅਜੇਹੇ ਨਿੱਘ ਨਾਲ ਮੇਰਾ ਅੰਦਰ ਸਰਸ਼ਾਰ ਹੋ ਗਿਆ। ਸਿਆਣੇ ਆਖਦੇ ਹਨ ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ਇਹ ਦੇਖਣ ਲਈ ਕਿ ਕੌਣ `ਨੇੜੇ` ਹੈ। ਮੈਨੂੰ ਪਟਿਆਲੇ ਵਾਲ਼ੇ ਪੁੱਛਦੇ ਰਹੇ ਸਾਂਝਾਂ ਦੀ ਅਜਿਹੀ ਸਲਤਨਤ ਵਿੱਚੋਂ ਜਾ ਕੇ ਤੇਰਾ ਬਿਗਾਨੀ ਥਾਂ ਚਿੱਤ ਕਿਵੇਂ ਧਿਜ ਗਿਆ। ਮੈਂ ਕਿਹਾ ਹੁਣ ਤਾਂ ਕੈਲਗਰੀ ਹੀ ਸਾਰਾ ਮਿੱਤਰਾਂ ਦਾ ਪਿੰਡ ਨਜ਼ਰ ਆਉਂਦਾ ਹੈ। ਓਥੇ ਕਈ ਲੋਕ ਕੈਨੇਡਾ ਆਏ ਬੱਚਿਆਂ ਦੀਆਂ ਦੁਸ਼ਵਾਰੀਆਂ ਅਤੇ ਅਣਿਆਈਆਂ ਮੌਤਾਂ ਬਾਰੇ ਸਵਾਲਾਂ ਸਮੇਤ ਕਈ ਤੌਖਲੇ ਤੇ ਖ਼ਦਸ਼ੇ ਪਰੋਸਦੇ ਰਹੇ। ਮੈਨੂੰ ਲੱਗਿਆ ਜਿਵੇਂ ਪੰਜਾਬ ਦੀ ਧਰਤੀ ਤੇ ਵਾਪਰਦੀ ਕੋਈ ਹੋਣੀ ਸਾਡੀਆਂ ਸੋਚਾਂ ਵਿਚ ਤਰਥੱਲੀ ਪਾਉਂਦੀ ਹੈ, ਉਵੇਂ ਹੀ ਓਥੇ ਬੈਠੇ ਪੰਜਾਬੀ ਕੈਨੇਡੀਅਨ ਧਰਤ ਦੀ ਉਥਲ-ਪੁਥਲ ਬਾਰੇ ਚਿੰਤਾ ਪਾਲ਼ਦੇ ਹਨ। ਏਥੋਂ ਜਾ ਕੇ ਅਸੀਂ ਪਹਿਲਾਂ ਹੰਢਾਏ ਉਸ ਜਗਤ ਨੂੰ ਹੁਣ ਦੀਆਂ ਗਰਜ਼ਾਂ ਦੇ ਮੇਚ ਦਾ ਕਰ ਕਰ ਦੇਖਦੇ ਹਾਂ। ਲੰਘੇ ਦਿਨਾਂ ਵਿੱਚੋਂ ਰਿਸ਼ਤਿਆਂ ਦੇ ਨਿੱਘ ਅਤੇ ਮੋਹ ਦੀ ਸ਼ਿੱਦਤ ਸਾਨੂੰ ਥਾਪੜਾ ਦੇ ਕੇ ਮੁੜ ਜਿਉਣ ਜੋਗਾ ਕਰਦੀ ਹੈ। ਆ ਰਹੇ ਸਮੇਂ ਦੀਆਂ ਵਿਉਂਤਾਂ ਵਿਚ ਉਲਝੇ ਅਸੀਂ ਫੇਰ ਮਿਲਣ ਦਾ ਪੱਲਾ ਫੜ ਤੁਰਦੇ ਹਾਂ। ਅਧਿਆਪਕ ਹੋਣ ਕਰ ਕੇ ਮੈਨੂੰ ਫ਼ਖ਼ਰ ਹੋਇਆ ਕਿ ਅਸੀਂ ਅਜੇਹੇ ਸੂਰਜ ਹਾਂ ਜੋ ਆਪਣੇ ਹਿੱਸੇ ਦਾ ਚਾਨਣ ਅਗਲੀ ਪੀੜ੍ਹੀ ਨੂੰ ਵੰਡ ਕੇ ਵਿਰਾਸਤ ਦੇ ਚੱਲੇ ਹਾਂ। ਸਾਡੇ ਕੱਪੜੇ-ਲੱਤੇ ਜਿੱਥੇ ਸਾਡੀ ਔਲਾਦ ਲਵੇਗੀ ਓਥੇ ਹੀ ਸਾਡੇ ਬੋਲ, ਸ਼ਬਦ, ਲਿਖਤਾਂ, ਵਿਚਾਰ ਜਾਂ ਖਿਆਲ ਅੱਗੇ ਤੋਰਨ ਦਾ ਵਸੀਲਾ ਸਾਡੇ ਵਿਦਿਆਰਥੀ ਹੋਣਗੇ। ਜੱਗੋਂ ਤੁਰ ਗਿਆਂ ਦਾ ਵਿਗੋਚਾ ਵੀ ਅੰਦਰ ਪੰਘਰਦਾ ਰਿਹਾ। ਫੇਰ ਮਿਲਣ ਦੀ ਆਸ ਤੇ ਹਾਜ਼ਰ ਹੋ ਗਏ ਹਾਂ। ਅੰਮ੍ਰ੍ਤਾ ਪ੍ਰੀਤਮ ਨੇ ਅਜਿਹੀ ਤਸੱਲੀ ਬਾਰੇ  ਖ਼ੂਬ ਲਿਖਿਆ ਹੈ

 ਏਸ ਆਸ ਤੇ ਕਿ ਮੇਲ ਤੇਰਾ ਹੋ ਹੀ ਜਾਣਾ ਹੈ,

ਮੈਂ ਘੁੱਟੀਂ ਬਾਟੀਂ ਪੀ ਲਈ ਜੁਦਾਈ ਸੱਜਣਾ

     

Exit mobile version